ਖ਼ਰੋਜ 32 : 1 (PAV)
ਜਾਂ ਲੋਕਾਂ ਨੇ ਵੇਖਿਆ ਭਈ ਮੂਸਾ ਨੇ ਪਹਾੜੋਂ ਲਹਿਣ ਵਿੱਚ ਚਿਰ ਲਾ ਦਿੱਤਾ ਹੈ ਤਾਂ ਲੋਕਾਂ ਨੇ ਹਾਰੂਨ ਕੋਲ ਇਕੱਠੇ ਹੋਕੇ ਉਹ ਨੂੰ ਆਖਿਆ, ਉੱਠ ਅਤੇ ਸਾਡੇ ਲਈ ਦੇਵਤੇ ਬਣਾ ਜਿਹੜੇ ਸਾਡੇ ਅੱਗੇ ਚੱਲਣ ਕਿਉਂ ਜੋ ਏਹ ਮਰਦ ਮੂਸਾ ਜਿਹੜਾ ਸਾਨੂੰ ਮਿਸਰ ਦੇਸ ਤੋਂ ਉਤਾਹਾਂ ਲੈ ਆਇਆ ਹੈ ਅਸੀਂ ਨਹੀਂ ਜਾਣਦੇ ਉਹ ਨੂੰ ਕੀ ਹੋ ਗਿਆ ਹੈ
ਖ਼ਰੋਜ 32 : 2 (PAV)
ਤਾਂ ਹਾਰੂਨ ਨੇ ਉਨ੍ਹਾਂ ਨੂੰ ਆਖਿਆ, ਆਪਣੀਆਂ ਤੀਵੀਆਂ ਅਤੇ ਆਪਣੇ ਪੁੱਤ੍ਰਾਂ ਅਤੇ ਆਪਣੀਆਂ ਧੀਆਂ ਦੇ ਕੰਨਾਂ ਦੇ ਸੋਨੇ ਦੇ ਬਾਲੇ ਤੋੜ ਤਾੜ ਕੇ ਮੇਰੇ ਕੋਲ ਲੈ ਆਓ
ਖ਼ਰੋਜ 32 : 3 (PAV)
ਸੋ ਸਾਰੇ ਲੋਕ ਸੋਨੇ ਦੇ ਬਾਲੇ ਜੋ ਉਨ੍ਹਾਂ ਦੇ ਕੰਨਾਂ ਵਿੱਚ ਸਨ ਤੋੜ ਤਾੜ ਕੇ ਹਾਰੂਨ ਦੇ ਕੋਲ ਲੈ ਆਏ
ਖ਼ਰੋਜ 32 : 4 (PAV)
ਤਾਂ ਉਸ ਨੇ ਓਹ ਉਨ੍ਹਾਂ ਦੇ ਹੱਥੋਂ ਲੈ ਲਏ ਅਰ ਉਨ੍ਹਾਂ ਨੂੰ ਢਾਲ ਕੇ ਇੱਕ ਉਕੱਰਨ ਵਾਲੇ ਸੰਦ ਨਾਲ ਘੜ ਕੇ ਉਹ ਦਾ ਇੱਕ ਬੱਛਾ ਬਣਾਇਆ ਤਾਂ ਉਨ੍ਹਾਂ ਨੇ ਆਖਿਆ, ਹੇ ਇਸਰਾਏਲ ਏਹ ਹੈ ਤੇਰਾ ਦੇਵਤਾ ਜਿਹੜਾ ਤੈਨੂੰ ਮਿਸਰ ਦੇਸ ਤੋਂ ਉਤਾਹਾਂ ਲੈ ਆਇਆ
ਖ਼ਰੋਜ 32 : 5 (PAV)
ਜਦ ਹਾਰੂਨ ਨੇ ਏਹ ਡਿੱਠਾ ਤਾਂ ਉਸ ਦੇ ਅੱਗੇ ਇੱਕ ਜਗਵੇਦੀ ਬਣਾਈ ਤਾਂ ਹਾਰੂਨ ਨੇ ਪੁਕਾਰ ਕੇ ਆਖਿਆ, ਭਲਕੇ ਯਹੋਵਾਹ ਦਾ ਪਰਬ ਹੈ
ਖ਼ਰੋਜ 32 : 6 (PAV)
ਤਾਂ ਓਹ ਅਗਲੇ ਦਿਨ ਸਵੇਰ ਨੂੰ ਉੱਠੇ ਅਰ ਹੋਮ ਦੀਆਂ ਬਲੀਆਂ ਚੜ੍ਹਾਈਆਂ ਅਰ ਸੁੱਖ ਸਾਂਦ ਦੀਆਂ ਭੇਟਾਂ ਲਿਆਏ ਤਾਂ ਲੋਕ ਖਾ ਪੀ ਕੇ ਬੈਠੇ ਅਰ ਹੱਸਣ ਖੇਲਣ ਨੂੰ ਉੱਠੇ।।
ਖ਼ਰੋਜ 32 : 7 (PAV)
ਤਾਂ ਯਹੋਵਾਹ ਨੇ ਮੂਸਾ ਨੂੰ ਫ਼ਰਮਾਇਆ, ਹਠਾੜ ਨੂੰ ਜਾਹ ਕਿਉਂ ਕਿ ਤੇਰੇ ਲੋਕ ਜਿਨ੍ਹਾਂ ਨੂੰ ਤੂੰ ਮਿਸਰ ਦੇਸ ਤੋਂ ਉਤਾਹਾਂ ਲਿਆਇਆ ਹੈਂ ਭਰਿਸ਼ਟ ਹੋ ਗਏ ਹਨ
ਖ਼ਰੋਜ 32 : 8 (PAV)
ਓਹ ਉਸ ਰਾਹ ਤੋਂ ਛੇਤੀ ਨਾਲ ਫਿਰ ਗਏ ਹਨ ਜਿਹ ਦਾ ਮੈਂ ਉਨ੍ਹਾਂ ਨੂੰ ਹੁਕਮ ਦਿੱਤਾ ਸੀ ਅਤੇ ਉਨ੍ਹਾਂ ਨੇ ਢਾਲ ਕੇ ਆਪਣੇ ਲਈ ਇੱਕ ਬੱਛਾ ਬਣਾਇਆ ਅਤੇ ਉਹ ਦੇ ਅੱਗੇ ਮੱਥਾ ਟੇਕਿਆ ਅਤੇ ਉਹ ਦੇ ਅੱਗੇ ਭੇਟ ਚੜ੍ਹਾ ਕੇ ਉਨ੍ਹਾਂ ਆਖਿਆ, ਹੇ ਇਸਰਾਏਲ ਏਹ ਹੈ ਤੇਰਾ ਦੇਵਤਾ ਜਿਹੜਾ ਤੈਨੂੰ ਮਿਸਰ ਦੇਸ ਤੋਂ ਉਤਾਹਾਂ ਲੈ ਆਇਆ
ਖ਼ਰੋਜ 32 : 9 (PAV)
ਤਾਂ ਯਹੋਵਾਹ ਨੇ ਮੂਸਾ ਨੂੰ ਆਖਿਆ, ਮੈਂ ਇਨ੍ਹਾਂ ਲੋਕਾਂ ਨੂੰ ਡਿੱਠਾ ਹੈ, ਵੇਖ ਏਹ ਲੋਕ ਹਠੀ ਹਨ
ਖ਼ਰੋਜ 32 : 10 (PAV)
ਹੁਣ ਤੂੰ ਮੈਨੂੰ ਇਕੱਲਾ ਹੋਣ ਦੇਹ ਤਾਂ ਜੋ ਮੇਰਾ ਕਰੋਧ ਉਨ੍ਹਾਂ ਦੇ ਵਿਰੁੱਧ ਭੜਕੇ ਅਰ ਮੈਂ ਉਨ੍ਹਾਂ ਨੂੰ ਭਸਮ ਕਰ ਸੁੱਟਾਂ ਅਤੇ ਮੈਂ ਤੈਥੋਂ ਇੱਕ ਵੱਡੀ ਕੌਮ ਬਣਾਵਾਂਗਾ
ਖ਼ਰੋਜ 32 : 11 (PAV)
ਤਾਂ ਮੂਸਾ ਨੇ ਯਹੋਵਾਹ ਆਪਣੇ ਪਰਮੇਸ਼ੁਰ ਦੇ ਅੱਗੇ ਤਰਲੇ ਪਾਕੇ ਆਖਿਆ, ਹੇ ਯਹੋਵਾਹ ਤੇਰਾ ਕਰੋਧ ਤੇਰੇ ਲੋਕਾਂ ਦੇ ਵਿਰੁੱਧ ਕਿਉਂ ਭੜਕਿਆ ਹੈ ਜਿਨ੍ਹਾਂ ਨੂੰ ਤੂੰ ਮਿਸਰ ਦੇਸ ਤੋਂ ਵੱਡੀ ਸ਼ਕਤੀ ਅਤੇ ਬਲਵੰਤ ਹੱਥ ਨਾਲ ਕੱਢ ਕੇ ਲੈ ਆਇਆ ਹੈਂ?
ਖ਼ਰੋਜ 32 : 12 (PAV)
ਮਿਸਰੀ ਕਿਉਂ ਆਖਣ ਭਈ ਉਹ ਉਨ੍ਹਾਂ ਨੂੰ ਬੁਰਿਆਈ ਲਈ ਲੈ ਗਿਆ ਤਾਂ ਜੋ ਉਨ੍ਹਾਂ ਨੂੰ ਪਹਾੜਾਂ ਵਿੱਚ ਮਾਰ ਸੁੱਟੇ ਅਤੇ ਉਨ੍ਹਾਂ ਨੂੰ ਜ਼ਮੀਨ ਉੱਤੋਂ ਮੁਕਾ ਦੇਵੇ? ਆਪਣੇ ਕਰੋਧ ਦੇ ਭੜਕਣ ਨੂੰ ਮੋੜ ਲੈ ਅਤੇ ਆਪਣੇ ਲੋਕਾਂ ਉੱਤੇ ਬੁਰਿਆਈ ਲਾਉਣ ਤੋਂ ਹਟ ਜਾਣਾ
ਖ਼ਰੋਜ 32 : 13 (PAV)
ਤੂੰ ਆਪਣੇ ਸੇਵਕ ਅਬਰਾਹਾਮ ਇਸਹਾਕ ਅਤੇ ਇਸਰਾਏਲ ਨੂੰ ਚੇਤੇ ਕਰ ਜਿਨ੍ਹਾਂ ਨਾਲ ਤੈਂ ਆਪਣੀ ਹੀ ਸੌਂਹ ਖਾਕੇ ਆਖਿਆ ਸੀ ਭਈ ਮੈਂ ਤੁਹਾਡੀ ਸੰਤਾਨ ਅਕਾਸ਼ ਦੇ ਤਾਰਿਆਂ ਵਾਂਙੁ ਵਧਾਵਾਂਗਾ ਅਤੇ ਏਹ ਸਾਰਾ ਦੇਸ ਜਿਸ ਦੇ ਲਈ ਮੈਂ ਆਖਿਆ ਹੈ ਮੈਂ ਉਹ ਤੁਹਾਡੀ ਸੰਤਾਨ ਨੂੰ ਦੇਵਾਂਗਾ ਅਤੇ ਓਹ ਸਦਾ ਲਈ ਓਹ ਦੇ ਅਧਕਾਰੀ ਹੋਣਗੇ
ਖ਼ਰੋਜ 32 : 14 (PAV)
ਤਾਂ ਯਹੋਵਾਹ ਉਸ ਬੁਰਿਆਈ ਤੋਂ ਹਟ ਗਿਆ ਜਿਹੜੀ ਆਪਣੇ ਲੋਕਾਂ ਨਾਲ ਕਰਨ ਲਈ ਬੋਲਿਆ ਸੀ।।
ਖ਼ਰੋਜ 32 : 15 (PAV)
ਤਾਂ ਮੂਸਾ ਮੁੜ ਕੇ ਪਹਾੜ ਤੋਂ ਹਠਾੜ ਨੂੰ ਆਇਆ ਅਤੇ ਸਾਖੀ ਦੀਆਂ ਦੋ ਫੱਟੀਆਂ ਉਸ ਦੇ ਹੱਥ ਵਿੱਚ ਸਨ। ਓਹ ਫੱਟੀਆਂ ਦੋਹਾਂ ਪਾਸਿਆਂ ਤੋਂ ਲਿਖੀਆਂ ਹੋਈਆਂ ਸਨ ਇੱਕ ਪਾਸਿਓਂ ਅਤੇ ਦੂਜੇ ਪਾਸਿਓਂ ਵੀ ਲਿਖੀਆਂ ਹੋਈਆਂ ਸਨ
ਖ਼ਰੋਜ 32 : 16 (PAV)
ਅਤੇ ਫੱਟੀਆਂ ਪਰਮੇਸ਼ੁਰ ਦਾ ਕੰਮ ਸੀ ਅਤੇ ਉਨ੍ਹਾਂ ਦੀ ਲਿਖਤ ਪਰਮੇਸ਼ੁਰ ਦੀ ਲਿਖਤ ਸੀ ਜਿਹੜੀ ਫੱਟੀਆਂ ਉੱਤੇ ਉੱਕਰੀ ਹੋਈ ਸੀ
ਖ਼ਰੋਜ 32 : 17 (PAV)
ਜਾਂ ਯਹੋਸ਼ੁਆ ਨੇ ਲੋਕਾਂ ਦੀ ਅਵਾਜ਼ ਸੁਣੀ ਜਿਹੜੇ ਡੰਡ ਪਾਉਂਦੇ ਸਨ ਤਾਂ ਉਸ ਨੇ ਮੂਸਾ ਨੂੰ ਆਖਿਆ, ਡੇਰੇ ਵਿੱਚ ਲੜਾਈ ਦੀ ਅਵਾਜ਼ ਹੈ
ਖ਼ਰੋਜ 32 : 18 (PAV)
ਤਾਂ ਉਸ ਆਖਿਆ, ਏਹ ਰੌਲਾ ਨਾ ਤਾਂ ਫਤਹ ਪਾਉਣ ਵਾਲਿਆਂ ਦਾ ਹੈ ਅਰ ਨਾ ਏਹ ਰੌਲਾ ਹਾਰਨ ਵਾਲਿਆਂ ਦਾ ਹੈ ਪਰ ਮੈਂ ਗਾਉਣ ਵਾਲਿਆਂ ਦੀ ਅਵਾਜ਼ ਸੁਣਦਾ ਹਾਂ
ਖ਼ਰੋਜ 32 : 19 (PAV)
ਤਾਂ ਐਉਂ ਹੋਇਆ ਜਦੋਂ ਉਹ ਡੇਰੇ ਦੇ ਨੇੜੇ ਆਇਆ ਤਾਂ ਉਸ ਨੇ ਬੱਛੇ ਅਤੇ ਨੱਚਣ ਨੂੰ ਡਿੱਠਾ ਤਾਂ ਮੂਸਾ ਦਾ ਕਰੋਧ ਅੱਤ ਭੜਕ ਉੱਠਿਆ ਅਰ ਉਸ ਨੇ ਫੱਟੀਆਂ ਆਪਣੇ ਹੱਥਾਂ ਤੋਂ ਸੁੱਟ ਦਿੱਤੀਆਂ ਅਤੇ ਪਹਾੜ ਦੇ ਹੇਠ ਉਨ੍ਹਾਂ ਨੂੰ ਭੰਨ ਸੁੱਟਿਆ
ਖ਼ਰੋਜ 32 : 20 (PAV)
ਅਤੇ ਉਸ ਬੱਛੇ ਨੂੰ ਜਿਹੜਾ ਉਨ੍ਹਾਂ ਨੇ ਬਣਾਇਆ ਸੀ ਲੈ ਕੇ ਅੱਗ ਵਿੱਚ ਸਾੜ ਸੁੱਟਿਆ ਅਤੇ ਪੀਹ ਕੇ ਉਸ ਦਾ ਪੀਪਾ ਕਰ ਦਿੱਤਾ ਅਤੇ ਪਾਣੀ ਉੱਤੇ ਖਿਲਾਰ ਦਿੱਤਾ ਅਰ ਇਸਰਾਏਲੀਆਂ ਨੂੰ ਪਿਲਾ ਛੱਡਿਆ
ਖ਼ਰੋਜ 32 : 21 (PAV)
ਤਾਂ ਮੂਸਾ ਨੇ ਹਾਰੂਨ ਨੂੰ ਆਖਿਆ, ਤੈਨੂੰ ਇਨ੍ਹਾਂ ਲੋਕਾਂ ਨੇ ਕੀ ਕਰ ਦਿੱਤਾ ਜੋ ਤੂੰ ਉਨ੍ਹਾਂ ਉੱਤੇ ਵੱਡਾ ਪਾਪ ਲਿਆਇਆ?
ਖ਼ਰੋਜ 32 : 22 (PAV)
ਅੱਗੋਂ ਹਾਰੂਨ ਨੇ ਆਖਿਆ, ਮੇਰੇ ਸਵਾਮੀ ਦਾ ਕਰੋਧ ਨਾ ਭੜਕੇ। ਤੂੰ ਲੋਕਾਂ ਨੂੰ ਜਾਣਦਾ ਹੈਂ ਭਈ ਓਹ ਬੁਰਿਆਈ ਉੱਤੇ ਤਿਆਰ ਹਨ
ਖ਼ਰੋਜ 32 : 23 (PAV)
ਕਿਉਂ ਜੋ ਉਨ੍ਹਾਂ ਨੇ ਮੈਨੂੰ ਆਖਿਆ, ਸਾਡੇ ਲਈ ਦੇਵਤੇ ਬਣਾ ਜਿਹੜੇ ਸਾਡੇ ਲਈ ਅੱਗੇ ਚੱਲਣ ਕਿਉਂ ਜੋ ਏਹ ਮਰਦ ਮੂਸਾ ਜਿਹੜਾ ਸਾਨੂੰ ਮਿਸਰ ਦੇਸ ਤੋਂ ਉਤਾਹਾਂ ਲੈ ਆਇਆ ਅਸੀਂ ਨਹੀਂ ਜਾਣਦੇ ਕਿ ਉਹ ਨੂੰ ਕੀ ਹੋਇਆ
ਖ਼ਰੋਜ 32 : 24 (PAV)
ਤਾਂ ਮੈਂ ਉਨ੍ਹਾਂ ਨੂੰ ਆਖਿਆ, ਜਿੰਨ੍ਹਾਂ ਕੋਲ ਸੋਨਾ ਹੈ ਓਹ ਭੰਨਣ ਤੋੜਨ ਤਾਂ ਉਨ੍ਹਾਂ ਨੇ ਮੈਨੂੰ ਦਿੱਤਾ ਅਰ ਮੈਂ ਉਸ ਨੂੰ ਅੱਗ ਵਿੱਚ ਸੁੱਟ ਦਿੱਤਾ ਅਤੇ ਏਹ ਬੱਛਾ ਨਿੱਕਲ ਆਇਆ।।
ਖ਼ਰੋਜ 32 : 25 (PAV)
ਜਾਂ ਮੂਸਾ ਨੇ ਲੋਕਾਂ ਨੂੰ ਡਿੱਠਾ ਭਈ ਓਹ ਬੇ ਲਗਾਮ ਹਨ ਕਿਉਂ ਜੋ ਹਾਰੂਨ ਨੇ ਉਨ੍ਹਾਂ ਦੇ ਵੈਰੀਆਂ ਦੇ ਸਾਹਮਣੇ ਉਨ੍ਹਾਂ ਦਾ ਮਖ਼ੌਲ ਉਡਾਉਣ ਲਈ ਉਨ੍ਹਾਂ ਨੂੰ ਬੇ ਲਗਾਮ ਕੀਤਾ
ਖ਼ਰੋਜ 32 : 26 (PAV)
ਤਾਂ ਮੂਸਾ ਨੇ ਡੇਰੇ ਦੇ ਫਾਟਕ ਕੋਲ ਖਲੋ ਕੇ ਆਖਿਆ, ਜਿਹੜਾ ਯਹੋਵਾਹ ਦੇ ਪਾਸੇ ਵੱਲ ਹੈ ਉਹ ਮੇਰੇ ਕੋਲ ਆਵੇ ਤਾਂ ਸਾਰੇ ਲੇਵੀਆਂ ਨੇ ਆਪਣੇ ਆਪ ਨੂੰ ਉਸ ਦੇ ਕੋਲ ਇਕੱਠਾ ਕਰ ਲਿਆ
ਖ਼ਰੋਜ 32 : 27 (PAV)
ਉਸ ਨੇ ਉਨ੍ਹਾਂ ਨੂੰ ਆਖਿਆ, ਯਹੋਵਾਹ ਇਸਰਾਏਲ ਦਾ ਪਰਮੇਸ਼ੁਰ ਐਉਂ ਫ਼ਰਮਾਉਂਦਾ ਹੈ ਕਿ ਸਭ ਮਨੁੱਖ ਆਪਣੀਆਂ ਤੇਗਾਂ ਲੱਕ ਨਾਲ ਬੰਨ੍ਹ ਕੇ ਡੇਰੇ ਦੇ ਵਿੱਚ ਦੀ ਫਾਟਕ ਤੋਂ ਫਾਟਕ ਤੀਕ ਆਉਂਦੇ ਜਾਂਦੇ ਆਪਣੇ ਭਰਾ ਆਪਣੇ ਸਾਥੀ ਅਤੇ ਆਪਣੇ ਗਵਾਂਢੀ ਨੂੰ ਵੱਢ ਸੁੱਟਣ
ਖ਼ਰੋਜ 32 : 28 (PAV)
ਤਾਂ ਲੇਵੀਆਂ ਨੇ ਮੂਸਾ ਦੇ ਬੋਲ ਅਨੁਸਾਰ ਕੀਤਾ ਅਰ ਉਸ ਦਿਨ ਲੋਕਾਂ ਵਿੱਚੋਂ ਤਿੰਨ ਹਜਾਰ ਮਨੁੱਖ ਡਿੱਗੇ
ਖ਼ਰੋਜ 32 : 29 (PAV)
ਮੂਸਾ ਆਖਿਆ, ਅੱਜ ਤੁਸੀਂ ਆਪਣੇ ਆਪ ਨੂੰ ਯਹੋਵਾਹ ਲਈ ਅਰਪਣ ਕਰੋ । ਹਾਂ, ਹਰ ਇੱਕ ਮਨੁੱਖ ਆਪਣੇ ਪੁੱਤ੍ਰ ਅਤੇ ਆਪਣੇ ਭਰਾ ਦੇ ਵਿਰੁੱਧ ਹੋਵੇ ਤਾਂ ਜੋ ਉਹ ਅੱਜ ਤੁਹਾਨੂੰ ਬਰਕਤ ਦੇਵੇ।।
ਖ਼ਰੋਜ 32 : 30 (PAV)
ਅਗਲੇ ਦਿਨ ਐਉਂ ਹੋਇਆ ਕਿ ਮੂਸਾ ਨੇ ਲੋਕਾਂ ਨੂੰ ਆਖਿਆ, ਤੁਸਾਂ ਵੱਡਾ ਪਾਪ ਕੀਤਾ ਅਤੇ ਮੈਂ ਹੁਣ ਯਹੋਵਾਹ ਦੇ ਕੋਲ ਉਤਾਹਾਂ ਜਾਂਦਾ ਹਾਂ । ਸ਼ਾਇਤ ਮੈਂ ਤੁਹਾਡੇ ਪਾਪ ਦਾ ਪਰਾਸਚਿਤ ਕਰਾਂ
ਖ਼ਰੋਜ 32 : 31 (PAV)
ਸੋ ਮੂਸਾ ਯਹੋਵਾਹ ਦੇ ਕੋਲ ਮੁੜ ਗਿਆ ਅਤੇ ਆਖਿਆ, ਹਾਏ ਇਨ੍ਹਾਂ ਲੋਕਾਂ ਨੇ ਵੱਡਾ ਪਾਪ ਕੀਤਾ ਜੋ ਆਪਣੇ ਲਈ ਸੋਨੇ ਦੇ ਦੇਵਤੇ ਬਣਾਏ
ਖ਼ਰੋਜ 32 : 32 (PAV)
ਹੁਣ ਤੂੰ ਉਨ੍ਹਾਂ ਦਾ ਪਾਪ ਮਾਫ਼ ਕਰੀਂ ਅਰ ਜੇ ਨਹੀਂ ਤਾਂ ਆਪਣੀ ਪੋਥੀ ਵਿੱਚੋਂ ਜਿਹੜੀ ਤੈਂ ਲਿਖੀ ਹੈ ਮੈਨੂੰ ਮਿਟਾ ਸੁੱਟੀਂ
ਖ਼ਰੋਜ 32 : 33 (PAV)
ਤਾਂ ਯਹੋਵਾਹ ਨੇ ਮੂਸਾ ਨੂੰ ਆਖਿਆ, ਜਿਸ ਮੇਰਾ ਪਾਪ ਕੀਤਾ ਮੈਂ ਉਸ ਨੂੰ ਆਪਣੀ ਪੋਥੀ ਵਿੱਚੋਂ ਮਿਟਾ ਸੁੱਟਾਂਗਾ
ਖ਼ਰੋਜ 32 : 34 (PAV)
ਹੁਣ ਜਾਹ ਲੋਕਾਂ ਨੂੰ ਉੱਥੇ ਲੈ ਜਾਹ ਜਿਹ ਦੇ ਲਈ ਮੈਂ ਤੈਨੂੰ ਬੋਲਿਆ ਸੀ ਅਤੇ ਵੇਖ ਮੇਰਾ ਦੂਤ ਤੇਰੇ ਅੱਗੇ ਤੁਰੇਗਾ ਪਰ ਮੈਂ ਆਪਣੇ ਬਦਲੇ ਦੇ ਦਿਨ ਉਨ੍ਹਾਂ ਦੇ ਪਾਪ ਦਾ ਬਦਲਾ ਉਨ੍ਹਾਂ ਤੋਂ ਲਵਾਂਗਾ
ਖ਼ਰੋਜ 32 : 35 (PAV)
ਅਰ ਯਹੋਵਾਹ ਨੇ ਬੱਛਾ ਬਣਾਉਣ ਦੇ ਕਾਰਨ ਜਿਹ ਨੂੰ ਹਾਰੂਨ ਨੇ ਬਣਾਇਆ ਸੀ ਲੋਕਾਂ ਨੂੰ ਮਾਰਿਆ।।

1 2 3 4 5 6 7 8 9 10 11 12 13 14 15 16 17 18 19 20 21 22 23 24 25 26 27 28 29 30 31 32 33 34 35

BG:

Opacity:

Color:


Size:


Font: