ਅਮਸਾਲ 16 : 1 (IRVPA)
ਮਨ ਦੀਆਂ ਯੋਜਨਾਵਾਂ ਤਾਂ ਆਦਮੀ ਦੇ ਵੱਸ ਵਿੱਚ ਹਨ, ਪਰ ਜ਼ੁਬਾਨੋ ਉੱਤਰ ਯਹੋਵਾਹ ਵੱਲੋਂ ਹੁੰਦਾ ਹੈ।
ਅਮਸਾਲ 16 : 2 (IRVPA)
ਮਨੁੱਖ ਦੀ ਸਾਰੀ ਚਾਲ ਉਹ ਦੀ ਆਪਣੀ ਨਿਗਾਹ ਵਿੱਚ ਸ਼ੁੱਧ ਹੈ, ਪਰ ਯਹੋਵਾਹ ਮਨਾਂ ਨੂੰ ਜਾਚਦਾ ਹੈ।
ਅਮਸਾਲ 16 : 3 (IRVPA)
ਆਪਣੇ ਕੰਮਾਂ ਨੂੰ ਯਹੋਵਾਹ ਉੱਤੇ ਛੱਡ ਦੇ, ਤਾਂ ਤੇਰੇ ਮਨੋਰਥ ਪੂਰੇ ਹੋਣਗੇ।
ਅਮਸਾਲ 16 : 4 (IRVPA)
ਯਹੋਵਾਹ ਨੇ ਸਾਰੀਆਂ ਵਸਤਾਂ ਖ਼ਾਸ ਮਕਸਦ ਲਈ ਬਣਾਈਆਂ, ਹਾਂ, ਦੁਸ਼ਟ ਨੂੰ ਵੀ ਬਿਪਤਾ ਦੇ ਦਿਨ ਲਈ ਬਣਾਇਆ।
ਅਮਸਾਲ 16 : 5 (IRVPA)
ਹਰੇਕ ਜਿਹ ਦੇ ਮਨ ਵਿੱਚ ਹੰਕਾਰ ਹੈ ਉਸ ਤੋਂ ਯਹੋਵਾਹ ਨੂੰ ਘਿਣ ਆਉਂਦੀ ਹੈ, ਮੈਂ ਦਲੇਰੀ ਨਾਲ ਆਖਦਾ ਹਾਂ ਕਿ ਅਜਿਹੇ ਲੋਕ ਬਿਨ੍ਹਾਂ ਸਜ਼ਾ ਤੋਂ ਨਾ ਛੁੱਟਣਗੇ।
ਅਮਸਾਲ 16 : 6 (IRVPA)
ਦਯਾ ਅਤੇ ਸਚਿਆਈ ਨਾਲ ਕੁਧਰਮ ਢੱਕਿਆ ਜਾਂਦਾ ਹੈ, ਅਤੇ ਯਹੋਵਾਹ ਦਾ ਭੈਅ ਮੰਨਣ ਕਰਕੇ ਲੋਕ ਬੁਰਿਆਈ ਤੋਂ ਬਚੇ ਰਹਿੰਦੇ ਹਨ।
ਅਮਸਾਲ 16 : 7 (IRVPA)
ਜਦ ਕਿਸੇ ਦੀ ਚਾਲ ਯਹੋਵਾਹ ਨੂੰ ਭਾਉਂਦੀ ਹੈ, ਤਾਂ ਉਹ ਉਸ ਦੇ ਵੈਰੀਆਂ ਨਾਲ ਵੀ ਉਸ ਦਾ ਮੇਲ ਕਰਾਉਂਦਾ ਹੈ।
ਅਮਸਾਲ 16 : 8 (IRVPA)
ਧਰਮ ਨਾਲ ਥੋੜਾ ਜਿਹਾ ਲਾਭ ਬੇਇਮਾਨੀ ਦੀ ਵੱਡੀ ਆਮਦਨੀ ਨਾਲੋਂ ਚੰਗਾ ਹੈ।
ਅਮਸਾਲ 16 : 9 (IRVPA)
ਆਦਮੀ ਦੇ ਮਨ ਦੇ ਵਿਚਾਰ ਉਹ ਦੇ ਰਾਹਾਂ ਨੂੰ ਠਹਿਰਾਉਂਦੇ ਹਨ, ਪਰ ਯਹੋਵਾਹ ਉਹ ਦੇ ਪੈਰਾਂ ਦੀ ਅਗਵਾਈ ਕਰਦਾ ਹੈ।
ਅਮਸਾਲ 16 : 10 (IRVPA)
ਰਾਜੇ ਦੇ ਮੂੰਹ ਤੋਂ ਸਵਰਗੀ ਬਚਨ ਨਿੱਕਲਦਾ ਹੈ, ਨਿਆਂ ਕਰਨ ਦੇ ਸਮੇਂ ਉਹ ਦਾ ਮੂੰਹ ਭੁੱਲ ਨਹੀਂ ਕਰਦਾ।
ਅਮਸਾਲ 16 : 11 (IRVPA)
ਸੱਚੀ ਤੱਕੜੀ ਦੇ ਪੱਲੇ ਯਹੋਵਾਹ ਦੇ ਹਨ, ਗੁੱਥਲੀ ਦੇ ਸਾਰੇ ਵੱਟੇ ਓਸੇ ਦਾ ਕੰਮ ਹਨ।
ਅਮਸਾਲ 16 : 12 (IRVPA)
ਬੁਰਿਆਈ ਕਰਨੀ ਰਾਜੇ ਲਈ ਘਿਣਾਉਣੀ ਹੈ, ਕਿਉਂ ਜੋ ਧਰਮ ਨਾਲ ਹੀ ਉਨ੍ਹਾਂ ਦੀ ਗੱਦੀ ਦਾ ਟਿਕਾਓ ਹੁੰਦਾ ਹੈ।
ਅਮਸਾਲ 16 : 13 (IRVPA)
ਧਰਮੀ ਦੇ ਬੋਲਾਂ ਤੋਂ ਰਾਜਾ ਪ੍ਰਸੰਨ ਹੁੰਦਾ ਹੈ, ਅਤੇ ਜਿਹੜਾ ਸਿੱਧੀ ਗੱਲ ਕਰਦਾ ਹੈ ਉਹ ਦੇ ਨਾਲ ਉਹ ਪ੍ਰੇਮ ਰੱਖਦਾ ਹੈ।
ਅਮਸਾਲ 16 : 14 (IRVPA)
ਰਾਜੇ ਦਾ ਗੁੱਸਾ ਮੌਤ ਦੇ ਦੂਤ ਵਰਗਾ ਹੈ, ਪਰ ਬੁੱਧਵਾਨ ਮਨੁੱਖ ਉਹ ਨੂੰ ਠੰਡਾ ਕਰਦਾ ਹੈ।
ਅਮਸਾਲ 16 : 15 (IRVPA)
ਰਾਜੇ ਦੇ ਮੁੱਖ ਦੀ ਚਮਕ ਵਿੱਚ ਜੀਵਨ ਹੈ, ਅਤੇ ਉਹ ਦੀ ਕਿਰਪਾ ਬਰਸਾਤ ਦੀ ਆਖਰੀ ਬੱਦਲੀ ਵਰਗੀ ਹੁੰਦੀ ਹੈ।
ਅਮਸਾਲ 16 : 16 (IRVPA)
ਬੁੱਧ ਦੀ ਪ੍ਰਾਪਤੀ ਚੋਖੇ ਸੋਨੇ ਨਾਲੋਂ ਕਿੰਨੀ ਉੱਤਮ ਹੈ, ਅਤੇ ਚਾਂਦੀ ਨਾਲੋਂ ਸਮਝ ਦਾ ਪ੍ਰਾਪਤ ਕਰਨਾ ਚੁਣਨਾ ਚਾਹੀਦਾ ਹੈ।
ਅਮਸਾਲ 16 : 17 (IRVPA)
ਬੁਰਿਆਈ ਤੋਂ ਦੂਰ ਰਹਿਣਾ ਸਚਿਆਰਾਂ ਦੇ ਲਈ ਰਾਜ ਮਾਰਗ ਹੈ, ਜਿਹੜਾ ਆਪਣੀ ਚਾਲ ਦੀ ਚੌਕਸੀ ਕਰਦਾ ਹੈ ਉਹ ਆਪਣੀ ਜਾਨ ਨੂੰ ਬਚਾਉਂਦਾ ਹੈ।
ਅਮਸਾਲ 16 : 18 (IRVPA)
ਨਾਸ ਤੋਂ ਪਹਿਲਾਂ ਹੰਕਾਰ ਅਤੇ ਡਿੱਗਣ ਤੋਂ ਪਹਿਲਾਂ ਘਮੰਡੀ ਰੂਹ ਆਉਂਦੀ ਹੈ।
ਅਮਸਾਲ 16 : 19 (IRVPA)
ਘਮੰਡੀਆਂ ਨਾਲ ਲੁੱਟ ਦਾ ਮਾਲ ਵੰਡਣ ਨਾਲੋਂ ਕੰਗਾਲਾਂ ਦੇ ਨਾਲ ਨੀਵਾਂ ਹੋ ਕੇ ਰਹਿਣਾ ਚੰਗਾ ਹੈ।
ਅਮਸਾਲ 16 : 20 (IRVPA)
ਜਿਹੜਾ ਬਚਨ ਉੱਤੇ ਮਨ ਲਾਉਂਦਾ ਹੈ ਉਹ ਦਾ ਭਲਾ ਹੋਵੇਗਾ, ਅਤੇ ਜਿਹੜਾ ਯਹੋਵਾਹ ਉੱਤੇ ਭਰੋਸਾ ਰੱਖਦਾ ਹੈ ਉਹ ਧੰਨ ਹੋਵੇਗਾ!
ਅਮਸਾਲ 16 : 21 (IRVPA)
ਜਿਹੜਾ ਬੁੱਧਵਾਨ ਹੈ ਉਹ ਸਮਝਦਾਰ ਕਹਾਉਂਦਾ ਹੈ, ਅਤੇ ਮਿੱਠਾ ਬੋਲਣ ਨਾਲ ਸਿਖਾਉਣ ਦੀ ਸ਼ਕਤੀ ਵੱਧ ਜਾਂਦੀ ਹੈ।
ਅਮਸਾਲ 16 : 22 (IRVPA)
ਬੁੱਧਵਾਨ ਦੇ ਲਈ ਬੁੱਧ ਜੀਵਨ ਦਾ ਸੋਤਾ ਹੈ, ਪਰ ਮੂਰਖਾਂ ਨੂੰ ਸਿਖਾਉਣਾ ਮੂਰਖਤਾਈ ਹੀ ਹੈ।
ਅਮਸਾਲ 16 : 23 (IRVPA)
ਬੁੱਧਵਾਨ ਦਾ ਮਨ ਉਹ ਦੇ ਮੂੰਹ ਨੂੰ ਸਿਖਾਉਂਦਾ ਹੈ, ਅਤੇ ਉਹ ਦੇ ਬੋਲਾਂ ਵਿੱਚ ਗਿਆਨ ਹੁੰਦਾ ਹੈ।
ਅਮਸਾਲ 16 : 24 (IRVPA)
ਮਨਭਾਉਂਦੇ ਬਚਨ ਸ਼ਹਿਦ ਦੇ ਛੱਤੇ ਵਾਂਗੂੰ ਹਨ, ਉਹ ਜਾਨ ਨੂੰ ਮਿੱਠੇ ਲੱਗਦੇ ਹਨ ਅਤੇ ਹੱਡੀਆਂ ਨੂੰ ਸਿਹਤ ਦਿੰਦੇ ਹਨ।
ਅਮਸਾਲ 16 : 25 (IRVPA)
ਇੱਕ ਅਜਿਹਾ ਰਾਹ ਵੀ ਹੈ ਜੋ ਮਨੁੱਖ ਨੂੰ ਸਿੱਧਾ ਜਾਪਦਾ ਹੈ, ਪਰ ਉਹ ਦੇ ਅੰਤ ਵਿੱਚ ਮੌਤ ਮਿਲਦੀ ਹੈ।
ਅਮਸਾਲ 16 : 26 (IRVPA)
ਮਜ਼ਦੂਰ ਦੀ ਲਾਲਸਾ ਉਸ ਤੋਂ ਮਜ਼ਦੂਰੀ ਕਰਾਉਂਦੀ ਹੈ, ਉਹ ਦੀ ਭੁੱਖ ਉਹ ਨੂੰ ਉਭਾਰਦੀ ਹੈ।
ਅਮਸਾਲ 16 : 27 (IRVPA)
ਕੁਧਰਮੀ ਮਨੁੱਖ ਬੁਰਿਆਈ ਦੀਆਂ ਯੋਜਨਾਵਾਂ ਬਣਾਉਂਦਾ ਹੈ, ਤੇ ਉਹ ਦੇ ਬੁੱਲ੍ਹਾਂ ਵਿੱਚ ਜਾਣੋ ਸਾੜਨ ਵਾਲੀ ਅੱਗ ਹੁੰਦੀ ਹੈ।
ਅਮਸਾਲ 16 : 28 (IRVPA)
ਟੇਢਾ ਮਨੁੱਖ ਝਗੜੇ ਚੁੱਕਦਾ ਹੈ, ਅਤੇ ਚੁਗਲੀ ਕਰਨ ਵਾਲਾ ਆਪਣੇ ਜਾਨੀ ਮਿੱਤਰਾਂ ਵਿੱਚ ਫੁੱਟ ਪਾ ਦਿੰਦਾ ਹੈ।
ਅਮਸਾਲ 16 : 29 (IRVPA)
ਹਨ੍ਹੇਰ ਕਰਨ ਵਾਲਾ ਆਪਣੇ ਗੁਆਂਢੀ ਨੂੰ ਫੁਸਲਾ ਕੇ, ਭੈੜੇ ਰਾਹ ਵਿੱਚ ਪਾ ਦਿੰਦਾ ਹੈ।
ਅਮਸਾਲ 16 : 30 (IRVPA)
ਅੱਖੀਆਂ ਮਟਕਾਉਣ ਵਾਲਾ ਟੇਢੇ ਕੰਮ ਸੋਚਦਾ ਹੈ, ਬੁੱਲ੍ਹ ਘੁੱਟਣ ਵਾਲਾ ਬੁਰਿਆਈ ਕਰ ਛੱਡਦਾ ਹੈ।
ਅਮਸਾਲ 16 : 31 (IRVPA)
ਧੌਲਾ ਸਿਰ ਸਜਾਵਟ ਦਾ ਮੁਕਟ ਹੈ, ਉਹ ਧਰਮ ਦੇ ਮਾਰਗ ਤੋਂ ਪ੍ਰਾਪਤ ਹੁੰਦਾ ਹੈ।
ਅਮਸਾਲ 16 : 32 (IRVPA)
ਜਿਹੜਾ ਕ੍ਰੋਧ ਵਿੱਚ ਧੀਮਾ ਹੈ ਉਹ ਸੂਰਬੀਰ ਨਾਲੋਂ, ਅਤੇ ਆਪਣੀ ਰੂਹ ਨੂੰ ਵੱਸ ਵਿੱਚ ਰੱਖਣ ਵਾਲਾ, ਸ਼ਹਿਰ ਦੇ ਜਿੱਤਣ ਵਾਲੇ ਨਾਲੋਂ ਚੰਗਾ ਹੈ।
ਅਮਸਾਲ 16 : 33 (IRVPA)
ਬੁੱਕਲ ਵਿੱਚ ਪਰਚੀਆਂ ਪਾਈਆਂ ਜਾਂਦੀਆਂ ਹਨ, ਪਰ ਉਨ੍ਹਾਂ ਦਾ ਫੈਸਲਾ ਯਹੋਵਾਹ ਵੱਲੋਂ ਹੀ ਹੁੰਦਾ ਹੈ।
❮
❯
1
2
3
4
5
6
7
8
9
10
11
12
13
14
15
16
17
18
19
20
21
22
23
24
25
26
27
28
29
30
31
32
33