ਖ਼ਰੋਜ 28 : 1 (PAV)
ਤੂੰ ਆਪਣੇ ਭਰਾ ਹਾਰੂਨ ਅਰ ਉਸ ਦੇ ਨਾਲ ਉਸ ਦੇ ਪੁੱਤ੍ਹਾਂ ਨੂੰ ਇਸਰਾਏਲੀਆਂ ਵਿੱਚੋਂ ਆਪਣੇ ਕੋਲ ਲਿਆਈਂ ਤਾਂ ਜੋ ਓਹ ਮੇਰੇ ਲਈ ਜਾਜਕਾਈ ਦਾ ਕੰਮ ਕਰਨ ਅਰਥਾਤ ਹਾਰੂਨ ਅਰ ਉਸ ਦੇ ਪੁੱਤ੍ਰ ਨਾਦਾਬ, ਅਬੀਹੂ, ਅਲਆਜਾਰ, ਈਥਾਮਾਰ
ਖ਼ਰੋਜ 28 : 2 (PAV)
ਤੂੰ ਆਪਣੇ ਭਰਾ ਹਾਰੂਨ ਲਈ ਪਵਿੱਤ੍ਰ ਬਸਤ੍ਰ ਪਰਤਾਪ ਅਤੇ ਸੁਹੱਪਣ ਲਈ ਬਣਾਈਂ
ਖ਼ਰੋਜ 28 : 3 (PAV)
ਤੂੰ ਸਾਰੇ ਬੁੱਧਵਾਨਾਂ ਨੂੰ ਜਿਨ੍ਹਾਂ ਵਿੱਚ ਮੈਂ ਬੁੱਧ ਦਾ ਆਤਮਾ ਭਰਿਆ ਹੈ ਬੋਲੀਂ ਕਿ ਓਹ ਹਾਰੂਨ ਦੇ ਬਸਤ੍ਰ ਉਹ ਦੀ ਪਵਿੱਤ੍ਰਾਈ ਲਈ ਬਣਾਉਣ ਤਾਂ ਜੋ ਉਹ ਜਾਜਕ ਦਾ ਕੰਮ ਮੇਰੇ ਲਈ ਕਰੇ
ਖ਼ਰੋਜ 28 : 4 (PAV)
ਜਿਹੜੇ ਬਸਤ੍ਰ ਓਹ ਬਣਾਉਣ ਸੋ ਏਹ ਹਨ- ਇੱਕ ਸੀਨੇ ਬੰਦ, ਇੱਕ ਏਫ਼ੋਦ, ਇੱਕ ਚੋਗ਼ਾ ਅਤੇ ਇੱਕ ਕੱਢਿਆ ਹੋਇਆ ਕੁੜਤਾ, ਇੱਕ ਅਮਾਮਾ ਅਤੇ ਇੱਕ ਪੇਟੀ ਸੋ ਏਹ ਪਵਿੱਤ੍ਰ ਬਸਤ੍ਰ ਤੇਰੇ ਭਰਾ ਹਾਰੂਨ ਅਤੇ ਉਹ ਦੇ ਪੁੱਤ੍ਰਾਂ ਲਈ ਬਣਾਉਣ ਤਾਂ ਜੋ ਓਹ ਮੇਰੇ ਲਈ ਜਾਜਕਾਂ ਦਾ ਕੰਮ ਕਰਨ
ਖ਼ਰੋਜ 28 : 5 (PAV)
ਅਤੇ ਓਹ ਸੋਨਾ, ਅਤੇ ਨੀਲਾ, ਬੈਂਗਣੀ, ਅਰ ਕਿਰਮਚੀ ਮਹੀਨ ਕਤਾਨ ਲੈਣ
ਖ਼ਰੋਜ 28 : 6 (PAV)
ਅਰ ਓਹ ਏਫ਼ੋਦ ਨੂੰ ਸੋਨੇ, ਅਤੇ ਨੀਲੇ ਬੈਂਗਣੀ, ਕਿਰਮਚੀ ਮਹੀਨ ਉਣੇ ਹੋਏ ਕਤਾਨ ਦਾ ਬਣਾਉਣ ਅਤੇ ਉਹ ਕਾਰੀਗਰ ਦਾ ਕੰਮ ਹੋਵੇ
ਖ਼ਰੋਜ 28 : 7 (PAV)
ਅਰ ਦੋਹਾਂ ਮੋਢਿਆਂ ਦੀਆਂ ਕਤਰਾਂ ਉਸ ਦੇ ਦੋਹਾਂ ਸਿਰਿਆਂ ਨੂੰ ਜੋੜ ਦੇਣ ਐਉਂ ਉਹ ਜੋੜਿਆ ਜਾਵੇ
ਖ਼ਰੋਜ 28 : 8 (PAV)
ਅਤੇ ਕਾਰੀਗਰੀ ਨਾਲ ਕੱਢਿਆ ਹੋਇਆ ਪਟਕਾ ਜਿਹੜਾ ਉਹ ਦੇ ਉੱਤੇ ਹੈ ਜਿਹ ਦੇ ਨਾਲ ਉਹ ਕੱਸਿਆ ਜਾਵੇ ਉਸ ਦੇ ਕੰਮ ਅਨੁਸਾਰ ਉਸੇ ਤੋਂ ਹੋਵੇ ਅਰਥਾਤ ਸੋਨੇ ਅਤੇ ਨੀਲੇ ਬੈਂਗਣੀ ਕਿਰਮਚੀ ਮਹੀਨ ਉਣੇ ਹੋਏ ਕਤਾਨ ਦਾ ਹੋਵੇ
ਖ਼ਰੋਜ 28 : 9 (PAV)
ਤੂੰ ਦੋ ਸੁਲੇਮਾਨੀ ਪੱਥਰ ਲੈਕੇ ਉਨ੍ਹਾਂ ਦੇ ਉੱਤੇ ਇਸਰਾਏਲ ਦੇ ਪੁੱਤ੍ਰਾਂ ਦੇ ਨਾਉਂ ਉੱਕਰੀਂ
ਖ਼ਰੋਜ 28 : 10 (PAV)
ਉਨ੍ਹਾਂ ਦੇ ਛੇ ਨਾਉਂ ਇੱਕ ਪੱਥਰ ਉੱਤੇ ਅਤੇ ਬਾਕੀ ਛੇ ਦੂਜੇ ਪੱਥਰ ਉੱਤੇ ਉਨ੍ਹਾਂ ਦੇ ਜਨਮ ਦੇ ਅਨੁਸਾਰ
ਖ਼ਰੋਜ 28 : 11 (PAV)
ਪੱਥਰਾਂ ਦੀ ਚਿੱਤਰਕਾਰੀ ਦੇ ਕੰਮ ਨਾਲ ਛਾਪ ਦੀ ਉੱਕਰਾਈ ਵਾਂਙੁ ਤੂੰ ਉਨ੍ਹਾਂ ਦੋਹਾਂ ਪੱਥਰਾਂ ਨੂੰ ਇਸਰਾਏਲ ਦੇ ਪੁੱਤ੍ਰਾਂ ਦੇ ਨਾਮਾਂ ਅਨੁਸਾਰ ਉੱਕਰਾਈਂ ਅਤੇ ਤੂੰ ਉਨ੍ਹਾਂ ਨੂੰ ਸੋਨੇ ਦੇ ਖ਼ਾਨਿਆਂ ਵਿੱਚ ਜੜੀਂ
ਖ਼ਰੋਜ 28 : 12 (PAV)
ਤੂੰ ਏਫ਼ੋਦ ਦੇ ਮੋਢਿਆਂ ਦੀਆਂ ਕਤਰਾਂ ਉੱਤੇ ਏਹ ਦੋਨੋਂ ਪੱਥਰ ਰੱਖੀਂ। ਓਹ ਇਸਰਾਏਲ ਦੇ ਪੁੱਤ੍ਰਾਂ ਲਈ ਯਾਦਗੀਰੀ ਦੇ ਪੱਥਰ ਹੋਣ। ਐਉਂ ਹਾਰੂਨ ਉਨ੍ਹਾਂ ਦੇ ਨਾਉਂ ਯਹੋਵਾਹ ਦੇ ਅੱਗੇ ਆਪਣੇ ਦੋਹਾਂ ਮੋਢਿਆਂ ਉੱਤੇ ਯਾਦਗਾਰੀ ਲਈ ਲੈ ਜਾਵੇ।।
ਖ਼ਰੋਜ 28 : 13 (PAV)
ਤੂੰ ਸੋਨੇ ਦੇ ਖ਼ਾਨੇ ਬਣਾਈਂ
ਖ਼ਰੋਜ 28 : 14 (PAV)
ਅਤੇ ਖ਼ਾਲਸ ਸੋਨੇ ਦੀਆਂ ਦੋ ਜੰਜੀਰੀਆਂ ਰੱਸਿਆਂ ਵਾਂਙੁ ਗੁੰਦੇ ਹੋਏ ਕੰਮ ਨਾਲ ਬਣਾਈਂ ਅਤੇ ਤੂੰ ਓਹ ਗੁੰਦੀਆਂ ਹੋਈਆਂ ਜੰਜੀਰੀਆਂ ਨੂੰ ਖ਼ਾਨਿਆਂ ਉੱਤੇ ਕੱਸੀਂ
ਖ਼ਰੋਜ 28 : 15 (PAV)
ਤੂੰ ਇੱਕ ਨਿਆਉਂ ਦਾ ਸੀਨਾ ਬੰਦ ਕਾਰੀਗਰ ਦੀ ਬਣਤ ਦਾ ਬਣਾਈਂ। ਏਫ਼ੋਦ ਦੇ ਕੰਮ ਵਾਂਙੁ ਉਹ ਨੂੰ ਬਣਾਈਂ ਅਰਥਾਤ ਸੋਨੇ ਅਤੇ ਨੀਲੇ, ਬੈਂਗਣੀ, ਕਿਰਮਚੀ ਮਹੀਨ ਉਣੇ ਹੋਏ ਕਤਾਨ ਦਾ ਉਹ ਨੂੰ ਬਣਾਈਂ
ਖ਼ਰੋਜ 28 : 16 (PAV)
ਓਹ ਚੌਰਸ ਅਤੇ ਦੋਹਰਾ ਹੋਵੇ। ਉਸ ਦੀ ਲੰਬਾਈ ਇੱਕ ਗਿੱਠ ਅਤੇ ਉਸ ਦੀ ਚੁੜਾਈ ਇੱਕ ਗਿੱਠ ਹੋਵੇ
ਖ਼ਰੋਜ 28 : 17 (PAV)
ਤੂੰ ਉਸ ਵਿੱਚ ਪੱਥਰਾਂ ਲਈ ਖ਼ਾਨੇ ਰੱਖੀਂ ਅਤੇ ਪੱਥਰਾਂ ਦੀਆਂ ਚਾਰ ਪਾਲਾਂ ਜੜੀਂ। ਇੱਕ ਪਾਲ ਵਿੱਚ ਲਾਲ ਅਕੀਕ, ਸੁਨਹਿਲਾ, ਜ਼ਬਰਜਦ, ਅਰਥਾਤ ਏਹ ਪਹਿਲੀ ਪਾਲ ਹੈ
ਖ਼ਰੋਜ 28 : 18 (PAV)
ਦੂਜੀ ਪਾਲ ਵਿੱਚ ਪੱਨਾ, ਨੀਲਮ, ਦੂਧੀਯਾ ਬਿਲੌਰ
ਖ਼ਰੋਜ 28 : 19 (PAV)
ਤੀਜੀ ਪਾਲ ਵਿੱਚ ਜ਼ਰਕਨ, ਹਰੀ ਅਕੀਕ. ਕਟਹਿਲਾ
ਖ਼ਰੋਜ 28 : 20 (PAV)
ਚੌਥੀ ਪਾਲ ਵਿੱਚ ਬੈਰੂਜ਼. ਸੁਲੇਮਾਨੀ, ਯਸ਼ੁਬ। ਏਹ ਆਪੋ ਆਪਣੇ ਖ਼ਾਨਿਆਂ ਵਿੱਚ ਸੋਨੇ ਨਾਲ ਜੜੇ ਜਾਣ
ਖ਼ਰੋਜ 28 : 21 (PAV)
ਓਹ ਪੱਥਰ ਇਸਰਾਏਲ ਦੇ ਪੁੱਤ੍ਰਾਂ ਦੇ ਨਾਮਾਂ ਅਨੁਸਾਰ ਹੋਣਗੇ ਅਰਥਾਤ ਉਨ੍ਹਾਂ ਦੇ ਬਾਰਾਂ ਨਾਮਾਂ ਦੇ ਅਨੁਸਾਰ ਛਾਪ ਦੀ ਉਕਰਾਈ ਵਾਂਙੁ ਹਰ ਇੱਕ ਦੇ ਨਾਉਂ ਦੇ ਅਨੁਸਾਰ ਓਹ ਬਾਰਾਂ ਗੋਤਾਂ ਲਈ ਹੋਣਗੇ
ਖ਼ਰੋਜ 28 : 22 (PAV)
ਤੂੰ ਸੀਨੇ ਬੰਦ ਉੱਤੇ ਖ਼ਾਲਸ ਸੋਨੇ ਦੀ ਜੰਜੀਰੀ ਰੱਸਿਆਂ ਵਾਂਙੁ ਗੁੰਦੇ ਹੋਏ ਕੰਮ ਦੀ ਬਣਾਈਂ
ਖ਼ਰੋਜ 28 : 23 (PAV)
ਅਤੇ ਤੂੰ ਸੀਨੇ ਬੰਦ ਉੱਤੇ ਸੋਨੇ ਦੇ ਦੋ ਕੜੇ ਬਣਾਈਂ ਅਤੇ ਤੂੰ ਦੋਨੋਂ ਕੜੇ ਸੀਨੇ ਬੰਦ ਦੇ ਦੋਹਾਂ ਸਿਰਿਆਂ ਵਿੱਚ ਪਾਵੀਂ
ਖ਼ਰੋਜ 28 : 24 (PAV)
ਤੂੰ ਉਨ੍ਹਾਂ ਦੋਹਾਂ ਗੁੰਦੀਆਂ ਹੋਈਆਂ ਸੋਨੇ ਦੀਆਂ ਜੰਜੀਰੀਆਂ ਨੂੰ ਸੀਨੇ ਬੰਦ ਦੇ ਸਿਰਿਆਂ ਉੱਤੇ ਉਨ੍ਹਾਂ ਦੋਹਾਂ ਕੜਿਆਂ ਵਿੱਚ ਪਾਵੀਂ
ਖ਼ਰੋਜ 28 : 25 (PAV)
ਅਰ ਦੂਜੇ ਦੋਨੋਂ ਸਿਰੇ ਗੁੰਦੀਆਂ ਹੋਈਆਂ ਜੰਜੀਰੀਆਂ ਦੇ ਉਨ੍ਹਾਂ ਦੋਹਾਂ ਖ਼ਾਨਿਆਂ ਵਿੱਚ ਕੱਸੀਂ ਅਤੇ ਤੂੰ ਉਨ੍ਹਾਂ ਨੂੰ ਏਫ਼ੋਦ ਦੇ ਮੋਢਿਆਂ ਦੀਆਂ ਕੱਤਰਾਂ ਉੱਤੇ ਅਗਲੇ ਪਾਸੇ ਰੱਖੀਂ
ਖ਼ਰੋਜ 28 : 26 (PAV)
ਤੂੰ ਸੋਨੇ ਦੇ ਦੋ ਕੜੇ ਬਣਾਈਂ ਅਤੇ ਤੂੰ ਉਨ੍ਹਾਂ ਨੂੰ ਸੀਨੇ ਬੰਦ ਦੇ ਦੋਹਾਂ ਸਿਰਿਆਂ ਵਿੱਚ ਪਾਵੀਂ ਜਿਹੜੇ ਏਫ਼ੋਦ ਦੀ ਕਨਾਰੀ ਦੇ ਅੰਦਰਲੇ ਪਾਸੇ ਹਨ
ਖ਼ਰੋਜ 28 : 27 (PAV)
ਤਾਂ ਤੂੰ ਸੋਨੇ ਦੇ ਦੋ ਹੋਰ ਕੜੇ ਬਣਾਈਂ ਅਰ ਤੂੰ ਉਨ੍ਹਾਂ ਨੂੰ ਏਫ਼ੋਦ ਦੇ ਦੋਹਾਂ ਮੋਢਿਆਂ ਦੀਆਂ ਕੱਤਰਾਂ ਉੱਤੇ ਅਗਲੇ ਪਾਸੇ ਹੇਠਲੀ ਵੱਲ ਸੀਣ ਦੇ ਨੇੜੇ ਏਫ਼ੋਦ ਦੇ ਕਾਰੀਗਰੀ ਨਾਲ ਕੱਢੇ ਹੋਏ ਪੱਟਕੇ ਦੇ ਉੱਤੇ ਰੱਖੀਂ
ਖ਼ਰੋਜ 28 : 28 (PAV)
ਤਾਂ ਜੋ ਸੀਨੇ ਬੰਦ ਨੂੰ ਉਸ ਦੇ ਕੜਿਆਂ ਨਾਲ ਏਫ਼ੋਦ ਦੇ ਕੜਿਆਂ ਵਿੱਚ ਨੀਲੇ ਰੰਗ ਦੀ ਰੱਸੀ ਨਾਲ ਓਹ ਅਜੇਹਾ ਬੰਨਣ੍ਹ ਕਿ ਉਹ ਏਫ਼ੋਦ ਦੇ ਕਾਰੀਗਰੀ ਨਾਲ ਕੱਢੇ ਹੋਏ ਪੱਟਕੇ ਉੱਤੇ ਰਹੇ ਅਤੇ ਸੀਨਾ ਬੰਦ ਏਫ਼ੋਦ ਦੇ ਉੱਤੋਂ ਨਾ ਖੁਲੇ
ਖ਼ਰੋਜ 28 : 29 (PAV)
ਐਉਂ ਹਾਰੂਨ ਇਸਰਾਏਲ ਦੇ ਪੁੱਤ੍ਰਾਂ ਦੇ ਨਾਉਂ ਨਿਆਉਂ ਦੇ ਸੀਨੇ ਬੰਦ ਵਿੱਚ ਆਪਣੇ ਹਿਰਦੇ ਉੱਤੇ ਚੁੱਕੇ ਜਦ ਉਹ ਪਵਿੱਤ੍ਰ ਅਸਥਾਨ ਵਿੱਚ ਜਾਵੇ ਤਾਂ ਜੋ ਯਹੋਵਾਹ ਦੇ ਸਨਮੁਖ ਏਹ ਸਦਾ ਦੀ ਯਾਦਗੀਰੀ ਹੋਵੇ
ਖ਼ਰੋਜ 28 : 30 (PAV)
ਤੂੰ ਨਿਆਉਂ ਦੇ ਸੀਨੇ ਬੰਦ ਵਿੱਚ ਊਰੀਮ ਅਰ ਤੁੰਮੀਮ ਪਾਵੀਂ ਅਰ ਐਉਂ ਉਹ ਹਾਰੂਨ ਦੇ ਹਿਰਦੇ ਉੱਤੇ ਹੋਣ ਜਦ ਉਹ ਯਹੋਵਾਹ ਦੇ ਸਨਮੁਖ ਜਾਵੇ ਅਰ ਹਾਰੂਨ ਇਸਰਾਏਲ ਦੇ ਪੁੱਤ੍ਰਾਂ ਦਾ ਨਿਆਉਂ ਆਪਣੇ ਹਿਰਦੇ ਉੱਤੇ ਯਹੋਵਾਹ ਦੇ ਸਨਮੁਖ ਸਦਾ ਲਈ ਚੁੱਕੇ।।
ਖ਼ਰੋਜ 28 : 31 (PAV)
ਤੂੰ ਏਫ਼ੋਦ ਦੇ ਚੋਗ਼ੇ ਨੂੰ ਸਾਰਾ ਨੀਲੇ ਰੰਗ ਦਾ ਬਣਾਈਂ
ਖ਼ਰੋਜ 28 : 32 (PAV)
ਅਤੇ ਉਹ ਦੇ ਵਿਚਕਾਰ ਉਸ ਦੇ ਸਿਰ ਲਈ ਛੇਕ ਹੋਵੇ ਅਤੇ ਛੇਕ ਦੇ ਚੁਫੇਰੇ ਇੱਕ ਉਣੀ ਹੋਈ ਕੋਰ ਹੋਵੇ ਸੰਜੋ ਦੇ ਛੇਕ ਵਰਗੀ ਤਾਂ ਜੋ ਉਹ ਨਾ ਪਾਟੇ
ਖ਼ਰੋਜ 28 : 33 (PAV)
ਤੂੰ ਉਸ ਦੇ ਪੱਲੇ ਦੇ ਘੇਰੇ ਉੱਤੇ ਨੀਲੇ, ਬੈਂਗਣੀ, ਅਤੇ ਕਿਰਮਚੀ ਰੰਗ ਦੇ ਅਨਾਰ ਬਣਾਈਂ ਅਤੇ ਉਨ੍ਹਾਂ ਦੇ ਵਿਚਕਾਰ ਆਲੇ ਦੁਆਲੇ ਸੋਨੇ ਦੇ ਘੁੰਗਰੂ ਪਾਵੀਂ
ਖ਼ਰੋਜ 28 : 34 (PAV)
ਅਰਥਾਤ ਸੋਨੇ ਦਾ ਘੁੰਗਰੂ ਅਤੇ ਇੱਕ ਅਨਾਰ ਅਰ ਸੋਨੇ ਦਾ ਘੁੰਗਰੂ ਅਤੇ ਇੱਕ ਅਨਾਰ ਚੋਗੇ ਦੇ ਪੱਲੇ ਦੇ ਘੇਰੇ ਉੱਤੇ ਹੋਣ
ਖ਼ਰੋਜ 28 : 35 (PAV)
ਉਹ ਹਾਰੂਨ ਉੱਤੇ ਉਪਾਸਨਾ ਲਈ ਹੋਵੇ ਅਤੇ ਉਨ੍ਹਾਂ ਦੀ ਅਵਾਜ਼ ਸੁਣਾਈ ਦੇਵੇ ਜਦ ਉਹ ਯਹੋਵਾਹ ਦੇ ਪਵਿੱਤ੍ਰ ਅਸਥਾਨ ਵਿੱਚ ਵੜੇ ਯਾਂ ਨਿਕੱਲੇ ਤਾਂ ਜੋ ਉਹ ਮਰ ਨਾ ਜਾਵੇ।।
ਖ਼ਰੋਜ 28 : 36 (PAV)
ਤੂੰ ਖ਼ਾਲਸ ਸੋਨੇ ਦਾ ਇੱਕ ਚਮਕੀਲਾ ਪੱਤ੍ਰਾ ਬਣਾਈਂ ਅਤੇ ਉਹ ਦੇ ਉੱਤੇ ਛਾਪ ਦੀ ਉੱਕਰਾਈ ਵਰਗਾ ਏਹ ਉੱਕਰੀਂ “ ਯਹੋਵਾਹ ਲਈ ਪਵਿੱਤ੍ਰਤਾਈ ”
ਖ਼ਰੋਜ 28 : 37 (PAV)
ਤੂੰ ਉਹ ਦੇ ਵਿੱਚ ਨੀਲੀ ਡੋਰ ਪਾਵੀਂ ਅਤੇ ਉਹ ਅਮਾਮੇ ਉੱਤੇ ਹੋਵੇ ਅਰਥਾਤ ਅਮਾਮੇ ਦੇ ਅਗਲੇ ਪਾਸੇ ਉੱਤੇ
ਖ਼ਰੋਜ 28 : 38 (PAV)
ਐਉਂ ਉਹ ਹਾਰੂਨ ਦੇ ਮਸਤਕ ਉੱਤੇ ਹੋਵੇ ਤਾਂ ਜੋ ਹਾਰੂਨ ਪਵਿੱਤ੍ਰ ਵਸਤਾਂ ਦੇ ਦੋਸ਼ ਨੂੰ ਚੁੱਕੇ ਜਿਹੜੀਆਂ ਇਸਰਾਏਲੀ ਪਵਿੱਤ੍ਰ ਕਰਨ ਅਰਥਾਤ ਉਨ੍ਹਾਂ ਦੇ ਸਾਰੇ ਪਵਿੱਤ੍ਰ ਪੁਨ ਦਾਨ, ਅਤੇ ਉਹ ਉਸ ਦੇ ਮਸਤਕ ਉੱਤੇ ਸਦਾ ਲਈ ਹੋਵੇ ਤਾਂ ਜੋ ਯਹੋਵਾਹ ਦੇ ਸਨਮੁਖ ਉਨ੍ਹਾਂ ਦੀ ਮਨਜੂਰੀ ਹੋਵੇ
ਖ਼ਰੋਜ 28 : 39 (PAV)
ਤੂੰ ਮਹੀਨ ਕਤਾਨ ਦਾ ਕੁੜਤਾ ਕੱਢੀਂ ਅਰ ਤੂੰ ਮਹੀਨ ਕਤਾਨ ਦਾ ਅਮਾਮਾ ਬਣਾਈਂ ਅਤੇ ਇੱਕ ਪੇਟੀ ਕਸੀਦੇਕਾਰ ਦੇ ਕੰਮ ਦੀ ਬਣਾਈਂ
ਖ਼ਰੋਜ 28 : 40 (PAV)
ਤੂੰ ਹਾਰੂਨ ਦੇ ਪੁੱਤ੍ਰਾਂ ਲਈ ਕੁੜਤੇ ਬਣਾਈਂ ਅਤੇ ਤੂੰ ਉਨ੍ਹਾਂ ਦੇ ਲਈ ਪੇਟੀਆਂ ਬਣਾਈਂ ਨਾਲੇ ਤੂੰ ਉਨ੍ਹਾਂ ਲਈ ਪਰਤਾਪ ਅਤੇ ਸੁਹੱਪਣ ਦੇ ਸਾਫ਼ੇ ਬਣਾਈਂ
ਖ਼ਰੋਜ 28 : 41 (PAV)
ਅਰ ਤੂੰ ਆਪਣੇ ਭਰਾ ਹਾਰੂਨ ਅਤੇ ਉਹ ਦੇ ਨਾਲ ਉਹ ਦੇ ਪੁੱਤ੍ਰਾਂ ਨੂੰ ਏਹ ਪਵਾਈਂ ਅਤੇ ਤੂੰ ਉਨ੍ਹਾਂ ਨੂੰ ਮਸਹ ਕਰੀਂ ਅਤੇ ਉਨ੍ਹਾਂ ਨੂੰ ਥਾਪੀਂ ਅਤੇ ਉਨ੍ਹਾਂ ਨੂੰ ਪਵਿੱਤ੍ਰ ਕਰੀਂ ਤਾਂ ਜੋ ਓਹ ਮੇਰੇ ਲਈ ਜਾਜਕਾਈ ਦਾ ਕੰਮ ਕਰਨ
ਖ਼ਰੋਜ 28 : 42 (PAV)
ਤੂੰ ਉਨ੍ਹਾਂ ਲਈ ਕਤਾਨ ਦੀ ਕੱਛ ਉਨ੍ਹਾਂ ਦੇ ਨੰਗੇਜ ਦੇ ਕੱਜਣ ਲਈ ਬਣਾਈਂ। ਉਹ ਲੱਕ ਤੋਂ ਪੱਟਾਂ ਤੀਕ ਹੋਵੇ
ਖ਼ਰੋਜ 28 : 43 (PAV)
ਅਤੇ ਉਹ ਹਾਰੂਨ ਅਤੇ ਉਹ ਦੇ ਪੁੱਤ੍ਰਾਂ ਉੱਤੇ ਹੋਵੇ ਜਦ ਓਹ ਮੰਡਲੀ ਦੇ ਤੰਬੂ ਵਿੱਚ ਵੜਨ ਯਾ ਜਗਵੇਦੀ ਕੋਲ ਜਾਣ ਭਈ ਓਹ ਪਵਿੱਤ੍ਰ ਅਸਥਾਨ ਵਿੱਚ ਉਪਾਸਨਾ ਕਰਨ ਅਜੇਹਾ ਨਾ ਹੋਵੇ ਭਈ ਓਹ ਅਪਰਾਧੀ ਹੋਕੇ ਮਰਨ। ਏਹ ਉਹ ਦੇ ਲਈ ਅਤੇ ਉਹ ਦੇ ਪਿੱਛੋਂ ਉਹ ਦੀ ਅੰਸ ਲਈ ਸਦਾ ਦੀ ਬਿਧੀ ਹੋਵੇ।।
❮
❯