ਕਜ਼ਾ 16 : 1 (IRVPA)
ਅੱਜ਼ਾਹ ਨਗਰ ਵਿੱਚ ਸਮਸੂਨ ਫੇਰ ਸਮਸੂਨ ਅੱਜ਼ਾਹ* ਫ਼ਲਿਸਤੀ ਸ਼ਹਿਰ ਨੂੰ ਗਿਆ ਅਤੇ ਉੱਥੇ ਇੱਕ ਵੇਸਵਾ ਨੂੰ ਵੇਖ ਕੇ ਉਸ ਦੇ ਕੋਲ ਅੰਦਰ ਗਿਆ।
ਕਜ਼ਾ 16 : 2 (IRVPA)
ਜਦ ਅੱਜ਼ਾਹ ਦੇ ਲੋਕਾਂ ਨੂੰ ਖ਼ਬਰ ਮਿਲੀ ਕਿ ਸਮਸੂਨ ਇੱਥੇ ਆਇਆ ਹੈ ਤਾਂ ਉਨ੍ਹਾਂ ਨੇ ਉਸ ਨੂੰ ਘੇਰ ਲਿਆ, ਅਤੇ ਸਾਰੀ ਰਾਤ ਸ਼ਹਿਰ ਦੇ ਫਾਟਕ ਉੱਤੇ ਉਸ ਦੀ ਘਾਤ ਵਿੱਚ ਬੈਠੇ ਰਹੇ। ਉਹ ਸਾਰੀ ਰਾਤ ਇਹ ਕਹਿ ਕੇ ਚੁੱਪ-ਚਾਪ ਰਹੇ ਕਿ ਸਵੇਰ ਹੁੰਦੇ ਹੀ ਅਸੀਂ ਉਸ ਨੂੰ ਮਾਰ ਦਿਆਂਗੇ।
ਕਜ਼ਾ 16 : 3 (IRVPA)
ਪਰ ਸਮਸੂਨ ਅੱਧੀ ਰਾਤ ਤੱਕ ਪਿਆ ਰਿਹਾ ਅਤੇ ਅੱਧੀ ਰਾਤ ਨੂੰ ਉੱਠ ਕੇ ਸ਼ਹਿਰ ਦੇ ਫਾਟਕ ਦੇ ਦੋਹਾਂ ਪੱਲਿਆਂ ਨੂੰ ਕਬਜ਼ਿਆਂ ਸਮੇਤ ਪੁੱਟ ਲਿਆ ਅਤੇ ਉਨ੍ਹਾਂ ਨੂੰ ਆਪਣੇ ਮੋਢਿਆਂ ਉੱਤੇ ਚੁੱਕ ਕੇ ਉਸ ਪਰਬਤ ਦੀ ਚੋਟੀ ਉੱਤੇ ਲੈ ਗਿਆ ਜੋ ਹਬਰੋਨ ਦੇ ਸਾਹਮਣੇ ਹੈ!
ਕਜ਼ਾ 16 : 4 (IRVPA)
ਸਮਸੂਨ ਅਤੇ ਦਲੀਲਾਹ ਕੁਝ ਸਮੇਂ ਬਾਅਦ ਅਜਿਹਾ ਹੋਇਆ ਕਿ ਉਹ ਸੋਰੇਕ ਦੀ ਘਾਟੀ ਵਿੱਚ ਰਹਿਣ ਵਾਲੀ ਇੱਕ ਇਸਤਰੀ ਨਾਲ ਪਿਆਰ ਕਰਨ ਲੱਗਾ ਜਿਸ ਦਾ ਨਾਮ ਦਲੀਲਾਹ ਸੀ।
ਕਜ਼ਾ 16 : 5 (IRVPA)
ਫ਼ਲਿਸਤੀਆਂ ਦੇ ਸਰਦਾਰਾਂ ਨੇ ਉਸ ਇਸਤਰੀ ਦੇ ਕੋਲ ਜਾ ਕੇ ਕਿਹਾ, “ਤੂੰ ਉਸ ਨੂੰ ਫੁਸਲਾ ਕੇ ਪਤਾ ਕਰ ਕਿ ਉਸ ਦੀ ਵੱਡੀ ਸ਼ਕਤੀ ਦਾ ਕੀ ਭੇਤ ਹੈ ਅਤੇ ਅਸੀਂ ਉਸ ਨੂੰ ਕਿਸ ਤਰ੍ਹਾਂ ਵੱਸ ਵਿੱਚ ਕਰੀਏ ਕਿ ਉਸ ਨੂੰ ਬੰਨ੍ਹ ਕੇ ਅਧੀਨ ਕਰ ਲਈਏ, ਤਾਂ ਸਾਡੇ ਸਾਰਿਆਂ ਵਿੱਚੋਂ ਹਰ ਇੱਕ ਵਿਅਕਤੀ ਤੈਨੂੰ ਗਿਆਰਾਂ-ਗਿਆਰਾਂ ਸੌ ਚਾਂਦੀ† 60 ਕਿਲੋਗ੍ਰਾਮ ਦੇ ਸਿੱਕੇ ਦੇਵੇਗਾ।”
ਕਜ਼ਾ 16 : 6 (IRVPA)
ਤਦ ਦਲੀਲਾਹ ਨੇ ਸਮਸੂਨ ਨੂੰ ਕਿਹਾ, “ਮੈਨੂੰ ਇਹ ਦੱਸ ਕਿ ਤੇਰੀ ਇਸ ਵੱਡੀ ਸ਼ਕਤੀ ਦਾ ਕੀ ਭੇਤ ਹੈ, ਅਤੇ ਤੈਨੂੰ ਕੋਈ ਕਿਸ ਤਰ੍ਹਾਂ ਬੰਨ੍ਹੇ ਕਿ ਤੈਨੂੰ ਅਧੀਨ ਕਰ ਲਵੇ?”
ਕਜ਼ਾ 16 : 7 (IRVPA)
ਸਮਸੂਨ ਨੇ ਉਸ ਨੂੰ ਕਿਹਾ, “ਜੇਕਰ ਕੋਈ ਮੈਨੂੰ ਸੱਤ ਹਰੀਆਂ ਛੰਮਕਾਂ ਨਾਲ ਬੰਨ੍ਹੇ ਜੋ ਸੁੱਕੀਆਂ ਨਾ ਹੋਣ, ਤਾਂ ਮੇਰਾ ਬਲ ਘੱਟ ਜਾਵੇਗਾ ਅਤੇ ਮੈਂ ਸਧਾਰਨ ਮਨੁੱਖਾਂ ਵਰਗਾ ਹੀ ਹੋ ਜਾਂਵਾਂਗਾ।”
ਕਜ਼ਾ 16 : 8 (IRVPA)
ਤਦ ਫ਼ਲਿਸਤੀਆਂ ਦੇ ਸਰਦਾਰ ਸੱਤ ਹਰੀਆਂ ਛੰਮਕਾਂ ਜੋ ਅਜੇ ਸੁੱਕੀਆਂ ਨਹੀਂ ਸਨ, ਉਸ ਇਸਤਰੀ ਕੋਲ ਲੈ ਆਏ ਅਤੇ ਉਸ ਨੇ ਉਨ੍ਹਾਂ ਨਾਲ ਸਮਸੂਨ ਨੂੰ ਬੰਨ੍ਹਿਆ।
ਕਜ਼ਾ 16 : 9 (IRVPA)
ਉਸ ਦੇ ਕੋਲ ਕੁਝ ਮਨੁੱਖ ਕੋਠੜੀ ਦੇ ਅੰਦਰ ਘਾਤ ਲਾ ਕੇ ਬੈਠੇ ਸਨ। ਤਦ ਦਲੀਲਾਹ ਨੇ ਉਸ ਨੂੰ ਕਿਹਾ, “ਹੇ ਸਮਸੂਨ, ਫ਼ਲਿਸਤੀ ਤੇਰੇ ਉੱਤੇ ਚੜ੍ਹ ਆਏ ਹਨ!” ਤਾਂ ਉਸ ਨੇ ਛੰਮਕਾਂ ਨੂੰ ਇਸ ਤਰ੍ਹਾਂ ਤੋੜ ਦਿੱਤਾ ਜਿਵੇਂ ਸਣ ਦੀ ਲੱਟ ਅੱਗ ਨਾਲ ਸੜ ਜਾਂਦੀ ਹੈ, ਅਤੇ ਉਸ ਦੀ ਸ਼ਕਤੀ ਦਾ ਪਤਾ ਨਾ ਲੱਗਾ।
ਕਜ਼ਾ 16 : 10 (IRVPA)
ਤਦ ਦਲੀਲਾਹ ਨੇ ਸਮਸੂਨ ਨੂੰ ਕਿਹਾ, “ਵੇਖ ਤੂੰ ਮੇਰੇ ਨਾਲ ਮਖ਼ੌਲ ਕੀਤਾ ਅਤੇ ਮੈਨੂੰ ਝੂਠ ਆਖਿਆ, ਹੁਣ ਮੈਨੂੰ ਦੱਸ ਕਿ ਤੂੰ ਕਿਸ ਤਰ੍ਹਾਂ ਬੰਨ੍ਹਿਆ ਜਾ ਸਕਦਾ ਹੈਂ।”
ਕਜ਼ਾ 16 : 11 (IRVPA)
ਉਸ ਨੇ ਉਹ ਨੂੰ ਕਿਹਾ, “ਜੇਕਰ ਮੈਨੂੰ ਨਵੀਆਂ ਰੱਸੀਆਂ ਨਾਲ ਜੋ ਕਦੀ ਵਰਤੀਆਂ ਨਾ ਗਈਆਂ ਹੋਣ, ਘੁੱਟ ਕੇ ਬੰਨ੍ਹਿਆ ਜਾਵੇ ਤਾਂ ਮੈਂ ਨਿਰਬਲ ਹੋ ਜਾਂਵਾਂਗਾ ਅਤੇ ਸਧਾਰਨ ਮਨੁੱਖ ਵਰਗਾ ਹੋ ਜਾਂਵਾਂਗਾ।”
ਕਜ਼ਾ 16 : 12 (IRVPA)
ਤਦ ਦਲੀਲਾਹ ਨਵੀਆਂ ਰੱਸੀਆਂ ਲਿਆਈ ਅਤੇ ਉਨ੍ਹਾਂ ਨਾਲ ਉਸ ਨੂੰ ਬੰਨ੍ਹ ਕੇ ਕਿਹਾ, “ਹੇ ਸਮਸੂਨ, ਫ਼ਲਿਸਤੀ ਤੇਰੇ ਉੱਤੇ ਚੜ੍ਹ ਆਏ!” ਅਤੇ ਘਾਤ ਲਾਉਣ ਵਾਲੇ ਉਸ ਕੋਠੜੀ ਵਿੱਚ ਲੁਕੇ ਹੋਏ ਸਨ। ਤਦ ਉਸ ਨੇ ਆਪਣੀਆਂ ਬਾਹਾਂ ਉੱਤੋਂ ਰੱਸੀਆਂ ਨੂੰ ਧਾਗੇ ਵਾਂਗੂੰ ਤੋੜ ਸੁੱਟਿਆ।
ਕਜ਼ਾ 16 : 13 (IRVPA)
ਫਿਰ ਦਲੀਲਾਹ ਨੇ ਸਮਸੂਨ ਨੂੰ ਕਿਹਾ, “ਇਸ ਵਾਰ ਵੀ ਤੂੰ ਮੇਰੇ ਨਾਲ ਮਖ਼ੌਲ ਹੀ ਕੀਤਾ ਅਤੇ ਝੂਠ ਬੋਲਿਆ ਹੈ, ਪਰ ਮੈਨੂੰ ਦੱਸ ਕਿ ਤੈਨੂੰ ਕਿਸ ਤਰ੍ਹਾਂ ਬੰਨ੍ਹਿਆ ਜਾ ਸਕਦਾ ਹੈ?” ਉਸ ਨੇ ਉਹ ਨੂੰ ਕਿਹਾ, “ਜੇ ਤੂੰ ਮੇਰੇ ਸਿਰ ਦੀਆਂ ਸੱਤੇ ਲਟਾਂ ਤਾਣੇ ਦੇ ਵਿੱਚ ਬੁਣ ਦੇਵੇਂ ਤਾਂ ਮੈਂ ਬੰਨ੍ਹਿਆ ਜਾਂਵਾਂਗਾ।”
ਕਜ਼ਾ 16 : 14 (IRVPA)
ਤਦ ਉਸ ਨੇ ਉਹ ਨੂੰ ਕਿੱਲੀ ਨਾਲ ਕੱਸ ਕੇ ਕਿਹਾ, “ਹੇ ਸਮਸੂਨ, ਫ਼ਲਿਸਤੀ ਤੇਰੇ ਉੱਤੇ ਚੜ੍ਹ ਆਏ ਹਨ!” ਤਾਂ ਉਸ ਨੇ ਨੀਂਦ ਤੋਂ ਜਾਗ ਕੇ ਕਿੱਲੀ ਨੂੰ ਤਾਣੇ ਸਮੇਤ ਪੁੱਟ ਲਿਆ।
ਕਜ਼ਾ 16 : 15 (IRVPA)
ਤਦ ਦਲੀਲਾਹ ਨੇ ਉਸ ਨੂੰ ਕਿਹਾ, “ਤੇਰਾ ਮਨ ਤਾਂ ਮੇਰੇ ਨਾਲ ਨਹੀਂ ਲੱਗਾ, ਫਿਰ ਤੂੰ ਕਿਉਂ ਕਹਿੰਦਾ ਹੈਂ ਕਿ ਤੂੰ ਮੈਨੂੰ ਪਿਆਰ ਕਰਦਾ ਹੈਂ? ਤੂੰ ਤਿੰਨੇ ਵਾਰੀ ਮੇਰੇ ਨਾਲ ਮਖ਼ੌਲ ਕੀਤਾ ਅਤੇ ਮੈਨੂੰ ਨਹੀਂ ਦੱਸਿਆ ਕਿ ਤੇਰੀ ਵੱਡੀ ਸ਼ਕਤੀ ਦਾ ਕੀ ਭੇਤ ਹੈ।”
ਕਜ਼ਾ 16 : 16 (IRVPA)
ਅਤੇ ਅਜਿਹਾ ਹੋਇਆ ਕਿ ਜਦ ਉਸ ਨੇ ਦਿਨੋਂ-ਦਿਨ ਗੱਲਾਂ ਨਾਲ ਉਸ ਨੂੰ ਬਹੁਤ ਤੰਗ ਕੀਤਾ ਅਤੇ ਵੱਡਾ ਹਠ ਬੰਨ੍ਹਿਆ, ਇੱਥੋਂ ਤੱਕ ਕਿ ਉਸ ਦੇ ਪ੍ਰਾਣ ਮੌਤ ਮੰਗਦੇ ਸਨ।
ਕਜ਼ਾ 16 : 17 (IRVPA)
ਤਦ ਉਸ ਨੇ ਆਪਣੇ ਮਨ ਦਾ ਸਾਰਾ ਭੇਤ ਉਸ ਨੂੰ ਦੱਸ ਦਿੱਤਾ ਅਤੇ ਕਿਹਾ, “ਮੇਰੇ ਸਿਰ ਉੱਤੇ ਉਸਤਰਾ ਕਦੇ ਨਹੀਂ ਫਿਰਿਆ, ਕਿਉਂਕਿ ਮੈਂ ਆਪਣੀ ਮਾਂ ਦੇ ਢਿੱਡ ਤੋਂ ਹੀ ਪਰਮੇਸ਼ੁਰ ਦਾ ਨਜ਼ੀਰ ਹਾਂ। ਜੇਕਰ ਕਦੇ ਮੇਰਾ ਸਿਰ ਮੁਨਿਆ ਜਾਵੇ ਤਾਂ ਮੇਰਾ ਜ਼ੋਰ ਘੱਟ ਜਾਵੇਗਾ ਅਤੇ ਮੈਂ ਨਿਰਬਲ ਹੋ ਜਾਂਵਾਂਗਾ ਅਤੇ ਸਧਾਰਨ ਮਨੁੱਖਾਂ ਵਰਗਾ ਹੋ ਜਾਂਵਾਂਗਾ।”
ਕਜ਼ਾ 16 : 18 (IRVPA)
ਜਦ ਦਲੀਲਾਹ ਨੇ ਵੇਖਿਆ ਕਿ ਉਸ ਨੇ ਆਪਣੇ ਮਨ ਦਾ ਸਾਰਾ ਭੇਤ ਖੋਲ੍ਹ ਦਿੱਤਾ ਹੈ ਤਾਂ ਉਸ ਨੇ ਫ਼ਲਿਸਤੀਆਂ ਦੇ ਸਰਦਾਰਾਂ ਨੂੰ ਸੰਦੇਸ਼ਾ ਭੇਜਿਆ, “ਇਸ ਵਾਰੀ ਚੜ੍ਹ ਆਓ ਕਿਉਂਕਿ ਜੋ ਕੁਝ ਉਸ ਦੇ ਮਨ ਵਿੱਚ ਸੀ, ਉਹ ਸਭ ਉਸ ਨੇ ਮੇਰੇ ਅੱਗੇ ਪ੍ਰਗਟ ਕੀਤਾ ਹੈ।” ਤਦ ਫ਼ਲਿਸਤੀਆਂ ਦੇ ਸਰਦਾਰ ਆਪਣੇ ਹੱਥ ਵਿੱਚ ਧਨ ਲੈ ਕੇ ਉਸ ਦੇ ਕੋਲ ਆਏ।
ਕਜ਼ਾ 16 : 19 (IRVPA)
ਤਦ ਉਸ ਨੇ ਉਹ ਨੂੰ ਆਪਣੇ ਗੋਡਿਆਂ ਉੱਤੇ ਸੁਲਾ ਲਿਆ ਅਤੇ ਇੱਕ ਮਨੁੱਖ ਨੂੰ ਸੱਦ ਕੇ ਉਸ ਦੇ ਸਿਰ ਦੀਆਂ ਸੱਤੇ ਲਟਾਂ ਮੁਨਾ ਸੁੱਟੀਆਂ। ਫਿਰ ਉਹ ਉਸ ਨੂੰ ਛੇੜਨ ਲੱਗੀ ਅਤੇ ਉਸ ਦਾ ਜ਼ੋਰ ਉਸ ਕੋਲੋਂ ਜਾਂਦਾ ਰਿਹਾ।
ਕਜ਼ਾ 16 : 20 (IRVPA)
ਤਾਂ ਉਸਨੇ ਕਿਹਾ, “ਹੇ ਸਮਸੂਨ, ਫ਼ਲਿਸਤੀ ਤੇਰੇ ਉੱਤੇ ਚੜ੍ਹ ਆਏ ਹਨ!” ਉਹ ਨੀਂਦ ਤੋਂ ਜਾਗਿਆ ਅਤੇ ਸੋਚਣ ਲੱਗਾ, “ਮੈਂ ਪਹਿਲਾਂ ਵਾਂਗੂੰ ਬਾਹਰ ਨਿੱਕਲ ਕੇ ਆਪਣੇ ਆਪ ਨੂੰ ਹਿਲਾ ਕੇ ਖੋਲ੍ਹ ਲਵਾਂਗਾ।” ਪਰ ਉਹ ਨਹੀਂ ਜਾਣਦਾ ਸੀ ਕਿ ਯਹੋਵਾਹ ਉਸ ਤੋਂ ਅਲੱਗ ਹੋ ਗਿਆ ਹੈ।
ਕਜ਼ਾ 16 : 21 (IRVPA)
ਤਦ ਫ਼ਲਿਸਤੀਆਂ ਨੇ ਉਸ ਨੂੰ ਫੜਿਆ ਅਤੇ ਉਸ ਦੀਆਂ ਅੱਖਾਂ ਕੱਢ ਦਿੱਤੀਆਂ, ਅਤੇ ਉਸ ਨੂੰ ਅੱਜ਼ਾਹ ਵਿੱਚ ਲੈ ਗਏ ਅਤੇ ਪਿੱਤਲ ਦੀਆਂ ਬੇੜੀਆਂ ਨਾਲ ਉਸ ਨੂੰ ਬੰਨ੍ਹ ਦਿੱਤਾ ਅਤੇ ਉਹ ਕੈਦਖ਼ਾਨੇ ਵਿੱਚ ਚੱਕੀ ਪੀਸਦਾ ਹੁੰਦਾ ਸੀ।
ਕਜ਼ਾ 16 : 22 (IRVPA)
ਪਰ ਉਸ ਦਾ ਸਿਰ ਮੁੰਨਣ ਦੇ ਪਿੱਛੋਂ ਉਸ ਦੇ ਵਾਲ਼ ਫਿਰ ਵਧਣ ਲੱਗੇ।
ਕਜ਼ਾ 16 : 23 (IRVPA)
ਸਮਸੂਨ ਦੀ ਮੌਤ ਤਦ ਫ਼ਲਿਸਤੀਆਂ ਦੇ ਸਰਦਾਰ ਇਕੱਠੇ ਹੋਏ ਤਾਂ ਜੋ ਆਪਣੇ ਦੇਵਤੇ ਦਾਗੋਨ ਦੇ ਅੱਗੇ ਵੱਡੀਆਂ ਭੇਟਾਂ ਚੜ੍ਹਾਉਣ ਅਤੇ ਅਨੰਦ ਕਰਨ ਕਿਉਂ ਜੋ ਉਹ ਕਹਿੰਦੇ ਸਨ ਕਿ ਸਾਡੇ ਦੇਵਤੇ ਨੇ ਸਾਡੇ ਵੈਰੀ ਸਮਸੂਨ ਨੂੰ ਸਾਡੇ ਹੱਥ ਵਿੱਚ ਸੌਂਪ ਦਿੱਤਾ ਹੈ।
ਕਜ਼ਾ 16 : 24 (IRVPA)
ਜਦ ਲੋਕਾਂ ਨੇ ਉਸ ਨੂੰ ਵੇਖਿਆ ਤਾਂ ਇਹ ਕਹਿ ਕੇ ਆਪਣੇ ਦੇਵਤੇ ਦੀ ਉਸਤਤ ਕਰਨ ਲੱਗੇ, “ਸਾਡੇ ਦੇਵਤੇ ਨੇ ਸਾਡੇ ਵੈਰੀ ਨੂੰ ਜਿਸ ਨੇ ਸਾਡਾ ਦੇਸ਼ ਉਜਾੜ ਦਿੱਤਾ ਸੀ ਅਤੇ ਸਾਡੇ ਵਿੱਚੋਂ ਬਹੁਤ ਸਾਰਿਆਂ ਨੂੰ ਮਾਰ ਵੀ ਦਿੱਤਾ ਸੀ, ਸਾਡੇ ਹੱਥ ਵਿੱਚ ਸੌਂਪ ਦਿੱਤਾ ਹੈ।”
ਕਜ਼ਾ 16 : 25 (IRVPA)
ਤਦ ਅਜਿਹਾ ਹੋਇਆ ਕਿ ਜਦ ਉਹ ਅਨੰਦ ਕਰ ਰਹੇ ਸਨ, ਤਾਂ ਉਨ੍ਹਾਂ ਨੇ ਕਿਹਾ, “ਸਮਸੂਨ ਨੂੰ ਬੁਲਾਓ ਜੋ ਸਾਡੇ ਅੱਗੇ ਤਮਾਸ਼ਾ ਕਰੇ,” ਇਸ ਲਈ ਉਨ੍ਹਾਂ ਨੇ ਸਮਸੂਨ ਨੂੰ ਕੈਦਖ਼ਾਨੇ ਵਿੱਚੋਂ ਬੁਲਵਾਇਆ ਅਤੇ ਉਹ ਉਨ੍ਹਾਂ ਦੇ ਅੱਗੇ ਤਮਾਸ਼ਾ ਕਰਨ ਲੱਗਾ, ਅਤੇ ਉਨ੍ਹਾਂ ਨੇ ਦੋ ਥੰਮ੍ਹਾਂ ਦੇ ਵਿਚਕਾਰ ਉਸ ਨੂੰ ਖੜ੍ਹਾ ਕਰ ਦਿੱਤਾ।
ਕਜ਼ਾ 16 : 26 (IRVPA)
ਤਦ ਸਮਸੂਨ ਨੇ ਉਸ ਮੁੰਡੇ ਨੂੰ ਜਿਸ ਨੇ ਉਹ ਦਾ ਹੱਥ ਫੜਿਆ ਹੋਇਆ ਸੀ ਕਿਹਾ, “ਮੈਨੂੰ ਉਨ੍ਹਾਂ ਥੰਮ੍ਹਾਂ ਉੱਤੇ ਜਿਨ੍ਹਾਂ ਉੱਤੇ ਇਹ ਘਰ ਟਿਕਿਆ ਹੋਇਆ ਹੈ, ਹੱਥ ਪਾ ਲੈਣ ਦੇ ਤਾਂ ਜੋ ਮੈਂ ਸਹਾਰਾ ਲਵਾਂ।”
ਕਜ਼ਾ 16 : 27 (IRVPA)
ਉਹ ਘਰ ਪੁਰਸ਼ਾਂ ਅਤੇ ਇਸਤਰੀਆਂ ਨਾਲ ਭਰਿਆ ਹੋਇਆ ਸੀ, ਅਤੇ ਫ਼ਲਿਸਤੀਆਂ ਦੇ ਸਾਰੇ ਸਰਦਾਰ ਵੀ ਉੱਥੇ ਸਨ ਅਤੇ ਲੱਗਭੱਗ ਤਿੰਨ ਹਜ਼ਾਰ ਇਸਤਰੀਆਂ ਅਤੇ ਪੁਰਖ ਛੱਤ ਉੱਤੇ ਸਨ, ਜਿਹੜੇ ਸਮਸੂਨ ਨੂੰ ਤਮਾਸ਼ਾ ਕਰਦੇ ਹੋਏ ਵੇਖ ਰਹੇ ਸਨ।
ਕਜ਼ਾ 16 : 28 (IRVPA)
ਤਦ ਸਮਸੂਨ ਨੇ ਯਹੋਵਾਹ ਦੇ ਅੱਗੇ ਬੇਨਤੀ ਕਰ ਕੇ ਕਿਹਾ, “ਹੇ ਪ੍ਰਭੂ ਯਹੋਵਾਹ, ਮੈਂ ਤੇਰੀ ਦੁਹਾਈ ਦਿੰਦਾ ਹਾਂ ਕਿ ਮੈਨੂੰ ਯਾਦ ਕਰ, ਹੇ ਪਰਮੇਸ਼ੁਰ ਇੱਕ ਵਾਰੀ ਹੋਰ ਮੈਨੂੰ ਸ਼ਕਤੀ ਦੇ ਤਾਂ ਜੋ ਮੈਂ ਫ਼ਲਿਸਤੀਆਂ ਤੋਂ ਇੱਕੋ ਵਾਰੀ ਆਪਣੀਆਂ ਦੋਵੇਂ ਅੱਖਾਂ ਦਾ ਬਦਲਾ ਲੈ ਲਵਾਂ!”
ਕਜ਼ਾ 16 : 29 (IRVPA)
ਤਦ ਸਮਸੂਨ ਨੇ ਵਿਚਕਾਰਲੇ ਦੋਹਾਂ ਥੰਮ੍ਹਾਂ ਨੂੰ ਜਿਨ੍ਹਾਂ ਉੱਤੇ ਉਹ ਘਰ ਟਿਕਿਆ ਹੋਇਆ ਸੀ, ਫੜ੍ਹ ਕੇ ਇੱਕ ਉੱਤੇ ਸੱਜੇ ਹੱਥ ਨਾਲ ਅਤੇ ਦੂਜੇ ਨੂੰ ਖੱਬੇ ਹੱਥ ਨਾਲ ਜ਼ੋਰ ਲਾ ਦਿੱਤਾ।
ਕਜ਼ਾ 16 : 30 (IRVPA)
ਸਮਸੂਨ ਨੇ ਕਿਹਾ, “ਮੇਰੇ ਪ੍ਰਾਣ ਵੀ ਫ਼ਲਿਸਤੀਆਂ ਦੇ ਨਾਲ ਹੀ ਜਾਣ।” ਅਤੇ ਉਹ ਆਪਣਾ ਸਾਰਾ ਜ਼ੋਰ ਲਾ ਕੇ ਝੁਕਿਆ ਅਤੇ ਉਹ ਘਰ ਸਾਰੇ ਸਰਦਾਰਾਂ ਅਤੇ ਉਨ੍ਹਾਂ ਸਾਰਿਆਂ ਲੋਕਾਂ ਦੇ ਉੱਤੇ ਜੋ ਉਹ ਦੇ ਵਿੱਚ ਸਨ, ਡਿੱਗ ਪਿਆ। ਇਸ ਤਰ੍ਹਾਂ ਉਹ ਲੋਕ ਜਿਨ੍ਹਾਂ ਨੂੰ ਉਸ ਨੇ ਆਪਣੇ ਮਰਨ ਦੇ ਵੇਲੇ ਮਾਰਿਆ, ਉਨ੍ਹਾਂ ਨਾਲੋਂ ਵੱਧ ਸਨ ਜਿਨ੍ਹਾਂ ਨੂੰ ਉਸਨੇ ਆਪਣੇ ਜੀਉਂਦੇ ਜੀ ਮਾਰਿਆ ਸੀ।
ਕਜ਼ਾ 16 : 31 (IRVPA)
ਤਦ ਉਸ ਦੇ ਭਰਾ ਅਤੇ ਉਸ ਦੇ ਪਿਤਾ ਦੇ ਘਰਾਣੇ ਦੇ ਸਾਰੇ ਲੋਕ ਆਏ ਅਤੇ ਉਸ ਨੂੰ ਚੁੱਕ ਕੇ ਲੈ ਗਏ, ਅਤੇ ਸਾਰਾਹ ਅਤੇ ਅਸ਼ਤਾਓਲ ਦੇ ਵਿਚਕਾਰ ਉਸ ਦੇ ਪਿਤਾ ਮਾਨੋਆਹ ਦੀ ਕਬਰ ਵਿੱਚ ਉਸ ਨੂੰ ਦੱਬਿਆ। ਉਸ ਨੇ ਵੀਹ ਸਾਲਾਂ ਤੱਕ ਇਸਰਾਏਲ ਦਾ ਨਿਆਂ ਕੀਤਾ।
❮
❯
1
2
3
4
5
6
7
8
9
10
11
12
13
14
15
16
17
18
19
20
21
22
23
24
25
26
27
28
29
30
31