ਯਰਮਿਆਹ 47 : 1 (PAV)
ਯਹੋਵਾਹ ਦਾ ਉਹ ਬਚਨ ਜਿਹੜਾ ਯਿਰਮਿਯਾਹ ਨਬੀ ਕੋਲ ਫਲਿਸਤੀਆਂ ਦੇ ਵਿਖੇ ਆਇਆ, ਏਸ ਤੋਂ ਪਹਿਲਾਂ ਕਿ ਫ਼ਿਰਊਨ ਨੇ ਅੱਜ਼ਾਹ ਨੂੰ ਮਾਰ ਦਿੱਤਾ,-
ਯਰਮਿਆਹ 47 : 2 (PAV)
ਯਹੋਵਾਹ ਐਉਂ ਫ਼ਰਮਾਉਂਦਾ ਹੈ, - ਵੇਖੋ, ਉੱਤਰ ਵਿੱਚੋਂ ਪਾਣੀ ਚੜ੍ਹੇ ਆਉਂਦੇ ਹਨ, ਓਹ ਇੱਕ ਰੇਹੜਨ ਵਾਲਾ ਨਾਲਾ ਹੋਣਗੇ, ਓਹ ਧਰਤੀ ਨੂੰ ਅਰ ਜੋ ਉਹ ਦੇ ਵਿੱਚ ਭਰਿਆ ਹੈ ਰੇਹੜ ਲੈਣਗੇ, ਸ਼ਹਿਰ ਨੂੰ ਅਤੇ ਉਸ ਦੇ ਵਾਸੀਆਂ ਨੂੰ, ਆਦਮੀ ਚਿੱਲਾਉਣਗੇ, ਧਰਤੀ ਦੇ ਸਾਰੇ ਵੱਸਣ ਵਾਲੇ ਰੋਣਗੇ।
ਯਰਮਿਆਹ 47 : 3 (PAV)
ਉਹ ਦੇ ਜੰਗੀ ਘੋੜਿਆਂ ਦੇ ਸੁੰਮਾਂ ਦੀ ਟਾਪ ਦੀ ਅਵਾਜ਼ ਨਾਲ, ਉਹ ਦਿਆਂ ਰਥਾਂ ਦੇ ਸ਼ੋਰ ਨਾਲ, ਉਹ ਦੇ ਪਹੀਆਂ ਦੇ ਖੜਾਕ ਨਾਲ, ਪਿਉ ਆਪਣੇ ਪੁੱਤ੍ਰਾਂ ਵੱਲ ਮੁੜ ਕੇ ਨਾ ਵੇਖਦੇ, ਓਹਨਾਂ ਦੇ ਹੱਥ ਇੰਨੇ ਨਿਰਬਲ ਹੋ ਗਏ,
ਯਰਮਿਆਹ 47 : 4 (PAV)
ਉਸ ਦਿਨ ਦੇ ਕਾਰਨ ਜਿਹੜਾ ਆਉਂਦਾ ਹੈ, ਭਈ ਸਾਰੇ ਫਲਿਸਤੀਆਂ ਦਾ ਨਾਸ ਕਰੇ, ਸੂਰ ਅਤੇ ਸੈਦਾ ਤੋਂ ਹਰੇਕ ਸਹਾਇਕ ਨੂੰ ਜੋ ਰਹਿੰਦਾ ਹੈ ਕੱਟ ਦੇਵੇ, ਕਿਉਂ ਜੋ ਯਹੋਵਾਹ ਫਲਿਸਤੀਆਂ ਦਾ ਨਾਸ ਕਰੇਗਾ, ਅਤੇ ਕਫਤੋਂਰ ਦੇ ਟਾਪੂ ਦੇ ਬਕੀਏ ਨੂੰ ਵੀ।
ਯਰਮਿਆਹ 47 : 5 (PAV)
ਅੱਜ਼ਾਹ ਉੱਤੇ ਗੰਜ ਆ ਗਿਆ ਹੈ, ਅਸ਼ਕਲੋਨ ਬਰਬਾਦ ਕੀਤਾ ਗਿਆ ਹੈ, ਆਪਣੀ ਵਾਦੀ ਦੇ ਬਕੀਏ ਸਣੇ ਤੂੰ ਕਦ ਤੀਕ ਆਪਣੇ ਆਪ ਨੂੰ ਘਾਇਲ ਕਰੇਂਗਾ?
ਯਰਮਿਆਹ 47 : 6 (PAV)
ਹੇ ਯਹੋਵਾਹ ਦੀ ਤਲਵਾਰ, ਤੂੰ ਕਦ ਤੀਕ ਨਾ ਖਲੋਵੇਂਗੀ? ਆਪਣੇ ਆਪ ਨੂੰ ਮਿਆਨ ਵਿੱਚ ਪਾ, ਅਰਮਾਨ ਕਰ ਅਤੇ ਥੰਮ੍ਹੀ ਰਹੁ।
ਯਰਮਿਆਹ 47 : 7 (PAV)
ਤੂੰ ਕਿਵੇਂ ਖਲੋ ਸੱਕਦੀ ਹੈਂ ਜਦ ਯਹੋਵਾਹ ਨੇ ਉਹ ਨੂੰ ਹੁਕਮ ਦਿੱਤਾ ਹੈ? ਅਸ਼ਕਲੋਨ ਅਤੇ ਸਮੁੰਦਰ ਦੇ ਕੰਢੇ ਦੇ ਵਿਰੁੱਧ, ਉੱਥੇ ਉਸ ਉਹ ਨੂੰ ਠਹਿਰਾਇਆ ਹੈ।।
❮
❯