ਜ਼ਬੂਰ 9 : 1 (IRVPA)
ਪਰਮੇਸ਼ੁਰ ਦੇ ਨਿਆਂ ਲਈ ਧੰਨਵਾਦ ਦਾ ਭਜਨ *ਪ੍ਰਧਾਨ ਵਜਾਉਣ ਵਾਲੇ ਦੇ ਲਈ ਮੁਲਤਬੈਨ ਦੇ ਰਾਗ ਉੱਤੇ ਦਾਊਦ ਦਾ ਭਜਨ। *ਹੇ ਯਹੋਵਾਹ, ਮੈਂ ਆਪਣੇ ਸਾਰੇ ਦਿਲ ਨਾਲ ਤੇਰਾ ਧੰਨਵਾਦ ਕਰਾਂਗਾ, ਮੈਂ ਤੇਰੇ ਸਾਰੇ ਅਚਰਜ਼ ਕੰਮਾਂ ਦਾ ਵਰਣਨ ਕਰਾਂਗਾ।
ਜ਼ਬੂਰ 9 : 2 (IRVPA)
ਮੈਂ ਤੈਥੋਂ ਖੁਸ਼ ਅਤੇ ਬਾਗ-ਬਾਗ ਹੋਵਾਂਗਾ, ਹੇ ਅੱਤ ਮਹਾਨ, ਮੈਂ ਤੇਰੇ ਨਾਮ ਦੀ ਉਸਤਤ ਗਾਵਾਂਗਾ।
ਜ਼ਬੂਰ 9 : 3 (IRVPA)
ਜਦ ਮੇਰੇ ਵੈਰੀ ਪਿਛਾਂਹ ਮੁੜਦੇ ਹਨ, ਉਹ ਤੇਰੇ ਸਾਹਮਣਿਓਂ ਠੇਡਾ ਖਾ ਕੇ ਨਾਸ ਹੋ ਜਾਂਦੇ ਹਨ,
ਜ਼ਬੂਰ 9 : 4 (IRVPA)
ਕਿਉਂ ਜੋ ਤੂੰ ਮੇਰਾ ਨਿਆਂ ਅਤੇ ਮੇਰਾ ਫ਼ੈਸਲਾ ਕੀਤਾ ਹੈ, ਤੂੰ ਸਿੰਘਾਸਣ ਉੱਤੇ ਬੈਠ ਕੇ ਸੱਚਾ ਨਿਆਂ ਕੀਤਾ ਹੈ।
ਜ਼ਬੂਰ 9 : 5 (IRVPA)
ਤੂੰ ਪਰਾਈਆਂ ਕੌਮਾਂ ਨੂੰ ਝਿੜਕਿਆ ਹੈ, ਤੂੰ ਦੁਸ਼ਟਾਂ ਦਾ ਨਾਸ ਕੀਤਾ ਹੈ, ਤੂੰ ਸਦੀਪਕ ਕਾਲ ਲਈ ਉਨ੍ਹਾਂ ਦਾ ਨਾਮ ਮਿਟਾ ਦਿੱਤਾ।
ਜ਼ਬੂਰ 9 : 6 (IRVPA)
ਵੈਰੀ ਉਜੜੇ ਥਾਵਾਂ ਵਿੱਚ ਸਦਾ ਲਈ ਮੁੱਕ ਗਏ, ਅਤੇ ਜਿਹੜੇ ਨਗਰ ਤੂੰ ਢਾਹ ਦਿੱਤੇ, ਉਨ੍ਹਾਂ ਦਾ ਚੇਤਾ ਵੀ ਮਿਟ ਗਿਆ ਹੈ।
ਜ਼ਬੂਰ 9 : 7 (IRVPA)
ਪਰੰਤੂ ਯਹੋਵਾਹ ਸਦਾ ਹੀ ਬਿਰਾਜਮਾਨ ਹੈ, ਉਸ ਨੇ ਆਪਣੇ ਸਿੰਘਾਸਣ ਨੂੰ ਨਿਆਂ ਦੇ ਲਈ ਕਾਇਮ ਕਰ ਰੱਖਿਆ ਹੈ
ਜ਼ਬੂਰ 9 : 8 (IRVPA)
ਅਤੇ ਉਹ ਧਰਮ ਨਾਲ ਜਗਤ ਦਾ ਨਿਆਂ ਕਰੇਗਾ, ਉਹ ਸਚਿਆਈ ਨਾਲ ਉੱਮਤਾਂ ਦਾ ਫੈਸਲਾ ਕਰੇਗਾ।
ਜ਼ਬੂਰ 9 : 9 (IRVPA)
ਯਹੋਵਾਹ ਸਤਾਏ ਹੋਏ ਦੇ ਲਈ ਇੱਕ ਉੱਚਾ ਗੜ੍ਹ ਹੋਵੇਗਾ, ਹਾਂ, ਬਿਪਤਾ ਦੇ ਸਮੇਂ ਲਈ ਇੱਕ ਉੱਚਾ ਗੜ੍ਹ ਹੋਵੇਗਾ।
ਜ਼ਬੂਰ 9 : 10 (IRVPA)
ਤੇਰੇ ਨਾਮ ਦੇ ਜਾਨਣ ਵਾਲੇ ਤੇਰੇ ਉੱਤੇ ਭਰੋਸਾ ਰੱਖਦੇ ਹਨ, ਕਿਉਂ ਜੋ ਹੇ ਯਹੋਵਾਹ, ਤੂੰ ਆਪਣਿਆਂ ਤਾਲਿਬਾਂ ਨੂੰ ਤਿਆਗ ਨਹੀਂ ਦਿੱਤਾ।
ਜ਼ਬੂਰ 9 : 11 (IRVPA)
ਯਹੋਵਾਹ ਦੀ ਉਸਤਤ ਗਾਓ ਜਿਹੜਾ ਸੀਯੋਨ ਵਿੱਚ ਵੱਸਦਾ ਹੈ, ਲੋਕਾਂ ਵਿੱਚ ਉਹ ਦੇ ਕੰਮਾਂ ਦਾ ਪਰਚਾਰ ਕਰੋ।
ਜ਼ਬੂਰ 9 : 12 (IRVPA)
ਜਦ ਉਹ ਖੂਨ ਦੀ ਪੁੱਛ-ਗਿੱਛ ਕਰਦਾ ਹੈ ਉਹ ਉਹਨਾਂ ਨੂੰ ਚੇਤੇ ਕਰਦਾ ਹੈ, ਉਹ ਮਸਕੀਨਾਂ ਦੀ ਦੁਹਾਈ ਨਹੀਂ ਭੁੱਲਦਾ।
ਜ਼ਬੂਰ 9 : 13 (IRVPA)
ਹੇ ਯਹੋਵਾਹ, ਮੇਰੇ ਉੱਤੇ ਦਯਾ ਕਰ, ਤੂੰ ਜੋ ਮੈਨੂੰ ਮੌਤ ਦੇ ਫਾਟਕਾਂ ਤੋਂ ਉੱਠਾ ਲੈਂਦਾ ਹੈ, ਮੇਰੇ ਕਲੇਸ਼ ਉੱਤੇ ਜਿਹੜਾ ਮੇਰੇ ਵੈਰੀਆਂ ਵੱਲੋਂ ਹੈ ਨਜ਼ਰ ਕਰ,
ਜ਼ਬੂਰ 9 : 14 (IRVPA)
ਤਾਂ ਜੋ ਮੈਂ ਸੀਯੋਨ ਦੇ ਲੋਕਾਂ ਦੇ ਫਾਟਕਾਂ ਵਿੱਚ ਤੇਰੀ ਸਾਰੀ ਉਸਤਤ ਦਾ ਪਰਚਾਰ ਕਰਾਂ, ਅਤੇ ਮੈਂ ਤੇਰੇ ਬਚਾਓ ਤੋਂ ਖੁਸ਼ ਹੋਵਾਂ।
ਜ਼ਬੂਰ 9 : 15 (IRVPA)
ਜਿਹੜਾ ਟੋਆ ਪਰਾਈਆਂ ਕੌਮਾਂ ਨੇ ਪੁੱਟਿਆ ਸੀ ਉਸ ਵਿੱਚ ਓਹ ਆਪ ਡਿੱਗ ਪਈਆਂ ਹਨ, ਜਿਹੜੀ ਫਾਹੀ ਉਹਨਾਂ ਨੇ ਛਿਪਾਈ ਸੀ ਉਸੇ ਵਿੱਚ ਉਨ੍ਹਾਂ ਦਾ ਆਪਣਾ ਪੈਰ ਫਸ ਗਿਆ ਹੈ।
ਜ਼ਬੂਰ 9 : 16 (IRVPA)
ਯਹੋਵਾਹ ਉਜਾਗਰ ਹੋਇਆ ਹੈ, ਉਸੇ ਨੇ ਨਿਆਂ ਕੀਤਾ ਹੈ, ਦੁਸ਼ਟ ਨੂੰ ਉਸੇ ਦੇ ਹੱਥ ਦੇ ਕੰਮ ਵਿੱਚ ਉਸ ਨੇ ਫਸਾ ਦਿੱਤਾ ਹੈ। ਹਿੱਗਯੋਨ ਸਲਹ।
ਜ਼ਬੂਰ 9 : 17 (IRVPA)
ਦੁਸ਼ਟ ਪਤਾਲ ਵਿੱਚ ਮੁੜ੍ਹ ਜਾਣਗੇ, ਉਹ ਸਾਰੀਆਂ ਕੌਮਾਂ ਜਿਹੜੀਆਂ ਪਰਮੇਸ਼ੁਰ ਨੂੰ ਵਿਸਾਰ ਦਿੰਦੀਆਂ ਹਨ।
ਜ਼ਬੂਰ 9 : 18 (IRVPA)
ਕੰਗਾਲ ਤਾਂ ਸਦਾ ਵਿਸਰੇ ਨਹੀਂ ਰਹਿਣਗੇ, ਨਾ ਮਸਕੀਨਾਂ ਦੀ ਆਸ਼ਾ ਹਮੇਸ਼ਾ ਲਈ ਨਸ਼ਟ ਹੋਵੇਗੀ।
ਜ਼ਬੂਰ 9 : 19 (IRVPA)
ਉੱਠ, ਹੇ ਯਹੋਵਾਹ, ਇਨਸਾਨ ਨੂੰ ਪਰਬਲ ਨਾ ਹੋਣ ਦੇ! ਤੇਰੇ ਸਨਮੁਖ ਪਰਾਈਆਂ ਕੌਮਾਂ ਦਾ ਨਿਆਂ ਕੀਤਾ ਜਾਵੇ।
ਜ਼ਬੂਰ 9 : 20 (IRVPA)
ਹੇ ਯਹੋਵਾਹ, ਉਹਨਾਂ ਨੂੰ ਭੈਜਲ ਪਾ, ਪਰਾਈਆਂ ਕੌਮਾਂ ਆਪਣੇ ਆਪ ਨੂੰ ਨਿਰਾ ਇਨਸਾਨ ਹੀ ਜਾਣਨ। ਸਲਹ।

1 2 3 4 5 6 7 8 9 10 11 12 13 14 15 16 17 18 19 20