ਖ਼ਰੋਜ 7 : 1 (PAV)
ਯਹੋਵਾਹ ਨੇ ਮੂਸਾ ਨੂੰ ਆਖਿਆ, ਵੇਖ ਮੈਂ ਤੈਨੂੰ ਫ਼ਿਰਊਨ ਲਈ ਪਰਮੇਸ਼ੁਰ ਜਿਹਾ ਠਹਿਰਾਇਆ ਹੈ ਅਤੇ ਤੇਰਾ ਭਰਾ ਹਾਰੂਨ ਤੇਰੇ ਲਈ ਨਬੀ ਹੋਵੇਗਾ
ਖ਼ਰੋਜ 7 : 2 (PAV)
ਤੂੰ ਓਹ ਸਾਰੀਆਂ ਗੱਲਾਂ ਜਿਨ੍ਹਾਂ ਦਾ ਮੈਂ ਤੈਨੂੰ ਹੁਕਮ ਦਿੱਤਾ ਹੈ ਕਰੀਂ ਅਰ ਤੇਰਾ ਭਰਾ ਹਾਰੂਨ ਫ਼ਿਰਊਨ ਨਾਲ ਗੱਲਾਂ ਕਰੇਗਾ ਕਿ ਉਹ ਇਸਰਾਏਲੀਆਂ ਨੂੰ ਆਪਣੇ ਦੇਸ ਤੋਂ ਜਾਣ ਦੇਵੇ
ਖ਼ਰੋਜ 7 : 3 (PAV)
ਅਰ ਮੈਂ ਫ਼ਿਰਊਨ ਦੇ ਮਨ ਨੂੰ ਕਠੋਰ ਹੋਣ ਦੇਵਾਂਗਾ ਅਰ ਆਪਣੇ ਨਿਸ਼ਾਨਾਂ ਅਰ ਅਚਰਜ ਕੰਮਾਂ ਨੂੰ ਮਿਸਰ ਦੇਸ ਵਿੱਚ ਵਧਾਵਾਂਗਾ
ਖ਼ਰੋਜ 7 : 4 (PAV)
ਪਰ ਫ਼ਿਰਊਨ ਤੁਹਾਡੀ ਨਹੀਂ ਸੁਣੇਗਾ ਅਰ ਮੈਂ ਆਪਣਾ ਹੱਥ ਮਿਸਰ ਉੱਤੇ ਪਾਵਾਂਗਾ ਅਤੇ ਆਪਣੀਆਂ ਸੈਨਾਂ ਅਰਥਾਤ ਆਪਣੀ ਪਰਜਾ ਇਸਰਾਏਲ ਨੂੰ ਵੱਡਿਆਂ ਨਿਆਵਾਂ ਨਾਲ ਮਿਸਰ ਦੇਸ ਤੋਂ ਬਾਹਰ ਲੈ ਆਵਾਂਗਾ
ਖ਼ਰੋਜ 7 : 5 (PAV)
ਤਾਂ ਮਿਸਰੀ ਜਾਣਨਗੇ ਕਿ ਮੈਂ ਯਹੋਵਾਹ ਹਾਂ ਜਦ ਮੈਂ ਮਿਸਰ ਉੱਤੇ ਆਪਣਾ ਹੱਥ ਪਸਾਰਾਂਗਾ ਅਰ ਇਸਰਾਏਲੀਆਂ ਨੂੰ ਉਨ੍ਹਾਂ ਵਿੱਚੋਂ ਕੱਢ ਲਿਆਵਾਂਗਾ
ਖ਼ਰੋਜ 7 : 6 (PAV)
ਤਾਂ ਮੂਸਾ ਅਤੇ ਹਾਰੂਨ ਨੇ ਓਵੇਂ ਕੀਤਾ। ਜਿਵੇਂ ਯਹੋਵਾਹ ਨੇ ਉਨ੍ਹਾਂ ਨੂੰ ਹੁਕਮ ਦਿੱਤਾ ਸੀ ਓਵੇਂ ਹੀ ਕੀਤਾ
ਖ਼ਰੋਜ 7 : 7 (PAV)
ਅਤੇ ਜਿਸ ਵੇਲੇ ਉਨ੍ਹਾਂ ਦੋਹਾਂ ਨੇ ਫ਼ਿਰਊਨ ਨਾਲ ਗੱਲ ਕੀਤੀ ਮੂਸਾ ਅੱਸੀਆਂ ਵਰਿਹਾਂ ਦਾ ਅਰ ਹਾਰੂਨ ਤਿਰਾਸੀਆਂ ਵਰਿਹਾਂ ਦਾ ਸੀ।।
ਖ਼ਰੋਜ 7 : 8 (PAV)
ਤਾਂ ਯਹੋਵਾਹ ਨੇ ਮੂਸਾ ਅਰ ਹਾਰੂਨ ਨੂੰ ਐਉਂ ਆਖਿਆ,
ਖ਼ਰੋਜ 7 : 9 (PAV)
ਜਦ ਫ਼ਿਰਊਨ ਤੁਹਾਡੇ ਨਾਲ ਏਹ ਗੱਲ ਕਰੇ ਕਿ ਤੁਸੀਂ ਕੋਈ ਅਚਰਜ ਕੰਮ ਵਿਖਾਓ ਤਾਂ ਤੂੰ ਹਾਰੂਨ ਨੂੰ ਆਖੀਂ ਕਿ ਤੂੰ ਆਪਣਾ ਢਾਂਗਾ ਲੈਕੇ ਫ਼ਿਰਊਨ ਅੱਗੇ ਸੁੱਟ ਦੇਹ ਤਾਂ ਜੋ ਉਹ ਇੱਕ ਸਰਾਲ ਹੋ ਜਾਵੇ
ਖ਼ਰੋਜ 7 : 10 (PAV)
ਸੋ ਮੂਸਾ ਅਤੇ ਹਾਰੂਨ ਫ਼ਿਰਊਨ ਕੋਲ ਗਏ ਅਰ ਓਵੇਂ ਕੀਤਾ ਜਿਵੇਂ ਯਹੋਵਾਹ ਨੇ ਉਨ੍ਹਾਂ ਨੂੰ ਹੁਕਮ ਦਿੱਤਾ ਸੀ। ਹਾਰੂਨ ਨੇ ਆਪਣਾ ਢਾਂਗਾ ਫ਼ਿਰਊਨ ਦੇ ਅੱਗੇ ਅਰ ਉਸ ਦੇ ਟਹਿਲੂਆਂ ਦੇ ਅੱਗੇ ਸੁੱਟਿਆ ਤਾਂ ਉਹ ਸਰਾਲ ਹੋ ਗਿਆ
ਖ਼ਰੋਜ 7 : 11 (PAV)
ਫੇਰ ਫ਼ਿਰਊਨ ਨੇ ਵੀ ਸਿਆਣਿਆਂ ਅਰ ਮੰਤ੍ਰੀਆਂ ਨੂੰ ਸੱਦਿਆ ਤਾਂ ਮਿਸਰ ਦੇ ਜਾਦੂਗਰਾਂ ਨੇ ਵੀ ਆਪਣੇ ਮੰਤ੍ਰਾਂ ਜੰਤ੍ਰਾਂ ਨਾਲ ਤਿਵੇਂ ਹੀ ਕੀਤਾ
ਖ਼ਰੋਜ 7 : 12 (PAV)
ਉਨ੍ਹਾਂ ਸਭਨਾਂ ਨੇ ਆਪਣੇ ਆਪਣੇ ਢਾਂਗੇ ਸੁੱਟੇ ਅਰ ਓਹ ਸਰਾਲਾਂ ਹੋ ਗਏ ਪਰ ਹਾਰੂਨ ਦਾ ਢਾਂਗਾ ਉਨ੍ਹਾਂ ਦੇ ਢਾਂਗਿਆਂ ਨੂੰ ਨਿਗਲ ਗਿਆ
ਖ਼ਰੋਜ 7 : 13 (PAV)
ਤਾਂ ਫ਼ਿਰਊਨ ਦਾ ਮਨ ਕਠੋਰ ਹੋ ਗਿਆ ਅਰ ਉਸ ਉਨ੍ਹਾਂ ਦੀ ਨਾ ਸੁਣੀ ਜਿਵੇਂ ਯਹੋਵਾਹ ਨੇ ਗੱਲ ਕੀਤੀ ਸੀ
ਖ਼ਰੋਜ 7 : 14 (PAV)
ਫੇਰ ਯਹੋਵਾਹ ਨੇ ਮੂਸਾ ਨੂੰ ਆਖਿਆ, ਫ਼ਿਰਊਨ ਦਾ ਮਨ ਭਾਰੀ ਹੋ ਗਿਆ ਹੈ ਜੋ ਉਹ ਲੋਕਾਂ ਨੂੰ ਨਹੀਂ ਜਾਣ ਦਿੰਦਾ
ਖ਼ਰੋਜ 7 : 15 (PAV)
ਤੂੰ ਸਵੇਰੇ ਫ਼ਿਰਊਨ ਕੋਲ ਚੱਲਿਆ ਜਾਹ। ਵੇਖ ਉਹ ਪਾਣੀ ਵੱਲ ਬਾਹਰ ਜਾਂਦਾ ਹੈ। ਤੂੰ ਦਰਿਆ ਦੇ ਕੰਢੇ ਉਸ ਦੇ ਮਿਲਨ ਲਈ ਖੜਾ ਹੋ ਜਾਵੀਂ ਅਰ ਉਹ ਢਾਂਗਾ ਜਿਹੜਾ ਸੱਪ ਹੋ ਗਿਆ ਸੀ ਆਪਣੇ ਹੱਥ ਵਿੱਚ ਲਵੀਂ
ਖ਼ਰੋਜ 7 : 16 (PAV)
ਅਰ ਤੂੰ ਉਹ ਨੂੰ ਆਖੀਂ, ਯਹੋਵਾਹ ਇਬਰਾਨੀਆਂ ਦੇ ਪਰਮੇਸ਼ੁਰ ਨੇ ਮੈਨੂੰ ਤੇਰੇ ਕੋਲ ਏਹ ਫ਼ਰਮਾ ਕੇ ਘੱਲਿਆ ਹੈ ਭਈ ਮੇਰੀ ਪਰਜਾ ਨੂੰ ਜਾਣ ਦੇਹ ਤਾਂ ਜੋ ਉਹ ਉਜਾੜ ਵਿੱਚ ਮੇਰੀ ਉਪਾਸਨਾ ਕਰੇ ਅਤੇ ਵੇਖ ਹੁਣ ਤੀਕ ਤੈਂ ਮੇਰੀ ਨਹੀਂ ਸੁਣੀ
ਖ਼ਰੋਜ 7 : 17 (PAV)
ਯਹੋਵਾਹ ਐਉਂ ਫ਼ਰਮਾਉਂਦਾ ਹੈ ਕਿ ਤੂੰ ਇਸ ਤੋਂ ਜਾਣੇਂਗਾ ਕਿ ਮੈਂ ਯਹੋਵਾਹ ਹਾਂ, ਵੇਖ ਮੈਂ ਏਹ ਢਾਂਗਾ ਜਿਹੜਾ ਮੇਰੇ ਹੱਥ ਵਿੱਚ ਹੈ ਪਾਣੀਆਂ ਉੱਤੇ ਜਿਹੜੇ ਦਰਿਆ ਵਿੱਚ ਹਨ ਮਾਰਾਂਗਾ ਅਤੇ ਓਹ ਲਹੂ ਹੋ ਜਾਣਗੇ
ਖ਼ਰੋਜ 7 : 18 (PAV)
ਅਰ ਮੱਛੀਆਂ ਜਿਹੜੀਆਂ ਦਰਿਆ ਵਿੱਚ ਹਨ ਮਰ ਜਾਣਗੀਆਂ ਅਰ ਦਰਿਆ ਤੋਂ ਸੜਿਆਹਣ ਆਵੇਗੀ ਅਤੇ ਮਿਸਰੀ ਦਰਿਆ ਦੇ ਪਾਣੀ ਨੂੰ ਪੀਣ ਤੋਂ ਘਿਣ ਕਰਨਗੇ
ਖ਼ਰੋਜ 7 : 19 (PAV)
ਫੇਰ ਯਹੋਵਾਹ ਨੇ ਮੂਸਾ ਨੂੰ ਆਖਿਆ, ਹਾਰੂਨ ਨੂੰ ਆਖ ਕਿ ਆਪਣਾ ਢਾਂਗਾ ਲਏ ਅਰ ਆਪਣਾ ਹੱਥ ਮਿਸਰ ਦੇ ਪਾਣੀਆਂ ਉੱਤੇ ਅਰਥਾਤ ਉਨ੍ਹਾਂ ਦੀਆਂ ਨਹਿਰਾਂ ਉੱਤੇ ਉਨ੍ਹਾਂ ਦੇ ਦਰਿਆਵਾਂ ਉੱਤੇ ਅਰ ਉਨ੍ਹਾਂ ਦੇ ਤਲਾਬਾਂ ਉੱਤੇ ਅਰ ਉਨ੍ਹਾਂ ਦੇ ਪਾਣੀਆਂ ਦੇ ਸਾਰੇ ਜ਼ਖ਼ੀਰਿਆਂ ਉੱਤੇ ਪਸਾਰੇ ਤਾਂ ਜੋ ਓਹ ਲਹੂ ਹੋ ਜਾਣ ਅਤੇ ਸਾਰੇ ਮਿਸਰ ਦੇਸ ਵਿੱਚ ਲੱਕੜੀ ਅਰ ਪੱਥਰ ਦੇ ਭਾਂਡਿਆਂ ਵਿੱਚ ਲਹੂ ਹੋ ਜਾਵੇਗਾ।।
ਖ਼ਰੋਜ 7 : 20 (PAV)
ਤਾਂ ਮੂਸਾ ਅਰ ਹਾਰੂਨ ਨੇ ਓਵੇਂ ਕੀਤਾ ਜਿਵੇਂ ਯਹੋਵਾਹ ਨੇ ਹੁਕਮ ਦਿੱਤਾ ਤਾਂ ਉਸ ਢਾਂਗਾ ਉਤਾਹਾਂ ਚੁੱਕ ਕੇ ਫ਼ਿਰਊਨ ਦੀਆਂ ਅੱਖਾਂ ਦੇ ਅੱਗੇ ਅਰ ਉਸ ਦੇ ਟਹਿਲੂਆਂ ਦੀਆਂ ਅੱਖਾਂ ਦੇ ਅੱਗੇ ਦਰਿਆ ਦੇ ਪਾਣੀਆਂ ਉੱਤੇ ਮਾਰਿਆ ਤਾਂ ਸਾਰੇ ਪਾਣੀ ਜਿਹੜੇ ਦਰਿਆ ਵਿੱਚ ਸਨ ਲਹੂ ਬਣ ਗਏ
ਖ਼ਰੋਜ 7 : 21 (PAV)
ਅਤੇ ਮੱਛੀਆਂ ਜਿਹੜੀਆਂ ਦਰਿਆ ਵਿੱਚ ਸਨ ਮਰ ਗਈਆਂ ਅਰ ਦਰਿਆ ਤੋਂ ਸੜਿਆਹਣ ਆਈ ਅਰ ਮਿਸਰੀ ਦਰਿਆ ਦਾ ਪਾਣੀ ਪੀ ਨਾ ਸੱਕਦੇ ਸਨ ਅਰ ਮਿਸਰ ਦੇ ਸਾਰੇ ਦੇਸ ਵਿੱਚ ਲਹੂ ਹੋ ਗਿਆ
ਖ਼ਰੋਜ 7 : 22 (PAV)
ਤਾਂ ਮਿਸਰ ਦੇ ਜਾਦੂਗਰਾਂ ਨੇ ਆਪਣੇ ਮੰਤ੍ਰਾਂ ਜੰਤ੍ਰਾਂ ਨਾਲ ਓਵੇਂ ਹੀ ਕੀਤਾ ਪਰ ਫ਼ਿਰਊਨ ਦਾ ਮਨ ਕਠੋਰ ਹੋ ਗਿਆ ਜੋ ਉਸ ਉਨ੍ਹਾਂ ਦੀ ਨਾ ਸੁਣੀ ਜਿਵੇਂ ਯਹੋਵਾਹ ਨੇ ਫ਼ਰਮਾਇਆ ਸੀ
ਖ਼ਰੋਜ 7 : 23 (PAV)
ਤਾਂ ਫ਼ਿਰਊਨ ਮੁੜ ਕੇ ਆਪਣੇ ਮਹਿਲੀਂ ਜਾ ਵੜਿਆ ਅਰ ਏਸ ਗੱਲ ਉੱਤੇ ਵੀ ਆਪਣਾ ਮਨ ਨਾ ਧਰਿਆ
ਖ਼ਰੋਜ 7 : 24 (PAV)
ਤਾਂ ਸਾਰੇ ਮਿਸਰੀ ਦਰਿਆ ਦੇ ਆਲੇ ਦੁਆਲੇ ਪੀਣ ਦੇ ਪਾਣੀ ਲਈ ਪੁਟੱਣ ਲੱਗੇ ਕਿਉਂ ਜੋ ਉਹ ਪਾਣੀ ਨਾ ਪੀ ਸੱਕੇ
ਖ਼ਰੋਜ 7 : 25 (PAV)
ਅਰ ਸੱਤ ਦਿਨ ਪੂਰੇ ਹੋਏ ਉਸ ਦੇ ਪਿੱਛੋਂ ਕਿ ਯਹੋਵਾਹ ਨੇ ਦਰਿਆ ਨੂੰ ਮਾਰਿਆ।।
❮
❯