1. ਮੈਂ ਮੁੜ ਕੇ ਅੱਖਾਂ ਚੁੱਕ ਕੇ ਡਿੱਠਾ ਤਾਂ ਵੇਖੋ, ਇੱਕ ਉੱਡਦੀ ਹੋਈ ਲਪੇਟਵੀਂ ਪੱਤ੍ਰੀ ਸੀ
2. ਉਸ ਮੈਨੂੰ ਆਖਿਆ, ਤੂੰ ਕੀ ਵੇਖਦਾ ਹੈਂ? ਮੈਂ ਆਖਿਆ, ਮੈਂ ਇੱਕ ਉੱਡਦੀ ਹੋਈ ਲੇਪਟਵੀਂ ਪੱਤ੍ਰੀ ਵੇਖਦਾ ਹਾਂ ਜਿਸ ਦੀ ਲੰਬਾਈ ਵੀਹ ਹੱਥ ਅਤੇ ਚੁੜਾਈ ਦਸ ਹੱਥ ਹੈ
3. ਫੇਰ ਉਸ ਮੈਨੂੰ ਆਖਿਆ, ਇਹ ਉਹ ਸਰਾਪ ਹੈ ਜਿਹੜਾ ਸਾਰੇ ਦੇਸ ਦੀ ਪਰਤ ਉੱਤੇ ਆਉਣ ਵਾਲਾ ਹੈ ਕਿਉਂ ਜੋ ਹਰੇਕ ਚੋਰੀ ਕਰਨ ਵਾਲਾ ਹੁਣ ਤੋਂ ਏਸ ਦੇ ਅਨੁਸਾਰ ਕੱਟਿਆ ਜਾਵੇਗਾ ਅਤੇ ਹਰੇਕ ਸੌਂਹ ਖਾਣ ਵਾਲਾ ਏਸ ਦੇ ਅਨੁਸਾਰ ਹੁਣ ਤੋਂ ਕੱਟਿਆ ਜਾਵੇਗਾ
4. ਸੈਨਾਂ ਦੇ ਯਹੋਵਾਹ ਦਾ ਵਾਕ ਹੈ, ਮੈਂ ਉਸ ਨੂੰ ਬਾਹਰ ਲਿਆਵਾਂਗਾ। ਉਹ ਚੋਰ ਦੇ ਘਰ ਵਿੱਚ ਅਤੇ ਮੇਰੇ ਨਾਮ ਦੀ ਝੂਠੀ ਸੌਂਹ ਖਾਣ ਵਾਲੇ ਦੇ ਘਰ ਵਿੱਚ ਵੜੇਗਾ ਅਤੇ ਉਸ ਦੇ ਘਰ ਦੇ ਅੰਦਰ ਟਿਕੇਗਾ ਅਤੇ ਉਸ ਨੂੰ ਲੱਕੜੀ ਅਤੇ ਪੱਥਰ ਸਣੇ ਨਾਸ ਕਰੇਗਾ
5. ਤਾਂ ਉਹ ਦੂਤ ਜਿਹੜਾ ਮੇਰੇ ਨਾਲ ਗੱਲਾਂ ਕਰਦਾ ਸੀ ਬਾਹਰ ਆਇਆ ਅਤੇ ਉਸ ਮੈਨੂੰ ਆਖਿਆ, ਤੂੰ ਆਪਣੀਆਂ ਅੱਖਾਂ ਚੁਕ ਕੇ ਵੇਖ! ਉਹ ਕੀ ਬਾਹਰ ਨੂੰ ਨਿੱਕਲਦਾ ਹੈॽ
6. ਮੈਂ ਆਖਿਆ, ਇਹ ਕੀ ਹੈॽ ਉਸ ਆਖਿਆ ਕਿ ਉਹ ਇੱਕ ਏਫਾਹ ਬਾਹਰ ਨੂੰ ਨਿੱਕਲ ਰਿਹਾ ਹੈ। ਉਸ ਆਖਿਆ, ਸਾਰੇ ਦੇਸ ਵਿੱਚ ਓਹਨਾਂ ਦੀ ਇਹ ਬਦੀ ਹੈ
7. ਤਾਂ ਵੇਖੋ, ਸਿੱਕੇ ਦਾ ਇੱਕ ਢੱਕਣਾ ਉੱਪਰ ਚੁੱਕਿਆ ਗਿਆ ਅਤੇ ਇੱਕ ਜਨਾਨੀ ਏਫਾਹ ਦੇ ਵਿੱਚ ਬੈਠੀ ਹੋਈ ਸੀ
8. ਉਸ ਆਖਿਆ ਕਿ ਇਹ ਦੁਸ਼ਟਪੁਣਾ ਹੈ। ਉਸ ਨੇ ਉਹ ਨੂੰ ਏਫਾਹ ਵਿੱਚ ਧੱਕ ਦਿੱਤਾ ਅਤੇ ਉਸ ਸਿੱਕੇ ਦੇ ਢੱਕਣ ਨੂੰ ਏਫਾਹ ਦੇ ਮੂੰਹ ਉੱਤੇ ਸੁੱਟ ਦਿੱਤਾ
9. ਫੇਰ ਮੈਂ ਆਪਣੀਆਂ ਅੱਖਾਂ ਚੁੱਕ ਕੇ ਡਿੱਠਾ ਤਾਂ ਵੇਖੋ, ਦੋ ਜਨਾਨੀਆਂ ਬਾਹਰ ਨਿੱਕਲੀਆਂ ਅਤੇ ਹਵਾ ਓਹਨਾਂ ਦੇ ਪਰਾਂ ਦੇ ਵਿੱਚ ਸੀ ਕਿਉਂ ਜੋ ਓਹਨਾਂ ਦੇ ਪਰ ਲਮਢੀਂਗ ਦੇ ਪਰਾਂ ਵਰਗੇ ਸਨ। ਓਹਨਾਂ ਨੇ ਏਫਾਹ ਨੂੰ ਧਰਤੀ ਅਤੇ ਅਕਾਸ਼ ਦੇ ਵਿੱਚ ਵਿਚਾਲੇ ਤੀਕ ਚੁੱਕਿਆ
10. ਤਾਂ ਮੈਂ ਉਸ ਦੂਤ ਨੂੰ ਜਿਹੜਾ ਮੇਰੇ ਨਾਲ ਗੱਲਾਂ ਕਰਦਾ ਸੀ ਆਖਿਆ, ਏਹ ਏਫਾਹ ਨੂੰ ਕਿੱਥੇ ਲੈ ਚੱਲੀਆਂ ਹਨॽ
11. ਉਸ ਮੈਨੂੰ ਆਖਿਆ ਕਿ ਸ਼ਿਨਆਰ ਦੇਸ ਵਿੱਚ ਉਸ ਦਾ ਇੱਕ ਘਰ ਬਣਾਉਣਾ ਹੈ। ਜਦ ਉਹ ਤਿਆਰ ਹੋ ਜਾਵੇ ਤਾਂ ਉਹ ਦੇ ਅੱਡੇ ਉੱਤੇ ਉਹ ਰੱਖਿਆ ਜਾਵੇਗਾ।।