੨ ਤਵਾਰੀਖ਼ 32 : 1 (IRVPA)
ਯਹੂਦਾਹ ਉੱਤੇ ਅੱਸ਼ੂਰ ਦੇ ਰਾਜਾ ਦਾ ਹਮਲਾ
2 ਰਾਜਾ 18:13-37; 19:14-19; 2 ਰਾਜਾ 19:35-37; ਯਸਾ 36:1-22; 37:8-38
ਇਨ੍ਹਾਂ ਗੱਲਾਂ ਅਤੇ ਇਸ ਸ਼ਰਧਾ ਭਾਵ ਦੇ ਮਗਰੋਂ ਅੱਸ਼ੂਰ ਦਾ ਪਾਤਸ਼ਾਹ ਸਨਹੇਰੀਬ ਚੜ੍ਹ ਆਇਆ ਅਤੇ ਯਹੂਦਾਹ ਵਿੱਚ ਆ ਕੇ ਸਫ਼ੀਲਾਂ ਵਾਲੇ ਸ਼ਹਿਰਾਂ ਦੇ ਸਾਹਮਣੇ ਡੇਰੇ ਲਾ ਦਿੱਤੇ ਅਤੇ ਉਨ੍ਹਾਂ ਨੂੰ ਆਪਣੇ ਕਬਜ਼ੇ ਵਿੱਚ ਲਿਆਉਣ ਦਾ ਜਤਨ ਕੀਤਾ
੨ ਤਵਾਰੀਖ਼ 32 : 2 (IRVPA)
ਤਾਂ ਜਦ ਹਿਜ਼ਕੀਯਾਹ ਨੇ ਵੇਖਿਆ ਕਿ ਸਨਹੇਰੀਬ ਆਇਆ ਹੈ ਅਤੇ ਲੜਾਈ ਲਈ ਯਰੂਸ਼ਲਮ ਵੱਲ ਉਹ ਦਾ ਮੂੰਹ ਹੈ
੨ ਤਵਾਰੀਖ਼ 32 : 3 (IRVPA)
ਤਾਂ ਉਸ ਨੇ ਆਪਣਿਆਂ ਸਰਦਾਰਾਂ ਅਤੇ ਸੂਰਬੀਰਾਂ ਦੇ ਨਾਲ ਸਲਾਹ ਕੀਤੀ ਕਿ ਉਨ੍ਹਾਂ ਪਾਣੀ ਦੇ ਸੋਮਿਆਂ ਨੂੰ ਜੋ ਸ਼ਹਿਰੋਂ ਬਾਹਰ ਸਨ ਬੰਦ ਕਰ ਦੇਵੇ ਤਾਂ ਉਨ੍ਹਾਂ ਨੇ ਉਸ ਦੀ ਹਾਮੀ ਭਰੀ
੨ ਤਵਾਰੀਖ਼ 32 : 4 (IRVPA)
ਅਤੇ ਬਹੁਤ ਸਾਰੇ ਲੋਕ ਇਕੱਠੇ ਹੋਏ ਅਤੇ ਉਹਨਾਂ ਨੇ ਸਾਰੇ ਸੋਮਿਆਂ ਨੂੰ ਅਤੇ ਉਸ ਨਦੀ ਨੂੰ ਜੋ ਉਸ ਧਰਤੀ ਦੇ ਵਿੱਚੋਂ ਦੀ ਵਗਦੀ ਸੀ ਬੰਦ ਕਰ ਦਿੱਤਾ ਅਤੇ ਆਖਿਆ ਕਿ ਅੱਸ਼ੂਰ ਦੇ ਪਾਤਸ਼ਾਹ ਆ ਕੇ ਬਹੁਤਾ ਪਾਣੀ ਕਿਉਂ ਲੈਣ?
੨ ਤਵਾਰੀਖ਼ 32 : 5 (IRVPA)
ਤਾਂ ਉਸ ਨੇ ਹਿੰਮਤ ਕੀਤੀ ਅਤੇ ਸਾਰੀ ਕੰਧ ਨੂੰ ਜਿਹੜੀ ਟੁੱਟੀ ਹੋਈ ਸੀ ਬਣਾਇਆ ਅਤੇ ਬੁਰਜ਼ਾਂ ਨੂੰ ਉੱਚਾ ਕੀਤਾ ਅਤੇ ਉਸ ਦੇ ਬਾਹਰਲੀ ਵੱਲ ਇੱਕ ਹੋਰ ਕੰਧ ਬਣਾਈ ਅਤੇ ਦਾਊਦ ਦੇ ਸ਼ਹਿਰ ਮਿੱਲੋ ਨੂੰ ਪੱਕਿਆਂ ਕੀਤਾ ਅਤੇ ਬਹੁਤ ਸਾਰੇ ਸ਼ਸਤਰ ਅਤੇ ਢਾਲਾਂ ਬਣਾਈਆਂ
੨ ਤਵਾਰੀਖ਼ 32 : 6 (IRVPA)
ਉਸ ਨੇ ਲੋਕਾਂ ਉੱਤੇ ਫ਼ੌਜੀ ਸਰਦਾਰ ਨਿਯੁਕਤ ਕੀਤੇ ਅਤੇ ਸ਼ਹਿਰ ਦੇ ਫਾਟਕ ਦੇ ਮੈਦਾਨ ਵਿੱਚ ਉਨ੍ਹਾਂ ਨੂੰ ਇਕੱਠਾ ਕੀਤਾ ਅਤੇ ਉਨ੍ਹਾਂ ਦੇ ਨਾਲ ਤਸੱਲੀ ਦੀਆਂ ਗੱਲਾਂ ਕੀਤੀਆਂ ਅਤੇ ਆਖਿਆ,
੨ ਤਵਾਰੀਖ਼ 32 : 7 (IRVPA)
ਤਕੜੇ ਹੋਵੋ ਅਤੇ ਬਹਾਦੁਰੀ ਕਰੋ! ਅੱਸ਼ੂਰ ਦੇ ਪਾਤਸ਼ਾਹ ਅਤੇ ਇਸ ਸਾਰੇ ਮਹੈਣ ਤੋਂ ਜੋ ਉਸ ਦੇ ਨਾਲ ਹੈ ਨਾ ਡਰੋ ਅਤੇ ਨਾ ਘਬਰਾਓ ਕਿਉਂ ਜੋ ਸਾਡੇ ਨਾਲ ਹੈ, ਉਨ੍ਹਾਂ ਨਾਲੋਂ ਵੱਡਾ ਹੈ
੨ ਤਵਾਰੀਖ਼ 32 : 8 (IRVPA)
ਉਹ ਦੇ ਨਾਲ ਮਨੁੱਖ ਦਾ ਹੱਥ ਹੈ ਪਰ ਸਾਡੇ ਨਾਲ ਯਹੋਵਾਹ ਸਾਡਾ ਪਰਮੇਸ਼ੁਰ ਹੈ ਜੋ ਸਾਡੀ ਸਹਾਇਤਾ ਕਰਦਾ ਅਤੇ ਸਾਡੀਆਂ ਲੜਾਈਆਂ ਲੜਦਾ ਹੈ ਤਾਂ ਲੋਕਾਂ ਨੇ ਯਹੂਦਾਹ ਦੇ ਪਾਤਸ਼ਾਹ ਹਿਜ਼ਕੀਯਾਹ ਦੀਆਂ ਗੱਲਾਂ ਉੱਤੇ ਭਰੋਸਾ ਕੀਤਾ
੨ ਤਵਾਰੀਖ਼ 32 : 9 (IRVPA)
ਉਸ ਦੇ ਮਗਰੋਂ ਅੱਸ਼ੂਰ ਦੇ ਰਾਜਾ ਸਨਹੇਰੀਬ ਨੇ ਜੋ ਆਪਣੇ ਸਾਰੇ ਮਹੈਣ ਸਣੇ ਲਾਕੀਸ਼ ਦੇ ਸਾਹਮਣੇ ਡੇਰੇ ਲਾਈ ਬੈਠਾ ਸੀ ਆਪਣੇ ਨੌਕਰ ਯਰੂਸ਼ਲਮ ਵੱਲ ਯਹੂਦਾਹ ਦੇ ਪਾਤਸ਼ਾਹ ਹਿਜ਼ਕੀਯਾਹ ਦੇ ਕੋਲ ਅਤੇ ਸਾਰੇ ਯਹੂਦਾਹ ਦੇ ਕੋਲ ਜੋ ਯਰੂਸ਼ਲਮ ਵਿੱਚ ਸਨ ਇਹ ਆਖਣ ਲਈ ਭੇਜੇ
੨ ਤਵਾਰੀਖ਼ 32 : 10 (IRVPA)
ਕਿ ਸਨਹੇਰੀਬ ਅੱਸ਼ੂਰ ਦਾ ਪਾਤਸ਼ਾਹ ਇਹ ਆਖਦਾ ਹੈ, ਤੁਹਾਡਾ ਕਿਸ ਉੱਤੇ ਭਰੋਸਾ ਹੈ ਤੁਸੀਂ ਜੋ ਯਰੂਸ਼ਲਮ ਵਿੱਚ ਬੱਝੇ ਬੈਠੇ ਹੋ?
੨ ਤਵਾਰੀਖ਼ 32 : 11 (IRVPA)
ਕੀ ਹਿਜ਼ਕੀਯਾਹ ਤੁਹਾਨੂੰ ਕਾਲ ਅਤੇ ਤੇਹ ਦੀ ਮੌਤ ਦੇ ਹਵਾਲੇ ਕਰਨ ਨੂੰ ਨਹੀਂ ਭਰਮਾ ਰਿਹਾ ਕਿ ਯਹੋਵਾਹ ਸਾਡਾ ਪਰਮੇਸ਼ੁਰ ਸਾਨੂੰ ਅੱਸ਼ੂਰ ਦੇ ਪਾਤਸ਼ਾਹ ਦੇ ਹੱਥੋਂ ਬਚਾ ਲਵੇਗਾ?
੨ ਤਵਾਰੀਖ਼ 32 : 12 (IRVPA)
ਕੀ ਇਸੇ ਹਿਜ਼ਕੀਯਾਹ ਨੇ ਉਸ ਦੇ ਉੱਚੇ ਥਾਵਾਂ ਅਤੇ ਉਸ ਦੀਆਂ ਜਗਵੇਦੀਆਂ ਨੂੰ ਜਦ ਉਸ ਨੇ ਯਹੂਦਾਹ ਤੇ ਯਰੂਸ਼ਲਮ ਨੂੰ ਆਖਿਆ ਸੀ ਨਹੀਂ ਢਾਇਆ, ਇਹ ਆਖਦੇ ਹੋਏ ਕਿ ਤੁਸੀਂ ਇੱਕੋ ਹੀ ਜਗਵੇਦੀ ਦੇ ਅੱਗੇ ਮੱਥਾ ਟੇਕੋ ਅਤੇ ਉਹ ਦੇ ਉੱਤੇ ਹੀ ਧੂਪ ਧੁਖਾਓ?
੨ ਤਵਾਰੀਖ਼ 32 : 13 (IRVPA)
ਕੀ ਤੁਸੀਂ ਨਹੀਂ ਜਾਣਦੇ ਜੋ ਮੈਂ ਅਤੇ ਮੇਰੇ ਪੁਰਖਿਆਂ ਨੇ ਸਾਰਿਆਂ ਲੋਕਾਂ ਅਤੇ ਦੇਸਾਂ ਲਈ ਕੀ ਕੀਤਾ? ਕੀ ਉਨ੍ਹਾਂ ਦੇਸਾਂ ਦੀਆਂ ਕੌਮਾਂ ਦੇ ਦੇਵਤੇ ਮੇਰੇ ਹੱਥੋਂ ਉਨ੍ਹਾਂ ਦੇ ਦੇਸਾਂ ਨੂੰ ਛੁਡਾ ਸਕੇ?
੨ ਤਵਾਰੀਖ਼ 32 : 14 (IRVPA)
ਉਨ੍ਹਾਂ ਕੌਮਾਂ ਦੇ ਸਾਰੇ ਦੇਵਤਿਆਂ ਵਿੱਚੋਂ ਕਿਹੜਾ ਸੀ ਜਿਸ ਨੂੰ ਮੇਰੇ ਪੁਰਖਿਆਂ ਨੇ ਉੱਕਾ ਹੀ ਨਾਸ ਨਹੀਂ ਕੀਤਾ ਜਿਹੜਾ ਮੇਰੇ ਹੱਥੋਂ ਆਪਣਿਆਂ ਲੋਕਾਂ ਨੂੰ ਬਚਾ ਸਕਿਆ ਕਿ ਤੁਹਾਡਾ ਪਰਮੇਸ਼ੁਰ ਵੀ ਮੇਰੇ ਹੱਥੋਂ ਤੁਹਾਨੂੰ ਛੁਡਾ ਲਵੇ?
੨ ਤਵਾਰੀਖ਼ 32 : 15 (IRVPA)
ਹੁਣ ਹਿਜ਼ਕੀਯਾਹ ਤੁਹਾਨੂੰ ਧੋਖਾ ਨਾ ਦੇਵੇ ਅਤੇ ਨਾ ਹੀ ਤੁਹਾਨੂੰ ਇਸ ਗੱਲ ਵਿੱਚ ਭੁਲਾਵੇ! ਉਹ ਦੇ ਉੱਤੇ ਭਰੋਸਾ ਨਾ ਰੱਖੋ ਕਿਉਂ ਜੋ ਕਿਸੇ ਕੌਮ ਦਾ ਜਾਂ ਪਾਤਸ਼ਾਹੀ ਦਾ ਕੋਈ ਦੇਵਤਾ ਅਜਿਹਾ ਨਹੀਂ ਜੋ ਮੇਰੇ ਹੱਥੋਂ ਜਾਂ ਮੇਰੇ ਪੁਰਖਿਆਂ ਦੇ ਹੱਥੋਂ ਆਪਣੇ ਲੋਕਾਂ ਨੂੰ ਛੁਡਾ ਸਕਿਆ ਹੋਵੇ। ਫੇਰ ਤੁਹਾਡਾ ਪਰਮੇਸ਼ੁਰ ਕਿਵੇਂ ਤੁਹਾਨੂੰ ਮੇਰੇ ਹੱਥੋਂ ਛੁਡਾ ਲਵੇਗਾ?
੨ ਤਵਾਰੀਖ਼ 32 : 16 (IRVPA)
ਅਤੇ ਉਹ ਦੇ ਨੌਕਰਾਂ ਨੇ ਯਹੋਵਾਹ ਪਰਮੇਸ਼ੁਰ ਦੇ ਵਿਰੁੱਧ ਅਤੇ ਉਹ ਦੇ ਸੇਵਕ ਹਿਜ਼ਕੀਯਾਹ ਦੇ ਵਿਰੁੱਧ ਹੋਰ ਬਹੁਤ ਸਾਰੀਆਂ ਗੱਲਾਂ ਆਖੀਆਂ
੨ ਤਵਾਰੀਖ਼ 32 : 17 (IRVPA)
ਅਤੇ ਉਸ ਨੇ ਇਸਰਾਏਲ ਦੇ ਯਹੋਵਾਹ ਪਰਮੇਸ਼ੁਰ ਦੀ ਨਿਰਾਦਰੀ ਕਰਨ ਅਤੇ ਉਸ ਦੇ ਵਿਖੇ ਝੂਠ ਬੋਲਣ ਦੇ ਲਈ ਇਸ ਭਾਵ ਦੀਆਂ ਚਿੱਠੀਆਂ ਵੀ ਲਿਖੀਆਂ ਕਿ ਜਿਵੇਂ ਹੋਰਨਾਂ ਦੇਸਾਂ ਦੀਆਂ ਕੌਮਾਂ ਦੇ ਦੇਵਤਿਆਂ ਨੇ ਆਪਣੇ ਲੋਕਾਂ ਨੂੰ ਮੇਰੇ ਹੱਥੋਂ ਨਹੀਂ ਬਚਾਇਆ ਹੈ ਓਵੇਂ ਹੀ ਹਿਜ਼ਕੀਯਾਹ ਦਾ ਪਰਮੇਸ਼ੁਰ ਵੀ ਆਪਣੇ ਲੋਕਾਂ ਨੂੰ ਮੇਰੇ ਹੱਥੋਂ ਨਹੀਂ ਬਚਾ ਸਕੇਗਾ
੨ ਤਵਾਰੀਖ਼ 32 : 18 (IRVPA)
ਅਤੇ ਉਨ੍ਹਾਂ ਨੇ ਉੱਚੀ ਆਵਾਜ਼ ਦੇ ਨਾਲ ਬੋਲ ਕੇ ਯਹੂਦੀਆਂ ਦੀ ਬੋਲੀ ਵਿੱਚ ਯਰੂਸ਼ਲਮ ਦੇ ਲੋਕਾਂ ਨੂੰ ਜਿਹੜੇ ਕੰਧ ਉੱਤੇ ਸਨ ਇਹ ਗੱਲਾਂ ਆਖ ਕੇ ਸੁਣਾਈਆਂ ਤਾਂ ਜੋ ਉਨ੍ਹਾਂ ਨੂੰ ਡਰਾਉਣ ਤੇ ਫ਼ਿਕਰ ਵਿੱਚ ਪਾ ਦੇਣ ਅਤੇ ਸ਼ਹਿਰ ਨੂੰ ਲੈ ਲੈਣ
੨ ਤਵਾਰੀਖ਼ 32 : 19 (IRVPA)
ਉਨ੍ਹਾਂ ਨੇ ਯਰੂਸ਼ਲਮ ਦੇ ਪਰਮੇਸ਼ੁਰ ਦਾ ਵਰਣਨ ਧਰਤੀ ਦੀਆਂ ਕੌਮਾਂ ਦੇ ਦੇਵਤਿਆਂ ਵਾਂਗਰ ਕੀਤਾ ਜਿਹੜੇ ਆਦਮੀਆਂ ਦੇ ਹੱਥਾਂ ਦੀ ਬਣਤ ਹਨ।
੨ ਤਵਾਰੀਖ਼ 32 : 20 (IRVPA)
ਤਾਂ ਹਿਜ਼ਕੀਯਾਹ ਪਾਤਸ਼ਾਹ ਅਤੇ ਆਮੋਸ ਦੇ ਪੁੱਤਰ ਯਸਾਯਾਹ ਨਬੀ ਨੇ ਪ੍ਰਾਰਥਨਾ ਕੀਤੀ ਅਤੇ ਆਕਾਸ਼ ਵੱਲ ਦੁਹਾਈ ਦਿੱਤੀ
੨ ਤਵਾਰੀਖ਼ 32 : 21 (IRVPA)
ਤਾਂ ਯਹੋਵਾਹ ਨੇ ਇੱਕ ਦੂਤ ਨੂੰ ਭੇਜਿਆ ਜਿਸ ਨੇ ਅੱਸ਼ੂਰ ਦੇ ਪਾਤਸ਼ਾਹ ਦੇ ਲਸ਼ਕਰਾਂ ਵਿੱਚੋਂ ਸਾਰੇ ਸੂਰਬੀਰਾਂ ਨੂੰ ਅਤੇ ਅਫ਼ਸਰਾਂ ਨੂੰ ਅਤੇ ਸਰਦਾਰਾਂ ਨੂੰ ਮਾਰ ਸੁੱਟਿਆ। ਸੋ ਉਹ ਸ਼ਰਮਿੰਦਾ ਹੋ ਕੇ ਆਪਣੇ ਦੇਸ ਨੂੰ ਮੁੜ ਗਿਆ ਅਤੇ ਜਦ ਉਹ ਆਪਣੇ ਦੇਵਤੇ ਦੇ ਮੰਦਰ ਵਿੱਚ ਗਿਆ ਤਾਂ ਉਹ ਦੀ ਅੰਸ ਵਿੱਚੋਂ ਹੀ ਕਿਸੇ ਉਹ ਨੂੰ ਉੱਥੇ ਹੀ ਤਲਵਾਰ ਨਾਲ ਵੱਢ ਸੁੱਟਿਆ
੨ ਤਵਾਰੀਖ਼ 32 : 22 (IRVPA)
ਐਉਂ ਯਹੋਵਾਹ ਨੇ ਹਿਜ਼ਕੀਯਾਹ ਨੂੰ ਅਤੇ ਯਰੂਸ਼ਲਮ ਦੇ ਵਾਸੀਆਂ ਨੂੰ ਅੱਸ਼ੂਰ ਦੇ ਪਾਤਸ਼ਾਹ ਸਨਹੇਰੀਬ ਦੇ ਹੱਥੋਂ ਬਚਾ ਲਿਆ ਅਤੇ ਹਰ ਪਾਸਿਓਂ ਉਨ੍ਹਾਂ ਦੀ ਅਗਵਾਈ ਕੀਤੀ
੨ ਤਵਾਰੀਖ਼ 32 : 23 (IRVPA)
ਅਤੇ ਬਹੁਤ ਲੋਕ ਯਹੋਵਾਹ ਲਈ ਯਰੂਸ਼ਲਮ ਵਿੱਚ ਚੜ੍ਹਾਵੇ ਲਿਆਏ ਅਤੇ ਯਹੂਦਾਹ ਦੇ ਪਾਤਸ਼ਾਹ ਹਿਜ਼ਕੀਯਾਹ ਦੇ ਲਈ ਬਹੁਮੁੱਲੀਆਂ ਵਸਤੂਆਂ ਲਿਆਏ ਸੋ ਉਹ ਉਸ ਸਮੇਂ ਤੋਂ ਸਾਰੀਆਂ ਕੌਮਾਂ ਦੀ ਨਿਗਾਹ ਵਿੱਚ ਉੱਚਾ ਹੋ ਗਿਆ।
੨ ਤਵਾਰੀਖ਼ 32 : 24 (IRVPA)
ਹਿਜ਼ਕੀਯਾਹ ਦੀ ਬਿਮਾਰੀ ਅਤੇ ਘਮੰਡ
2 ਰਾਜਾ 20:1-3; ਯਸਾ 38:1-3; 39:1-8
ਉਨ੍ਹਾਂ ਦਿਨਾਂ ਵਿੱਚ ਹਿਜ਼ਕੀਯਾਹ ਅਜਿਹਾ ਬਿਮਾਰ ਹੋਇਆ ਜੋ ਮਰਨ ਦੇ ਨੇੜੇ ਜਾ ਪੁੱਜਾ ਅਤੇ ਉਹ ਨੇ ਯਹੋਵਾਹ ਅੱਗੇ ਪ੍ਰਾਰਥਨਾ ਕੀਤੀ ਤਦ ਉਸ ਨੇ ਉਹ ਨੂੰ ਆਖਿਆ ਅਤੇ ਉਹ ਨੂੰ ਇੱਕ ਨਿਸ਼ਾਨ ਦਿੱਤਾ
੨ ਤਵਾਰੀਖ਼ 32 : 25 (IRVPA)
ਪਰ ਹਿਜ਼ਕੀਯਾਹ ਨੇ ਉਸ ਤਰਸ ਦੇ ਅਨੁਸਾਰ ਜੋ ਉਸ ਉੱਤੇ ਕੀਤਾ ਗਿਆ ਸੀ ਕੰਮ ਨਾ ਕੀਤਾ ਕਿਉਂ ਜੋ ਉਹ ਦੇ ਮਨ ਵਿੱਚ ਹੰਕਾਰ ਸਮਾ ਗਿਆ ਸੀ ਇਸ ਲਈ ਉਹ ਦੇ ਉੱਤੇ ਅਤੇ ਯਹੂਦਾਹ ਅਤੇ ਯਰੂਸ਼ਲਮ ਉੱਤੇ ਕਹਿਰ ਭੜਕਿਆ
੨ ਤਵਾਰੀਖ਼ 32 : 26 (IRVPA)
ਜਦ ਹਿਜ਼ਕੀਯਾਹ ਤੇ ਯਰੂਸ਼ਲਮ ਦੇ ਵਾਸੀਆਂ ਨੇ ਆਪਣੇ ਮਨ ਵਿੱਚ ਹੰਕਾਰ ਦੇ ਥਾਂ ਅਧੀਨਗੀ ਫੜੀ ਤਾਂ ਹਿਜ਼ਕੀਯਾਹ ਦੇ ਦਿਨਾਂ ਵਿੱਚ ਉਨ੍ਹਾਂ ਉੱਤੇ ਕਹਿਰ ਨਾ ਪਿਆ।
੨ ਤਵਾਰੀਖ਼ 32 : 27 (IRVPA)
ਹਿਜ਼ਕੀਯਾਹ ਦੀ ਧਨ ਦੌਲਤ ਅਤੇ ਭੜਕ ਹਿਜ਼ਕੀਯਾਹ ਦੀ ਦੌਲਤ ਅਤੇ ਮਾਣ ਬਹੁਤ ਵੱਧ ਗਿਆ ਅਤੇ ਉਸ ਨੇ ਚਾਂਦੀ-ਸੋਨੇ ਅਤੇ ਬਹੁਮੁੱਲੇ ਪੱਥਰਾਂ ਅਤੇ ਮਸਾਲੇ, ਢਾਲਾਂ ਅਤੇ ਹਰ ਪ੍ਰਕਾਰ ਦੀਆਂ ਕੀਮਤੀ ਚੀਜ਼ਾਂ ਦੇ ਲਈ ਖਜ਼ਾਨੇ
੨ ਤਵਾਰੀਖ਼ 32 : 28 (IRVPA)
ਅਤੇ ਅਨਾਜ ਅਤੇ ਮੈ ਅਤੇ ਤੇਲ ਦੇ ਵਾਧੇ ਲਈ ਕੋਠੜੀਆਂ ਅਤੇ ਹਰ ਪ੍ਰਕਾਰ ਦੇ ਪਸ਼ੂਆਂ ਲਈ ਥਾਂ ਅਤੇ ਭੇਡ ਬੱਕਰੀਆਂ ਲਈ ਵਾੜੇ ਬਣਾਏ l
੨ ਤਵਾਰੀਖ਼ 32 : 29 (IRVPA)
ਉਸ ਨੇ ਆਪਣੇ ਲਈ ਸ਼ਹਿਰ ਬਣਾਏ ਅਤੇ ਚੌਣੇ ਅਤੇ ਇੱਜੜ ਅਤੇ ਗਾਂਈਆਂ ਬਲ਼ਦ ਉਸ ਦੇ ਕੋਲ ਬਹੁਤ ਸਨ ਕਿਉਂਕਿ ਪਰਮੇਸ਼ੁਰ ਨੇ ਉਹ ਦੇ ਮਾਲ ਵਿੱਚ ਬਹੁਤ ਵਾਧਾ ਕੀਤਾ ਸੀ l
੨ ਤਵਾਰੀਖ਼ 32 : 30 (IRVPA)
ਇਸੇ ਹਿਜ਼ਕੀਯਾਹ ਨੇ ਗੀਹੋਨ ਦੇ ਪਾਣੀ ਦੇ ਉੱਪਰਲੇ ਸੋਤੇ ਨੂੰ ਬੰਦ ਕਰ ਦਿੱਤਾ ਸੀ ਅਤੇ ਉਹ ਨੂੰ ਦਾਊਦ ਦੇ ਸ਼ਹਿਰ ਦੇ ਲਹਿੰਦੇ ਪਾਸੇ ਵੱਲ ਸਿੱਧਾ ਪਹੁੰਚਾ ਦਿੱਤਾ ਅਤੇ ਹਿਜ਼ਕੀਯਾਹ ਆਪਣੇ ਸਾਰੇ ਕੰਮ ਵਿੱਚ ਸਫ਼ਲ ਹੋਇਆ l
੨ ਤਵਾਰੀਖ਼ 32 : 31 (IRVPA)
ਤਾਂ ਵੀ ਬਾਬਲ ਦੇ ਸਰਦਾਰਾਂ ਦੇ ਸੰਦੇਸ਼ਵਾਹਕਾਂ ਦੀ ਗੱਲ ਵਿੱਚ ਜਿਹੜੇ ਉਹ ਦੇ ਕੋਲ ਭੇਜੇ ਗਏ ਕਿ ਉਹ ਉਸ ਕਰਾਮਾਤ ਦਾ ਹਾਲ ਜਿਹੜੀ ਉਸ ਦੇਸ ਵਿੱਚ ਵਿਖਾਈ ਗਈ ਸੀ ਪਤਾ ਕਰਨ ਪਰਮੇਸ਼ੁਰ ਨੇ ਉਹ ਨੂੰ ਪਰਤਾਉਣ ਲਈ ਛੱਡ ਦਿੱਤਾ ਤਾਂ ਜੋ ਪਤਾ ਕਰੇ ਕਿ ਉਹ ਦੇ ਮਨ ਵਿੱਚ ਕੀ ਹੈ।
੨ ਤਵਾਰੀਖ਼ 32 : 32 (IRVPA)
ਹਿਜ਼ਕੀਯਾਹ ਦੇ ਰਾਜ ਦਾ ਅੰਤ ਅਤੇ ਉਸ ਦੀ ਮੌਤ
2 ਰਾਜਾ 20:20-21
ਹੁਣ ਹਿਜ਼ਕੀਯਾਹ ਦੇ ਬਾਕੀ ਕੰਮ ਅਤੇ ਉਸ ਦੀਆਂ ਮਿਹਰਬਾਨੀਆਂ ਆਮੋਸ ਦੇ ਪੁੱਤਰ ਯਸਾਯਾਹ ਨਬੀ ਦੇ ਦਰਸ਼ਣ ਵਿੱਚ ਅਤੇ ਯਹੂਦਾਹ ਅਤੇ ਇਸਰਾਏਲ ਦੇ ਪਾਤਸ਼ਾਹਾਂ ਦੀ ਪੋਥੀ ਵਿੱਚ ਲਿਖੇ ਹਨ
੨ ਤਵਾਰੀਖ਼ 32 : 33 (IRVPA)
ਅਤੇ ਹਿਜ਼ਕੀਯਾਹ ਮਰ ਕੇ ਆਪਣੇ ਪੁਰਖਿਆਂ ਦੇ ਨਾਲ ਜਾ ਮਿਲਿਆ ਅਤੇ ਉਨ੍ਹਾਂ ਨੇ ਉਸ ਨੂੰ ਦਾਊਦ ਦੀ ਵੰਸ਼ ਦੀਆਂ ਕਬਰਾਂ ਵਿੱਚ ਉੱਚੇ ਥਾਂ ਉੱਤੇ ਦੱਬਿਆ ਅਤੇ ਸਾਰੇ ਯਹੂਦਾਹ ਅਤੇ ਯਰੂਸ਼ਲਮ ਦੇ ਸਾਰੇ ਵਾਸੀਆਂ ਨੇ ਉਹ ਦੀ ਮੌਤ ਉੱਤੇ ਉਸ ਦਾ ਸਤਿਕਾਰ ਕੀਤਾ ਅਤੇ ਉਹ ਦਾ ਪੁੱਤਰ ਮਨੱਸ਼ਹ ਉਹ ਦੇ ਥਾਂ ਰਾਜ ਕਰਨ ਲੱਗਾ।

1 2 3 4 5 6 7 8 9 10 11 12 13 14 15 16 17 18 19 20 21 22 23 24 25 26 27 28 29 30 31 32 33