੧ ਸਮੋਈਲ 19 : 1 (PAV)
ਤਦ ਸ਼ਾਊਲ ਨੇ ਆਪਣੇ ਪੁੱਤ੍ਰ ਯੋਨਾਥਾਨ ਅਤੇ ਆਪਣੇ ਸਾਰਿਆਂ ਟਹਿਲੂਆਂ ਨੂੰ ਆਖਿਆ ਭਈ ਦਾਊਦ ਨੂੰ ਮਾਰ ਸੁੱਟੋ ਪਰ ਸ਼ਾਊਲ ਦੇ ਪੁੱਤ੍ਰ ਯੋਨਾਥਾਨ ਨੇ ਦਾਊਦ ਨਾਲ ਵੱਡਾ ਸਨੇਹ ਕੀਤਾ
੧ ਸਮੋਈਲ 19 : 2 (PAV)
ਸੋ ਯੋਨਾਥਾਨ ਨੇ ਦਾਊਦ ਨੂੰ ਆਖਿਆ, ਮੇਰਾ ਪਿਉ ਤੈਨੂੰ ਮਾਰਿਆ ਚਾਹੁੰਦਾ ਹੈ ਸੋ ਹੁਣ ਪਰਭਾਤ ਤੀਕੁਰ ਤੂੰ ਚੁਕੰਨਾ ਰਹੁ ਤੇ ਕਿਸੇ ਓਹਲੇ ਵਿੱਚ ਲੁੱਕ ਕੇ ਆਪ ਨੂੰ ਛਿਪਾ
੧ ਸਮੋਈਲ 19 : 3 (PAV)
ਅਤੇ ਮੈਂ ਬਾਹਰ ਜਾ ਕੇ ਉਸ ਰੜੇ ਵਿੱਚ ਜਿੱਥੇ ਤੂੰ ਹੋਵੇਂਗਾ ਆਪਣੇ ਪਿਉ ਦੇ ਕੋਲ ਖਲੋਵਾਂਗਾ ਅਤੇ ਆਪਣੇ ਪਿਉ ਨਾਲ ਤੇਰੇ ਵਿਖੇ ਗੱਲ ਕਰਾਂਗਾ ਅਤੇ ਜੋ ਕੁਝ ਮੈਂ ਵੇਖਾਂਗਾ ਸੋ ਤੈਨੂੰ ਦੱਸਾਂਗਾ।।
੧ ਸਮੋਈਲ 19 : 4 (PAV)
ਸੋ ਯੋਨਾਥਾਨ ਨੇ ਆਪਣੇ ਪਿਉ ਸ਼ਾਊਲ ਕੋਲ ਦਾਊਦ ਦੀ ਵਡਿਆਈ ਕੀਤੀ ਅਤੇ ਆਖਿਆ, ਪਾਤਸ਼ਾਹ ਆਪਣੇ ਦਾਸ ਦਾਊਦ ਨਾਲ ਪਾਪ ਨਾ ਕਰੇ। ਉਸ ਨੇ ਤੇਰਾ ਕੁਝ ਪਾਪ ਨਹੀਂ ਕੀਤਾ ਸਗੋਂ ਉਸ ਦੇ ਕੰਮ ਤੇਰੇ ਲਈ ਬਹੁਤ ਚੰਗੇ ਹਨ
੧ ਸਮੋਈਲ 19 : 5 (PAV)
ਕਿਉਂ ਜੋ ਉਸ ਨੇ ਆਪਣੀ ਜਿੰਦ ਆਪਣੀ ਤਲੀ ਉੱਤੇ ਧਰੀ ਅਤੇ ਉਸ ਫਲਿਸਤੀ ਨੂੰ ਵੱਢਿਆ ਅਤੇ ਯਹੋਵਾਹ ਨੇ ਇਸਰਾਏਲ ਨੂੰ ਵੱਡੀ ਫਤਹ ਬ਼ਖ਼ਸ਼ੀ ਅਤੇ ਤੈਂ ਡਿੱਠਾ ਅਤੇ ਪਰਸੰਨ ਹੋਇਆ। ਫੇਰ ਤੂੰ ਕਾਹਨੂੰ ਬੇਦੋਸ਼ੇ ਦੇ ਲਹੂ ਦਾ ਪਾਪ ਕਰਨਾ ਚਾਹੁੰਦਾ ਹੈਂ ਅਤੇ ਕਾਰਨ ਤੋਂ ਬਿਨਾ ਦਾਊਦ ਦੇ ਮਾਰਨ ਨੂੰ ਲੋਚਦਾ ਹੈਂ?
੧ ਸਮੋਈਲ 19 : 6 (PAV)
ਸ਼ਾਊਲ ਨੇ ਯੋਨਾਥਾਨ ਦੀ ਗੱਲ ਸੁਣੀ ਅਤੇ ਸ਼ਾਊਲ ਨੇ ਸੌਂਹ ਖਾ ਕੇ ਆਖਿਆ ਭਈ ਜੀਉਂਦੇ ਯਹੋਵਾਹ ਦੀ ਸੌਂਹ, ਉਹ ਨਾ ਮਾਰਿਆ ਜਾਵੇਗਾ
੧ ਸਮੋਈਲ 19 : 7 (PAV)
ਤਾਂ ਯੋਨਾਥਾਨ ਨੇ ਦਾਊਦ ਨੂੰ ਸੱਦ ਕੇ ਸਾਰੀਆਂ ਗੱਲਾਂ ਉਸ ਨੂੰ ਦੱਸੀਆਂ ਅਤੇ ਦਾਊਦ ਨੂੰ ਸ਼ਾਊਲ ਕੋਲ ਲੈ ਆਇਆ ਅਤੇ ਉਹ ਅੱਗੇ ਵਾਂਙੁ ਉਹ ਦੇ ਕੋਲ ਰਹਿਣ ਲੱਗਾ।।
੧ ਸਮੋਈਲ 19 : 8 (PAV)
ਫੇਰ ਲੜਾਈ ਹੋਈ ਅਤੇ ਦਾਊਦ ਨਿੱਕਲਿਆ ਅਤੇ ਫਲਿਸਤੀਆਂ ਨਾਲ ਲੜਿਆ ਅਤੇ ਵੱਡੀ ਵਾਢ ਕਰ ਕੇ ਉਨ੍ਹਾਂ ਨੂੰ ਐਉਂ ਮਾਰਿਆ ਕਿ ਓਹ ਉਸ ਦੇ ਅੱਗੋਂ ਨੱਸ ਗਏ
੧ ਸਮੋਈਲ 19 : 9 (PAV)
ਯਹੋਵਾਹ ਵੱਲੋਂ ਉਹ ਦੁਸ਼ਟ ਆਤਮਾ ਸ਼ਾਊਲ ਉੱਤੇ ਚੜ੍ਹਿਆ। ਉਹ ਆਪਣੇ ਘਰ ਵਿੱਚ ਇੱਕ ਸਾਂਗ ਆਪਣੇ ਹੱਥ ਵਿੱਚ ਫੜ ਕੇ ਬੈਠਾ ਹੋਇਆ ਸੀ ਅਤੇ ਦਾਊਦ ਹੱਥ ਨਾਲ ਵਜਾ ਰਿਹਾ ਸੀ
੧ ਸਮੋਈਲ 19 : 10 (PAV)
ਸ਼ਾਊਲ ਨੇ ਚਾਹਿਆ ਭਈ ਦਾਊਦ ਨੂੰ ਕੰਧ ਨਾਲ ਵਿੰਨਾ ਪਰ ਦਾਊਦ ਸ਼ਾਊਲ ਦੇ ਅੱਗੋਂ ਖਿਸਕ ਗਿਆ ਅਤੇ ਸਾਂਗ ਕੰਧ ਦੇ ਵਿੱਚ ਜਾ ਖੁੱਭੀ ਸੋ ਦਾਊਦ ਉਸ ਰਾਤ ਭੱਜ ਕੇ ਬਚ ਗਿਆ
੧ ਸਮੋਈਲ 19 : 11 (PAV)
ਸ਼ਾਊਲ ਨੇ ਉਸ ਦੀ ਰਾਖੀ ਕਰਨ ਅਤੇ ਸਵੇਰੇ ਉਸ ਨੂੰ ਮਾਰ ਸੁੱਟਣ ਲਈ ਦਾਊਦ ਦੇ ਘਰ ਹਲਕਾਰੇ ਘੱਲੇ ਅਤੇ ਦਾਊਦ ਦੀ ਵਹੁਟੀ ਮੀਕਲ ਨੇ ਉਸ ਨੂੰ ਖਬਰ ਦੇ ਕੇ ਆਖਿਆ, ਜੇ ਤੂੰ ਅੱਜ ਰਾਤ ਨੂੰ ਆਪਣੀ ਜਾਨ ਨਾ ਬਚਾਵੇਂ ਤਾਂ ਭਲਕੇ ਮਾਰਿਆ ਜਾਵੇਂਗਾ।।
੧ ਸਮੋਈਲ 19 : 12 (PAV)
ਮੀਕਲ ਨੇ ਦਾਊਦ ਨੂੰ ਬਾਰੀ ਵਿੱਚੋਂ ਹੇਠਾਂ ਲਾਹ ਦਿੱਤਾ ਸੋ ਉਹ ਗਿਆ ਅਤੇ ਭੱਜ ਕੇ ਬਚ ਗਿਆ
੧ ਸਮੋਈਲ 19 : 13 (PAV)
ਤਦ ਮੀਕਲ ਨੇ ਇੱਕ ਘਰੇਲੂ ਬੁੱਤ ਲੈ ਕੇ ਮੰਜੇ ਉੱਤੇ ਲੰਮਾਂ ਪਾ ਛੱਡਿਆ ਅਤੇ ਬੱਕਰਿਆਂ ਦੇ ਚੰਮ ਦਾ ਸਿਰਹਾਣਾ ਬਣਾ ਕੇ ਉਹ ਦੀ ਸਿਹਰਾਂਦੀ ਧਰਿਆ ਅਤੇ ਕੱਪੜਾ ਉੱਤੇ ਤਾਣ ਦਿੱਤਾ
੧ ਸਮੋਈਲ 19 : 14 (PAV)
ਅਤੇ ਜਾਂ ਸ਼ਾਊਲ ਨੇ ਦਾਊਦ ਦੇ ਫੜਨ ਨੂੰ ਹਲਕਾਰੇ ਘੱਲੇ ਤਾਂ ਉਹ ਬੋਲੀ, ਉਹ ਤਾਂ ਮਾਂਦਾ ਹੈ
੧ ਸਮੋਈਲ 19 : 15 (PAV)
ਅਤੇ ਸ਼ਾਊਲ ਨੇ ਦਾਊਦ ਦੇ ਵੇਖਣ ਲਈ ਹਲਕਾਰਿਆਂ ਨੂੰ ਫੇਰ ਘੱਲਿਆ ਅਤੇ ਆਖਿਆ, ਉਹ ਨੂੰ ਮੰਜੇ ਸਣੇ ਮੇਰੇ ਕੋਲ ਚੁੱਕ ਲਿਆਓ ਜੋ ਮੈਂ ਉਹ ਨੂੰ ਮਾਰ ਸੁੱਟਾਂ
੧ ਸਮੋਈਲ 19 : 16 (PAV)
ਤਾਂ ਹਲਕਾਰੇ ਅੰਦਰ ਆਏ ਤਾਂ ਵੇਖੋ, ਮੰਜੇ ਉੱਤੇ ਉਹ ਬੁੱਤ ਲੰਮਾ ਪਿਆ ਹੋਇਆ ਹੈ ਅਤੇ ਉਹ ਦੀ ਸਿਰਹਾਂਦੀ ਬੱਕਰਿਆਂ ਦੀ ਖੱਲ ਦਾ ਸਿਰਹਾਣਾ ਧਰਿਆ ਹੋਇਆ ਹੈ
੧ ਸਮੋਈਲ 19 : 17 (PAV)
ਤਦ ਸ਼ਾਊਲ ਨੇ ਮੀਕਲ ਨੂੰ ਆਖਿਆ, ਤੈਂ ਮੇਰੇ ਨਾਲ ਇਹ ਠੱਗੀ ਕਾਹਨੂੰ ਕੀਤੀ ਜੋ ਮੇਰੇ ਵੈਰੀ ਨੂੰ ਤੋਰ ਦਿੱਤਾ ਅਤੇ ਉਹ ਬਚ ਗਿਆ? ਸੋ ਮੀਕਲ ਨੇ ਸ਼ਾਊਲ ਨੂੰ ਉੱਤਰ ਦਿੱਤਾ, ਉਸ ਨੇ ਮੈਨੂੰ ਆਖਿਆ, ਮੈਨੂੰ ਜਾਣ ਦੇਹ। ਮੈਂ ਤੈਨੂੰ ਕਿਉਂ ਮਾਰ ਸੁੱਟਾਂ?।।
੧ ਸਮੋਈਲ 19 : 18 (PAV)
ਦਾਊਦ ਭੱਜ ਕੇ ਬਚ ਰਿਹਾ ਅਤੇ ਰਾਮਾਹ ਵਿੱਚ ਸਮੂਏਲ ਕੋਲ ਆਇਆ ਅਤੇ ਜੋ ਕੁਝ ਸ਼ਾਊਲ ਨੇ ਉਸ ਨਾਲ ਕੀਤਾ ਸੀ ਸਭ ਉਹ ਨੂੰ ਦੱਸ ਦਿੱਤਾ। ਤਦ ਉਹ ਅਤੇ ਸਮੂਏਲ ਨਾਯੋਥ ਵਿੱਚ ਜਾ ਰਹੇ
੧ ਸਮੋਈਲ 19 : 19 (PAV)
ਅਤੇ ਸ਼ਾਊਲ ਨੂੰ ਖਬਰ ਹੋਈ ਜੋ ਦਾਊਦ ਰਾਮਾਹ ਦੇ ਨਾਯੋਥ ਵਿੱਚ ਹੈ
੧ ਸਮੋਈਲ 19 : 20 (PAV)
ਤਾਂ ਸ਼ਾਊਲ ਨੇ ਦਾਊਦ ਦੇ ਫੜਨ ਲਈ ਹਲਕਾਰੇ ਘੱਲੇ ਅਰ ਉਨ੍ਹਾਂ ਨੇ ਜਾਂ ਡਿੱਠਾ ਭਈ ਇੱਕ ਨਬੀਆਂ ਦੀ ਟੋਲੀ ਹੈ ਅਤੇ ਓਹ ਅਗੰਮ ਵਾਚ ਰਹੇ ਹਨ ਅਤੇ ਸਮੂਏਲ ਉਨ੍ਹਾਂ ਦਾ ਆਗੂ ਬਣ ਕੇ ਖਲੋਤਾ ਹੋਇਆ ਹੈ ਤਾਂ ਪਰਮੇਸ਼ੁਰ ਦਾ ਆਤਮਾ ਸ਼ਾਊਲ ਦੇ ਹਲਕਾਰਿਆਂ ਉੱਤੇ ਆਇਆ ਅਤੇ ਓਹ ਵੀ ਅਗੰਮ ਵਾਚਣ ਲੱਗ ਪਏ
੧ ਸਮੋਈਲ 19 : 21 (PAV)
ਜਾਂ ਸ਼ਾਊਲ ਨੂੰ ਇਹ ਖਬਰ ਅੱਪੜ ਪਈ ਤਾਂ ਉਹ ਨੇ ਹੋਰ ਹਲਕਾਰੇ ਘੱਲੇ ਅਤੇ ਓਹ ਵੀ ਅਗੰਮ ਵਾਚਣ ਲੱਗ ਪਏ ਤਾਂ ਸ਼ਾਊਲ ਨੇ ਤੀਜੀ ਵਾਰ ਫੇਰ ਹੋਰ ਹਲਕਾਰੇ ਘੱਲੇ ਅਤੇ ਓਹ ਵੀ ਅਗੰਮ ਵਾਚਣ ਲੱਗ ਪਏ
੧ ਸਮੋਈਲ 19 : 22 (PAV)
ਤਦ ਉਹ ਆਪ ਰਾਮਾਹ ਨੂੰ ਗਿਆ ਅਤੇ ਉਸ ਵੱਡੇ ਖੂਹ ਕੋਲ ਜੋ ਸੇਕੂ ਵਿੱਚ ਹੈ ਅੱਪੜ ਪਿਆ ਅਤੇ ਉਸ ਨੇ ਪੁੱਛਿਆ, ਸਮੂਏਲ ਅਤੇ ਦਾਊਦ ਕਿੱਥੇ ਹਨ? ਇੱਕ ਨੇ ਆਖਿਆ, ਵੇਖ, ਓਹ ਤਾਂ ਰਾਮਾਹ ਦੇ ਨਾਯੋਥ ਵਿੱਚ ਹਨ
੧ ਸਮੋਈਲ 19 : 23 (PAV)
ਤਦ ਉਹ ਰਾਮਾਹ ਦੇ ਨਾਯੋਥ ਵੱਲ ਤੁਰਿਆ ਅਤੇ ਪਰਮੇਸ਼ੁਰ ਦਾ ਆਤਮਾ ਉਹ ਦੇ ਉੱਤੇ ਵੀ ਆਇਆ ਅਤੇ ਉਹ ਤੁਰਦਿਆਂ ਤੁਰਦਿਆਂ ਅਗੰਮ ਵਾਚੀ ਗਿਆ ਐਥੋਂ ਤੋੜੀ ਜੋ ਰਾਮਾਹ ਦੇ ਨਾਯੋਥ ਵਿੱਚ ਅੱਪੜ ਗਿਆ
੧ ਸਮੋਈਲ 19 : 24 (PAV)
ਅਤੇ ਉਸ ਨੇ ਵੀ ਆਪਣੇ ਲੀੜੇ ਲਾਹ ਸੁੱਟੇ ਅਤੇ ਸਮੂਏਲ ਦੇ ਅੱਗੇ ਉੱਸੇ ਤਰਾਂ ਅਗੰਮ ਵਾਚਿਆ ਅਤੇ ਉਸ ਸਾਰੇ ਦਿਨ ਅਤੇ ਸਾਰੀ ਰਾਤ ਵਿੱਚ ਨੰਗਾ ਪਿਆ ਰਿਹਾ। ਸੋ ਇਹ ਕਹਾਉਤ ਚੱਲ ਪਈ ਭਲਾ, ਸ਼ਾਊਲ ਵੀ ਨਬੀਆਂ ਵਿੱਚ ਹੈ?।।

1 2 3 4 5 6 7 8 9 10 11 12 13 14 15 16 17 18 19 20 21 22 23 24

BG:

Opacity:

Color:


Size:


Font: