ਜ਼ਬੂਰ 55 : 1 (IRVPA)
ਧੋਖੇਬਾਜ਼ ਦੇ ਵਿਨਾਸ਼ ਲਈ ਪ੍ਰਾਰਥਨਾ *ਪ੍ਰਧਾਨ ਵਜਾਉਣ ਵਾਲੇ ਦੇ ਲਈ ਤਾਰ ਵਾਲੇ ਵਾਜਿਆਂ ਨਾਲ ਦਾਊਦ ਦਾ ਮਸ਼ਕੀਲ। *ਹੇ ਪਰਮੇਸ਼ੁਰ, ਮੇਰੀ ਪ੍ਰਾਰਥਨਾ ਉੱਤੇ ਕੰਨ ਲਗਾ, ਮੇਰੀ ਬੇਨਤੀ ਤੋਂ ਆਪਣੇ ਆਪ ਨੂੰ ਨਾ ਲੁਕਾ,
ਜ਼ਬੂਰ 55 : 2 (IRVPA)
ਮੇਰੀ ਵੱਲ ਧਿਆਨ ਕਰ ਅਤੇ ਮੈਨੂੰ ਉੱਤਰ ਦੇ! ਮੈਂ ਆਪਣੀ ਪਰੇਸ਼ਾਨੀ ਵਿੱਚ ਬੇਚੈਨ ਰਹਿੰਦਾ ਹਾਂ, ਅਤੇ ਮੈਂ ਹੂੰਗਦਾ ਰਹਿੰਦਾ ਹਾਂ,
ਜ਼ਬੂਰ 55 : 3 (IRVPA)
ਵੈਰੀ ਦੀ ਅਵਾਜ਼ ਦੇ ਕਾਰਨ, ਅਤੇ ਦੁਸ਼ਟ ਦੇ ਦਬਾਓ ਦੇ ਕਾਰਨ, ਕਿਉਂ ਜੋ ਉਹ ਮੇਰੀਆਂ ਮੁਸੀਬਤਾਂ ਵਧਾਉਂਦੇ ਹਨ, ਅਤੇ ਕ੍ਰੋਧ ਨਾਲ ਮੈਨੂੰ ਸਤਾਉਂਦੇ ਹਨ।
ਜ਼ਬੂਰ 55 : 4 (IRVPA)
ਮੇਰਾ ਦਿਲ ਬਹੁਤ ਦੁੱਖੀ ਹੈ, ਅਤੇ ਮੌਤ ਦਾ ਡਰ ਮੇਰੇ ਉੱਤੇ ਆ ਪਿਆ ਹੈ।
ਜ਼ਬੂਰ 55 : 5 (IRVPA)
ਡਰ ਅਤੇ ਥਰ-ਥਰਾਹਟ ਮੇਰੇ ਉੱਤੇ ਆ ਪਏ, ਅਤੇ ਘਬਰਾਹਟ ਨੇ ਮੈਨੂੰ ਦਬਾ ਲਿਆ ਹੈ।
ਜ਼ਬੂਰ 55 : 6 (IRVPA)
ਤਾਂ ਮੈਂ ਆਖਿਆ, ਕਾਸ਼ ਕਿ ਮੈਨੂੰ ਕਬੂਤਰ ਜਿਹੇ ਖੰਭ ਮਿਲਦੇ, ਤਾਂ ਮੈਂ ਉੱਡ ਜਾਂਦਾ ਤੇ ਅਰਾਮ ਪਾਉਂਦਾ!
ਜ਼ਬੂਰ 55 : 7 (IRVPA)
ਵੇਖੋ, ਮੈਂ ਦੂਰ ਵਾਟ ਉੱਡ ਜਾਂਦਾ, ਅਤੇ ਉਜਾੜ ਵਿੱਚ ਵਸੇਰਾ ਕਰਦਾ! ਸਲਹ।
ਜ਼ਬੂਰ 55 : 8 (IRVPA)
ਮੈਂ ਅਨ੍ਹੇਰੀ ਅਤੇ ਤੂਫਾਨ ਤੋਂ ਛੇਤੀ ਓਟ ਲੈਂਦਾ।
ਜ਼ਬੂਰ 55 : 9 (IRVPA)
ਹੇ ਪ੍ਰਭੂ, ਉਨ੍ਹਾਂ ਨੂੰ ਨਿਗਲ ਲੈ, ਉਨ੍ਹਾਂ ਦੀਆਂ ਜੀਭਾਂ ਵੱਖੋ-ਵੱਖਰੀਆਂ ਕਰ ਦੇ, ਕਿਉਂ ਜੋ ਮੈਂ ਨਗਰ ਵਿੱਚ ਅਨ੍ਹੇਰ ਅਤੇ ਝਗੜਾ ਵੇਖਿਆ ਹੈ!
ਜ਼ਬੂਰ 55 : 10 (IRVPA)
ਓਹ ਵੈਰੀ ਦਿਨ ਰਾਤ ਉਸ ਦੀਆਂ ਕੰਧਾਂ ਉੱਤੇ ਉਸ ਦੇ ਚਾਰ ਚੁਫ਼ੇਰੇ ਘੁੰਮਦੇ ਹਨ, ਬਦੀ ਅਤੇ ਸ਼ਰਾਰਤ ਉਸ ਦੇ ਅੰਦਰ ਹੈ।
ਜ਼ਬੂਰ 55 : 11 (IRVPA)
ਤਬਾਹੀ ਉਸ ਦੇ ਅੰਦਰ ਹੈ, ਧੱਕੇ ਸ਼ਾਹੀ ਅਤੇ ਹੇਰਾਫੇਰੀ ਉਸ ਦੇ ਬਜ਼ਾਰਾਂ ਤੋਂ ਅਲੱਗ ਨਹੀਂ ਹੁੰਦੀ।
ਜ਼ਬੂਰ 55 : 12 (IRVPA)
ਜਿਹੜਾ ਮੇਰੇ ਉੱਤੇ ਇਲਜ਼ਾਮ ਲਾਉਂਦਾ ਹੈ, ਉਹ ਤਾਂ ਮੇਰਾ ਵੈਰੀ ਨਹੀਂ ਸੀ, ਨਹੀਂ ਤਾਂ ਮੈਂ ਸਹਿ ਲੈਂਦਾ, ਅਤੇ ਜੋ ਮੇਰੇ ਵਿਰੁੱਧ ਫੁੱਲਦਾ ਸੀ, ਉਹ ਮੇਰਾ ਦੁਸ਼ਮਣ ਨਹੀਂ ਸੀ, ਨਹੀਂ ਤਾਂ ਮੈਂ ਉਸ ਤੋਂ ਲੁੱਕ ਜਾਂਦਾ,
ਜ਼ਬੂਰ 55 : 13 (IRVPA)
ਪਰ ਤੂੰ ਹੀ ਸੀ ਜੋ ਮੇਰੇ ਬਰਾਬਰ ਦਾ ਮਨੁੱਖ, ਮੇਰੇ ਨਾਲ ਦਾ ਅਤੇ ਮੇਰੀ ਜਾਣ-ਪਹਿਚਾਣ ਦਾ ਸੀ!
ਜ਼ਬੂਰ 55 : 14 (IRVPA)
ਅਸੀਂ ਆਪਸ ਵਿੱਚ ਮਿੱਠੀਆਂ-ਮਿੱਠੀਆਂ ਗੱਲਾਂ ਕਰਦੇ ਹੁੰਦੇ ਸੀ, ਅਤੇ ਸੰਗਤ ਦੇ ਨਾਲ ਪਰਮੇਸ਼ੁਰ ਦੇ ਭਵਨ ਵਿੱਚ ਫਿਰਦੇ ਹੁੰਦੇ ਸੀ।
ਜ਼ਬੂਰ 55 : 15 (IRVPA)
ਮੌਤ ਉਨ੍ਹਾਂ ਉੱਤੇ ਅਚਾਨਕ ਆ ਪਵੇ, ਉਹ ਜਿਉਂਦੇ ਜੀਅ ਪਤਾਲ ਵਿੱਚ ਉਤਰ ਜਾਣ, ਕਿਉਂ ਜੋ ਉਨ੍ਹਾਂ ਦੇ ਨਿਵਾਸ ਸਥਾਨਾਂ ਵਿੱਚ ਸਗੋਂ ਉਨ੍ਹਾਂ ਦੇ ਅੰਦਰ ਬੁਰਿਆਈ ਹੈ!
ਜ਼ਬੂਰ 55 : 16 (IRVPA)
ਪਰ ਮੈਂ ਪਰਮੇਸ਼ੁਰ ਨੂੰ ਪੁਕਾਰਾਂਗਾ, ਅਤੇ ਯਹੋਵਾਹ ਮੈਨੂੰ ਬਚਾ ਲਵੇਗਾ।
ਜ਼ਬੂਰ 55 : 17 (IRVPA)
ਸ਼ਾਮ, ਸਵੇਰ ਅਤੇ ਦੁਪਹਿਰ ਨੂੰ ਮੈਂ ਸ਼ਿਕਾਇਤ ਕਰਾਂਗਾ ਅਤੇ ਮੈਂ ਹੂੰਗਾਂਗਾ, ਅਤੇ ਉਹ ਮੇਰੀ ਅਵਾਜ਼ ਸੁਣੇਗਾ।
ਜ਼ਬੂਰ 55 : 18 (IRVPA)
ਉਹ ਨੇ ਮੇਰੀ ਜਾਨ ਨੂੰ ਹੱਲੇ ਵਿੱਚੋਂ ਅਸਾਨੀ ਨਾਲ ਛੁਡਾ ਲਿਆ, ਕਿਉਂ ਜੋ ਮੇਰੇ ਵਿਰੋਧੀ ਬਹੁਤ ਸਨ।
ਜ਼ਬੂਰ 55 : 19 (IRVPA)
ਪਰਮੇਸ਼ੁਰ ਸੁਣੇਗਾ ਅਤੇ ਉਨ੍ਹਾਂ ਨੂੰ ਉੱਤਰ ਦੇਵੇਗਾ, ਉਹ ਆਦ ਤੋਂ ਬਿਰਾਜਮਾਨ ਹੈ। ਸਲਹ। ਇਹ ਓਹ ਹਨ ਜਿਨ੍ਹਾਂ ਲਈ ਅਦਲ-ਬਦਲ ਨਹੀਂ, ਅਤੇ ਜਿਹੜੇ ਪਰਮੇਸ਼ੁਰ ਦਾ ਭੈਅ ਨਹੀਂ ਮੰਨਦੇ।
ਜ਼ਬੂਰ 55 : 20 (IRVPA)
ਉਹ ਨੇ ਆਪਣੇ ਸਾਥੀਆਂ ਉੱਤੇ ਹੱਥ ਚੁੱਕੇ ਹਨ, ਉਹ ਨੇ ਆਪਣੇ ਨੇਮ ਨੂੰ ਭਰਿਸ਼ਟ ਕੀਤਾ।
ਜ਼ਬੂਰ 55 : 21 (IRVPA)
ਉਹ ਦਾ ਮੂੰਹ ਮੱਖਣ ਨਾਲੋਂ ਵੀ ਚਿਕਨਾ ਸੀ, ਪਰ ਉਹ ਦੇ ਦਿਲ ਵਿੱਚ ਲੜਾਈ ਸੀ! ਉਹ ਦੀਆਂ ਗੱਲਾਂ ਤੇਲ ਨਾਲੋਂ ਵੀ ਕੂਲੀਆਂ ਸਨ, ਪਰ ਓਹ ਸਨ ਨੰਗੀਆਂ ਤਲਵਾਰਾਂ!
ਜ਼ਬੂਰ 55 : 22 (IRVPA)
ਆਪਣਾ ਭਾਰ ਯਹੋਵਾਹ ਉੱਤੇ ਸੁੱਟ, ਅਤੇ ਉਹ ਤੈਨੂੰ ਸੰਭਾਲੇਗਾ, ਓਹ ਧਰਮੀ ਨੂੰ ਕਦੇ ਨਾ ਡੋਲਣ ਦੇਵੇਗਾ।
ਜ਼ਬੂਰ 55 : 23 (IRVPA)
ਪਰ ਤੂੰ, ਹੇ ਪਰਮੇਸ਼ੁਰ, ਉਨ੍ਹਾਂ ਨੂੰ ਬਰਬਾਦੀ ਦੇ ਟੋਏ ਵਿੱਚ ਡੇਗ ਦੇਵੇਂਗਾ, ਹਤਿਆਰੇ ਅਤੇ ਕਪਟੀ ਮਨੁੱਖ ਆਪਣੀ ਅੱਧੀ ਉਮਰ ਤੱਕ ਵੀ ਨਾ ਪਹੁੰਚਣਗੇ, ਪਰ ਮੈਂ ਤੇਰੇ ਉੱਤੇ ਭਰੋਸਾ ਰੱਖਾਂਗਾ।

1 2 3 4 5 6 7 8 9 10 11 12 13 14 15 16 17 18 19 20 21 22 23