ਯਰਮਿਆਹ 49 : 1 (PAV)
ਅੰਮੋਨੀਆਂ ਦੇ ਵਿਖੇ, ਯਹੋਵਾਹ ਐਉਂ ਫ਼ਰਮਾਉਂਦਾ ਹੈ, - ਕੀ ਇਸਰਾਏਲ ਦਾ ਕੋਈ ਪੁੱਤ੍ਰ ਨਹੀਂ? ਕੀ ਉਹ ਦਾ ਕੋਈ ਵਾਰਸ ਨਹੀਂ? ਫੇਰ ਕਿਉਂ ਮਲਕਾਮ ਨੇ ਗਾਦ ਨੂੰ ਕਬਜ਼ੇ ਵਿੱਚ ਕਰ ਲਿਆ? ਅਤੇ ਕਿਉਂ ਉਹ ਦੇ ਕੋਲ ਉਸ ਦੇ ਸ਼ਹਿਰਾਂ ਵਿੱਚ ਵੱਸਦੇ ਹਨ?
ਯਰਮਿਆਹ 49 : 2 (PAV)
ਏਸ ਲਈ ਵੇਖੋ, ਓਹ ਦਿਨ ਆਉਂਦੇ ਹਨ, ਯਹੋਵਾਹ ਦਾ ਵਾਕ ਹੈ, ਕਿ ਮੈਂ ਲੜਾਈ ਦਾ ਰੌਲਾ ਸੁਣਾਵਾਂਗਾ, ਅੰਮੋਨੀਆਂ ਦੇ ਰੱਬਾਹ ਦੇ ਵਿਰੁੱਧ। ਉਹ ਇੱਕ ਵਿਰਾਨ ਥੇਹ ਹੋ ਜਾਵੇਗਾ, ਉਹ ਦੀਆਂ ਬਸਤੀਆਂ ਅੱਗ ਨਾਲ ਸਾੜੀਆਂ ਜਾਣਗੀਆਂ, ਤਦ ਇਸਰਾਏਲ ਓਹਨਾਂ ਦੇ ਉੱਤੇ ਕਬਜ਼ਾ ਕਰੇਗਾ ਜਿਨ੍ਹਾਂ ਉਹ ਦੇ ਉੱਤੇ ਕਬਜਾ ਕੀਤਾ, ਯਹੋਵਾਹ ਆਖਦਾ ਹੈ।।
ਯਰਮਿਆਹ 49 : 3 (PAV)
ਹੇ ਹਸ਼ਬੋਨ, ਰੋ! ਕਿਉਂ ਜੋ ਅਈ ਲੁੱਟਿਆ ਗਿਆ। ਹੇ ਰੱਬਾਹ ਦੀਓ ਧੀਓ, ਦੁਹਾਈ ਦਿਓ! ਆਪਣੇ ਤੇੜ ਤੱਪੜ ਪਾਓ, ਸੋਗ ਕਰੋ, ਵਾੜਿਆਂ ਵਿੱਚ ਏੱਧਰ ਉੱਧਰ ਦੌੜੋ! ਕਿਉਂ ਜੋ ਮਲਕਾਮ ਅਸੀਰੀ ਵਿੱਚ ਜਾਵੇਗਾ, ਆਪਣਿਆਂ ਜਾਜਕਾਂ ਅਤੇ ਆਪਣਿਆਂ ਸਰਦਾਰਾਂ ਨਾਲ।
ਯਰਮਿਆਹ 49 : 4 (PAV)
ਤੂੰ ਆਪਣੀਆਂ ਵਾਦੀਆਂ ਦਾ ਕਿਉਂ ਮਾਣ ਕਰਦੀ ਹੈਂ? ਹੇ ਫਿਰਤੂ ਧੀਏ, ਤੇਰੀ ਵਾਦੀ ਵਗਣ ਵਾਲੀ ਹੈ, ਤੇਰਾ ਭਰੋਸਾ ਤੇਰੇ ਖ਼ਜਾਨਿਆਂ ਉੱਤੇ ਹੈ, - ਮੇਰੇ ਵਿਰੁੱਧ ਕੌਣ ਆਵੇਗਾ?
ਯਰਮਿਆਹ 49 : 5 (PAV)
ਵੇਖ, ਮੈਂ ਤੇਰੇ ਉੱਤੇ ਭੌ ਲਿਆਵਾਂਗਾ, ਸੈਨਾਂ ਦੇ ਯਹੋਵਾਹ ਪ੍ਰਭੁ ਦਾ ਵਾਕ ਹੈ, ਓਹਨਾਂ ਸਾਰਿਆਂ ਤੋਂ ਜਿਹੜੇ ਤੇਰੇ ਆਲੇ ਦੁਆਲੇ ਹਨ, ਤੁਸੀਂ ਹਰੇਕ ਮਨੁੱਖ ਉਹ ਦੇ ਅੱਗੋਂ ਹੱਕੇ ਜਾਓਗੇ, ਭਗੌੜਿਆਂ ਨੂੰ ਇਕੱਠਾ ਕਰਨ ਲਈ ਕੋਈ ਨਾ ਹੋਵੇਗਾ।
ਯਰਮਿਆਹ 49 : 6 (PAV)
ਪਰ ਓੜਕ ਨੂੰ ਮੈਂ ਪੇਰ ਅੰਮੋਨੀਆਂ ਦੀ ਅਸੀਰੀ ਨੂੰ ਮੁਕਾ ਦਿਆਂਗਾ, ਯਹੋਵਾਹ ਦਾ ਵਾਕ ਹੈ।।
ਯਰਮਿਆਹ 49 : 7 (PAV)
ਅਦੋਮ ਦੇ ਵਿਖੇ, ਸੈਨਾਂ ਦਾ ਯਹੋਵਾਹ ਐਉਂ ਫ਼ਰਮਾਉਂਦਾ ਹੈ, - ਕੀ ਤੇਮਾਨ ਵਿੱਚ ਹੋਰ ਬੁੱਧੀ ਨਾ ਰਹੀਂ? ਕੀ ਸਮਝ ਵਾਲਿਆਂ ਵਿੱਚੋਂ ਸਲਾਹ ਦਾ ਨਾਸ ਹੋ ਗਿਆ? ਕੀ ਓਹਨਾਂ ਦੀ ਬੁੱਧੀ ਮਿਟ ਗਈ?
ਯਰਮਿਆਹ 49 : 8 (PAV)
ਤੁਸੀਂ ਨੱਠੋ, ਮੁੜੋ ਅਤੇ ਡੁੰਘਿਆਈਆਂ ਵਿੱਚ ਵੱਸੋ, ਹੇ ਦਦਾਨ ਦੇ ਵਾਸੀਓ, ਮੈਂ ਉਹ ਦੇ ਉੱਤੇ ਤਾਂ ਏਸਾਓ ਦੀ ਬਿਪਤਾ ਲਿਆਵਾਂਗਾ, ਉਸ ਵੇਲੇ ਜਦ ਮੈਂ ਉਹ ਨੂੰ ਸਜ਼ਾ ਦਿਆਂ!
ਯਰਮਿਆਹ 49 : 9 (PAV)
ਜੇ ਅੰਗੂਰ ਤੋੜਨ ਵਾਲੇ ਤੇਰੇ ਕੋਲ ਆਉਣ, ਕੀ ਓਹ ਦਾਣੇ ਨਾ ਛੱਡਣਗੇ? ਜੇ ਰਾਤ ਨੂੰ ਚੋਰ ਆਉਣ, ਕੀ ਓਹ ਆਪਣੀ ਲੋੜ ਪੂਰੀ ਕਰਨ ਲਈ ਹੀ ਨਾ ਲੁੱਟਣਗੇ?
ਯਰਮਿਆਹ 49 : 10 (PAV)
ਪਰ ਮੈਂ ਏਸਾਓ ਨੂੰ ਨੰਗਾ ਕੀਤਾ, ਉਸ ਦੇ ਲੁਕੇ ਹੋਏ ਥਾਵਾਂ ਨੂੰ ਬੇਪੜਦਾ ਕੀਤਾ, ਉਹ ਆਪਣੇ ਆਪ ਨੂੰ ਨਾ ਲੁੱਕਾ ਸੱਕੇਗਾ, ਉਸ ਦੀ ਨਸਲ ਬਰਬਾਦ ਹੋ ਜਾਵੇਗੀ ਅਤੇ ਉਸ ਦੇ ਭਰਾ ਵੀ, ਅਤੇ ਉਸ ਦੇ ਗੁਆਂਢੀ ਅਤੇ ਉਹ ਹੈ ਨਹੀਂ।
ਯਰਮਿਆਹ 49 : 11 (PAV)
ਆਪਣੇ ਅਨਾਥਾਂ ਨੂੰ ਛੱਡ, ਮੈਂ ਓਹਨਾਂ ਨੂੰ ਜੀਉਂਦੇ ਰੱਖਾਂਗਾ, ਅਤੇ ਤੇਰੀਆਂ ਵਿੱਧਵਾਂ ਮੇਰੇ ਉੱਤੇ ਭਰੋਸਾ ਰੱਖਣ।।
ਯਰਮਿਆਹ 49 : 12 (PAV)
ਯਹੋਵਾਹ ਤਾਂ ਐਉਂ ਫ਼ਰਮਾਉਂਦਾ ਹੈ, - ਵੇਖ ਜਿਨ੍ਹਾਂ ਦਾ ਹੱਕ ਨਹੀਂ ਸੀ ਭਈ ਕਟੋਰਾ ਪੀਣ, ਓਹਨਾਂ ਨੇ ਜ਼ਰੂਰ ਪੀਣਾ ਹੈ। ਕੀ ਤੂੰ ਉਹ ਹੈਂ ਜਿਹੜਾ ਸੱਚ ਮੁੱਚ ਬੇਦੋਸ਼ਾ ਹੈਂ? ਤੂੰ ਬੇਦੋਸ਼ਾ ਨਾ ਰਹੇਂਗਾ, ਤੂੰ ਸੱਚ ਮੁੱਚ ਪੀਵੇਂਗਾ
ਯਰਮਿਆਹ 49 : 13 (PAV)
ਕਿਉਂ ਜੋ ਮੈਂ ਆਪਣੀ ਹੀ ਸੌਂਹ ਖਾਧੀ ਹੈ, ਯਹੋਵਾਹ ਦਾ ਵਾਕ ਹੈ, ਕਿ ਬਾਸਰਾਹ ਹੈਰਾਨੀ ਅਰ ਤਾਹਨੇ ਅਰ ਖਰਾਬੀ ਅਰ ਸਰਾਪ ਲਈ ਹੋਵੇਗਾ ਅਤੇ ਉਹ ਦੇ ਸਾਰੇ ਸ਼ਹਿਰ ਸਦਾ ਲਈ ਵਿਰਾਨ ਰਹਿਣਗੇ।।
ਯਰਮਿਆਹ 49 : 14 (PAV)
ਮੈਂ ਇੱਕ ਅਵਾਈ ਯਹੋਵਾਹ ਤੋਂ ਸੁਣੀ, ਭਈ ਕੌਮਾਂ ਵਿੱਚ ਏਲਚੀ ਘੱਲਿਆ ਗਿਆ, - ਇੱਕਠੇ ਹੋਵੋ ਅਤੇ ਉਹ ਦੇ ਵਿਰੁੱਧ ਨਿੱਕਲੋ, ਲੜਾਈ ਲਈ ਉੱਠੋ!
ਯਰਮਿਆਹ 49 : 15 (PAV)
ਵੇਖ ਤਾਂ, ਮੈਂ ਕੌਮਾਂ ਵਿੱਚ ਤੈਨੂੰ ਨਿੱਕਾ ਕਰ ਕੇ, ਅਤੇ ਆਦਮੀਆਂ ਵਿੱਚ ਤੁੱਛ ਕਰ ਕੇ ਦਿੱਤਾ ਹੈ।
ਯਰਮਿਆਹ 49 : 16 (PAV)
ਤੇਰੇ ਭਿਆਣਕ ਰੂਪ ਨੇ ਤੈਨੂੰ ਧੋਖਾ ਦਿੱਤਾ, ਨਾਲੇ ਤੇਰੇ ਦਿਲ ਦੇ ਹੰਕਾਰ ਨੇ, ਤੂੰ ਜਿਹੜਾ ਚਟਾਨਾਂ ਦੀਆਂ ਤੇੜਾਂ ਵਿੱਚ ਰਹਿੰਦਾ ਹੈਂ, ਅਤੇ ਪਹਾੜੀਆਂ ਦੀਆਂ ਉੱਚਿਆਈਆਂ ਨੂੰ ਫੜਦਾ ਹੈਂ, ਭਾਵੇਂ ਤੂੰ ਆਪਣਾ ਆਹਲਣਾ ਉਕਾਬ ਵਾਂਙੁ ਉੱਚਾ ਬਣਾਵੇਂ, ਪਰ ਮੈਂ ਤੈਨੂੰ ਉੱਥੋਂ ਹੇਠਾਂ ਲਾਹ ਲਵਾਂਗਾ, ਯਹੋਵਾਹ ਦਾ ਵਾਕ ਹੈ।।
ਯਰਮਿਆਹ 49 : 17 (PAV)
ਆਦੋਮ ਹੈਰਾਨੀ ਲਈ ਹੋਵੇਗਾ, ਹਰੇਕ ਜਿਹੜਾ ਉਹ ਦੇ ਅੱਗੇ ਦੀ ਲੰਘੇਗਾ ਉਹ ਹੈਰਾਨ ਹੋਵੇਗਾ ਅਤੇ ਉਹ ਦੀਆਂ ਬਵਾਂ ਦੇ ਕਾਰਨ ਸੁਸਕਾਰੇਗਾ
ਯਰਮਿਆਹ 49 : 18 (PAV)
ਜਿਵੇਂ ਸਦੂਮ ਅਤੇ ਅਮੂਰਾਹ ਅਤੇ ਓਹਨਾਂ ਦੇ ਵਾਸ ਉੱਲਦੇ ਗਏ, ਯਹੋਵਾਹ ਆਖਦਾ ਹੈ, ਉੱਥੇ ਕੋਈ ਨਾ ਵੱਸੇਗਾ, ਨਾ ਉਹ ਦੇ ਵਿੱਚ ਕੋਈ ਮਨੁੱਖ ਵੱਸੇਗਾ, ਨਾ ਆਦਮ ਵੰਸ ਉਹ ਦੇ ਵਿੱਚ ਟਿਕੇਗਾ
ਯਰਮਿਆਹ 49 : 19 (PAV)
ਵੇਖ, ਉਹ ਬਬਰ ਸ਼ੇਰ ਵਾਂਙੁ ਯਰਦਨ ਦੇ ਜੰਗਲ ਵਿੱਚੋਂ ਨਿੱਕਲ ਕੇ ਇੱਕ ਪੱਕੇ ਵਸੇਬੇ ਉੱਤੇ ਆਵੇਗਾ ਕਿਉਂ ਜੋ ਮੈਂ ਅਚਾਣਕ ਉੱਤੋਂ ਓਹਨਾਂ ਨੂੰ ਨਠਾ ਦਿਆਂਗਾ ਅਤੇ ਉਹ ਨੂੰ ਜਿਹੜਾ ਚੁਣਿਆ ਹੋਇਆ ਹੈ ਮੈਂ ਉਸ ਦੇ ਉੱਤੇ ਮੁਕੱਰਰ ਕਰਾਂਗਾ ਕਿਉਂ ਜੋ ਮੇਰੇ ਵਰਗਾ ਕੌਣ ਹੈ? ਅਤੇ ਕੌਣ ਮੇਰੇ ਲਈ ਵੇਲਾ ਠਹਿਰਾਵੇਗਾ? ਕਿਹੜਾ ਅਯਾਲੀ ਮੇਰੇ ਅੱਗੇ ਖਲੋ ਸੱਕੇਗਾ?
ਯਰਮਿਆਹ 49 : 20 (PAV)
ਏਸ ਲਈ ਤੁਸੀਂ ਯਹੋਵਾਹ ਦੀ ਸਲਾਹ ਸੁਣੋ ਜਿਹੜੀ ਉਸਨੇ ਆਦੋਮ ਦੇ ਵਿਖੇ ਸੋਚੀ ਹੋਈ ਹੈ ਅਤੇ ਉਹ ਦੀਆਂ ਵਿਚਾਰਾਂ ਨੂੰ ਜਿਹੜੀਆਂ ਉਸਨੇ ਤੇਮਾਨ ਦੇ ਵਾਸੀਆਂ ਦੇ ਵਿਖੇ ਕੀਤੀਆਂ ਹਨ। ਸੱਚ ਮੁੱਚ ਓਹਨਾਂ ਦੇ ਇੱਜੜ ਦੇ ਨਿੱਕੇ ਨਿੱਕੇ ਵੀ ਧੂ ਕੇ ਲੈ ਜਾਏ ਜਾਣਗੇ, ਸੱਚ ਮੁੱਚ ਓਹਨਾਂ ਦੀਆਂ ਚਰਾਂਦਾਂ ਵੀ ਓਹਨਾਂ ਲਈ ਵਿਰਾਨ ਹੋਣਗੀਆਂ
ਯਰਮਿਆਹ 49 : 21 (PAV)
ਓਹਨਾਂ ਦੇ ਡਿੱਗਣ ਦੀ ਅਵਾਜ਼ ਨਾਲ ਧਰਤੀ ਕੰਬੇਗੀ, ਓਹਨਾਂ ਦੀ ਦੁਹਾਈ ਦੀ ਅਵਾਜ਼ ਨਾਲ ਸਮੁੰਦਰ ਤੀਕ ਸੁਣਾਈ ਦੇਵੇਗੀ!
ਯਰਮਿਆਹ 49 : 22 (PAV)
ਵੇਖੋ, ਉਹ ਉਕਾਬ ਵਾਂਙੁ ਚੜ੍ਹੇਗਾ ਅਤੇ ਉੱਡੇਗਾ ਅਤੇ ਆਪਣੇ ਪਰਾਂ ਨੂੰ ਬਾਸਰਾਹ ਦੇ ਉੱਤੇ ਖਲਾਰੇਗਾ ਅਤੇ ਆਦੋਮ ਦੇ ਸੂਰਮਿਆਂ ਦਾ ਦਿਲ ਉਸ ਦਿਨ ਉਸ ਤੀਵੀਂ ਦੇ ਦਿਲ ਵਾਂਙੁ ਹੋਵੇਗਾ ਜਿਹ ਨੂੰ ਪੀੜਾਂ ਲੱਗੀਆਂ ਹਨ।।
ਯਰਮਿਆਹ 49 : 23 (PAV)
ਦੰਮਿਸਕ ਦੇ ਵਿਖੇ, ਹਮਾਥ ਅਰ ਅਰਪਾਦ ਘਾਬਰ ਗਏ, ਕਿਉਂ ਜੋ ਓਹਨਾਂ ਨੇ ਬੁਰੀਆਂ ਅਵਾਈਆਂ ਸੁਣੀਆਂ, ਓਹ ਪੰਘਰ ਗਏ, ਸਮੁੰਦਰ ਵਿੱਚ ਹਲਚਲ ਹੈ, ਉਹ ਅਰਮਾਨ ਨਹੀਂ ਕਰ ਸੱਕਦਾ।
ਯਰਮਿਆਹ 49 : 24 (PAV)
ਦੰਮਿਸਕ ਨਿਰਬਲ ਹੋ ਗਿਆ, ਉਸ ਆਪਣਾ ਮੂੰਹ ਮੋੜ ਲਿਆ, ਕੰਬਣੀ ਨੇ ਉਹ ਨੂੰ ਆ ਫੜਿਆ, ਪੀੜ ਨੇ ਅਤੇ ਗ਼ਮ ਨੇ ਉਹ ਨੂੰ ਫੜ ਲਿਆ ਜਣਨ ਵਾਲੀ ਤੀਵੀਂ ਵਾਂਙੁ।
ਯਰਮਿਆਹ 49 : 25 (PAV)
ਉਸਤਤ ਜੋਗ ਸ਼ਹਿਰ, ਮੇਰਾ ਅਨੰਦ ਦਾ ਨਗਰ, ਕਿਵੇਂ ਤਿਆਗਿਆ ਹੋਇਆ ਹੈ!
ਯਰਮਿਆਹ 49 : 26 (PAV)
ਏਸ ਲਈ ਉਹ ਦੇ ਗਭਰੂ ਉਹ ਦਿਆਂ ਚੌਂਕਾਂ ਵਿੱਚ ਡਿੱਗ ਪੈਣਗੇ, ਅਤੇ ਸਾਰੇ ਜੋਧੇ ਉਸ ਦਿਨ ਮਿਟ ਜਾਣਗੇ, ਸੈਨਾਂ ਦੇ ਯਹੋਵਾਹ ਦਾ ਵਾਕ ਹੈ।
ਯਰਮਿਆਹ 49 : 27 (PAV)
ਮੈਂ ਦੰਮਿਸਕ ਦੀ ਸਫੀਲ ਵਿੱਚ ਅੱਗ ਜਲਾਵਾਂਗਾ, ਉਹ ਬਨ-ਹਦਦ ਦੇ ਮਹਿਲਾਂ ਨੂੰ ਖਾ ਜਾਵੇਗੀ।।
ਯਰਮਿਆਹ 49 : 28 (PAV)
ਕੇਦਾਰ ਦੇ ਵਿਖੇ ਅਤੇ ਹਾਸੋਰ ਦਿਆਂ ਰਾਜਿਆਂ ਦੇ ਵਿਖੇ ਜਿਨ੍ਹਾਂ ਨੂੰ ਬਾਬਲ ਦੇ ਪਾਤਸ਼ਾਹ ਨਬੂਕਦਰੱਸਰ ਨੇ ਮਾਰਿਆ, - ਯਹੋਵਾਹ ਐਉਂ ਫ਼ਰਮਾਉਂਦਾ ਹੈ, - ਤੁਸੀਂ ਉੱਠੋ ਅਤੇ ਕੇਦਾਰ ਨੂੰ ਚੜ੍ਹੋ ਚੜ੍ਹਦੇ ਪਾਸੇ ਦੇ ਲੋਕਾਂ ਨੂੰ ਬਰਬਾਦ ਕਰੋ!
ਯਰਮਿਆਹ 49 : 29 (PAV)
ਓਹਨਾਂ ਦੇ ਤੰਬੂ ਅਤੇ ਓਹਨਾਂ ਦੇ ਇੱਜੜ ਲਏ ਜਾਣਗੇ, ਓਹਨਾਂ ਦੇ ਪੜਦੇ, ਓਹਨਾਂ ਦੇ ਸਾਰੇ ਭਾਂਡੇ, ਓਹਨਾਂ ਦੇ ਊਠ ਓਹ ਆਪਣੇ ਲਈ ਲੈ ਜਾਣਗੇ, ਓਹ ਓਹਨਾਂ ਦੇ ਉੱਤੇ ਪੁਕਾਰਨਗੇ, ਭਈ ਆਲੇ ਦੁਆਲੇ ਭੈ ਹੈ!
ਯਰਮਿਆਹ 49 : 30 (PAV)
ਤੁਸੀਂ ਨੱਠੋ, ਬਹੁਤ ਦੂਰ ਖਿਸਕ ਜਾਓ ਅਤੇ ਡੁੰਘਿਆਈ ਵਿੱਚ ਵੱਸੋ, ਹੇ ਹਾਸੋਰ ਦੇ ਵਾਸੀਓ, ਯਹੋਵਾਹ ਦਾ ਵਾਕ ਹੈ, ਕਿਉਂ ਜੋ ਬਾਬਲ ਦੇ ਪਾਤਸ਼ਾਹ ਨਬੂਕਦਰੱਸਰ ਨੇ ਤੁਹਾਡੇ ਵਿਰੁੱਧ ਸਲਾਹ ਕੀਤੀ ਹੈ, ਅਤੇ ਤੁਹਾਡੇ ਵਿਰੁੱਧ ਮਤਾ ਪਕਾਇਆ ਹੈ।।
ਯਰਮਿਆਹ 49 : 31 (PAV)
ਉੱਠੋ, ਇੱਕ ਨਿਚਿੰਤ ਕੌਮ ਉੱਤੇ ਚੜ੍ਹਾਈ ਕਰੋ, ਜਿਹੜੀ ਭਰੋਸੇ ਨਾਲ ਵੱਸਦੀ ਹੈ, ਯਹੋਵਾਹ ਦਾ ਵਾਕ ਹੈ, ਨਾ ਉਹ ਦੇ ਦਰ ਹਨ ਨਾ ਅਰਲ, ਉਹ ਇਕੱਲੀ ਵੱਸਦੀ ਹੈ।
ਯਰਮਿਆਹ 49 : 32 (PAV)
ਓਹਨਾਂ ਦੇ ਊਠ ਲੁੱਟ ਦਾ ਮਾਲ ਹੋਣਗੇ, ਓਹਨਾਂ ਦੇ ਵੱਗਾਂ ਦੀ ਵਾਫਰੀ ਮਾਰ ਧਾੜ ਲਈ ਹੋਵੇਗੀ, ਮੈਂ ਓਹਨਾਂ ਨੂੰ ਸਾਰੀਆਂ ਹਵਾਵਾਂ ਵੱਲ ਖਿਲਾਰ ਦਿਆਂਗਾ, ਜਿਹੜੇ ਆਪਣੀਆਂ ਦਾੜ੍ਹੀਆਂ ਦੀਆਂ ਨੁੱਕਰਾਂ ਮੁਨਾਉਂਦੇ ਹਨ, ਮੈਂ ਓਹਨਾਂ ਦੇ ਹਰ ਪਾਸੇ ਤੋਂ ਬਿਪਤਾ ਲਿਆਵਾਂਗਾ, ਯਹੋਵਾਹ ਦਾ ਵਾਕ ਹੈ।
ਯਰਮਿਆਹ 49 : 33 (PAV)
ਹਾਸੋਰ ਗਿੱਦੜਾਂ ਦੀ ਖੋਹ ਹੋਵੇਗਾ, ਉਹ ਸਦਾ ਤੀਕ ਵਿਰਾਨ ਰਹੇਗਾ, ਉੱਥੇ ਕੋਈ ਮਨੁੱਖ ਨਾ ਵੱਸੇਗਾ, ਕੋਈ ਆਦਮ ਵੰਸ ਉਹ ਦੇ ਵਿੱਚ ਨਾ ਟਿੱਕੇਗਾ।।
ਯਰਮਿਆਹ 49 : 34 (PAV)
ਯਹੋਵਾਹ ਦਾ ਬਚਨ ਜਿਹੜਾ ਯਹੂਦਾਹ ਦੇ ਪਾਤਸ਼ਾਹ ਸਿਦਕੀਯਾਹ ਦੀ ਪਾਤਸ਼ਾਹੀ ਦੇ ਅਰੰਭ ਵਿੱਚ ਏਲਾਮ ਦੇ ਵਿਖੇ ਯਿਰਮਿਯਾਹ ਨਬੀ ਕੋਲ ਆਇਆ ਕਿ
ਯਰਮਿਆਹ 49 : 35 (PAV)
ਸੈਨਾਂ ਦਾ ਯਹੋਵਾਹ ਐਉਂ ਫ਼ਰਮਾਉਂਦਾ ਹੈ, - ਵੇਖ ਮੈਂ ਏਲਾਮ ਦੇ ਧਣੁਖ ਨੂੰ ਤੋੜ ਸੁੱਟਾਂਗਾ ਜਿਹੜਾ ਓਹਨਾਂ ਦੀ ਸੂਰਮਗਤੀ ਦਾ ਮੁੱਢ ਹੈ
ਯਰਮਿਆਹ 49 : 36 (PAV)
ਮੈਂ ਏਲਾਮ ਉੱਤੇ ਚੌਂਹ ਹਵਾਵਾਂ ਨੂੰ ਅਕਾਸ਼ ਦੀਆਂ ਚੌਂਹ ਕੂੰਟਾਂ ਤੋਂ ਲਿਆਵਾਂਗਾ ਅਤੇ ਮੈਂ ਓਹਨਾਂ ਨੂੰ ਉਨ੍ਹਾਂ ਸਾਰੀਆਂ ਹਵਾਵਾਂ ਵੱਲ ਖਿਲਾਰ ਦਿਆਂਗਾ ਅਤੇ ਕੋਈ ਕੌਮ ਨਾ ਹੋਵੇਗੀ ਜਿੱਥੇ ਏਲਾਮ ਦੇ ਹੱਕੇ ਹੋਏ ਨਾ ਜਾਣ
ਯਰਮਿਆਹ 49 : 37 (PAV)
ਮੈਂ ਏਲਾਮ ਨੂੰ ਓਹਨਾਂ ਦੇ ਵੈਰੀਆਂ ਦੇ ਅੱਗੇ ਅਤੇ ਉਨ੍ਹਾਂ ਦੇ ਅੱਗੇ ਜਿਹੜੇ ਓਹਨਾਂ ਦੀਆਂ ਜਾਨਾਂ ਦੇ ਗਾਹਕ ਹਨ ਹੱਕਾ ਬੱਕਾ ਕਰਾਂਗਾ, ਮੈਂ ਓਹਨਾਂ ਉੱਤੇ ਆਪਣੇ ਵੱਡੇ ਕ੍ਰੋਧ ਦੀ ਬੁਰਿਆਈ ਲਿਆਵਾਂਗਾ, ਯਹੋਵਾਹ ਦਾ ਵਾਕ ਹੈ। ਮੈਂ ਓਹਨਾਂ ਦੇ ਪਿੱਛੇ ਤਲਵਾਰ ਘੱਲਾਂਗਾ ਏੱਥੋਂ ਤੀਕ ਕਿ ਓਹਨਾਂ ਦਾ ਸੱਤਿਆ ਨਾਸ ਕਰ ਦਿੱਤਾ
ਯਰਮਿਆਹ 49 : 38 (PAV)
ਮੈਂ ਏਲਾਮ ਵਿੱਚ ਆਪਣਾ ਸਿੰਘਾਸਣ ਰੱਖਾਂਗਾ ਅਤੇ ਉੱਥੋਂ ਰਾਜਾ ਅਤੇ ਸਰਦਾਰਾਂ ਨੂੰ ਨਾਸ ਕਰਾਂਗਾ, ਯਹੋਵਾਹ ਦਾ ਵਾਕ ਹੈ
ਯਰਮਿਆਹ 49 : 39 (PAV)
ਪਰ ਅੰਤ ਦੇ ਦਿਨਾਂ ਐਉਂ ਹੋਵੇਗਾ ਕਿ ਮੈਂ ਏਲਾਮ ਨੂੰ ਅਸੀਰੀ ਤੋਂ ਮੋੜ ਲਿਆਵਾਂਗਾ, ਯਹੋਵਾਹ ਦਾ ਵਾਕ ਹੈ।।
❮
❯