ਖ਼ਰੋਜ 32 : 1 (IRVPA)
ਸੋਨੇ ਦਾ ਵੱਛਾ
ਬਿਵਸਥਾ 9:6-29
ਜਦ ਲੋਕਾਂ ਨੇ ਵੇਖਿਆ ਕਿ ਮੂਸਾ ਨੇ ਪਰਬਤ ਤੋਂ ਉਤਰਨ ਵਿੱਚ ਚਿਰ ਲਾ ਦਿੱਤਾ ਹੈ ਤਾਂ ਲੋਕਾਂ ਨੇ ਹਾਰੂਨ ਕੋਲ ਇਕੱਠੇ ਹੋ ਕੇ ਉਹ ਨੂੰ ਆਖਿਆ, ਉੱਠ ਅਤੇ ਸਾਡੇ ਲਈ ਦੇਵਤੇ ਬਣਾ ਜਿਹੜੇ ਸਾਡੇ ਅੱਗੇ ਚੱਲਣ ਕਿਉਂ ਜੋ ਇਹ ਮਰਦ ਮੂਸਾ ਜਿਹੜਾ ਸਾਨੂੰ ਮਿਸਰ ਦੇਸ ਤੋਂ ਉਤਾਹਾਂ ਲੈ ਆਇਆ ਹੈ ਅਸੀਂ ਨਹੀਂ ਜਾਣਦੇ ਉਹ ਨੂੰ ਕੀ ਹੋ ਗਿਆ ਹੈ।
ਖ਼ਰੋਜ 32 : 2 (IRVPA)
ਤਾਂ ਹਾਰੂਨ ਨੇ ਉਨ੍ਹਾਂ ਨੂੰ ਆਖਿਆ, ਆਪਣੀਆਂ ਔਰਤਾਂ ਅਤੇ ਆਪਣੇ ਪੁੱਤਰਾਂ ਅਤੇ ਆਪਣੀਆਂ ਧੀਆਂ ਦੇ ਕੰਨਾਂ ਦੇ ਸੋਨੇ ਦੇ ਬਾਲੇ ਤੋੜ ਤਾੜ ਕੇ ਮੇਰੇ ਕੋਲ ਲੈ ਆਓ।
ਖ਼ਰੋਜ 32 : 3 (IRVPA)
ਸੋ ਸਾਰੇ ਲੋਕ ਸੋਨੇ ਦੇ ਬਾਲੇ ਜੋ ਉਨ੍ਹਾਂ ਦੇ ਕੰਨਾਂ ਵਿੱਚ ਸਨ ਤੋੜ ਤਾੜ ਕੇ ਹਾਰੂਨ ਦੇ ਕੋਲ ਲੈ ਆਏ
ਖ਼ਰੋਜ 32 : 4 (IRVPA)
ਤਾਂ ਉਸ ਨੇ ਉਹ ਉਨ੍ਹਾਂ ਦੇ ਹੱਥੋਂ ਲੈ ਲਏ ਅਤੇ ਉਨ੍ਹਾਂ ਨੂੰ ਢਾਲ਼ ਕੇ ਇੱਕ ਉੱਕਰਨ ਵਾਲੇ ਸੰਦ ਨਾਲ ਘੜ੍ਹ ਕੇ ਉਹ ਦਾ ਇੱਕ ਵੱਛਾ ਬਣਾਇਆ ਤਾਂ ਉਨ੍ਹਾਂ ਨੇ ਆਖਿਆ, ਹੇ ਇਸਰਾਏਲ ਇਹ ਹੈ ਤੇਰਾ ਦੇਵਤਾ ਜਿਹੜਾ ਤੈਨੂੰ ਮਿਸਰ ਦੇਸ ਤੋਂ ਉਤਾਹਾਂ ਲੈ ਆਇਆ।
ਖ਼ਰੋਜ 32 : 5 (IRVPA)
ਜਦ ਹਾਰੂਨ ਨੇ ਇਹ ਡਿੱਠਾ ਤਾਂ ਉਸ ਦੇ ਅੱਗੇ ਇੱਕ ਜਗਵੇਦੀ ਬਣਾਈ ਤਾਂ ਹਾਰੂਨ ਨੇ ਪੁਕਾਰ ਕੇ ਆਖਿਆ, ਕੱਲ ਯਹੋਵਾਹ ਦਾ ਪਰਬ ਹੈ
ਖ਼ਰੋਜ 32 : 6 (IRVPA)
ਤਾਂ ਉਹ ਅਗਲੇ ਦਿਨ ਸਵੇਰ ਨੂੰ ਉੱਠੇ ਅਤੇ ਹੋਮ ਦੀਆਂ ਬਲੀਆਂ ਚੜ੍ਹਾਈਆਂ ਅਤੇ ਸੁੱਖ-ਸਾਂਦ ਦੀਆਂ ਭੇਟਾਂ ਲਿਆਏ ਤਾਂ ਲੋਕ ਖਾਣ-ਪੀਣ ਨੂੰ ਬੈਠੇ ਅਤੇ ਹੱਸਣ ਖੇਡਣ ਨੂੰ ਉੱਠੇ।
ਖ਼ਰੋਜ 32 : 7 (IRVPA)
ਤਾਂ ਯਹੋਵਾਹ ਨੇ ਮੂਸਾ ਨੂੰ ਆਖਿਆ, ਹੇਠਾਂ ਨੂੰ ਜਾ ਕਿਉਂਕਿ ਤੇਰੇ ਲੋਕ ਜਿਨ੍ਹਾਂ ਨੂੰ ਤੂੰ ਮਿਸਰ ਦੇਸ ਤੋਂ ਉਤਾਹਾਂ ਲਿਆਇਆ ਹੈਂ ਭਰਿਸ਼ਟ ਹੋ ਗਏ ਹਨ।
ਖ਼ਰੋਜ 32 : 8 (IRVPA)
ਉਹ ਉਸ ਰਾਹ ਤੋਂ ਛੇਤੀ ਨਾਲ ਫਿਰ ਗਏ ਹਨ ਜਿਹ ਦਾ ਮੈਂ ਉਨ੍ਹਾਂ ਨੂੰ ਹੁਕਮ ਦਿੱਤਾ ਸੀ ਅਤੇ ਉਨ੍ਹਾਂ ਦੇ ਢਾਲ਼ ਕੇ ਆਪਣੇ ਲਈ ਇੱਕ ਵੱਛਾ ਬਣਾਇਆ ਅਤੇ ਉਹ ਦੇ ਅੱਗੇ ਮੱਥਾ ਟੇਕਿਆ ਅਤੇ ਉਹ ਦੇ ਅੱਗੇ ਭੇਟ ਚੜ੍ਹਾ ਦੇ ਉਨ੍ਹਾਂ ਆਖਿਆ, ਹੇ ਇਸਰਾਏਲ ਇਹ ਹੈ ਤੇਰਾ ਦੇਵਤਾ ਜਿਹੜਾ ਤੈਨੂੰ ਮਿਸਰ ਦੇਸ ਤੋਂ ਉਤਾਹਾਂ ਲੈ ਆਇਆ।
ਖ਼ਰੋਜ 32 : 9 (IRVPA)
ਤਦ ਯਹੋਵਾਹ ਨੇ ਮੂਸਾ ਨੂੰ ਆਖਿਆ, ਮੈਂ ਇਨ੍ਹਾਂ ਲੋਕਾਂ ਨੂੰ ਡਿੱਠਾ ਹੈ, ਵੇਖ ਇਹ ਲੋਕ ਹਠੀ ਹਨ।
ਖ਼ਰੋਜ 32 : 10 (IRVPA)
ਹੁਣ ਤੂੰ ਮੈਨੂੰ ਇਕੱਲਾ ਹੋਣ ਦੇ ਤਾਂ ਜੋ ਮੇਰਾ ਕ੍ਰੋਧ ਉਨ੍ਹਾਂ ਦੇ ਵਿਰੁੱਧ ਭੜਕੇ ਅਤੇ ਮੈਂ ਉਨ੍ਹਾਂ ਨੂੰ ਭਸਮ ਕਰ ਸੁੱਟਾਂ ਅਤੇ ਮੈਂ ਤੇਰੇ ਕੋਲੋਂ ਇੱਕ ਵੱਡੀ ਕੌਮ ਬਣਾਵਾਂਗਾ।
ਖ਼ਰੋਜ 32 : 11 (IRVPA)
ਤਾਂ ਮੂਸਾ ਨੇ ਯਹੋਵਾਹ ਆਪਣੇ ਪਰਮੇਸ਼ੁਰ ਦੇ ਅੱਗੇ ਤਰਲੇ ਪਾ ਕੇ ਆਖਿਆ, ਹੇ ਯਹੋਵਾਹ ਤੇਰਾ ਕ੍ਰੋਧ ਤੇਰੇ ਲੋਕਾਂ ਦੇ ਵਿਰੁੱਧ ਕਿਉਂ ਭੜਕਿਆ ਹੈ ਜਿਨ੍ਹਾਂ ਨੂੰ ਤੂੰ ਮਿਸਰ ਦੇਸ ਤੋਂ ਵੱਡੀ ਸ਼ਕਤੀ ਅਤੇ ਬਲਵੰਤ ਹੱਥ ਨਾਲ ਕੱਢ ਕੇ ਲੈ ਆਇਆ ਹੈਂ।
ਖ਼ਰੋਜ 32 : 12 (IRVPA)
ਮਿਸਰੀ ਕਿਉਂ ਆਖਣ ਕਿ ਉਹ ਉਨ੍ਹਾਂ ਨੂੰ ਬੁਰਿਆਈ ਲਈ ਲੈ ਗਿਆ, ਤਾਂ ਜੋ ਉਨ੍ਹਾਂ ਨੂੰ ਪਹਾੜਾਂ ਵਿੱਚ ਮਾਰ ਸੁੱਟੇ ਅਤੇ ਉਨ੍ਹਾਂ ਨੂੰ ਧਰਤੀ ਉੱਤੋਂ ਮੁਕਾ ਦੇਵੇ? ਤੂੰ ਆਪਣੇ ਕ੍ਰੋਧ ਦੇ ਭੜਕਣ ਨੂੰ ਮੋੜ ਲੈ ਅਤੇ ਆਪਣੇ ਲੋਕਾਂ ਉੱਤੇ ਬੁਰਿਆਈ ਲਿਆਉਣ ਤੋਂ ਹਟ ਜਾ।
ਖ਼ਰੋਜ 32 : 13 (IRVPA)
ਤੂੰ ਆਪਣੇ ਸੇਵਕ ਅਬਰਾਹਾਮ, ਇਸਹਾਕ ਅਤੇ ਇਸਰਾਏਲ ਨੂੰ ਚੇਤੇ ਕਰ ਜਿਨ੍ਹਾਂ ਨਾਲ ਤੂੰ ਆਪਣੀ ਹੀ ਸਹੁੰ ਖਾ ਕੇ ਆਖਿਆ ਸੀ ਕਿ ਮੈਂ ਤੁਹਾਡੀ ਸੰਤਾਨ ਅਕਾਸ਼ ਦੇ ਤਾਰਿਆਂ ਵਾਂਗੂੰ ਵਧਾਵਾਂਗਾ ਅਤੇ ਇਹ ਸਾਰਾ ਦੇਸ ਜਿਸ ਦੇ ਲਈ ਮੈਂ ਆਖਿਆ ਹੈ ਮੈਂ ਉਹ ਤੁਹਾਡੀ ਸੰਤਾਨ ਨੂੰ ਦੇਵਾਂਗਾ ਅਤੇ ਉਹ ਸਦਾ ਲਈ ਉਹ ਦੇ ਅਧਿਕਾਰੀ ਹੋਣਗੇ।
ਖ਼ਰੋਜ 32 : 14 (IRVPA)
ਤਾਂ ਯਹੋਵਾਹ ਉਸ ਬੁਰਿਆਈ ਤੋਂ ਹਟ ਗਿਆ ਜਿਹੜੀ ਆਪਣੇ ਲੋਕਾਂ ਨਾਲ ਕਰਨ ਲਈ ਬੋਲਿਆ ਸੀ।
ਖ਼ਰੋਜ 32 : 15 (IRVPA)
ਤਾਂ ਮੂਸਾ ਮੁੜ ਕੇ ਪਰਬਤ ਤੋਂ ਹੇਠਾਂ ਨੂੰ ਆਇਆ ਅਤੇ ਨੇਮ ਦੀਆਂ ਦੋ ਫੱਟੀਆਂ ਉਸ ਦੇ ਹੱਥ ਵਿੱਚ ਸਨ। ਉਹ ਫੱਟੀਆਂ ਦੋਹਾਂ ਪਾਸਿਆਂ ਤੋਂ ਲਿਖੀਆਂ ਹੋਈਆਂ ਸਨ ਇੱਕ ਪਾਸਿਓਂ ਅਤੇ ਦੂਜੇ ਪਾਸਿਓਂ ਵੀ ਲਿਖੀਆਂ ਹੋਈਆਂ ਸਨ
ਖ਼ਰੋਜ 32 : 16 (IRVPA)
ਅਤੇ ਫੱਟੀਆਂ ਪਰਮੇਸ਼ੁਰ ਦਾ ਕੰਮ ਸੀ ਅਤੇ ਉਨ੍ਹਾਂ ਦੀ ਲਿਖਤ ਪਰਮੇਸ਼ੁਰ ਦੀ ਲਿਖਤ ਸੀ ਜਿਹੜੀ ਫੱਟੀਆਂ ਉੱਤੇ ਉੱਕਰੀ ਹੋਈ ਸੀ।
ਖ਼ਰੋਜ 32 : 17 (IRVPA)
ਤਾਂ ਯਹੋਸ਼ੁਆ ਨੇ ਲੋਕਾਂ ਦੀ ਅਵਾਜ਼ ਸੁਣੀ ਜਿਹੜੇ ਡੰਡ ਪਾਉਂਦੇ ਸਨ ਤਾਂ ਉਸ ਨੇ ਮੂਸਾ ਨੂੰ ਆਖਿਆ, ਡੇਰੇ ਵਿੱਚ ਲੜਾਈ ਦੀ ਅਵਾਜ਼ ਹੈ।
ਖ਼ਰੋਜ 32 : 18 (IRVPA)
ਤਾਂ ਉਸ ਆਖਿਆ, ਇਹ ਰੌਲ਼ਾ ਨਾ ਤਾਂ ਫਤਹ ਪਾਉਣ ਵਾਲਿਆਂ ਦਾ ਹੈ ਅਤੇ ਨਾ ਇਹ ਰੌਲ਼ਾ ਹਾਰਨ ਵਾਲਿਆਂ ਦਾ ਹੈ ਪਰ ਮੈਂ ਗਾਉਣ ਵਾਲਿਆਂ ਦੀ ਅਵਾਜ਼ ਸੁਣਦਾ ਹਾਂ।
ਖ਼ਰੋਜ 32 : 19 (IRVPA)
ਤਾਂ ਇਸ ਤਰ੍ਹਾਂ ਹੋਇਆ ਜਦੋਂ ਉਹ ਡੇਰੇ ਦੇ ਨੇੜੇ ਆਇਆ ਤਾਂ ਉਸ ਨੇ ਵੱਛੇ ਅਤੇ ਨੱਚਣ ਨੂੰ ਵੇਖਿਆ ਤਾਂ ਮੂਸਾ ਦਾ ਕ੍ਰੋਧ ਬਹੁਤ ਭੜਕ ਉੱਠਿਆ ਅਤੇ ਉਸ ਨੇ ਫੱਟੀਆਂ ਆਪਣੇ ਹੱਥਾਂ ਤੋਂ ਸੁੱਟ ਦਿੱਤੀਆਂ ਪਰਬਤ ਦੇ ਹੇਠ ਉਹਨਾਂ ਨੂੰ ਭੰਨ ਸੁੱਟਿਆ
ਖ਼ਰੋਜ 32 : 20 (IRVPA)
ਅਤੇ ਉਸ ਵੱਛੇ ਨੂੰ ਜਿਹੜਾ ਉਨ੍ਹਾਂ ਨੇ ਬਣਾਇਆ ਸੀ ਲੈ ਕੇ ਅੱਗ ਵਿੱਚ ਸਾੜ ਸੁੱਟਿਆ ਅਤੇ ਪੀਹ ਕੇ ਧੂੜ ਜਿਹਾ ਮਹੀਨ ਕਰ ਦਿੱਤਾ ਅਤੇ ਪਾਣੀ ਉੱਤੇ ਖਿਲਾਰ ਦਿੱਤਾ ਅਤੇ ਇਸਰਾਏਲੀਆਂ ਨੂੰ ਪਿਲਾ ਛੱਡਿਆ।
ਖ਼ਰੋਜ 32 : 21 (IRVPA)
ਤਾਂ ਮੂਸਾ ਨੇ ਹਾਰੂਨ ਨੂੰ ਆਖਿਆ, ਤੈਨੂੰ ਇਨ੍ਹਾਂ ਲੋਕਾਂ ਨੇ ਕੀ ਕਰ ਦਿੱਤਾ ਜੋ ਤੂੰ ਉਨ੍ਹਾਂ ਉੱਤੇ ਵੱਡਾ ਪਾਪ ਲਿਆਇਆ?
ਖ਼ਰੋਜ 32 : 22 (IRVPA)
ਅੱਗੋਂ ਹਾਰੂਨ ਨੇ ਆਖਿਆ, ਮੇਰੇ ਸੁਆਮੀ ਦਾ ਕ੍ਰੋਧ ਨਾ ਭੜਕੇ। ਤੂੰ ਲੋਕਾਂ ਨੂੰ ਜਾਣਦਾ ਹੈਂ ਕਿ ਉਹ ਬੁਰਿਆਈ ਉੱਤੇ ਤਿਆਰ ਹਨ
ਖ਼ਰੋਜ 32 : 23 (IRVPA)
ਕਿਉਂ ਜੋ ਉਨ੍ਹਾਂ ਨੇ ਮੈਨੂੰ ਆਖਿਆ, ਸਾਡੇ ਲਈ ਦੇਵਤੇ ਬਣਾ ਜਿਹੜੇ ਸਾਡੇ ਅੱਗੇ ਚੱਲਣ ਕਿਉਂ ਜੋ ਇਹ ਮਰਦ ਮੂਸਾ ਜਿਹੜਾ ਸਾਨੂੰ ਮਿਸਰ ਦੇਸ ਤੋਂ ਉਤਾਹਾਂ ਲੈ ਆਇਆ ਅਸੀਂ ਨਹੀਂ ਜਾਣਦੇ ਕਿ ਉਹ ਨੂੰ ਕੀ ਹੋਇਆ।
ਖ਼ਰੋਜ 32 : 24 (IRVPA)
ਤਾਂ ਮੈਂ ਉਨ੍ਹਾਂ ਨੂੰ ਆਖਿਆ, ਜਿਨ੍ਹਾਂ ਕੋਲ ਸੋਨਾ ਹੈ ਉਹ ਭੰਨਣ ਤੋੜਨ ਤਾਂ ਉਨ੍ਹਾਂ ਨੇ ਮੈਨੂੰ ਦਿੱਤਾ ਅਤੇ ਮੈਂ ਉਸ ਨੂੰ ਅੱਗ ਵਿੱਚ ਸੁੱਟ ਦਿੱਤਾ ਅਤੇ ਇਹ ਵੱਛਾ ਨਿੱਕਲ ਆਇਆ।
ਖ਼ਰੋਜ 32 : 25 (IRVPA)
ਤਦ ਮੂਸਾ ਨੇ ਲੋਕਾਂ ਨੂੰ ਵੇਖਿਆ ਕਿ ਉਹ ਬੇ-ਲਗ਼ਾਮ ਹਨ ਕਿਉਂ ਜੋ ਹਾਰੂਨ ਨੇ ਉਨ੍ਹਾਂ ਦੇ ਵੈਰੀਆਂ ਦੇ ਸਾਹਮਣੇ ਉਨ੍ਹਾਂ ਦਾ ਮਖ਼ੌਲ ਉਡਾਉਣ ਲਈ ਉਨ੍ਹਾਂ ਨੂੰ ਬੇ-ਲਗ਼ਾਮ ਕੀਤਾ।
ਖ਼ਰੋਜ 32 : 26 (IRVPA)
ਮੂਸਾ ਨੇ ਡੇਰੇ ਦੇ ਫਾਟਕ ਕੋਲ ਖੜੇ ਹੋ ਕੇ ਆਖਿਆ, ਜਿਹੜਾ ਯਹੋਵਾਹ ਦੇ ਪਾਸੇ ਵੱਲ ਹੈ ਉਹ ਮੇਰੇ ਕੋਲ ਆਵੇ ਤਾਂ ਸਾਰੇ ਲੇਵੀਆਂ ਨੇ ਆਪਣੇ ਆਪ ਨੂੰ ਉਸ ਦੇ ਕੋਲ ਇਕੱਠਾ ਕਰ ਲਿਆ।
ਖ਼ਰੋਜ 32 : 27 (IRVPA)
ਉਸ ਨੇ ਉਨ੍ਹਾਂ ਨੂੰ ਆਖਿਆ, ਯਹੋਵਾਹ ਇਸਰਾਏਲ ਦਾ ਪਰਮੇਸ਼ੁਰ ਇਸ ਤਰ੍ਹਾਂ ਆਖਦਾ ਹੈ ਕਿ ਸਭ ਮਨੁੱਖ ਆਪਣੀਆਂ ਤਲਵਾਰਾਂ ਲੱਕ ਨਾਲ ਬੰਨ੍ਹ ਕੇ ਡੇਰੇ ਦੇ ਵਿੱਚ ਦੀ ਫਾਟਕ ਤੋਂ ਫਾਟਕ ਤੱਕ ਆਉਂਦੇ ਜਾਂਦੇ ਆਪਣੇ ਭਰਾ ਆਪਣੇ ਸਾਥੀ ਅਤੇ ਆਪਣੇ ਗੁਆਂਢੀ ਨੂੰ ਵੱਢ ਸੁੱਟਣ।
ਖ਼ਰੋਜ 32 : 28 (IRVPA)
ਤਾਂ ਲੇਵੀਆਂ ਨੇ ਮੂਸਾ ਦੇ ਬੋਲ ਅਨੁਸਾਰ ਕੀਤਾ ਅਤੇ ਉਸ ਦਿਨ ਲੋਕਾਂ ਵਿੱਚੋਂ ਤਿੰਨ ਹਜ਼ਾਰ ਮਨੁੱਖ ਡਿੱਗੇ।
ਖ਼ਰੋਜ 32 : 29 (IRVPA)
ਮੂਸਾ ਨੇ ਆਖਿਆ, ਅੱਜ ਤੁਸੀਂ ਆਪਣੇ ਆਪ ਨੂੰ ਯਹੋਵਾਹ ਲਈ ਅਰਪਣ ਕਰੋ। ਹਾਂ, ਹਰ ਇੱਕ ਮਨੁੱਖ ਆਪਣੇ ਪੁੱਤਰ ਅਤੇ ਆਪਣੇ ਭਰਾ ਦੇ ਵਿਰੁੱਧ ਹੋਵੇ ਤਾਂ ਜੋ ਉਹ ਅੱਜ ਤੁਹਾਨੂੰ ਬਰਕਤ ਦੇਵੇ।
ਖ਼ਰੋਜ 32 : 30 (IRVPA)
ਅਗਲੇ ਦਿਨ ਇਸ ਤਰ੍ਹਾਂ ਹੋਇਆ ਕਿ ਮੂਸਾ ਨੇ ਲੋਕਾਂ ਨੂੰ ਆਖਿਆ, ਤੁਸੀਂ ਵੱਡਾ ਪਾਪ ਕੀਤਾ ਅਤੇ ਮੈਂ ਹੁਣ ਯਹੋਵਾਹ ਦੇ ਕੋਲ ਉਤਾਹਾਂ ਜਾਂਦਾ ਹਾਂ। ਸ਼ਾਇਦ ਮੈਂ ਤੁਹਾਡੇ ਪਾਪ ਦਾ ਪ੍ਰਾਸਚਿਤ ਕਰਾਂ।
ਖ਼ਰੋਜ 32 : 31 (IRVPA)
ਸੋ ਮੂਸਾ ਯਹੋਵਾਹ ਦੇ ਕੋਲ ਮੁੜ ਗਿਆ ਅਤੇ ਆਖਿਆ, ਹਾਏ ਇਨ੍ਹਾਂ ਲੋਕਾਂ ਨੇ ਵੱਡਾ ਪਾਪ ਕੀਤਾ ਜੋ ਆਪਣੇ ਲਈ ਸੋਨੇ ਦੇ ਦੇਵਤੇ ਬਣਾਏ
ਖ਼ਰੋਜ 32 : 32 (IRVPA)
ਹੁਣ ਤੂੰ ਉਨ੍ਹਾਂ ਦਾ ਪਾਪ ਮਾਫ਼ ਕਰੀਂ ਅਤੇ ਜੇ ਨਹੀਂ ਤਾਂ ਆਪਣੀ ਪੋਥੀ ਵਿੱਚੋਂ ਜਿਹੜੀ ਤੂੰ ਲਿਖੀ ਹੈ ਮੈਨੂੰ ਮਿਟਾ ਸੁੱਟੀਂ।
ਖ਼ਰੋਜ 32 : 33 (IRVPA)
ਤਾਂ ਯਹੋਵਾਹ ਨੇ ਮੂਸਾ ਨੂੰ ਆਖਿਆ, ਜਿਸ ਮੇਰਾ ਪਾਪ ਕੀਤਾ ਮੈਂ ਉਸ ਨੂੰ ਆਪਣੀ ਪੋਥੀ ਵਿੱਚੋਂ ਮਿਟਾ ਸੁੱਟਾਂਗਾ।
ਖ਼ਰੋਜ 32 : 34 (IRVPA)
ਹੁਣ ਜਾ ਲੋਕਾਂ ਨੂੰ ਉੱਥੇ ਲੈ ਜਾ ਜਿਹ ਦੇ ਲਈ ਮੈਂ ਤੈਨੂੰ ਬੋਲਿਆ ਸੀ ਅਤੇ ਵੇਖ ਮੇਰਾ ਦੂਤ ਤੇਰੇ ਅੱਗੇ ਤੁਰੇਗਾ ਪਰ ਮੈਂ ਆਪਣੇ ਬਦਲੇ ਦੇ ਦਿਨ ਉਨ੍ਹਾਂ ਦੇ ਪਾਪ ਦਾ ਬਦਲਾ ਉਨ੍ਹਾਂ ਤੋਂ ਲਵਾਂਗਾ।
ਖ਼ਰੋਜ 32 : 35 (IRVPA)
ਅਤੇ ਯਹੋਵਾਹ ਨੇ ਵੱਛਾ ਬਣਾਉਣ ਦੇ ਕਾਰਨ ਜਿਹ ਨੂੰ ਹਾਰੂਨ ਨੇ ਬਣਾਇਆ ਸੀ ਲੋਕਾਂ ਨੂੰ ਮਾਰਿਆ।

1 2 3 4 5 6 7 8 9 10 11 12 13 14 15 16 17 18 19 20 21 22 23 24 25 26 27 28 29 30 31 32 33 34 35