ਯਸਈਆਹ 11 : 1 (PAV)
ਯੱਸੀ ਦੇ ਟੁੰਡ ਤੋਂ ਇੱਕ ਲਗਰ ਨਿੱਕਲੇਗੀ, ਅਤੇ ਉਹ ਦੀਆਂ ਜੜ੍ਹਾਂ ਵਿੱਚੋਂ ਇੱਕ ਟਹਿਣਾ ਫਲ ਦੇਵੇਗਾ।
ਯਸਈਆਹ 11 : 2 (PAV)
ਯਹੋਵਾਹ ਦਾ ਆਤਮਾ ਉਸ ਉੱਤੇ ਠਹਿਰੇਗਾ, ਬੁੱਧ ਤੇ ਸਮਝ ਦਾ ਆਤਮਾ, ਸਲਾਹ ਤੇ ਸਮਰੱਥਾ ਦਾ ਆਤਮਾ, ਯਹੋਵਾਹ ਦੇ ਗਿਆਨ ਅਤੇ ਭੈ ਦਾ ਆਤਮਾ।
ਯਸਈਆਹ 11 : 3 (PAV)
ਅਤੇ ਯਹੋਵਾਹ ਦੇ ਭੈ ਵਿੱਚ ਉਹ ਮਗਨ ਹੋਵੇਗਾ, ਉਹ ਨਾ ਆਪਣੀਆਂ ਅੱਖਾਂ ਦੇ ਵੇਖਣ ਅਨੁਸਾਰ ਨਿਆਉਂ ਕਰੇਗਾ, ਨਾ ਆਪਣੇ ਕੰਨਾਂ ਦੇ ਸੁਣਨ ਅਨੁਸਾਰ ਫੈਸਲਾ ਦੇਵੇਗਾ।
ਯਸਈਆਹ 11 : 4 (PAV)
ਪਰ ਉਹ ਧਰਮ ਨਾਲ ਗਰੀਬਾਂ ਦਾ ਨਿਆਉਂ ਕਰੇਗਾ, ਅਤੇ ਰਾਸਤੀ ਨਾਲ ਧਰਤੀ ਦੇ ਮਸਕੀਨਾਂ ਦਾ ਫ਼ੈਸਲਾ ਦੇਵੇਗਾ, ਉਹ ਧਰਤੀ ਨੂੰ ਆਪਣੇ ਮੂੰਹ ਤੇ ਡੰਡੇ ਨਾਲ ਮਾਰੇਗਾ, ਅਤੇ ਆਪਣੇ ਬੁੱਲਾਂ ਦੇ ਸਾਹ ਨਾਲ ਦੁਸ਼ਟਾਂ ਨੂੰ ਜਾਨੋਂ ਮਾਰ ਮੁਕਾਵੇਗਾ।
ਯਸਈਆਹ 11 : 5 (PAV)
ਧਰਮ ਉਹ ਦੀ ਕਮਰ ਦਾ ਪਟਕਾ ਹੋਵੇਗਾ, ਅਤੇ ਵਫ਼ਾਦਾਰੀ ਉਹ ਦੇ ਲੱਕ ਦੀ ਪੇਟੀ ਹੋਵੇਗੀ।।
ਯਸਈਆਹ 11 : 6 (PAV)
ਬਘਿਆੜ ਲੇਲੇ ਨਾਲ ਰਹੇਗਾ, ਅਤੇ ਚਿੱਤਾ ਮੇਮਣੇ ਨਾਲ ਬੈਠੇਗਾ, ਵੱਛਾ, ਜੁਆਨ ਸ਼ੇਰ ਤੇ ਪਾਲਤੂ ਪਸੂ ਇੱਕਠੇ ਰਹਿਣਗੇ, ਅਤੇ ਇੱਕ ਛੋਟਾ ਮੁੰਡਾ ਓਹਨਾਂ ਨੂੰ ਲਈ ਫਿਰੇਗਾ।
ਯਸਈਆਹ 11 : 7 (PAV)
ਗਾਂ ਤੇ ਰਿੱਛਨੀ ਚਰਨਗੀਆਂ, ਅਤੇ ਉਨ੍ਹਾਂ ਦੇ ਬੱਚੇ ਇੱਕਠੇ ਬੈਠਣਗੇ, ਬਬਰ ਸ਼ੇਰ ਬਲਦ ਵਾਂਙੁ ਭੋਹ ਖਾਵੇਗਾ।
ਯਸਈਆਹ 11 : 8 (PAV)
ਦੁੱਧ ਚੁੰਘਦਾ ਬੱਚਾ ਸੱਪ ਦੀ ਖੁੱਡ ਉੱਤੇ ਖੇਡੇਗਾ, ਅਤੇ ਦੁੱਧੋਂ ਛੁਡਾਇਆ ਹੋਇਆ ਬੱਚਾ ਆਪਣਾ ਹੱਥ ਨਾਗ ਦੀ ਵਰਮੀ ਉੱਤੇ ਰੱਖੇਗਾ।
ਯਸਈਆਹ 11 : 9 (PAV)
ਮੇਰੇ ਸਾਰੇ ਪਵਿੱਤ੍ਰ ਪਰਬਤ ਵਿੱਚ ਓਹ ਨਾ ਸੱਟ ਲਾਉਣਗੇ ਨਾ ਨਾਸ ਕਰਨਗੇ, ਕਿਉਂ ਜੋ ਧਰਤੀ ਯਹੋਵਾਹ ਦੇ ਗਿਆਨ ਨਾਲ ਭਰੀ ਹੋਈ ਹੋਵੇਗੀ, ਜਿਵੇਂ ਸਮੁੰਦਰ ਪਾਣੀ ਨਾਲ ਢੱਕਿਆ ਹੋਇਆ ਹੈ।।
ਯਸਈਆਹ 11 : 10 (PAV)
ਓਸ ਦਿਨ ਐਉਂ ਹੋਵੇਗਾ ਕਿ ਯੱਸੀ ਦੀ ਜੜ੍ਹ ਜਿਹੜੀ ਲੋਕਾਂ ਦੇ ਝੰਡੇ ਲਈ ਖੜੀ ਹੈ,. — ਉਹ ਨੂੰ ਕੌਮਾਂ ਭਾਲਣਗੀਆਂ ਅਤੇ ਉਹ ਦਾ ਅਰਾਮ ਅਸਥਾਨ ਪਰਤਾਪਵਾਨ ਹੋਵੇਗਾ
ਯਸਈਆਹ 11 : 11 (PAV)
ਅਤੇ ਓਸ ਦਿਨ ਐਉਂ ਹੋਵੇਗਾ ਕਿ ਪ੍ਰਭੁ ਫੇਰ ਦੋਬਾਰਾ ਆਪਣੀ ਪਰਜਾ ਦੇ ਬਕੀਏ ਨੂੰ ਅੱਸ਼ੂਰ ਤੋਂ, ਮਿਸਰ ਤੋਂ, ਪਥਰੋਸ ਤੋਂ, ਕੂਸ਼ ਤੋਂ, ਏਲਾਮ ਤੋਂ, ਸ਼ਿਨਾਰ ਤੋਂ, ਹਮਾਥ ਤੋਂ ਅਤੇ ਸਮੁੰਦਰ ਦੇ ਟਾਪੂਆਂ ਤੋਂ ਮੋੜਨ ਲਈ ਆਪਣਾ ਹੱਥ ਪਾਵੇਗਾ।।
ਯਸਈਆਹ 11 : 12 (PAV)
ਉਹ ਕੌਮਾਂ ਲਈ ਇੱਕ ਝੰਡਾ ਖੜਾ ਕਰੇਗਾ, ਅਤੇ ਇਸਰਾਏਲ ਦੇ ਛੁੱਟੜਾਂ ਨੂੰ ਇਕੱਠਾ ਕਰੇਗਾ, ਅਤੇ ਯਹੂਦਾਹ ਦੇ ਖਿੱਲਰਿਆਂ ਹੋਇਆਂ ਨੂੰ ਧਰਤੀ ਦੀਆਂ ਚਹੁੰ ਕੂੰਟਾਂ ਤੋਂ ਜਮਾ ਕਰੇਗਾ।
ਯਸਈਆਹ 11 : 13 (PAV)
ਇਫ਼ਰਾਈਮ ਦੀ ਖੁਣਸ ਜਾਂਦੀ ਰਹੇਗੀ, ਅਤੇ ਯਹੋਵਾਹ ਦੇ ਵੈਰੀ ਕੱਟੇ ਜਾਣਗੇ, ਇਫ਼ਰਾਈਮ ਯਹੂਦਾਹ ਨਾਲ ਖੁਣਸ ਨਾ ਕਰੇਗਾ, ਅਤੇ ਯਹੂਦਾਹ ਇਫ਼ਰਾਈਮ ਨਾਲ ਵੈਰ ਨਾ ਰੱਖੇਗਾ।
ਯਸਈਆਹ 11 : 14 (PAV)
ਤਾਂ ਓਹ ਸਮੁੰਦਰ ਵੱਲ ਫਲਿਸਤੀਆਂ ਦੇ ਮੋਢੇ ਤੇ ਝਪੱਟਾ ਮਾਰਨਗੇ, ਅਤੇ ਓਹ ਇਕੱਠੇ ਪੂਰਬੀਆਂ ਨੂੰ ਲੁੱਟ ਲੈਣਗੇ, ਓਹ ਆਪਣਾ ਹੱਥ ਅਦੋਮ ਅਰ ਮੋਆਬ ਉੱਤੇ ਪਾਉਣਗੇ, ਅਤੇ ਅੰਮੋਨੀ ਉਨ੍ਹਾਂ ਨੂੰ ਮੰਨਣਗੇ।
ਯਸਈਆਹ 11 : 15 (PAV)
ਯਹੋਵਾਹ ਮਿਸਰ ਦੀ ਸਮੁੰਦਰੀ ਖਾਡੀ ਦਾ ਸੱਤਿਆ ਨਾਸ ਕਰ ਦੇਵੇਗਾ, ਉਹ ਆਪਣਾ ਹੱਥ ਦਰਿਆ ਉੱਤੇ ਲੂ ਨਾਲ ਹਿਲਾਵੇਗਾ, ਅਤੇ ਉਹ ਨੂੰ ਮਾਰ ਕੇ ਉਹ ਦੇ ਸੱਤ ਨਾਲੇ ਕਰ ਦੇਵੇਗਾ, ਤਾਂ ਉਹ ਓਹਨਾਂ ਨੂੰ ਜੁੱਤੀਆਂ ਸਣੇ ਪਾਰ ਲੰਘਾਵੇਗਾ।
ਯਸਈਆਹ 11 : 16 (PAV)
ਮੇਰੀ ਪਰਜਾ ਦੇ ਬਕੀਏ ਲਈ ਜਿਹੜਾ ਅੱਸ਼ੂਰ ਤੋਂ ਬਚ ਗਿਆ, ਇੱਕ ਸੜਕ ਹੋਵੇਗੀ, ਜਿਵੇਂ ਇਸਰਾਏਲ ਲਈ ਸੀ, ਜਦ ਓਹ ਮਿਸਰ ਦੇ ਦੋਸੋਂ ਉਤਾਹਾਂ ਆਏ।।

1 2 3 4 5 6 7 8 9 10 11 12 13 14 15 16