੨ ਸਮੋਈਲ 12 : 1 (PAV)
ਯਹੋਵਾਹ ਨੇ ਨਾਥਾਨ ਨੂੰ ਦਾਊਦ ਦੇ ਕੋਲ ਘੱਲਿਆ। ਉਸਨੇ ਉਹ ਦੇ ਕੋਲ ਆ ਕੇ ਉਹ ਨੂੰ ਆਖਿਆ, ਇੱਕ ਸ਼ਹਿਰ ਵਿੱਚ ਦੋ ਜਣੇ ਸਨ, ਇੱਕ ਤਾਂ ਧਨਵਾਨ ਅਤੇ ਦੂਜਾ ਕੰਗਾਲ
੨ ਸਮੋਈਲ 12 : 2 (PAV)
ਉਸ ਧਨਵਾਨ ਕੋਲ ਢੇਰ ਸਾਰੇ ਇੱਜੜ ਅਤੇ ਵੱਗ ਸਨ
੨ ਸਮੋਈਲ 12 : 3 (PAV)
ਪਰ ਉਸ ਕੰਗਾਲ ਕੋਲ ਭੇਡਾਂ ਦੀ ਇੱਕ ਲੇਲੀ ਖੁਣੋਂ ਹੋਰ ਕੁਝ ਨਹੀਂ ਸੀ। ਉਸ ਨੂੰ ਉਹ ਨੇ ਮੁੱਲ ਲਿਆ ਸੀ ਅਤੇ ਪਾਲਿਆ ਸੀ ਅਤੇ ਉਹ ਉਸ ਦੇ ਅਤੇ ਉਸ ਦੇ ਬਾਲਕਾਂ ਦੇ ਕੋਲ ਵਧੀ। ਉਹ ਉੱਸੇ ਦੀ ਰੋਟੀ ਵਿੱਚੋਂ ਖਾਂਦੀ, ਉੱਸੇ ਦੇ ਕਟੋਰੇ ਵਿੱਚੋਂ ਪੀਂਦੀ, ਉੱਸੇ ਦੀ ਝੋਲੀ ਵਿੱਚ ਸੌਂਦੀ ਅਤੇ ਉਸ ਦੀ ਧੀ ਦੇ ਥਾਂ ਸੀ
੨ ਸਮੋਈਲ 12 : 4 (PAV)
ਇੱਕ ਰਾਹੀ ਉਸ ਧਨਵਾਨ ਕੋਲ ਆਇਆ ਸੋ ਉਸ ਨੇ ਆਪਣੇ ਇੱਜੜ ਅਤੇ ਆਪਣੇ ਵੱਗ ਨੂੰ ਬਚਾ ਰੱਖਿਆ ਅਤੇ ਉਸ ਰਾਹੀ ਦੇ ਲਈ ਜੋ ਉਸ ਕੋਲ ਆਇਆ ਸੀ ਉਸ ਨੇ ਤਿਆਰੀ ਨਾ ਕੀਤੀ ਸਗੋਂ ਉਸ ਕੰਗਾਲ ਦੀ ਲੇਲੀ ਖੋਹ ਲਈ ਅਤੇ ਉਸ ਪਰਾਹੁਣੇ ਦੇ ਲਈ ਤਿਆਰ ਕੀਤੀ
੨ ਸਮੋਈਲ 12 : 5 (PAV)
ਤਦ ਉਸ ਮਨੁੱਖ ਉੱਤੇ ਦਾਊਦ ਦਾ ਕ੍ਰੋਧ ਜਾਗਿਆ ਅਤੇ ਉਸ ਨੇ ਨਾਥਾਨ ਨੂੰ ਆਖਿਆ, ਜੀਉਂਦੇ ਯਹੋਵਾਹ ਦੀ ਸੌਂਹ, ਜਿਸ ਮਨੁੱਖ ਨੇ ਇਹ ਕੰਮ ਕੀਤਾ ਸੋ ਵੱਢਣ ਜੋਗਾ ਹੈ!
੨ ਸਮੋਈਲ 12 : 6 (PAV)
ਸੋ ਉਹ ਮਨੁੱਖ ਚੌਗਣੀ ਲੇਲੀ ਦੀ ਕੀਮਤ ਉਹ ਨੂੰ ਮੋੜ ਕੇ ਦੇਵੇ ਕਿਉਂ ਜੋ ਉਸ ਨੇ ਅਜੇਹਾ ਕੰਮ ਕੀਤਾ ਅਤੇ ਕੁਝ ਦਯਾ ਨਾ ਕੀਤੀ।।
੨ ਸਮੋਈਲ 12 : 7 (PAV)
ਤਦ ਨਾਥਾਨ ਨੇ ਦਾਊਦ ਨੂੰ ਆਖਿਆ, ਉਹ ਮਨੁੱਖ ਤੂੰ ਹੀ ਤਾਂ ਹੈਂ! ਯਹੋਵਾਹ ਇਸਰਾਏਲ ਦੇ ਪਰਮੇਸ਼ੁਰ ਨੇ ਇਉਂ ਆਖਿਆ ਹੈ, ਮੈਂ ਤੈਨੂੰ ਮਸਹ ਕੀਤਾ ਜੋ ਤੂੰ ਇਸਰਾਏਲ ਉੱਤੇ ਰਾਜ ਕਰੇਂ ਅਤੇ ਮੈਂ ਤੈਨੂੰ ਸ਼ਾਊਲ ਦੇ ਹੱਥੋਂ ਛੁਡਾਇਆ
੨ ਸਮੋਈਲ 12 : 8 (PAV)
ਮੈਂ ਤੇਰੇ ਮਾਲਕ ਦਾ ਘਰ ਤੈਨੂੰ ਦਿੱਤਾ, ਤੇਰੇ ਮਾਲਕ ਦੀਆਂ ਰਾਣੀਆਂ ਨੂੰ ਵੀ ਤੇਰੀ ਬੁੱਕਲ ਵਿੱਚ ਦੇ ਦਿੱਤਾ, ਇਸਰਾਏਲ ਤੇ ਯਹੂਦਾਹ ਦੇ ਘਰਾਣੇ ਵੀ ਤੈਨੂੰ ਦੇ ਦਿੱਤੇ ਅਤੇ ਜੇ ਕਦੀ ਏਹ ਸਭ ਕੋਈ ਕੁਝ ਥੋੜਾ ਸੀ ਤਾਂ ਮੈਂ ਤੈਨੂੰ ਹੋਰ ਹੋਰ ਵਸਤਾਂ ਵੀ ਦਿੰਦਾ
੨ ਸਮੋਈਲ 12 : 9 (PAV)
ਸੋ ਤੈਂ ਯਹੋਵਾਹ ਦੀ ਆਗਿਆ ਨੂੰ ਤੁੱਛ ਜਾਣ ਕੇ ਉਸ ਦੇ ਅੱਗੇ ਕਾਹਨੂੰ ਬੁਰਿਆਈ ਕੀਤੀ ਕਿਉਂ ਜੋ ਤੈਂ ਹਿੱਤੀ ਊਰਿੱਯਾਹ ਨੂੰ ਤਲਵਾਰ ਨਾਲ ਵੱਢਵਾਇਆ ਅਤੇ ਉਸ ਦੀ ਪਤਨੀ ਨੂੰ ਲੈ ਕੇ ਆਪਣੀ ਪਤਨੀ ਬਣਾਇਆ ਅਰ ਉਸ ਨੂੰ ਅੰਮੋਨੀਆਂ ਦੀ ਤਲਵਾਰ ਨਾਲ ਵੱਢਾ ਸੁੱਟਿਆ?
੨ ਸਮੋਈਲ 12 : 10 (PAV)
ਸੋ ਹੁਣ ਤੇਰੇ ਘਰ ਉੱਤੋਂ ਤਲਵਾਰ ਕਦੀ ਨਾ ਹਟੇਗੀ ਕਿਉਂ ਜੋ ਤੈਂ ਮੈਨੂੰ ਤੁੱਛ ਜਾਣਿਆ ਅਤੇ ਹਿੱਤੀ ਊੱਰਿਯਾਹ ਦੀ ਪਤਨੀ ਨੂੰ ਲੈ ਕੇ ਆਪਣੀ ਪਤਨੀ ਬਣਾਇਆ
੨ ਸਮੋਈਲ 12 : 11 (PAV)
ਯਹੋਵਾਹ ਐਉਂ ਆਖਦਾ ਹੈ ਭਈ ਵੇਖ ਮੈਂ ਇੱਕ ਬਦੀ ਨੂੰ ਤੇਰੇ ਆਪਣੇ ਘਰ ਵਿੱਚੋਂ ਹੀ ਤੇਰੇ ਉੱਤੇ ਪਾਵਾਂਗਾ ਅਤੇ ਮੈਂ ਤੇਰੀਆਂ ਪਤਨੀਆਂ ਨੂੰ ਲੈ ਕੇ ਤੇਰੀਆਂ ਅੱਖੀਆਂ ਦੇ ਸਾਹਮਣੇ ਤੇਰੇ ਗੁਆਂਢੀ ਨੂੰ ਦਿਆਂਗਾ ਅਤੇ ਉਹ ਇਸ ਸੂਰਜ ਦੇ ਸਾਹਮਣੇ ਤੇਰੀਆਂ ਪਤਨੀਆਂ ਦੇ ਨਾਲ ਸੰਗ ਕਰੇਗਾ
੨ ਸਮੋਈਲ 12 : 12 (PAV)
ਕਿਉਂ ਜੋ ਤੈਂ ਇਹ ਗੱਲ ਲੁਕ ਕੇ ਕੀਤੀ ਪਰ ਮੈਂ ਸਾਰੇ ਇਸਰਾਏਲ ਦੇ ਸਾਹਮਣੇ ਖੁਲ੍ਹ ਮਖੁਲ੍ਹਾ ਏਹ ਕਰਾਂਗਾ
੨ ਸਮੋਈਲ 12 : 13 (PAV)
ਤਦ ਦਾਊਦ ਨੇ ਨਾਥਾਨ ਨੂੰ ਆਖਿਆ, ਮੈਂ ਯਹੋਵਾਹ ਦਾ ਪਾਪ ਕੀਤਾ ਅਤੇ ਨਾਥਾਨ ਨੇ ਦਾਊਦ ਨੂੰ ਆਖਿਆ, ਯਹੋਵਾਹ ਨੇ ਵੀ ਤੇਰਾ ਪਾਪ ਬਖ਼ਸ਼ਿਆ ਹੈ ਸੋ ਤੂੰ ਨਾ ਮਰੇਂਗਾ
੨ ਸਮੋਈਲ 12 : 14 (PAV)
ਪਰ ਇਸ ਕਰਕੇ ਜੋ ਤੇਰੇ ਇਸ ਕੰਮ ਕਰਨ ਤੋਂ ਯਹੋਵਾਹ ਦੇ ਵੈਰੀਆਂ ਲਈ ਨਿੰਦਿਆ ਕਰਨ ਦਾ ਵੱਡਾ ਵੇਲਾ ਲੱਭਾ ਸੋ ਏਹ ਮੁੰਡਾ ਵੀ ਜੋ ਤੇਰੇ ਲਈ ਜੰਮੇਗਾ ਜ਼ਰੂਰ ਮਰ ਜਾਵੇਗਾ, ਤਾਂ ਨਾਥਾਨ ਆਪਣੇ ਘਰ ਨੂੰ ਚਲਾ ਗਿਆ।।
੨ ਸਮੋਈਲ 12 : 15 (PAV)
ਯਹੋਵਾਹ ਨੇ ਉਸ ਮੁੰਡੇ ਨੂੰ ਜੋ ਊਰਿੱਯਾਹ ਦੀ ਪਤਨੀ ਤੋਂ ਦਾਊਦ ਲਈ ਜੰਮਿਆਂ ਸੀ ਅਜਿਹਾ ਮਾਰਿਆ ਜੋ ਉਹ ਬਹੁਤ ਮਾਂਦਾ ਪੈ ਗਿਆ
੨ ਸਮੋਈਲ 12 : 16 (PAV)
ਸੋ ਦਾਊਦ ਨੇ ਉਸ ਮੁੰਡੇ ਦੇ ਲਈ ਪਰਮੇਸ਼ੁਰ ਕੋਲ ਜਾ ਕੇ ਬੇਨਤੀ ਕੀਤੀ ਤੇ ਦਾਊਦ ਵਰਤ ਰੱਖਿਆ ਤੇ ਜਾ ਕੇ ਸਾਰੀ ਰਾਤ ਭੌਂ ਤੇ ਪਿਆ ਰਿਹਾ
੨ ਸਮੋਈਲ 12 : 17 (PAV)
ਉਹ ਦੇ ਘਰ ਦੇ ਬਜ਼ੁਰਗ ਉੱਠ ਕੇ ਉਹ ਦੇ ਕੋਲ ਆਏ ਜੋ ਉਹ ਨੂੰ ਧਰਤੀ ਉੱਤੋਂ ਉਠਾਉਣ ਪਰ ਉਹ ਨੇ ਨਾ ਮੰਨਿਆ ਅਤੇ ਉਨ੍ਹਾਂ ਦੇ ਨਾਲ ਰੋਟੀ ਨਾ ਖਾਧੀ
੨ ਸਮੋਈਲ 12 : 18 (PAV)
ਤਾਂ ਅਜੇਹਾ ਹੋਇਆ ਜੋ ਸੱਤਵੇਂ ਦਿਨ ਉਹ ਮੁੰਡਾ ਮਰ ਗਿਆ। ਦਾਊਦ ਦੇ ਟਹਿਲੂਏ ਡਰ ਦੇ ਮਾਰੇ ਆਖ ਨਾ ਸੱਕੇ ਜੋ ਮੁੰਡਾ ਮਰ ਗਿਆ ਹੈ ਕਿਉਂ ਜੋ ਉਨ੍ਹਾਂ ਨੇ ਆਖਿਆ, ਵੇਖ, ਜਦ ਉਹ ਮੁੰਡਾ ਅਜੇ ਜੀਉਂਦਾ ਸੀ ਤਾਂ ਅਸੀਂ ਉਹ ਨੂੰ ਆਖਿਆ ਅਤੇ ਉਹ ਨੇ ਸਾਡੀ ਗੱਲ ਨਾ ਮੰਨੀ ਅਤੇ ਜੇ ਕਰ ਹੁਣ ਅਸੀਂ ਉਹ ਨੂੰ ਆਖੀਏ ਕਿ ਮੁੰਡਾ ਮਰ ਗਿਆ ਹੈ ਤਾਂ ਉਹ ਆਪਣੀ ਜਿੰਦ ਨੂੰ ਕਿਵੇਂ ਕਸ਼ਟ ਦੇਵੇਗਾ!
੨ ਸਮੋਈਲ 12 : 19 (PAV)
ਪਰ ਜਦ ਦਾਊਦ ਨੇ ਡਿੱਠਾ ਜੋ ਟਹਿਲੂਏ ਆਪੋ ਵਿੱਚ ਘੁਸਰ ਮੁਸਰ ਕਰਦੇ ਪਏ ਹਨ ਤਾਂ ਦਾਊਦ ਨੇ ਜਾਤਾ ਭਈ ਮੁੰਡਾ ਮਰ ਗਿਆ ਹੈ ਸੋ ਦਾਊਦ ਨੇ ਆਪਣੇ ਟਹਿਲੂਆਂ ਨੂੰ ਆਖਿਆ, ਕੀ ਮੁੰਡਾ ਮਰ ਗਿਆ? ਉਨ੍ਹਾਂ ਨੇ ਆਖਿਆ, ਜੀ, ਮਰ ਗਿਆ
੨ ਸਮੋਈਲ 12 : 20 (PAV)
ਤਦ ਦਾਊਦ ਧਰਤੀ ਤੋਂ ਉੱਠਿਆ, ਨਹਾਤਾ, ਸੁਗੰਧਤਾ ਲਾਈ, ਲੀੜੇ ਬਦਲੇ ਅਤੇ ਯਹੋਵਾਹ ਦੇ ਘਰ ਵਿੱਚ ਆ ਕੇ ਮਥਾ ਟੇਕਿਆ ਫੇਰ ਆਪਣੇ ਘਰ ਵਿੱਚ ਗਿਆ ਅਤੇ ਰੋਟੀ ਮੰਗੀ ਅਤੇ ਉਨ੍ਹਾਂ ਨੇ ਉਹ ਦੇ ਅੱਗੇ ਰੋਟੀ ਪਰੋਸੀ ਸੋ ਉਹ ਨੇ ਖਾਧੀ
੨ ਸਮੋਈਲ 12 : 21 (PAV)
ਤਦ ਉਹ ਦੇ ਟਹਿਲੂਆਂ ਨੇ ਉਹ ਨੂੰ ਆਖਿਆ, ਇਹ ਕੀ ਗੱਲ ਹੈ ਜੋ ਤੁਸਾਂ ਕੀਤੀ? ਤੁਸੀਂ ਉਸ ਮੁੰਡੇ ਦੇ ਲਈ ਜਾਂ ਉਹ ਜੀਉਂਦਾ ਸੀ ਤਾਂ ਵਰਤ ਰੱਖਿਆ ਅਤੇ ਰੋਇਆ ਪਰ ਜਾਂ ਉਹ ਮਰ ਗਿਆ ਤਾਂ ਤੁਸਾਂ ਉੱਠ ਕੇ ਰੋਟੀ ਖਾਧੀ
੨ ਸਮੋਈਲ 12 : 22 (PAV)
ਉਹ ਨੇ ਆਖਿਆ, ਜਦ ਤੋੜੀ ਉਹ ਮੁੰਡਾ ਜੀਉਂਦਾ ਸੀ ਤਾਂ ਮੈ ਵਰਤ ਰੱਖਿਆ ਅਤੇ ਰੋਂਦਾ ਰਿਹਾ ਕਿਉਂ ਜੋ ਮੈਂ ਆਖਿਆ, ਕੀ ਜਾਣੀਏ ਜੋ ਯਹੋਵਾਹ ਦਯਾ ਨਾ ਕਰੇਗਾ ਜੇ ਏਹ ਮੁੰਡਾ ਜੀਵੇ?
੨ ਸਮੋਈਲ 12 : 23 (PAV)
ਪਰ ਹੁਣ ਤਾਂ ਉਹ ਮਰ ਗਿਆ। ਫੇਰ ਮੈਂ ਕਾਹਨੂੰ ਵਰਤ ਰੱਖਾਂ? ਭਲਾ, ਮੈਂ ਉਹ ਨੂੰ ਫੇਰ ਆਪਣੇ ਕੋਲ ਲਿਆ ਸੱਕਦਾ ਹਾਂ? ਮੈਂ ਤਾਂ ਉਹ ਦੇ ਕੋਲ ਜਾਵਾਂਗਾ ਪਰ ਉਹ ਨੇ ਮੇਰੇ ਕੋਲ ਨਹੀਂ ਮੁੜ ਆਉਣਾ।।
੨ ਸਮੋਈਲ 12 : 24 (PAV)
ਦਾਊਦ ਨੇ ਆਪਣੀ ਪਤਨੀ ਬਥ-ਸ਼ਬਾ ਨੂੰ ਧੀਰਜ ਦਿੱਤੀ ਅਰ ਉਹ ਦੇ ਕੋਲ ਜਾ ਕੇ ਉਹ ਦੇ ਨਾਲ ਸੰਗ ਕੀਤਾ ਅਤੇ ਉਹ ਇੱਕ ਪੁੱਤ੍ਰ ਜਣੀ ਅਰ ਉਸ ਦਾ ਨਾਉਂ ਸੁਲੇਮਾਨ ਧਰਿਆ। ਉਹ ਯਹੋਵਾਹ ਦਾ ਪਿਆਰਾ ਹੋਇਆ
੨ ਸਮੋਈਲ 12 : 25 (PAV)
ਅਤੇ ਯਹੋਵਾਹ ਨੇ ਨਾਥਾਨ ਨਬੀ ਦੇ ਰਾਹੀਂ ਆਖ ਘੱਲਿਆ ਅਤੇ ਉਸ ਦਾ ਨਾਉਂ ਯਹੋਵਾਹ ਦੇ ਕਾਰਨ ਯਦੀਦਯਾਹ ਧਰਿਆ।।
੨ ਸਮੋਈਲ 12 : 26 (PAV)
ਯੋਆਬ ਅੰਮੋਨੀਆਂ ਦੇ ਰੱਬਾਹ ਨਾਲ ਲੜਿਆ ਅਤੇ ਉਸ ਨੇ ਉਹ ਰਾਜਧਾਨੀ ਲੈ ਲਈ
੨ ਸਮੋਈਲ 12 : 27 (PAV)
ਫੇਰ ਯੋਆਬ ਨੇ ਹਲਕਾਰਿਆਂ ਦੇ ਰਾਹੀਂ ਦਾਊਦ ਨੂੰ ਆਖ ਘੱਲਿਆ, ਮੈਂ ਰੱਬਾਹ ਨਾਲ ਲੜਿਆ ਹਾਂ ਅਤੇ ਮੈਂ ਪਾਣੀਆਂ ਦੇ ਸ਼ਹਿਰ ਨੂੰ ਲੈ ਲਿਆ
੨ ਸਮੋਈਲ 12 : 28 (PAV)
ਸੋ ਹੁਣ ਤੁਸੀਂ ਰਹਿੰਦੇ ਲੋਕਾਂ ਨੂੰ ਇਕੱਠਾ ਕਰ ਕੇ ਉਸ ਸ਼ਹਿਰ ਉੱਤੇ ਡੇਰਾ ਲਾਓ ਅਤੇ ਉਹ ਨੂੰ ਜਿੱਤ ਲਓ, ਅਜੇਹਾ ਨਾ ਹੋਵੇ ਜੋ ਮੈਂ ਉਸ ਸ਼ਹਿਰ ਨੂੰ ਜਿੱਤ ਲਵਾਂ ਅਤੇ ਉਹ ਮੇਰੇ ਨਾਉਂ ਤੋਂ ਸੱਦਿਆ ਜਾਵੇ
੨ ਸਮੋਈਲ 12 : 29 (PAV)
ਤਦ ਦਾਊਦ ਨੇ ਸਾਰੇ ਲੋਕਾਂ ਨੂੰ ਇਕੱਠਿਆ ਕੀਤਾ ਅਤੇ ਰੱਬਾਹ ਉੱਤੇ ਚੜ੍ਹਿਆ ਅਰ ਉਹ ਦੇ ਸਾਹਮਣੇ ਲੜਿਆ ਅਤੇ ਉਹ ਨੂੰ ਜਿੱਤ ਲਿਆ
੨ ਸਮੋਈਲ 12 : 30 (PAV)
ਉਹ ਨੇ ਉਨ੍ਹਾਂ ਦੇ ਰਾਜੇ ਦਾ ਮੁਕਟ ਉਸ ਦੇ ਸਿਰ ਤੋਂ ਲੈ ਲਿਆ ਉਨ੍ਹਾਂ ਬਹੁਮੁੱਲੇ ਪਥਰਾਂ ਸਣੇ ਜੋ ਉਸ ਦਾ ਸੋਨਾ ਤੋਲ ਵਿੱਚ ਇੱਕ ਤੋੜਾ ਸੀ ਸੋ ਉਹ ਦਾਊਦ ਦੇ ਸਿਰ ਉੱਤੇ ਰੱਖਿਆ ਗਿਆ ਅਤੇ ਉਹ ਨੇ ਉਸ ਸ਼ਹਿਰ ਵਿੱਚੋਂ ਢੇਰ ਸਾਰੀ ਲੁੱਟ ਕੱਢੀ
੨ ਸਮੋਈਲ 12 : 31 (PAV)
ਤਾਂ ਉਹ ਨੇ ਉਨ੍ਹਾਂ ਨੂੰ ਜੋ ਉਹ ਦੇ ਵਿੱਚ ਸਨ ਬਾਹਰ ਕੱਢ ਕੇ ਆਰਿਆਂ, ਲੋਹੇ ਦੇ ਸੁਹਾਗਿਆਂ, ਲੋਹੇ ਦੇ ਕੁਲਹਾੜਿਆਂ ਨਾਲ ਉਨ੍ਹਾਂ ਤੋਂ ਕੰਮ ਲਿਆ ਅਤੇ ਉਨ੍ਹਾਂ ਨੂੰ ਆਵਿਆਂ ਦੇ ਵਿੱਚ ਘੱਲਿਆ ਅਤੇ ਉਹ ਨੇ ਅੰਮੋਨੀਆਂ ਦੀਸਾਰੇ ਸ਼ਹਿਰਾਂ ਨਾਲ ਏਹੋ ਹੀ ਕੀਤਾ ਤਾਂ ਦਾਊਦ ਅਤੇ ਸਭ ਲੋਕ ਯਰੂਸ਼ਲਮ ਨੂੰ ਮੁੜੇ।।
❮
❯