ਅਜ਼ਰਾ 8 : 1 (PAV)
ਅਰਤਹਸ਼ਸ਼ਤਾ ਪਾਤਸ਼ਾਹ ਦੇ ਰਾਜ ਵਿੱਚ ਜੋ ਲੋਕ ਮੇਰੇ ਨਾਲ ਬਾਬਲ ਤੋਂ ਨਿੱਕਲੇ ਉਨ੍ਹਾਂ ਦੇ ਪਿਉ ਦਾਦਿਆਂ ਦੇ ਘਰਾਣਿਆਂ ਦੇ ਮੁਖੀਏ ਏਹ ਹਨ ਅਤੇ ਉਨ੍ਹਾਂ ਦੀ ਕੁਲ ਪੱਤ੍ਰੀ ਏਹ ਹੈ
ਅਜ਼ਰਾ 8 : 2 (PAV)
ਫੀਨਹਾਸ ਦੇ ਪੁੱਤ੍ਰਾਂ ਵਿੱਚੋਂ, ਗੇਰਸ਼ੋਮ ਅਰ ਈਥਾਮਾਰ ਦੇ ਪੁਤ੍ਰਾਂ ਵਿੱਚੋਂ, ਦਾਨੀਏਲ ਅਰ ਦਾਊਦ ਦੇ ਪੁੱਤ੍ਰਾਂ ਵਿੱਚੋਂ, ਹੱਟੂਸ਼
ਅਜ਼ਰਾ 8 : 3 (PAV)
ਸ਼ਕਨਯਾਹ ਦੇ ਪੁੱਤ੍ਰਾਂ ਵਿੱਚੋਂ, ਫਰੋਸ਼ ਦੇ ਪੁੱਤ੍ਰਾਂ ਵਿੱਚੋਂ, ਜ਼ਕਰਯਾਹ ਅਰ ਉਹ ਦੇ ਨਾਲ ਦੇ ਇੱਕ ਸੌ ਪੰਜਾਹ ਨਰ ਕੁਲਪੱਤ੍ਰੀ ਅਨੁਸਾਰ ਗਿਣੇ ਗਏ
ਅਜ਼ਰਾ 8 : 4 (PAV)
ਪਹਥ-ਮੋਆਬ ਦੇ ਪੁੱਤ੍ਰਾਂ ਵਿੱਚੋਂ, ਜ਼ਕਰਯਾਹ ਦਾ ਪੁੱਤ੍ਰ ਅਲਯਹੋਏਨਈ ਅਰ ਉਹ ਦੇ ਨਾਲ ਦੌ ਸੌ ਨਰ
ਅਜ਼ਰਾ 8 : 5 (PAV)
ਸ਼ਕਨਯਾਹ ਦੇ ਪੁੱਤ੍ਰਾਂ ਵਿੱਚੋਂ, ਯਹਜ਼ੀਏਲ ਦਾ ਪੁੱਤ੍ਰ ਅਰ ਉਹ ਦੇ ਨਾਲ ਤਿੰਨ ਸੌ ਨਰ
ਅਜ਼ਰਾ 8 : 6 (PAV)
ਆਦੀਨ ਦੇ ਪੁੱਤ੍ਰਾਂ ਵਿੱਚੋਂ, ਯੋਨਾਥਾਨ ਦਾ ਪੁੱਤ੍ਰ ਅਬਦ ਅਰ ਉਹ ਦੇ ਨਾਲ ਪੰਜਾਹ ਨਰ
ਅਜ਼ਰਾ 8 : 7 (PAV)
ਏਲਾਮ ਦੇ ਪੁੱਤ੍ਰਾਂ ਵਿੱਚੋਂ. ਅਥਲਯਾਹ ਦਾ ਪੁੱਤ੍ਰ ਯਸ਼ਆਯਾਹ ਅਰ ਉਹ ਦੇ ਨਾਲ ਸੱਤ੍ਰ ਨਰ
ਅਜ਼ਰਾ 8 : 8 (PAV)
ਸ਼ਫਟਯਾਹ ਦੇ ਪੁੱਤ੍ਰਾਂ ਵਿੱਚੋਂ ਮੀਕਾਏਲ ਦਾ ਪੁੱਤ੍ਰ ਜ਼ਬਦਯਾਹ ਅਰ ਉਹ ਦੇ ਨਾਲ ਅੱਸੀ ਨਰ
ਅਜ਼ਰਾ 8 : 9 (PAV)
ਯੋਆਬ ਦੇ ਪੁੱਤ੍ਰਾਂ ਵਿੱਚੋਂ ਯਹੀਏਲ ਦਾ ਪੁੱਤ੍ਰ ਓਬਦਯਾਹ ਅਰ ਉਹ ਦੇ ਨਾਲ ਦੋ ਸੌ ਅਠਾਰਾਂ ਨਰ
ਅਜ਼ਰਾ 8 : 10 (PAV)
ਸ਼ਲੋਮੀਥ ਦੇ ਪੁੱਤ੍ਰਾਂ ਵਿੱਚੋਂ, ਯਸਿਫਯਾਹ ਦਾ ਪੁੱਤ੍ਰ ਅਰ ਉਹ ਦੇ ਨਾਲ ਇੱਕ ਸੌ ਸੱਠ ਨਰ
ਅਜ਼ਰਾ 8 : 11 (PAV)
ਬੇਬਾਈ ਦੇ ਪੁੱਤ੍ਰਾਂ ਵਿੱਚੋਂ, ਬੇਬਾਈ ਦਾ ਪੁੱਤ੍ਰ ਜ਼ਕਰਯਾਹ ਅਰ ਉਹ ਦੇ ਨਾਲ ਅਠਾਈ ਨਰ
ਅਜ਼ਰਾ 8 : 12 (PAV)
ਅਜ਼ਗਾਦ ਦੇ ਪੁੱਤ੍ਰਾਂ ਵਿੱਚੋਂ ਹੱਕਾਟਾਨ ਦਾ ਪੁੱਤ੍ਰ ਯੋਹਾਨਾਨ ਅਰ ਉਹ ਦੇ ਨਾਲ ਇੱਕ ਸੌ ਦਸ ਨਰ
ਅਜ਼ਰਾ 8 : 13 (PAV)
ਅਦੋਨੀਕਾਮ ਦੇ ਛੇਕੜਲੇ ਪੁੱਤ੍ਰਾਂ ਵਿੱਚੋਂ ਜਿਨ੍ਹਾਂ ਦੇ ਨਾਉਂ ਇਹ ਹਨ ਅਲੀਫਲਟ ਤੇ ਯਈਏਲ ਤੇ ਸ਼ਮਅਯਾਹ ਅਰ ਉਨ੍ਹਾਂ ਦੇ ਨਾਲ ਸੱਠ ਨਰ
ਅਜ਼ਰਾ 8 : 14 (PAV)
ਬਿਗਵਈ ਦੇ ਪੁੱਤ੍ਰਾਂ ਵਿੱਚੋਂ ਊਥਈ ਤੇ ਜ਼ੱਬੂਦ ਅਰ ਉਨ੍ਹਾਂ ਦੇ ਨਾਲ ਸੱਤ੍ਰ ਨਰ।।
ਅਜ਼ਰਾ 8 : 15 (PAV)
ਮੈਂ ਉਨ੍ਹਾਂ ਨੂੰ ਉਸ ਨਦੀ ਦੇ ਕੋਲ ਜੋ ਅਹਵਾ ਦੀ ਵੱਲ ਵੱਗਦੀ ਹੈ ਇੱਕਠਾ ਕੀਤਾ ਅਤੇ ਉੱਥੇ ਅਸੀਂ ਤਿੰਨ ਦਿਨ ਡੇਰੇ ਲਾ ਕੇ ਰਹੇ ਅਤੇ ਮੈਂ ਲੋਕਾਂ ਤੇ ਜਾਜਕਾਂ ਵਿੱਚ ਵੇਖਿਆ ਪਰ ਲੇਵੀਆਂ ਵਿੱਚੋਂ ਮੈਨੂੰ ਉੱਥੇ ਕੋਈ ਨਾ ਲੱਭਾ
ਅਜ਼ਰਾ 8 : 16 (PAV)
ਤਦ ਮੈਂ ਅਲੀਅਜ਼ਰ, ਅਰੀਏਲ, ਸ਼ਮਅਯਾਹ, ਅਲਨਾਥਾਨ, ਯਾਰੀਬ ਅਲਨਾਥਾਨ, ਨਾਥਾਨ, ਜ਼ਕਰਯਾਹ, ਮਸੁੱਲਾਮ, ਮੁਖੀਆਂ ਨੂੰ ਅਤੇ ਯੋਯਾਰੀਬ ਤੇ ਅਲਨਾਥਾਨ, ਸਿਆਣਿਆਂ ਨੂੰ ਸੱਦ ਘੱਲਿਆ
ਅਜ਼ਰਾ 8 : 17 (PAV)
ਅਤੇ ਮੈਂ ਓਹਨਾਂ ਨੂੰ ਇੱਦੋ ਮੁਖੀਏ ਕੋਲ ਕਾਸਿਫਯਾ ਨਾਮੀ ਇੱਕ ਥਾਂ ਨੂੰ ਘੱਲਿਆ ਅਤੇ ਜੋ ਕੁਝ ਓਹਨਾਂ ਨੇ ਇੱਦੋ ਤੇ ਉਹ ਦੇ ਭਰਾਵਾਂ ਨਥੀਨੀਮੀਆਂ ਨੂੰ ਕਾਸਿਫਯਾ ਨਾਮੇ ਥਾਂ ਵਿੱਚ ਆਖਣਾ ਸੀ ਦੱਸ ਦਿੱਤਾ ਭਈ ਓਹ ਸਾਡੇ ਪਰਮੇਸ਼ੁਰ ਦੇ ਭਵਨ ਦੇ ਲਈ ਸੇਵਾਦਾਰਾਂ ਨੂੰ ਸਾਡੇ ਕੋਲ ਲੈ ਆਉਣ
ਅਜ਼ਰਾ 8 : 18 (PAV)
ਅਤੇ ਸਾਡੇ ਪਰਮੇਸ਼ੁਰ ਦੀ ਭਲਿਆਈ ਦਾ ਹੱਥ ਸਾਡੇ ਉੱਤੇ ਸੀ ਏਸ ਲਈ ਓਹ ਇੱਕ ਬੁੱਧਵਾਨ ਮਨੁੱਖ ਨੂੰ ਮਹਲੀ ਦੇ ਪੁੱਤ੍ਰਾਂ ਵਿੱਚੋਂ ਜੋ ਲੇਵੀ ਦਾ ਪੁੱਤ੍ਰ ਜੋ ਇਸਰਾਏਲ ਦਾ ਪੁੱਤ੍ਰ ਸੀ ਲੈ ਆਏ, ਨਾਲੇ ਸ਼ੇਰੇਬਯਾਹ ਨੂੰ ਉਹ ਦੇ ਪੁੱਤ੍ਰਾਂ ਤੇ ਭਰਾਵਾਂ ਸਣੇ, ਅਠਾਰਾਂ ਜਣਿਆਂ ਨੂੰ
ਅਜ਼ਰਾ 8 : 19 (PAV)
ਅਤੇ ਹਸ਼ਬਯਾਹ ਤੇ ਉਹ ਦੇ ਨਾਲ ਮਰਾਰੀਆਂ ਵਿੱਚੋਂ ਯਸਾਯਾਹ ਨੂੰ ਉਹ ਦੇ ਭਰਾਵਾਂ ਤੇ ਉਨ੍ਹਾਂ ਦੇ ਪੁੱਤ੍ਰਾਂ ਸਣੇ, ਵੀਹ ਜਣਿਆਂ ਨੂੰ
ਅਜ਼ਰਾ 8 : 20 (PAV)
ਅਤੇ ਨਥੀਨੀਮੀਆਂ ਵਿੱਚੋਂ ਜਿਨ੍ਹਾਂ ਨੂੰ ਦਾਊਦ ਤੇ ਸਰਦਾਰਾਂ ਨੇ ਲੇਵੀਆਂ ਦੀ ਸੇਵਾ ਦੇ ਲਈ ਥਾਪਿਆ ਸੀ ਦੋ ਸੌ ਵੀਹ ਨਥੀਨੀਮੀਆਂ ਨੂੰ ਵੀ। ਓਨ੍ਹਾਂ ਸਭਨਾਂ ਦੇ ਨਾਉਂ ਦੱਸੇ ਗਏ ਸਨ।।
ਅਜ਼ਰਾ 8 : 21 (PAV)
ਤਦ ਮੈਂ ਉੱਥੇ ਅਹਵਾ ਨਦੀ ਤੇ ਵਰਤ ਦਾ ਹੋਕਾ ਦਵਾਇਆ ਤਾਂ ਜੋ ਅਸੀਂ ਆਪਣੇ ਪਰਮੇਸ਼ੁਰ ਦੇ ਸਨਮੁਖ ਅਧੀਨ ਹੋ ਕੇ ਆਪਣੇ ਲਈ ਤੇ ਆਪਣੇ ਨਿਆਣਿਆਂ ਲਈ ਤੇ ਆਪਣੇ ਸਾਰੇ ਮਾਲ ਦੇ ਲਈ ਉਸ ਤੋਂ ਸਿੱਧੀ ਰਾਹ ਮੰਗੀਏ
ਅਜ਼ਰਾ 8 : 22 (PAV)
ਕਿਉਂ ਜੋ ਮੈਂ ਲਾਜ ਦੇ ਮਾਰੇ ਪਾਤਸ਼ਾਹ ਤੋਂ ਸਿਪਾਹੀਆਂ ਦੇ ਜੱਥੇ ਤੇ ਸਵਾਰ ਨਾ ਮੰਗੇ ਭਈ ਰਾਹ ਵਿੱਚ ਵੈਰੀਆਂ ਦੇ ਵਿੱਰੁਧ ਸਾਡੀ ਸਹਾਇਤਾ ਕਰਨ ਏਸ ਲਈ ਕਿ ਅਸੀਂ ਪਾਤਸ਼ਾਹ ਤੋਂ ਸਿਪਾਹੀਆਂ ਦੇ ਜੱਥੇ ਤੇ ਸਵਾਰ ਨਾ ਮੰਗੇ ਭਈ ਰਾਹ ਵਿੱਚ ਵੈਰੀਆਂ ਦੇ ਵਿੱਰੁਧ ਸਾਡੀ ਸਹਾਇਤਾ ਕਰਨ ਏਸ ਲਈ ਕਿ ਅਸੀਂ ਪਾਤਸ਼ਾਹ ਨੂੰ ਆਖਿਆ ਸੀ ਭਈ ਸਾਡੇ ਪਰਮੇਸ਼ੁਰ ਦਾ ਹੱਥ ਭਲਿਆਈ ਦੇ ਲਈ ਉਨ੍ਹਾਂ ਸਾਰਿਆਂ ਦੇ ਨਾਲ ਹੈ ਜੋ ਉਹ ਦੇ ਤਾਲਬ ਹਨ ਪਰ ਉਹ ਦਾ ਬਲ ਤੇ ਕ੍ਰੋਧ ਉਨ੍ਹਾਂ ਸਾਰਿਆਂ ਦੇ ਵਿਰੁੱਧ ਹੈ ਜੋ ਉਹ ਨੂੰ ਤਿਆਗ ਦਿੰਦੇ ਹਨ
ਅਜ਼ਰਾ 8 : 23 (PAV)
ਸੋ ਅਸੀਂ ਵਰਤ ਰੱਖ ਕੇ ਏਸ ਗੱਲ ਦੇ ਲਈ ਪਰਮੇਸ਼ੁਰ ਦੇ ਤਰਲੇ ਕੀਤੇ ਅਤੇ ਉਹ ਨੇ ਸਾਡੀ ਸੁਣੀ।।
ਅਜ਼ਰਾ 8 : 24 (PAV)
ਤਦ ਮੈਂ ਸਰਦਾਰ ਜਾਜਕਾਂ ਵਿੱਚੋਂ ਬਾਰਾਂ ਨੂੰ ਅਰਥਾਤ ਸ਼ੇਰੇਬਯਾਹ, ਹਸ਼ਬਯਾਹ ਤੇ ਓਹਨਾਂ ਦੇ ਨਾਲ ਓਹਨਾਂ ਦੇ ਭਰਾਵਾਂ ਵਿੱਚੋਂ ਦਸਾਂ ਨੂੰ ਅੱਡ ਕੀਤਾ
ਅਜ਼ਰਾ 8 : 25 (PAV)
ਅਤੇ ਓਹਨਾਂ ਨੂੰ ਉਹ ਚਾਂਦੀ, ਸੋਨਾ ਤੇ ਭਾਂਡੇ ਅਰਥਾਤ ਉਹ ਭੇਟ ਜੋ ਸਾਡੇ ਪਰਮੇਸ਼ੁਰ ਦੇ ਭਵਨ ਦੇ ਲਈ ਪਾਤਸ਼ਾਹ ਤੇ ਉਹ ਦੇ ਮੰਤਰੀਆਂ ਤੇ ਉਹ ਦੇ ਸਰਦਾਰਾਂ ਤੇ ਸਾਰੇ ਇਸਰਾਏਲ ਨੇ ਜੋ ਉੱਥੇ ਹਾਜ਼ਰ ਸਨ ਅਰਪਣ ਕੀਤੀ ਸੀ ਮੈਂ ਤੋਲ ਦਿੱਤਾ
ਅਜ਼ਰਾ 8 : 26 (PAV)
ਅਤੇ ਮੈਂ ਓਹਨਾਂ ਦੇ ਹੱਥ ਵਿੱਚ ਨੌ ਸੌ ਪੰਝੱਤਰ ਮਣ ਚਾਂਦੀ ਅਰ ਡੂਢ ਸੌ ਮਣ ਚਾਂਦੀ ਦੇ ਭਾਂਡੇ ਅਰ ਡੂਢ ਸੌ ਮਣ ਸੋਨਾ ਤੋਲ ਦਿੱਤਾ
ਅਜ਼ਰਾ 8 : 27 (PAV)
ਨਾਲੇ ਸੋਨੇ ਦੇ ਵੀਹ ਕਟੋਰਦਾਨ ਜੋ ਹਜ਼ਾਰ ਦਾਰਕਾਂ ਦੇ ਸਨ ਅਤੇ ਚੋਖੇ ਚਮਕਦੇ ਪਿੱਤਲ ਦੇ ਦੋ ਭਾਡੇਂ ਸੋਨੇ ਵਾਂਙੁ ਮਹਿੰਗ ਮੁੱਲੇ
ਅਜ਼ਰਾ 8 : 28 (PAV)
ਅਤੇ ਮੈਂ ਓਹਨਾਂ ਨੂੰ ਆਖਿਆ ਭਈ ਤੁਸੀਂ ਯਹੋਵਾਹ ਲਈ ਪਵਿੱਤ੍ਰ ਹੋਵੋ ਤੇ ਏਹ ਭਾਂਡੇ ਵੀ ਪਵਿੱਤ੍ਰ ਹਨ ਅਤੇ ਇਹ ਚਾਂਦੀ ਤੇ ਸੋਨਾ ਯਹੋਵਾਹ ਤੁਹਾਡੇ ਪਿਉ ਦਾਦਿਆਂ ਦੇ ਪਰਮੇਸ਼ੁਰ ਦੇ ਲਈ ਖੁਸ਼ੀ ਦਾ ਚੜ੍ਹਾਵਾ ਹੈ
ਅਜ਼ਰਾ 8 : 29 (PAV)
ਚੌਕਸ ਰਹੋ। ਜਦ ਤਾਈਂ ਯਰੂਸ਼ਲਮ ਵਿੱਚ ਜਾਜਕਾਂ ਤੇ ਲੇਵੀਆਂ ਦੇ ਸਰਦਾਰਾਂ ਅਰ ਇਸਰਾਏਲ ਦੇ ਪਿਤ੍ਰਾਂ ਦੇ ਘਰਾਣਿਆਂ ਦੇ ਮੁਖੀਆਂ ਦੇ ਸਾਹਮਣੇ ਯਹੋਵਾਹ ਦੇ ਭਵਨ ਦੀਆਂ ਕੋਠੜੀਆਂ ਵਿੱਚ ਉਨ੍ਹਾਂ ਨੂੰ ਤੋਲ ਨਾ ਦਿਓ ਉਨ੍ਹਾਂ ਦੀ ਰਾਖੀ ਕਰਿਓ
ਅਜ਼ਰਾ 8 : 30 (PAV)
ਸੋ ਜਾਜਕਾਂ ਤੇ ਲੇਵੀਆਂ ਨੇ ਸੋਨੇ ਤੇ ਚਾਂਦੀ ਤੇ ਭਾਂਡਿਆ ਨੂੰ ਤੋਲ ਕੇ ਲੈ ਲਿਆ ਭਈ ਉਨ੍ਹਾਂ ਨੂੰ ਯਰੂਸ਼ਲਮ ਵਿੱਚ ਸਾਡੇ ਪਰਮੇਸ਼ੁਰ ਦੇ ਭਵਨ ਵਿੱਚ ਪਹੁੰਚਾਉਣ।।
ਅਜ਼ਰਾ 8 : 31 (PAV)
ਫੇਰ ਅਸੀਂ ਪਹਿਲੇ ਮਹੀਨੇ ਦੇ ਬਾਰਹਵੇਂ ਦਿਨ ਯਰੂਸ਼ਲਮ ਨੂੰ ਜਾਣ ਲਈ ਅਹਵਾ ਦੀ ਨਦੀਓਂ ਕੂਚ ਕੀਤਾ ਅਤੇ ਸਾਡੇ ਪਰਮੇਸ਼ੁਰ ਦਾ ਹੱਥ ਸਾਡੇ ਉੱਤੇ ਸੀ ਅਤੇ ਉਸ ਸਾਨੂੰ ਵੈਰੀਆਂ ਅਤੇ ਰਾਹ ਵਿੱਚ ਘਾਤ ਲਾਉਣ ਵਾਲਿਆਂ ਦੇ ਹੱਥੋਂ ਬਚਾਇਆ
ਅਜ਼ਰਾ 8 : 32 (PAV)
ਅਤੇ ਅਸੀਂ ਯਰੂਸ਼ਲਮ ਵਿੱਚ ਅੱਪੜ ਕੇ ਤਿੰਨ ਦਿਨ ਤਾਈ ਉੱਥੇ ਟਿੱਕੇ ਰਹੇ
ਅਜ਼ਰਾ 8 : 33 (PAV)
ਅਤੇ ਚੌਥੇ ਦਿਨ ਉਹ ਚਾਂਦੀ ਤੇ ਸੋਨਾ ਦੇ ਭਾਂਡੇ ਸਾਡੇ ਪਰਮੇਸ਼ੁਰ ਦੇ ਭਵਨ ਵਿੱਚ ਤੋਲ ਕੇ ਊਰੀਯਾਹ ਦੇ ਪੁੱਤ੍ਰ ਮਰੇਮੋਥ ਦੇ ਹੱਥ ਵਿੱਚ ਦਿੱਤੇ ਗਏ ਤੇ ਉਹ ਦੇ ਨਾਲ ਫੀਨਹਾਸ ਦਾ ਪੁੱਤ੍ਰ ਅਲਆਜ਼ਾਰ ਸੀ ਅਰ ਓਹਨਾਂ ਦੇ ਨਾਲ ਏਹ ਲੇਵੀ ਸਨ — ਯੇਸ਼ੂਆ ਦਾ ਪੁੱਤ੍ਰ ਯੋਜ਼ਾਬਾਦ ਅਰ ਬਿੰਨੂਈ ਦਾ ਪੁੱਤ੍ਰ ਨੋਅਦਯਾਹ
ਅਜ਼ਰਾ 8 : 34 (PAV)
ਸੱਭੋ ਵਸਤੂਆਂ ਨੂੰ ਗਿਣ ਕੇ ਤੇ ਤੋਲ ਕੇ ਪੂਰਾ ਤੋਲ ਓਸੇ ਵੇਲੇ ਲਿਖ ਲਿਆ ਗਿਆ
ਅਜ਼ਰਾ 8 : 35 (PAV)
ਅਸੀਰੀ ਤੋਂ ਮੁੜਿਆਂ ਹੋਇਆਂ ਲੋਕਾਂ ਨੇ ਇਸਰਾਏਲ ਦੇ ਪਰਮੇਸ਼ੁਰ ਦੇ ਲਈ ਹੋਮ ਬਲੀਆਂ ਚੜ੍ਹਾਈਆਂ। ਸਾਰੇ ਇਸਰਾਏਲ ਦੇ ਲਈ ਬਾਰਾਂ ਵਹਿੜੇ ਤੇ ਛਿਆਨਵੇ ਛੱਤ੍ਰੇ ਤੇ ਸਤੱਤਰ ਲੇਲੇ ਅਤੇ ਪਾਪ ਬਲੀ ਦੇ ਲਈ ਬਾਰਾਂ ਬੱਕਰੇ। ਇਹ ਸਭ ਪਰਮੇਸ਼ੁਰ ਦੇ ਲਈ ਹੋਮਬਲੀ ਸੀ
ਅਜ਼ਰਾ 8 : 36 (PAV)
ਤਦ ਓਹਨਾਂ ਨੇ ਪਤਸ਼ਾਹ ਦੀਆਂ ਆਗਿਆਂ ਨੂੰ ਪਾਤਸ਼ਾਹ ਦੇ ਦਰਿਆਓਂ ਪਾਰ ਦੇ ਲਾਟਾਂ ਤੇ ਹਾਕਮਾਂ ਨੂੰ ਦੇ ਦਿੱਤਾ ਅਤੇ ਉਨ੍ਹਾਂ ਨੇ ਲੋਕਾਂ ਨੂੰ ਤੇ ਪਰਮੇਸ਼ੁਰ ਦੇ ਭਵਨ ਨੂੰ ਸਹਾਰਾ ਦਿੱਤਾ।।
❮
❯