੨ ਸਲਾਤੀਨ 4 : 1 (PAV)
ਨਬੀਆਂ ਦਿਆਂ ਪੁੱਤ੍ਰਾਂ ਦੀਆਂ ਤੀਵੀਆਂ ਵਿੱਚੋਂ ਇੱਕ ਜਣੀ ਨੇ ਅਲੀਸ਼ਾ ਅੱਗੇ ਦੁਹਾਈ ਦਿੱਤੀ ਭਈ ਤੇਰਾ ਦਾਸ ਮੇਰਾ ਪਤੀ ਮਰ ਗਿਆ ਹੈ ਅਤੇ ਤੂੰ ਜਾਣਦਾ ਹੈਂ ਭਈ ਤੇਰਾ ਦਾਸ ਯਹੋਵਾਹ ਦਾ ਭੈ ਮੰਨਦਾ ਸੀ। ਹੁਣ ਲੈਣਦਾਰ ਮੇਰੇ ਦੋ ਪੁੱਤ੍ਰਾਂ ਨੂੰ ਆਪਣੇ ਬਰਦੇ ਬਣਾਉਣ ਲਈ ਲੈਣ ਆਇਆ ਹੈ
੨ ਸਲਾਤੀਨ 4 : 2 (PAV)
ਤਾਂ ਅਲੀਸ਼ਾਂ ਨੇ ਉਸ ਨੂੰ ਆਖਿਆ, ਮੈਂ ਤੇਰੇ ਲਈ ਕੀ ਕਰਾਂ? ਮੈਨੂੰ ਦੱਸ ਤੇਰੇ ਕੋਲ ਘਰ ਵਿੱਚ ਕੀ ਹੈ? ਉਹ ਬੋਲੀ, ਤੇਰੀ ਟਹਿਲਣ ਦੇ ਘਰ ਵਿੱਚ ਇੱਕ ਕੁੱਪੀ ਤੇਲ ਤੋਂ ਬਿਨਾ ਕੁਝ ਭੀ ਨਹੀਂ
੨ ਸਲਾਤੀਨ 4 : 3 (PAV)
ਤਾਂ ਉਹ ਬੋਲਿਆ, ਤੂੰ ਜਾਹ ਤੇ ਆਪਣੇ ਸਾਰੇ ਗੁਆਂਢਿਆਂ ਤੋਂ ਖਾਲੀ ਭਾਂਡੇ ਮੰਗ ਲੈ। ਓਹ ਥੋੜੇ ਜੇਹੇ ਨਾ ਹੋਣ
੨ ਸਲਾਤੀਨ 4 : 4 (PAV)
ਅਤੇ ਜਦ ਤੂੰ ਅੰਦਰ ਆ ਜਾਵੇਂ ਤਾਂ ਆਪਣੇ ਤੇ ਆਪਣੇ ਪੁੱਤ੍ਰਾਂ ਲਈ ਬੂਹਾ ਭੇੜ ਲਵੀਂ ਅਤੇ ਉਨ੍ਹਾਂ ਸਾਰਿਆਂ ਭਾਂਡਿਆਂ ਵਿੱਚ ਉਲੱਦਦੀ ਜਾਵੀਂ। ਜਿਹੜਾ ਭਰ ਜਾਏ ਉਹ ਨੂੰ ਅੱਡ ਰੱਖ ਦੇਵੀਂ
੨ ਸਲਾਤੀਨ 4 : 5 (PAV)
ਸੋ ਉਹ ਉਹ ਦੇ ਅੱਗਿਓਂ ਚੱਲੀ ਗਈ ਤੇ ਆਪਣੇ ਅਤੇ ਆਪਣੇ ਪੁੱਤ੍ਰਾਂ ਲਈ ਬੂਹਾ ਭੇੜ ਲਿਆ। ਓਹ ਉਸ ਦੇ ਕੋਲ ਲਿਆਉਂਦੇ ਗਏ ਤੇ ਉਹ ਉੱਲਦਦੀ ਗਈ
੨ ਸਲਾਤੀਨ 4 : 6 (PAV)
ਫੇਰ ਐਉਂ ਹੋਇਆ ਜਦ ਓਹ ਭਾਂਡੇ ਭਰ ਗਏ ਤਾਂ ਉਸਨੇ ਆਪਣੇ ਪੁੱਤ੍ਰ ਨੂੰ ਆਖਿਆ, ਮੇਰੇ ਕੋਲ ਇੱਕ ਹੋਰ ਭਾਂਡਾ ਲਿਆ। ਉਹ ਨੇ ਉਸ ਨੂੰ ਆਖਿਆ, ਹੋਰ ਤਾਂ ਕੋਈ ਭਾਂਡਾ ਨਹੀਂ ਹੈ ਤਾਂ ਤੇਲ ਬੰਦ ਹੋ ਗਿਆ
੨ ਸਲਾਤੀਨ 4 : 7 (PAV)
ਤਦ ਉਹ ਪਰਮੇਸ਼ੁਰ ਦੇ ਜਨ ਕੋਲ ਆਈ ਤੇ ਉਹ ਨੂੰ ਦੱਸਿਆ ਅਤੇ ਉਹ ਬੋਲਿਆ, ਜਾ ਕੇ ਤੇਲ ਵੇਚ ਤੇ ਆਪਣਾ ਕਰਜ਼ਾ ਭਰ ਦੇਹ ਅਤੇ ਜੋ ਬਚੇ ਉਹ ਦੇ ਨਾਲ ਤੂੰ ਤੇਰੇ ਪੁੱਤ੍ਰ ਗੁਜ਼ਰ ਕਰਿਓ।।
੨ ਸਲਾਤੀਨ 4 : 8 (PAV)
ਇੱਕ ਦਿਨ ਐਉਂ ਹੋਇਆ ਭਈ ਅਲੀਸ਼ਾ ਸ਼ੂਨੇਮ ਵੱਲੋਂ ਦੀ ਹੋ ਕੇ ਲੰਘਿਆ ਜਿੱਥੇ ਇੱਕ ਮੰਨੀ ਦੰਨੀ ਇਸਤ੍ਰੀ ਸੀ। ਉਹ ਨੇ ਉਸ ਨੂੰ ਰੋਟੀ ਖਾਣ ਲਈ ਮਜਬੂਰ ਕੀਤਾ। ਫੇਰ ਐਉਂ ਹੋਇਆ ਕਿ ਜਦ ਕਦੀ ਉਹ ਉੱਧਰੋਂ ਦੀ ਲੰਘਦਾ ਸੀ ਰੋਟੀ ਖਾਣ ਲਈ ਉੱਧਰੇ ਮੁੜ ਪੈਂਦਾ ਸੀ
੨ ਸਲਾਤੀਨ 4 : 9 (PAV)
ਤਦ ਉਹ ਨੇ ਆਪਣੇ ਪਤੀ ਨੂੰ ਆਖਿਆ, ਵੇਖ ਭਈ ਉਹ ਜਿਹੜਾ ਬਹੁਤ ਕਰਕੇ ਸਾਡੇ ਪਾਸਿਓਂ ਲੰਘਦਾ ਹੈ ਪਰਮੇਸ਼ੁਰ ਦਾ ਪਵਿੱਤਰ ਜਨ ਜਾਪਦਾ ਹੈ
੨ ਸਲਾਤੀਨ 4 : 10 (PAV)
ਅਸੀਂ ਕੰਧ ਦੇ ਉੱਤੇ ਇੱਕ ਨਿੱਕਾ ਜਿਹਾ ਚੁਬਾਰਾ ਬਣਾਈਏ ਅਤੇ ਉੱਥੇ ਉਸ ਦੇ ਲਈ ਇੱਕ ਮੰਜਾ, ਇੱਕ ਮੇਜ਼, ਇੱਕ ਚੌਂਕੀਂ ਤੇ ਇੱਕ ਦੁਵਾਖੀ ਰੱਖੀਏ ਅਤੇ ਐਉਂ ਹੋਵੇਗਾ ਕਿ ਜਦ ਉਹ ਸਾਡੇ ਕੋਲ ਆਵੇ ਤਾਂ ਉੱਥੇ ਰਹਿ ਸੱਕੇਗਾ
੨ ਸਲਾਤੀਨ 4 : 11 (PAV)
ਇੱਕ ਦਿਨ ਐਉਂ ਹੋਇਆ ਭਈ ਉਹ ਉੱਧਰ ਆਇਆ ਅਤੇ ਉਸ ਚੁਬਾਰੇ ਵਿੱਚ ਜਾ ਕੇ ਉੱਥੇ ਹੀ ਲੇਟਿਆ
੨ ਸਲਾਤੀਨ 4 : 12 (PAV)
ਤਦ ਉਸ ਨੇ ਆਪਣੇ ਬਾਲਕੇ ਗੇਹਾਜੀ ਨੂੰ ਆਖਿਆ, ਇਸ ਸ਼ੂਨੰਮੀ ਤੀਵੀਂ ਨੂੰ ਸੱਦ ਤਾਂ ਉਸ ਨੇ ਉਹ ਨੂੰ ਸੱਦਿਆ ਤੇ ਉਹ ਉਸ ਦੇ ਅੱਗੇ ਖਲੋ ਗਈ
੨ ਸਲਾਤੀਨ 4 : 13 (PAV)
ਉਸ ਨੇ ਬਾਲਕੇ ਨੂੰ ਕਿਹਾ ਭਈ ਉਹ ਨੂੰ ਆਖ ਕਿ ਵੇਖ ਤੂੰ ਜੋ ਐਡੇ ਗੌਹ ਨਾਲ ਸਾਡੀ ਸਾਰ ਲੈਂਦੀ ਰਹੀ ਤੇਰੇ ਲਈ ਕੀ ਕੀਤਾ ਜਾਵੇ? ਕੀ ਅਸੀਂ ਪਾਤਸ਼ਾਹ ਯਾ ਸੈਨਾਪਤੀ ਨਾਲ ਤੇਰੇ ਨਮਿੱਤ ਗੱਲ ਕਰੀਏ? ਪਰ ਉਹ ਬੋਲੀ, ਮੈਂ ਤਾਂ ਆਪਣੇ ਹੀ ਲੋਕਾਂ ਦੇ ਵਿੱਚਕਾਰ ਵੱਸਦੀ ਹਾਂ
੨ ਸਲਾਤੀਨ 4 : 14 (PAV)
ਫੇਰ ਉਸ ਨੇ ਕਿਹਾ ਤਾਂ ਉਹ ਦੇ ਲਈ ਕੀਤਾ ਜਾਵੇ? ਅੱਗੋਂ ਗੇਹਾਜੀ ਬੋਲਿਆ, ਸੱਚ ਮੁੱਚ ਉਹ ਦੇ ਕੋਈ ਪੁੱਤ੍ਰ ਨਹੀਂ ਹੈਂ ਅਤੇ ਉਹ ਦਾ ਪਤੀ ਬਿਰਧ ਹੈ
੨ ਸਲਾਤੀਨ 4 : 15 (PAV)
ਤਾਂ ਉਸਨੇ ਕਿਹਾ, ਉਹ ਨੂੰ ਸੱਦ। ਸੋ ਉਸ ਨੇ ਉਹ ਨੂੰ ਸੱਦਿਆ ਤੇ ਉਹ ਬੂਹੇ ਵਿੱਚ ਆਣ ਖਲੋਤੀ
੨ ਸਲਾਤੀਨ 4 : 16 (PAV)
ਤਦ ਉਹ ਬੋਲਿਆ, ਐਸੇ ਰੁੱਤੇ ਬਸੰਤ ਦਿਆਂ ਦਿਨਾਂ ਦੇ ਕੁਝ ਨੇੜ ਤੇੜ ਤੇਰੇ ਕੁੱਛੜ ਪੁੱਤ੍ਰ ਹੋਵੇਗਾ। ਉਹ ਬੋਲੀ, ਨਹੀਂ ਮਰੇ ਸੁਆਮੀ ਪਰਮੇਸ਼ੁਰ ਦੇ ਜਨ ਆਪਣੀ ਟਹਿਲਣ ਨਾਲ ਝੂਠ ਨਾ ਬੋਲ
੨ ਸਲਾਤੀਨ 4 : 17 (PAV)
ਪਰ ਉਹ ਤੀਵੀਂ ਗਰਭਵੰਤੀ ਹੋਈ ਅਰ ਜਿਵੇਂ ਅਲੀਸ਼ਾ ਨੇ ਆਖਿਆ ਸੀ ਉੱਸੇ ਰੁੱਤੇ ਬਸੰਤ ਦੇ ਨੇੜ ਤੇੜ ਉਹ ਦੇ ਪੁੱਤ੍ਰ ਜੰਮਿਆਂ
੨ ਸਲਾਤੀਨ 4 : 18 (PAV)
ਅਤੇ ਜਦ ਬਾਲਕ ਵੱਡਾ ਹੋਇਆ ਤਾਂ ਇੱਕ ਦਿਨ ਐਉਂ ਹੋਇਆ ਭਈ ਉਹ ਆਪਣੇ ਪਿਉ ਕੋਲ ਵਾਢਿਆਂ ਵੱਲ ਚੱਲਿਆ ਗਿਆ
੨ ਸਲਾਤੀਨ 4 : 19 (PAV)
ਅਤੇ ਉਹ ਆਪਣੇ ਪਿਉ ਨੂੰ ਆਖਣ ਲੱਗਾ, ਹਾਏ ਮੇਰਾ ਸਿਰ, ਹਾਏ ਮੇਰਾ ਸਿਰ! ਅਰ ਉਹ ਨੇ ਆਪਣੇ ਇੱਕ ਟਹਿਲੂਏ ਨੂੰ ਆਖਿਆ, ਉਹ ਨੂੰ ਉਹ ਦੀ ਮਾਂ ਕੋਲ ਲੈ ਜਾਹ
੨ ਸਲਾਤੀਨ 4 : 20 (PAV)
ਜਦ ਉਹ ਉਹ ਨੂੰ ਚੁੱਕ ਕੇ ਉਹ ਨੂੰ ਉਹ ਦੀ ਮਾਂ ਕੋਲ ਅੰਦਰ ਲੈ ਗਿਆ ਤਾਂ ਉਹ ਦੁਪਹਿਰਾਂ ਤਾਈਂ ਉਹ ਦੇ ਗੋਡਿਆਂ ਉੱਤੇ ਬੈਠਾ ਰਿਹਾ ਫੇਰ ਮਰ ਗਿਆ
੨ ਸਲਾਤੀਨ 4 : 21 (PAV)
ਤਾਂ ਉਹ ਨੇ ਉੱਤੇ ਜਾ ਕੇ ਉਹ ਨੂੰ ਪਰਮੇਸ਼ੁਰ ਦੇ ਜਨ ਦੇ ਮੰਜੇ ਉੱਤੇ ਲਿਟਾ ਦਿੱਤਾ ਅਰ ਦਰ ਬੰਦ ਕਰ ਬਾਹਰ ਚੱਲੀ ਗਈ
੨ ਸਲਾਤੀਨ 4 : 22 (PAV)
ਤਾਂ ਉਹ ਨੇ ਆਪਣੇ ਪਤੀ ਨੂੰ ਸੱਦ ਕੇ ਆਖਿਆ, ਜੁਆਨਾਂ ਵਿੱਚੋਂ ਇੱਕ ਜਣਾ ਨਾਲੇ ਇੱਕ ਗਧਾ ਮੇਰੇ ਕੋਲ ਘੱਲ ਭਈ ਮੈਂ ਪਰਮੇਸ਼ੁਰ ਦੇ ਜਨ ਕੋਲ ਭੱਜ ਜਾਵਾਂ ਤੇ ਮੁੜ ਆਵਾਂ
੨ ਸਲਾਤੀਨ 4 : 23 (PAV)
ਅੱਗੋਂ ਉਹ ਬੋਲਿਆ, ਅੱਜ ਤੂੰ ਕਿਉਂ ਉਹ ਦੇ ਕੋਲ ਜਾਂਦੀ ਹੈ, ਨਾ ਨਵਾਂ ਚੰਦ ਹੈ ਨਾ ਸਬਤ? ਪਰ ਉਹ ਬੋਲੀ ਸਲਾਮਤੀ ਹੀ ਹੋਵੇਗੀ।।
੨ ਸਲਾਤੀਨ 4 : 24 (PAV)
ਤਦ ਉਹ ਨੇ ਗਧੇ ਉੱਤੇ ਕਾਠੀ ਕੱਸੀ ਅਤੇ ਆਪਣੇ ਟਹਿਲੂਏ ਨੂੰ ਆਖਿਆ, ਹੱਕ ਲੈ ਤੇ ਅੱਗੇ ਵੱਧ। ਜਦ ਤਾਈਂ ਮੈਂ ਤੈਨੂੰ ਨਾ ਆਖਾਂ ਮੇਰੇ ਕਾਰਨ ਸੁਵਾਰੀ ਹੱਕਣ ਵਿੱਚ ਢਿੱਲ ਨਾ ਪਾਈਂ
੨ ਸਲਾਤੀਨ 4 : 25 (PAV)
ਸੋ ਉਹ ਰਾਹ ਪੈ ਗਈ ਤੇ ਪਰਮੇਸ਼ੁਰ ਦੇ ਜਨ ਕੋਲ ਕਰਮਲ ਦੇ ਪਰਬਤ ਉੱਤੇ ਗਈ ਅਤੇ ਐਉਂ ਹੋਇਆ ਜਦ ਪਰਮੇਸ਼ੁਰ ਦੇ ਜਨ ਨੇ ਉਹ ਨੂੰ ਦੂਰੋਂ ਵੇਖਿਆ ਤਾਂ ਉਸ ਨੇ ਆਪਣੇ ਬਾਲਕੇ ਗੇਹਾਜੀ ਨੂੰ ਆਖਿਆ, ਵੇਖ ਔਹ ਸ਼ੂਨੰਮੀ ਤੀਵੀਂ ਹੈ
੨ ਸਲਾਤੀਨ 4 : 26 (PAV)
ਤੂੰ ਹੁਣ ਭੱਜ ਕੇ ਉਹ ਨੂੰ ਮਿਲ ਤੇ ਉਹ ਨੂੰ ਆਖ ਭਈ ਤੂੰ ਰਾਜ਼ੀ ਬਾਜ਼ੀ ਤਾਂ ਹੈਂ? ਤੇਰਾ ਪਤੀ ਰਾਜ਼ੀ ਬਾਜ਼ੀ ਹੈ? ਬਾਲਕ ਰਾਜ਼ੀ ਬਾਜ਼ੀ ਹੈ? ਅੱਗੋ ਉਹ ਬੋਲੀ, ਸੁਖ ਸਾਂਦ ਹੈ
੨ ਸਲਾਤੀਨ 4 : 27 (PAV)
ਪਰ ਜਦ ਉਹ ਪਰਮੇਸ਼ੁਰ ਦੇ ਜਨ ਕੋਲ ਪਰਬਤ ਉੱਤੇ ਆਈ ਤਾਂ ਉਸ ਦੇ ਪੈਰ ਫੜ ਲਏ ਅਤੇ ਗੇਹਾਜੀ ਉਹ ਨੂੰ ਪਰੇ ਹਟਾਉਣ ਲਈ ਨੇੜੇ ਆਇਆ ਪਰ ਪਰਮੇਸ਼ੁਰ ਦੇ ਜਨ ਨੇ ਆਖਿਆ, ਉਹ ਨੂੰ ਰਹਿਣ ਦੇਹ ਕਿਉਂ ਜੋ ਉਹ ਦਾ ਮਨ ਭਰਿਆ ਹੋਇਆ ਹੈ ਪਰ ਯਹੋਵਾਹ ਨੇ ਇਹ ਮੈਥੋਂ ਲੁਕਾਇਆ ਤੇ ਮੈਨੂੰ ਨਾ ਦੱਸਿਆ
੨ ਸਲਾਤੀਨ 4 : 28 (PAV)
ਤਦ ਉਹ ਬੋਲੀ, ਕੀ ਮੈਂ ਆਪਣੇ ਸੁਆਮੀ ਕੋਲੋਂ ਪੁੱਤ੍ਰ ਮੰਗਿਆ ਸੀ ਮੈਂ ਇਹ ਨਹੀਂ ਸੀ ਆਖਿਆ ਭਈ ਮੈਨੂੰ ਛਲੀਂ ਨਾ
੨ ਸਲਾਤੀਨ 4 : 29 (PAV)
ਤਾਂ ਉਸ ਨੇ ਗੇਹਾਜੀ ਨੂੰ ਕਿਹਾ, ਆਪਣਾ ਲੱਕ ਬੰਨ੍ਹ ਅਰ ਮੇਰੀ ਲਾਠੀ ਆਪਣੇ ਹੱਥ ਵਿੱਚ ਲੈ ਕੇ ਆਪਣਾ ਰਾਹ ਫੜ। ਜੇ ਕੇਈ ਆਦਮੀ ਤੈਨੂੰ ਮਿਲੇ ਤਾਂ ਉਹ ਨੂੰ ਪਰਨਾਮ ਨਾ ਕਰੀਂ ਅਰ ਜੇ ਕੋਈ ਆਦਮੀ ਪਰਨਾਮ ਕਰੇ ਤਾਂ ਤੂੰ ਉਹ ਨੂੰ ਉੱਤਰ ਨਾ ਦੇਵੀਂ। ਫੇਰ ਤੂੰ ਮੁੰਡੇ ਦੇ ਮੂੰਹ ਉੱਤੇ ਮੇਰੀ ਲਾਠੀ ਰੱਖ ਦੇਵੀਂ
੨ ਸਲਾਤੀਨ 4 : 30 (PAV)
ਪਰ ਮੁੰਡੇ ਦੀ ਮਾਂ ਬੋਲੀ, ਜੀਉਂਦੇ ਯਹੋਵਾਹ ਦੀ ਤੇ ਤੇਰੀ ਜਾਨ ਦੀ ਸੌਂਹ ਮੈਂ ਤੈਨੂੰ ਨਹੀਂ ਛੱਡਾਂਗੀ। ਸੋ ਉਹ ਉੱਠ ਕੇ ਉਹ ਦੇ ਮਗਰ ਤਰ ਪਿਆ
੨ ਸਲਾਤੀਨ 4 : 31 (PAV)
ਅਤੇ ਗੇਹਾਜੀ ਉਨ੍ਹਾਂ ਤੋਂ ਪਹਿਲਾਂ ਤੁਰ ਗਿਆ ਤੇ ਮੁੰਡੇ ਦੇ ਮੂੰਹ ਉੱਤੇ ਲਾਠੀ ਰੱਖੀ ਪਰ ਨਾ ਅਵਾਜ਼ ਸੀ ਨਾ ਸੁਰਤ ਇਸ ਲਈ ਉਹ ਉਸ ਨੂੰ ਮਿਲਣ ਲਈ ਮੁੜਿਆ ਅਤੇ ਉਸ ਨੂੰ ਦੱਸਿਆ ਕਿ ਮੁੰਡਾ ਨਹੀਂ ਜਾਗਿਆ
੨ ਸਲਾਤੀਨ 4 : 32 (PAV)
ਜਦ ਅਲੀਸ਼ਾ ਘਰ ਵਿੱਚ ਆਇਆ ਤਾਂ ਵੇਖੋ ਮੁੰਡਾ ਮੋਇਆ ਹੋਇਆ ਉਸ ਦੇ ਮੰਜੇ ਉੱਤੇ ਪਿਆ ਸੀ
੨ ਸਲਾਤੀਨ 4 : 33 (PAV)
ਸੋ ਉਹ ਅੰਦਰ ਗਿਆ ਅਰ ਉਨ੍ਹਾਂ ਦੋਹਾਂ ਲਈ ਬੂਹਾ ਭੇੜ ਲਿਆ ਅਤੇ ਯਹੋਵਾਹ ਦੇ ਅੱਗੇ ਬੇਨਤੀ ਕੀਤੀ
੨ ਸਲਾਤੀਨ 4 : 34 (PAV)
ਤਦ ਉਹ ਚੜ੍ਹ ਕੇ ਬਾਲਕ ਉੱਤੇ ਲੇਟ ਗਿਆ ਅਤੇ ਉਸ ਨੇ ਆਪਣਾ ਮੂੰਹ ਉਹ ਦੇ ਮੂੰਹ ਉੱਤੇ ਅਤੇ ਆਪਣੀਆਂ ਅੱਖੀਆਂ ਉਹ ਦੀਆਂ ਅੱਖੀਆਂ ਉੱਤੇ ਅਤੇ ਆਪਣੇ ਹੱਥ ਉਹ ਦਿਆਂ ਹੱਥਾਂ ਉੱਤੇ ਰੱਖੇ ਅਤੇ ਉਹ ਦੇ ਉੱਤੇ ਪਸਰ ਗਿਆ ਤਦ ਉਸ ਬੱਚੇ ਦਾ ਸਰੀਰ ਨਿੱਘਾ ਹੋ ਗਿਆ
੨ ਸਲਾਤੀਨ 4 : 35 (PAV)
ਫੇਰ ਉਹ ਪਰਤ ਪਿਆ ਅਰ ਇੱਕ ਵਾਰੀ ਘਰ ਵਿੱਚ ਐਧਰ ਔਧਰ ਟਹਿਲਿਆ ਤਦ ਉਹ ਚੜ੍ਹ ਕੇ ਉਹ ਦੇ ਉੱਤੇ ਪਸਰ ਗਿਆ ਤੇ ਮੁੰਡਾ ਸੱਤ ਵਾਰੀ ਛਿੱਕਿਆ ਅਤੇ ਮੁੰਡੇ ਨੇ ਆਪਣਿਆਂ ਅੱਖੀਆਂ ਖੋਲ੍ਹੀਆਂ
੨ ਸਲਾਤੀਨ 4 : 36 (PAV)
ਤਦ ਉਸ ਨੇ ਗੇਹਾਜੀ ਨੂੰ ਸੱਦ ਕੇ ਆਖਿਆ, ਏਸ ਸ਼ੂਨੰਮੀ ਨੂੰ ਸੱਦ ਲੈ। ਸੋ ਉਸ ਨੇ ਉਹ ਨੂੰ ਸੱਦਿਆ ਅਤੇ ਜਦ ਉਹ ਉਸ ਦੇ ਕੋਲ ਅੰਦਰ ਆਈ ਤਾਂ ਉਹ ਬੋਲਿਆ, ਆਪਣੇ ਪੁੱਤ੍ਰ ਨੂੰ ਚੁੱਕ ਲੈ
੨ ਸਲਾਤੀਨ 4 : 37 (PAV)
ਤਦ ਉਹ ਅੰਦਰ ਆਈ ਤੇ ਉਸ ਦੇ ਚਰਨਾਂ ਉੱਤੇ ਡਿੱਗੀ ਅਤੇ ਆਪ ਨੂੰ ਧਰਤੀ ਤੇ ਨਿਵਾਇਆ ਅਤੇ ਆਪਣੇ ਪੁੱਤ੍ਰ ਨੂੰ ਚੁੱਕ ਕੇ ਬਾਹਰ ਚੱਲੀ ਗਈ।।
੨ ਸਲਾਤੀਨ 4 : 38 (PAV)
ਫੇਰ ਅਲੀਸ਼ਾ ਗਿਲਗਾਲ ਨੂੰ ਮੁੜਿਆ ਅਤੇ ਦੇਸ ਵਿੱਚ ਕਾਲ ਸੀ ਅਤੇ ਨਬੀਆਂ ਦੇ ਪੁੱਤ੍ਰ ਉਸ ਦੇ ਅੱਗੇ ਬੈਠੇ ਹੋਏ ਸਨ ਅਤੇ ਉਸ ਨੇ ਆਪਣੇ ਬਾਲਕੇ ਨੂੰ ਆਖਿਆ, ਦੇਗ ਚੜ੍ਹਾ ਦੇਹ ਅਤੇ ਨਬੀਆਂ ਦੇ ਪੁੱਤ੍ਰਾਂ ਲਈ ਭਾਜੀ ਉਬਾਲ
੨ ਸਲਾਤੀਨ 4 : 39 (PAV)
ਇੱਕ ਜਣਾ ਬਾਹਰ ਖੇਤ ਵਿੱਚ ਭਾਜੀ ਲੈਣ ਗਿਆ ਅਤੇ ਖੇਤ ਵਿੱਚ ਇੱਕ ਜੰਗਲੀ ਵੇਲ ਲੱਭੀ ਅਤੇ ਉਹ ਨੇ ਉਹ ਦੇ ਨਾਲੋਂ ਜੰਗਲੀ ਕੱਦੂ ਤੋੜ ਕੇ ਝੋਲੀ ਭਰ ਲਈ ਅਤੇ ਆ ਗਿਆ ਤਦ ਓਹਨਾਂ ਨੂੰ ਫਾੜੀਆਂ ਕਰ ਕੇ ਉਸ ਦੇਗ ਵਿੱਚ ਪਾ ਦਿੱਤਾ ਪਰ ਉਨ੍ਹਾਂ ਨੂੰ ਓਹਨਾਂ ਦੀ ਪਛਾਣ ਨਹੀਂ ਸੀ
੨ ਸਲਾਤੀਨ 4 : 40 (PAV)
ਸੋ ਉਨ੍ਹਾਂ ਨੇ ਬੰਦਿਆਂ ਦੇ ਖਾਣ ਲਈ ਪਰੀਹ ਦਿੱਤਾ ਤਾਂ ਐਉਂ ਹੋਇਆ ਕਿ ਜਦ ਓਹ ਭਾਜੀ ਖਾ ਰਹੇ ਸਨ ਤਾਂ ਓਹ ਚੀਕ ਉੱਠੇ ਕਿ ਪਰਮੇਸ਼ੁਰ ਦੇ ਜਨ, ਦੇਗ ਵਿੱਚ ਤਾਂ ਮੌਤ ਹੈ! ਅਤੇ ਓਹ ਖਾ ਨਾ ਸੱਕੇ
੨ ਸਲਾਤੀਨ 4 : 41 (PAV)
ਪਰ ਉਹ ਬੋਲਿਆਂ, ਆਟਾ ਲਿਆਓ ਅਤੇ ਉਸ ਨੇ ਉਹ ਦੇਗ ਵਿੱਚ ਪਾ ਦਿੱਤਾ ਤਦ ਆਖਿਆ, ਲੋਕਾਂ ਨੂੰ ਪਰੀਹ ਦਿਓ ਭਈ ਓਹ ਖਾਣ ਅਤੇ ਦੇਗ ਵਿੱਚ ਕੋਈ ਕਸਰ ਨਾ ਰਹੀ
੨ ਸਲਾਤੀਨ 4 : 42 (PAV)
ਬਆਲ-ਸ਼ਲੀਸ਼ਾਹ ਤੋਂ ਇੱਕ ਮਨੁੱਖ ਆਇਆ ਅਤੇ ਪਰਮੇਸ਼ੁਰ ਦੇ ਜਨ ਦੇ ਲਈ ਪਹਿਲੇ ਫਲਾਂ ਦੇ ਜਵਾਂ ਦੀਆਂ ਵੀਹ ਰੋਟੀਆਂ ਤੇ ਅਨਾਜ ਦੇ ਹਰੇ ਹਰੇ ਸਿੱਟੇ ਆਪਣੀ ਝੋਲੀ ਵਿੱਚ ਲਿਆਇਆ। ਉਹ ਬੋਲਿਆ, ਇਨ੍ਹਾਂ ਲੋਕਾਂ ਨੂੰ ਦੇਹ ਭਈ ਓਹ ਖਾਣ
੨ ਸਲਾਤੀਨ 4 : 43 (PAV)
ਪਰ ਉਸ ਦੇ ਟਹਿਲੂਏ ਨੇ ਆਖਿਆ, ਮੈਂ ਸੌ ਆਦਮੀਆਂ ਦੇ ਅੱਗੇ ਇਹ ਕਿਵੇਂ ਰੱਖ ਸੱਕਦਾ ਹਾਂ? ਅੱਗੋਂ ਉਹ ਬੋਲਿਆ, ਲੋਕਾਂ ਨੂੰ ਦੇਹ ਭਈ ਓਹ ਖਾਣ। ਯਹੋਵਾਹ ਐਉਂ ਫ਼ਰਮਾਉਂਦਾ ਹੈ ਕਿ ਓਹ ਖਾਣਗੇ ਤੇ ਬਾਕੀ ਛੱਡਣਗੇ
੨ ਸਲਾਤੀਨ 4 : 44 (PAV)
ਸੋ ਉਸ ਨੇ ਉਨ੍ਹਾਂ ਦੇ ਅੱਗੇ ਰੱਖਿਆ ਅਤੇ ਉਨ੍ਹਾਂ ਨੇ ਖਾਧਾ ਤੇ ਯਹੋਵਾਹ ਦੇ ਬਚਨ ਦੇ ਅਨੁਸਾਰ ਬਾਕੀ ਭੀ ਛੱਡ ਦਿੱਤਾ।।

1 2 3 4 5 6 7 8 9 10 11 12 13 14 15 16 17 18 19 20 21 22 23 24 25 26 27 28 29 30 31 32 33 34 35 36 37 38 39 40 41 42 43 44

BG:

Opacity:

Color:


Size:


Font: