ਮਰਕੁਸ 5 : 1 (PAV)
ਓਹ ਝੀਲ ਦੇ ਪਾਰ ਗਿਰਸੇਨੀਆਂ ਦੇ ਦੇਸ ਵਿੱਚ ਪਹੁੰਚੇ
ਮਰਕੁਸ 5 : 2 (PAV)
ਅਰ ਜਾਂ ਉਹ ਬੇੜੀ ਉੱਤੋਂ ਉੱਤਰਿਆ ਤਾਂ ਓਵੇਂ ਇੱਕ ਮਨੁੱਖ ਜਿਹ ਦੇ ਵਿੱਚ ਭਰਿਸ਼ਟ ਆਤਮਾ ਸੀ ਕਬਰਾਂ ਵਿੱਚੋਂ ਨਿੱਕਲ ਕੇ ਉਹ ਨੂੰ ਆ ਮਿਲਿਆ
ਮਰਕੁਸ 5 : 3 (PAV)
ਉਹ ਕਬਰਾਂ ਵਿੱਚ ਰਹਿੰਦਾ ਸੀ ਅਤੇ ਹੁਣ ਕੋਈ ਉਹ ਨੂੰ ਸੰਗਲਾਂ ਨਾਲ ਵੀ ਜਕੜ ਨਹੀਂ ਸੀ ਸੱਕਦਾ
ਮਰਕੁਸ 5 : 4 (PAV)
ਉਹ ਤਾਂ ਕਈ ਵਾਰੀ ਬੇੜੀਆਂ ਅਤੇ ਸੰਗਲਾਂ ਨਾਲ ਜਕੜਿਆ ਗਿਆ ਸੀ ਪਰ ਉਹ ਨੇ ਸੰਗਲ ਤੋੜ ਸੁੱਟੇ ਅਰ ਬੇੜੀਆਂ ਦੇ ਟੋਟੇ ਟੋਟੇ ਕਰ ਦਿੱਤੇ ਸਨ ਅਤੇ ਕੋਈ ਉਹ ਨੂੰ ਕਾਬੂ ਨਹੀਂ ਕਰ ਸੱਕਦਾ ਸੀ
ਮਰਕੁਸ 5 : 5 (PAV)
ਉਹ ਰਾਤ ਦਿਨ ਨਿੱਤ ਕਬਰਾਂ ਅਤੇ ਪਹਾੜ੍ਹਾਂ ਵਿੱਚ ਚੀਕਾਂ ਮਾਰਦਾ ਅਰ ਆਪਣੇ ਆਪ ਨੂੰ ਪੱਥਰਾਂ ਨਾਲ ਵੱਢਦਾ ਹੁੰਦਾ ਸੀ
ਮਰਕੁਸ 5 : 6 (PAV)
ਜਾਂ ਉਸ ਨੇ ਯਿਸੂ ਨੂੰ ਦੂਰੋਂ ਡਿੱਠਾ ਤਾਂ ਦੌੜ ਕੇ ਆਇਆ ਅਤੇ ਉਹ ਨੂੰ ਮੱਥਾ ਟੇਕਿਆ
ਮਰਕੁਸ 5 : 7 (PAV)
ਅਰ ਉੱਚੀ ਆਵਾਜ਼ ਨਾਲ ਪੁਕਾਰ ਕੇ ਬੋਲਿਆ, ਹੇ ਯਿਸੂ ਮਹਾਂ ਪਰਮੇਸ਼ੁਰ ਦੇ ਪੁੱਤ੍ਰ, ਤੇਰਾ ਮੇਰੇ ਨਾਲ ਕੀ ਕੰਮ? ਮੈਂ ਤੈਨੂੰ ਪਰਮੇਸ਼ੁਰ ਦੀ ਸੌਂਹ ਦਿੰਦਾ ਹਾਂ, ਮੈਨੂੰ ਦੁਖ ਨਾ ਦਿਹ!
ਮਰਕੁਸ 5 : 8 (PAV)
ਕਿਉਂ ਜੋ ਉਸ ਨੇ ਉਹ ਨੂੰ ਕਿਹਾ ਸੀ ਕਿ ਹੇ ਭ੍ਰਿਸ਼ਟ ਆਤਮਾ, ਇਸ ਮਨੁੱਖ ਵਿੱਚੋਂ ਨਿੱਕਲ ਜਾਹ!
ਮਰਕੁਸ 5 : 9 (PAV)
ਫੇਰ ਉਸ ਨੇ ਉਹ ਨੂੰ ਪੁੱਛਿਆ, ਤੇਰਾ ਕੀ ਨਾਉਂ ਹੈ ਉਹ ਨੇ ਉਸ ਨੂੰ ਕਿਹਾ, ਮੇਰਾ ਨਾਉਂ ਲਸ਼ਕਰ ਹੈ ਕਿਉਂ ਜੋ ਅਸੀਂ ਬਹੁਤੇ ਹਾਂਗੇ
ਮਰਕੁਸ 5 : 10 (PAV)
ਅਤੇ ਉਹ ਨੇ ਉਸ ਦੀਆਂ ਬਹੁਤ ਮਿੰਨਤਾਂ ਕੀਤੀਆਂ ਭਈ ਸਾਨੂੰ ਇਸ ਦੇਸ ਵਿੱਚੋਂ ਨਾ ਕੱਢ!
ਮਰਕੁਸ 5 : 11 (PAV)
ਉੱਥੇ ਪਹਾੜ ਦੇ ਨੇੜੇ ਸੂਰਾਂ ਦਾ ਇੱਕ ਵੱਡਾ ਇੱਜੜ ਚੁਗਦਾ ਸੀ
ਮਰਕੁਸ 5 : 12 (PAV)
ਅਤੇ ਉਨ੍ਹਾਂ ਨੇ ਉਸ ਦੀ ਮਿੰਨਤ ਕੀਤੀ ਕਿ ਸਾਨੂੰ ਸੂਰਾਂ ਵਿੱਚ ਘੱਲ ਦਿਹ ਤਾਂ ਜੋ ਅਸੀਂ ਉਨ੍ਹਾਂ ਵਿੱਚ ਜਾ ਵੜੀਏ
ਮਰਕੁਸ 5 : 13 (PAV)
ਅਤੇ ਉਸ ਨੇ ਉਨ੍ਹਾਂ ਨੂੰ ਜਾਣ ਦਿੱਤਾ । ਤਾਂ ਭ੍ਰਿਸ਼ਟ ਆਤਮੇ ਨਿਕੱਲ ਕੇ ਸੂਰਾਂ ਵਿੱਚ ਜਾ ਵੜੇ ਅਤੇ ਇੱਜੜ ਢਾਹੇ ਉੱਤੋਂ ਸਿਰਤੋਂੜ ਭੱਜ ਕੇ ਝੀਲ ਵਿੱਚ ਜਾ ਪਿਆ । ਓਹ ਗਿਣਤੀ ਵਿੱਚ ਦੋਕੁ ਹਜ਼ਾਰ ਸਨ ਅਤੇ ਓਹ ਝੀਲ ਵਿੱਚ ਡੁੱਬ ਮੋਏ
ਮਰਕੁਸ 5 : 14 (PAV)
ਤਦ ਉਨ੍ਹਾਂ ਦੇ ਚੁਗਾਉਣ ਵਾਲਿਆਂ ਨੇ ਨੱਠ ਕੇ ਨਗਰ ਅਤੇ ਪਿੰਡਾਂ ਵਿੱਚ ਖਬਰ ਪੁਚਾਈ ਅਰ ਲੋਕ ਇਹ ਵੇਖਣ ਨਿੱਕਲੇ ਜੋ ਕੀ ਹੋਇਆ ਹੈ
ਮਰਕੁਸ 5 : 15 (PAV)
ਅਤੇ ਯਿਸੂ ਦੇ ਕੋਲ ਆਣ ਕੇ ਉਸ ਭੂਤ ਵਾਲੇ ਨੂੰ ਜਿਸ ਉੱਤੇ ਲਸ਼ਕਰ ਦਾ ਸਾਯਾ ਸੀ ਕੱਪੜੇ ਪਹਿਨੀ ਅਤੇ ਸੁਰਤ ਸਮ੍ਹਾਲੀ ਬੈਠਾ ਵੇਖਿਆ ਅਤੇ ਉਹ ਡਰ ਗਿਆ
ਮਰਕੁਸ 5 : 16 (PAV)
ਤਾਂ ਵੇਖਣ ਵਾਲਿਆਂ ਨੇ ਉਸ ਭੂਤ ਵਾਲੇ ਦੀ ਵਾਰਤਾ ਅਤੇ ਸੂਰਾਂ ਦਾ ਹਵਾਲਾ ਉਨ੍ਹਾਂ ਨੂੰ ਦੱਸਿਆ
ਮਰਕੁਸ 5 : 17 (PAV)
ਤਦ ਓਹ ਉਸ ਦੀ ਮਿੰਨਤ ਕਰਨ ਲੱਗੇ ਜੋ ਸਾਡੀ ਹੱਦੋਂ ਬਾਹਰ ਨਿੱਕਲ ਜਾਓ
ਮਰਕੁਸ 5 : 18 (PAV)
ਅਤੇ ਜਿਉਂ ਉਹ ਬੇੜੀ ਉੱਤੇ ਚੜਨ ਲੱਗਾ ਤਾਂ ਉਸ ਭੂਤ ਵਾਲੇ ਨੇ ਉਸ ਦੇ ਨਾਲ ਰਹਿਣ ਲਈ ਉਸ ਦੇ ਅੱਗੇ ਬੇਨਤੀ ਕੀਤੀ
ਮਰਕੁਸ 5 : 19 (PAV)
ਉਸ ਨੇ ਉਹ ਨੂੰ ਰਹਿਣ ਨਾ ਦਿੱਤਾ ਪਰ ਓਹ ਨੂੰ ਆਖਿਆ, ਆਪਣੇ ਘਰ ਆਪਣੇ ਸਾਕਾਂ ਕੋਲ ਜਾਹ ਅਤੇ ਉਨ੍ਹਾਂ ਨੂੰ ਦੱਸ ਜੋ ਪ੍ਰਭੁ ਨੇ ਤੇਰੇ ਲਈ ਕੇਡੇ ਕੰਮ ਕੀਤੇ ਹਨ ਅਰ ਤੇਰੇ ਉੱਤੇ ਦਯਾ ਕੀਤੀ
ਮਰਕੁਸ 5 : 20 (PAV)
ਤਾਂ ਉਹ ਚੱਲਿਆ ਗਿਆ ਅਰ ਦਿਕਾਪੁਲਿਸ ਵਿੱਚ ਪਰਚਾਰ ਕਰਨ ਲੱਗਾ ਜੋ ਯਿਸੂ ਨੇ ਮੇਰੇ ਲਈ ਕੇਡੇ ਕੰਮ ਕੀਤੇ ਤਾਂ ਸਾਰੇ ਲੋਕ ਹੈਰਾਨ ਹੋਏ।।
ਮਰਕੁਸ 5 : 21 (PAV)
ਜਾਂ ਯਿਸੂ ਬੇੜੀ ਉੱਤੇ ਫੇਰ ਪਾਰ ਲੰਘਿਆ ਤਾਂ ਇੱਕ ਵੱਡੀ ਭੀੜ ਉਸ ਕੋਲ ਇੱਕਠੀ ਹੋਈ ਅਤੇ ਉਹ ਝੀਲ ਦੇ ਕੰਢੇ ਉੱਤੇ ਸੀ
ਮਰਕੁਸ 5 : 22 (PAV)
ਅਰ ਸਮਾਜ ਦੇ ਸਰਦਾਰਾਂ ਵਿੱਚੋਂ ਜੈਰੁਸ ਨਾਮੇਂ ਇੱਕ ਮਨੁੱਖ ਆਇਆ ਅਤੇ ਉਹ ਨੂੰ ਵੇਖ ਕੇ ਉਹ ਦੇ ਪੈਰੀਂ ਪੈ ਗਿਆ
ਮਰਕੁਸ 5 : 23 (PAV)
ਅਤੇ ਉਹ ਦੀ ਬਹੁਤ ਮਿੰਨਤ ਕੀਤੀ ਜੋ ਮੇਰੀ ਛੋਟੀ ਕਾਕੀ ਮਰਨਾਊ ਹੈ, ਚੱਲ ਕੇ ਉਹ ਦੇ ਉੱਤੇ ਆਪਣੇ ਹੱਥ ਰੱਖ ਤਾਂ ਜੋ ਉਹ ਚੰਗੀ ਹੋ ਜਾਵੇ ਅਤੇ ਜੀਉਂਦੀ ਰਹੇ
ਮਰਕੁਸ 5 : 24 (PAV)
ਤਦ ਉਹ ਉਸ ਦੇ ਨਾਲ ਗਿਆ ਅਰ ਵੱਡੀ ਭੀੜ ਉਹ ਦੇ ਮਗਰ ਤੁਰ ਪਈ ਅਤੇ ਉਹ ਨੂੰ ਦਬਾਈ ਜਾਂਦੀ ਸੀ ।।
ਮਰਕੁਸ 5 : 25 (PAV)
ਤਦ ਇੱਕ ਜਨਾਨੀ ਜਿਹ ਨੂੰ ਬਾਰਾਂ ਵਰਿਹਾਂ ਤੋਂ ਲਹੂ ਆਉਂਦਾ ਸੀ
ਮਰਕੁਸ 5 : 26 (PAV)
ਅਰ ਜਿਨ੍ਹ ਬਹੁਤ ਹਕੀਮਾਂ ਦੇ ਹੱਥੋਂ ਵੱਡਾ ਦੁਖ ਪਾਇਆ ਅਤੇ ਆਪਣਾ ਸਭ ਕੁਝ ਖਰਚ ਕਰ ਦਿੱਤਾ ਸੀ ਪਰ ਕੁਝ ਵੀ ਅਰਾਮ ਨਾ ਪਾਇਆ ਸਗੋਂ ਉਹ ਦਾ ਹੋਰ ਵੀ ਮਾੜਾ ਹਾਲ ਹੋ ਗਿਆ ਸੀ,
ਮਰਕੁਸ 5 : 27 (PAV)
ਉਹ ਯਿਸੂ ਦੀ ਖਬਰ ਸੁਣ ਕੇ ਭੀੜ ਵਿੱਚ ਪਿੱਛੋਂ ਦੀ ਹੋਕੇ ਆਈ ਅਤੇ ਉਹ ਦਾ ਕੱਪੜਾ ਛੋਹ ਲਿਆ
ਮਰਕੁਸ 5 : 28 (PAV)
ਕਿਉਂ ਜੋ ਉਸ ਆਖਿਆ, ਜੇ ਮੈਂ ਨਿਰਾ ਉਹ ਦੇ ਕੱਪੜੇ ਨੂੰ ਹੀ ਛੋਹਾਂ ਤਾਂ ਚੰਗੀ ਹੋ ਜਾਵਾਂਗੀ
ਮਰਕੁਸ 5 : 29 (PAV)
ਅਤੇ ਓਵੇਂ ਉਸ ਦੇ ਲਹੂ ਦਾ ਬਹਾਉ ਸੁੱਕ ਗਿਆ ਅਰ ਉਨ ਆਪਣੇ ਸਰੀਰ ਵਿੱਚ ਮਲੂਮ ਕਰ ਲਿਆ ਜੋ ਮੈਂ ਇਸ ਬਲਾ ਤੋਂ ਛੁੱਟੀ
ਮਰਕੁਸ 5 : 30 (PAV)
ਅਤੇ ਯਿਸੂ ਨੇ ਉਸ ਵੇਲੇ ਆਪਣੇ ਮਨ ਵਿੱਚ ਜਾਣ ਕੇ ਜੋ ਮੇਰੇ ਵਿੱਚੋਂ ਸ਼ਕਤੀ ਨਿਕਲੀ ਹੈ ਉਸ ਭੀੜ ਦੀ ਵੱਲ ਮੁੜ ਕੇ ਕਿਹਾ, ਮੇਰੇ ਕੱਪੜੇ ਨੂੰ ਕਿਹ ਨੇ ਛੋਹਿਆ?
ਮਰਕੁਸ 5 : 31 (PAV)
ਉਹ ਦੇ ਚੇਲਿਆਂ ਨੇ ਉਹ ਨੂੰ ਆਖਿਆ, ਤੂੰ ਵੇਖਦਾ ਹੈਂ, ਜੋ ਲੋਕ ਤੈਨੂੰ ਦਬਾਂਉਦੇ ਹਨ,ਫੇਰ ਤੂੰ ਕਹਿੰਦਾ ਹੈਂ, ਮੈਨੂੰ ਕਿਹ ਨੇ ਛੋਹਿਆ?
ਮਰਕੁਸ 5 : 32 (PAV)
ਅਤੇ ਉਹ ਨੇ ਇੱਧਰ ਉੱਧਰ ਨਜ਼ਰ ਮਾਰੀ ਭਈ ਇਸ ਕੰਮ ਦੇ ਕਰਨ ਵਾਲੀ ਨੂੰ ਵੇਖੇ
ਮਰਕੁਸ 5 : 33 (PAV)
ਤਦ ਉਹ ਜਨਾਨੀ ਜੋ ਕੁਝ ਉਸ ਉੱਤੇ ਬੀਤਿਆ ਸੀ ਜਾਣ ਕੇ ਡਰਦੀ ਅਤੇ ਕੰਬਦੀ ਆਈ ਅਤੇ ਉਹ ਦੇ ਚਰਨਾਂ ਉੱਤੇ ਡਿੱਗ ਕੇ ਸਾਰੀ ਹਕੀਕਤ ਉਹ ਨੂੰ ਦੱਸ ਦਿੱਤੀ
ਮਰਕੁਸ 5 : 34 (PAV)
ਤਾਂ ਉਹ ਨੇ ਉਸ ਨੂੰ ਆਖਿਆ, ਹੇ ਬੇਟੀ ਤੇਰੀ ਨਿਹਚਾ ਨੇ ਤੈਨੂੰ ਚੰਗਾ ਕੀਤਾ ਹੈ, ਸਲਾਮਤ ਚਲੀ ਜਾਹ ਅਤੇ ਆਪਣੀ ਬਲਾ ਤੋਂ ਬਚੀ ਰਹੋ।।
ਮਰਕੁਸ 5 : 35 (PAV)
ਉਹ ਅਜੇ ਬੋਲਦਾ ਹੀ ਸੀ ਕਿ ਸਮਾਜ ਦੇ ਸਰਦਾਰ ਦੇ ਘਰੋਂ ਲੋਕਾਂ ਨੇ ਆਣ ਕੇ ਆਖਿਆ, ਤੇਰੀ ਧੀ ਮਰ ਗਈ, ਗੁਰੂ ਨੂੰ ਕਿਉਂ ਹੋਰ ਖੇਚਲ ਪਾਉਂਦਾ ਹੈਂ?
ਮਰਕੁਸ 5 : 36 (PAV)
ਪਰ ਯਿਸੂ ਨੇ ਉਸ ਗੱਲ ਦੀ ਜੋ ਓਹ ਆਖਦੇ ਸਨ ਪਰਵਾਹ ਨਾ ਕਰਕੇ ਸਮਾਜ ਦੇ ਸਰਦਾਰ ਨੂੰ ਆਖਿਆ, ਨਾ ਡਰ ਕੇਵਲ ਨਿਹਚਾ ਕਰ
ਮਰਕੁਸ 5 : 37 (PAV)
ਤਾਂ ਉਸ ਨੇ ਪਤਰਸ ਅਰ ਯਾਕੂਬ ਅਰ ਯਾਕੂਬ ਦੇ ਭਰਾ ਯੂਹੰਨਾ ਦੇ ਬਿਨਾ ਹੋਰ ਕਿਸੇ ਨੂੰ ਆਪਣੇ ਨਾਲ ਆਉਣ ਨਾ ਦਿੱਤਾ
ਮਰਕੁਸ 5 : 38 (PAV)
ਅਤੇ ਜਦ ਓਹ ਸਮਾਜ ਦੇ ਸਰਦਾਰ ਦੇ ਘਰ ਪਹੁੰਚੇ ਤਦ ਉਸ ਨੇ ਰੌਲਾ ਪਾਉਂਦੇ ਹੋਏ ਅਤੇ ਲੋਕਾਂ ਨੂੰ ਬਹੁਤ ਰੋਂਦੇ ਕੁਰਲਾਉਂਦੇ ਵੇਖਿਆ
ਮਰਕੁਸ 5 : 39 (PAV)
ਅਤੇ ਅੰਦਰ ਜਾ ਕੇ ਉਨ੍ਹਾਂ ਨੂੰ ਆਖਿਆ,ਤੁਸੀਂ ਕਾਹ ਨੂੰ ਰੌਲਾ ਪਾਉਂਦੇ ਅਤੇ ਰੋਂਦੇ ਹੋ? ਕੁੜੀ ਮਰੀ ਨਹੀਂ ਪਰ ਸੁੱਤੀ ਹੋਈ ਹੈ
ਮਰਕੁਸ 5 : 40 (PAV)
ਤਾਂ ਓਹ ਉਸ ਉੱਤੇ ਹੱਸੇ । ਪਰ ਉਹ ਸਭਨਾਂ ਨੂੰ ਬਾਹਰ ਕੱਢ ਕੇ ਕੁੜੀ ਦੇ ਮਾਂ ਪਿਉ ਅਤੇ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਜਿੱਥੇ ਕੁੜੀ ਸੀ ਉੱਥੇ ਅੰਦਰ ਗਿਆ
ਮਰਕੁਸ 5 : 41 (PAV)
ਅਰ ਉਸ ਨੇ ਕੁੜੀ ਦਾ ਹੱਥ ਫੜ ਕੇ ਉਹ ਨੂੰ ਕਿਹਾ “ ਤਲੀਥਾ ਕੂਮੀ ” ਜਿਹ ਦਾ ਅਰਥ ਇਹ ਹੈ ਕਿ ਹੇ ਕੰਨਿਆ, ਮੈਂ ਤੈਨੂੰ ਆਖਦਾ ਹਾਂ, ਉੱਠ!
ਮਰਕੁਸ 5 : 42 (PAV)
ਉਹ ਕੁੜੀ ਝੱਟ ਉੱਠ ਖੜੀ ਹੋਈ ਅਰ ਤੁਰਨ ਫਿਰਨ ਲੱਗੀ ਕਿਉਂ ਜੋ ਉਹ ਬਾਰਾਂ ਵਰਿਹਾਂ ਦੀ ਸੀ ਅਤੇ ਓਵੇਂ ਲੋਕ ਵੱਡੇ ਅਚੰਭੇ ਵਿੱਚ ਆਣ ਕੇ ਹੈਰਾਨ ਹੋ ਗਏ
ਮਰਕੁਸ 5 : 43 (PAV)
ਅਤੇ ਉਸ ਨੇ ਉਨ੍ਹਾਂ ਨੂੰ ਤਗੀਦ ਨਾਲ ਹੁਕਮ ਕੀਤਾ ਭਈ ਕੋਈ ਇਹ ਗੱਲ ਨਾ ਜਾਣੇ ਅਤੇ ਆਖਿਆ ਕਿ ਉਸ ਨੂੰ ਕੁਝ ਖਾਣ ਲਈ ਦਿੱਤਾ ਜਾਏ।।
❮
❯