punjabi ਬਾਈਬਲ

ਅਸਤਸਨਾ total 34 ਅਧਿਆਇ

ਅਸਤਸਨਾ

ਅਸਤਸਨਾ ਅਧਿਆਇ 17
ਅਸਤਸਨਾ ਅਧਿਆਇ 17

1. ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਲਈ ਕੋਈ ਬਲਦ ਅਥਵਾ ਲੇਲਾ ਜਿਹ ਦੇ ਵਿੱਚ ਬੱਜ ਅਥਵਾ ਕੋਈ ਬੁਰੀ ਗੱਲ ਹੋਵੇ ਨਾ ਚੜ੍ਹਾਓ ਕਿਉਂ ਜੋ ਉਹ ਯਹੋਵਾਹ ਤੁਹਾਡੇ ਪਰਮੇਸ਼ੁਰ ਲਈ ਘਿਣਾਉਣਾ ਹੈ।।

2. ਜੇ ਤੁਹਾਡੇ ਵਿੱਚ ਕਿਸੇ ਫਾਟਕ ਦੇ ਅੰਦਰ ਜਿਹੜਾ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਨੂੰ ਦੇਣ ਵਾਲਾ ਹੈ ਕੋਈ ਮਨੁੱਖ ਅਥਵਾ ਕੋਈ ਤੀਵੀਂ ਪਾਈ ਜਾਵੇ ਜਿਹ ਨੇ ਯਹੋਵਾਹ ਤੁਹਾਡੇ ਪਰਮੇਸ਼ੁਰ ਦੀ ਨਿਗਾਹ ਵਿੱਚ ਉਸਦੇ ਨੇਮ ਦੀ ਉਲੰਘਣ ਦੀ ਕੋਈ ਬੁਰਿਆਈ ਕੀਤੀ ਹੋਵੇ

3. ਅਤੇ ਚੱਲ ਕੇ ਦੂਜਿਆਂ ਦੇਵਤਿਆਂ ਦੀ ਪੂਜਾ ਕੀਤੀ ਹੋਵੇ ਅਤੇ ਓਹਨਾਂ ਦੇ ਅੱਗੇ ਅਥਵਾ ਸੂਰਜ, ਚੰਦ ਅਤੇ ਅਕਾਸ਼ ਦੀ ਸੈਨਾ ਅੱਗੇ ਮੱਥਾ ਟੇਕਿਆ ਹੋਵੇ ਜਿਹ ਦਾ ਮੈਂ ਹੁਕਮ ਨਹੀਂ ਦਿੱਤਾ ਸੀ

ਅਸਤਸਨਾ ਅਧਿਆਇ 17

4. ਅਤੇ ਜੇ ਏਹ ਤੁਹਾਨੂੰ ਦੱਸਿਆ ਜਾਵੇ ਅਰ ਤੁਸੀਂ ਸੁਣ ਕਿ ਚੰਗੀ ਤਰ੍ਹਾਂ ਪਤਾ ਕੱਢ ਲਿਆ ਹੋਵੇ ਅਤੇ ਵੇਖੋ, ਜੇ ਉਹ ਗੱਲ ਸੱਚੀ ਅਤੇ ਪੱਕੀ ਹੋਵੇ ਕਿ ਅਜੇਹਾ ਘਿਣਾਉਣਾ ਕੰਮ ਇਸਰਾਏਲ ਵਿੱਚ ਕੀਤਾ ਗਿਆ ਹੈ

5. ਤਾਂ ਤੁਸੀਂ ਉਸ ਮਨੁੱਖ ਅਥਵਾ ਉਸ ਤੀਵੀਂ ਨੂੰ ਜਿਹ ਨੇ ਏਹ ਬੁਰਾ ਕੰਮ ਕੀਤਾ, ਹਾਂ ਉਸ ਮਨੁੱਖ ਅਥਵਾ ਉਸ ਤੀਵੀਂ ਨੂੰ ਆਪਣੇ ਫਾਟਕਾਂ ਦੇ ਕੋਲ ਲੈ ਜਾ ਕੇ ਪੱਥਰਾਓ ਕਰੋ ਕੇ ਉਹ ਮਰ ਜਾਵੇ

6. ਦੋਹਾਂ ਅਥਵਾ ਤਿੰਨ੍ਹਾਂ ਗਵਾਹਾਂ ਦੀ ਜੁਬਾਨੀ, ਮਰਨ ਵਾਲਾ ਮਾਰਿਆ ਜਾਵੇ ਪਰ ਇੱਕੋਈ ਗਵਾਹ ਦੀ ਜ਼ਬਾਨੀ ਉਹ ਨਾ ਮਾਰਿਆ ਜਾਵੇ

ਅਸਤਸਨਾ ਅਧਿਆਇ 17

7. ਗਵਾਹਾਂ ਦਾ ਹੱਥ ਮਾਰਨ ਲਈ ਉਸ ਉੱਤੇ ਪਹਿਲ ਕਰੇ ਅਤੇ ਉਸ ਦੇ ਮਗਰੋਂ ਸਾਰੇ ਲੋਕਾਂ ਦੇ ਹੱਥ ਇਉਂ ਤੁਸੀਂ ਆਪਣੇ ਵਿੱਚੋਂ ਏਹ ਬੁਰਿਆਈ ਮਿਟਾ ਦਿਓ।।

8. ਜੇ ਤੁਹਾਡੇ ਵਿੱਚ ਕੋਈ ਨਿਆਉਂ ਦੀ ਗੱਲ ਬਹੁਤ ਕਠਨ ਉੱਠੇ ਅਰਥਾਤ ਆਪੋ ਵਿੱਚ ਖੂਨ, ਆਪੋ ਵਿੱਚ ਦਾ ਦਾਵਾ, ਆਪੋ ਵਿੱਚ ਦੀ ਮਾਰ ਕੁਟਾਈ ਜਿਹੜੀਆਂ ਤੁਹਾਡੇ ਫਾਟਕਾਂ ਦੇ ਅੰਦਰ ਝਗੜੇ ਦੀਆਂ ਗੱਲਾਂ ਹੋਣ ਤਾਂ ਤੁਸੀਂ ਉੱਠ ਕੇ ਉਸ ਅਸਥਾਨ ਨੂੰ ਜਾਓ ਜਿਹੜਾ ਯਹੋਵਾਹ ਤੁਹਾਡਾ ਪਰਮੇਸ਼ੁਰ ਚੁਣੇਗਾ

9. ਤੁਸੀਂ ਉਨ੍ਹਾਂ ਲੇਵੀਆਂ, ਜਾਜਕਾਂ ਅਤੇ ਨਿਆਉਂਕਾਰਾਂ ਦੇ ਕੋਲੋਂ ਜਿਹੜੇ ਉਨ੍ਹਾਂ ਦਿਨਾਂ ਵਿੱਚ ਹੋਣ ਜਾ ਕੇ ਪੁੱਛ ਗਿੱਛ ਕਰੋ। ਓਹ ਤੁਹਾਨੂੰ ਉਸ ਗੱਲ਼ ਦਾ ਫੈਂਸਲਾ ਦੱਸਣਗੇ

ਅਸਤਸਨਾ ਅਧਿਆਇ 17

10. ਫਿਰ ਤੁਸੀਂ ਉਸ ਫੈਂਸਲੇ ਦੇ ਅਨੁਸਾਰ ਕਰੋ ਜਿਹੜਾ ਉਹ ਤੁਹਾਨੂੰ ਉਸ ਅਸਥਾਨ ਤੋਂ ਦੱਸਣਗੇ ਜਿਹੜਾ ਯਹੋਵਾਹ ਚੁਣੇਗਾ। ਤੁਸੀਂ ਸਭ ਕੁਝ ਜੋ ਓਹ ਤੁਹਾਨੂੰ ਦੱਸਣ ਪੂਰਨਤਾਈ ਲਈ ਉਸ ਦੀ ਪਾਲਨਾ ਕਰੋ

11. ਉਸ ਬਿਵਸਥਾ ਦੇ ਅਨੁਸਾਰ ਜਿਹੜਾ ਓਹ ਤੁਹਾਨੂੰ ਦੱਸਣ, ਉਸ ਨਿਆਉਂ ਦੇ ਅਨੁਸਾਰ ਜਿਹੜਾ ਓਹ ਤੁਹਾਨੂੰ ਆਖਣ ਤੁਸੀਂ ਕਰੋ। ਉਸ ਫੈਂਸਲੇ ਤੋਂ ਜਿਹੜਾ ਓਹ ਤੁਹਾਨੂੰ ਦੱਸਣ ਸੱਜੇ ਖੱਬੇ ਨਾ ਮੁੜੋ

12. ਜਿਹੜਾ ਮਨੁੱਖ ਹਿੱਕ ਧੱਕਾ ਕਰ ਕੇ ਜਾਜਕ ਦੀ ਜਿਹੜਾ ਯਹੋਵਾਹ ਤੁਹਾਡੇ ਪਰਮੇਸ਼ੁਰ ਦੀ ਉਪਾਸਨਾ ਲਈ ਖੜ੍ਹਾ ਹੈ ਅਥਵਾ ਨਿਆਉਂ ਕਾਰ ਦੀ ਨਾ ਸੁਣੇ ਉਹ ਮਨੁੱਖ ਮਾਰ ਦਿੱਤਾ ਜਾਵੇ ਇਉਂ ਤੁਸੀਂ ਏਸ ਬੁਰਿਆਈ ਨੂੰ ਇਸਰਾਏਲ ਵਿੱਚੋਂ ਉੱਕਾ ਹੀ ਮਿਟਾ ਦਿਓ

ਅਸਤਸਨਾ ਅਧਿਆਇ 17

13. ਸਾਰੀ ਪਰਜਾ ਸੁਣੇਗੀ ਅਤੇ ਡਰੇਗੀ ਤਾਂ ਫਿਰ ਹਿੱਕ ਧੱਕਾ ਨਾ ਕਰੇਗੀ।।

14. ਜਦ ਤੁਸੀਂ ਉਸ ਦੇਸ ਵਿੱਚ ਆਓ ਅਤੇ ਕਬਜ਼ਾ ਕਰ ਕੇ ਉਸ ਦੇਸ ਵਿੱਚ ਵਸ ਜਾਓ ਜਿਹੜਾ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਨੂੰ ਦੇਣ ਵਾਲਾ ਹੈ ਅਤੇ ਆਖਣ ਲੱਗ ਪਓ ਭਈ ਅਸੀਂ ਆਪਣੇ ਉੱਤੇ ਇੱਕ ਰਾਜਾ ਆਲੇ ਦੁਆਲੇ ਦੀਆਂ ਕੌਮਾਂ ਵਾਂਙੁ ਇੱਕ ਲਈਏ

15. ਤਾਂ ਤੁਸੀਂ ਜ਼ਰੂਰ ਉਸ ਰਾਜੇ ਨੂੰ ਜਿਸ ਨੂੰ ਯਹੋਵਾਹ ਤੁਹਾਡਾ ਪਰਮੇਸ਼ੁਰ ਚੁਣੇਗਾ ਆਪਣੇ ਉੱਤੇ ਟਿੱਕ ਲਓ। ਆਪਣੇ ਭਰਾਵਾਂ ਵਿੱਚੋਂ ਆਪਣੇ ਉੱਤੇ ਰਾਜਾ ਟਿੱਕ ਲਓ ਤੁਸੀਂ ਆਪਣੇ ਉੱਤੇ ਕੋਈ ਓਪਰਾ ਜਿਹੜਾ ਤੁਹਾਡਾ ਭਰਾ ਨਹੀਂ ਟਿਕ ਨਹੀਂ ਸੱਕਦੇ

ਅਸਤਸਨਾ ਅਧਿਆਇ 17

16. ਪਰ ਓਹ ਆਪਣੇ ਲਈ ਬਹੁਤੇ ਘੋੜੇ ਨਾ ਵਧਾਵੇ, ਨਾ ਹੀ ਉਹ ਪਰਜੇ ਨੂੰ ਘੋੜੇ ਵਧਾਉਣ ਲਈ ਮਿਸਰ ਵਿੱਚ ਮੋੜੇ ਕਿਉਂ ਜੋ ਯਹੋਵਾਹ ਨੇ ਤੁਹਾਨੂੰ ਆਖਿਆ ਹੈ ਕਿ ਤੁਸੀਂ ਉਸ ਰਾਹ ਨੂੰ ਫੇਰ ਨਾ ਮੁੜਿਓ

17. ਨਾ ਉਹ ਆਪਣੇ ਲਈ ਤੀਵੀਆਂ ਵਧਾਵੇ ਮਤੇ ਉਸ ਦਾ ਮਨ ਫਿਰ ਜਾਵੇ, ਨਾ ਉਹ ਆਪਣੇ ਲਈ ਚਾਂਦੀ ਸੋਨਾ ਬਹੁਤ ਵਧਾਵੇ

18. ਐਉਂ ਹੋਵੇ ਕਿ ਜਦ ਉਹ ਆਪਣੀ ਰਾਜ ਗੱਦੀ ਉੱਤੇ ਬੈਠੇ ਤਾਂ ਉਹ ਆਪਣੇ ਲਈ ਏਸ ਬਿਵਸਥਾ ਦੀ ਨਕਲ ਉਸ ਪੋਥੀ ਵਿੱਚੋਂ ਜਿਹੜੀ ਲੇਵੀ ਜਾਜਕਾਂ ਦੇ ਕੋਲ ਹੈ ਲਿਖ ਲਵੇ

19. ਉਹ ਉਸਦੇ ਕੋਲ ਰਹੇਗੀ। ਉਹ ਜੀਵਨ ਦੇ ਸਾਰੇ ਦਿਨ ਉਸ ਨੂੰ ਪੜ੍ਹੇ ਤਾਂ ਜੋ ਯਹੋਵਾਹ ਆਪਣੇ ਪਰਮੇਸ਼ੁਰ ਦਾ ਡਰ ਰੱਖਣਾ ਸਿੱਖੇ ਅਤੇ ਏਸ ਬਿਵਸਥਾ ਦੀਆਂ ਸਾਰੀਆਂ ਗੱਲਾਂ ਦੀ ਪਾਲਨਾ ਕਰੇ ਅਤੇ ਇਨ੍ਹਾਂ ਬਿਧੀਆਂ ਨੂੰ ਪੂਰਾ ਕਰੇ

ਅਸਤਸਨਾ ਅਧਿਆਇ 17

20. ਤਾਂ ਜੋ ਉਸ ਦਾ ਮਨ ਉਸ ਦੇ ਭਰਾਵਾਂ ਉੱਤੇ ਹੰਕਾਰ ਵਿੱਚ ਨਾ ਆ ਜਾਵੇ, ਨਾਲੇ ਉਹ ਏਸ ਹੁਕਮਨਾਮੇ ਤੋਂ ਸੱਜੇ ਖੱਬੇ ਨਾ ਮੁੜੇ ਏਸ ਲਈ ਕੇ ਉਹ ਅਤੇ ਉਸ ਦੇ ਪੁੱਤ੍ਰ ਇਸਰਾਏਲ ਦੇ ਵਿਚਕਾਰ ਆਪਣੇ ਰਾਜ ਵਿੱਚ ਆਪਣੇ ਦਿਨ ਲੰਮ੍ਹੇ ਕਰਨ।।