ਪੈਦਾਇਸ਼ 8 : 1 (PAV)
ਫੇਰ ਪਰਮੇਸ਼ੁਰ ਨੇ ਨੂਹ ਨੂੰ ਅਰ ਹਰ ਜੰਗਲੀ ਜਾਨਵਰ ਨੂੰ ਅਰ ਹਰ ਡੰਗਰ ਨੂੰ ਜੋ ਉਹ ਦੇ ਨਾਲ ਕਿਸ਼ਤੀ ਵਿੱਚ ਸੀ ਯਾਦ ਕੀਤਾ ਅਤੇ ਪਰਮੇਸ਼ੁਰ ਨੇ ਧਰਤੀ ਉੱਤੇ ਵਾਉ ਵਗਾਈ ਅਤੇ ਪਾਣੀ ਘਟਣ ਲਗ ਪਏ
ਪੈਦਾਇਸ਼ 8 : 2 (PAV)
ਡੁੰਘਿਆਈ ਦੇ ਸੋਤੇ ਅਰ ਅਕਾਸ਼ ਦੀਆਂ ਖਿੜਕੀਆਂ ਬੰਦ ਹੋ ਗਈਆਂ ਅਤੇ ਅਕਾਸ਼ੋਂ ਵਰਖਾ ਥੰਮ ਗਈ
ਪੈਦਾਇਸ਼ 8 : 3 (PAV)
ਅਤੇ ਪਾਣੀ ਧਰਤੀ ਉੱਤੋਂ ਮੋੜੇ ਪਏ ਜਾਂਦੇ ਸਨ ਅਰ ਡੂਢ ਸੌ ਦਿਨਾਂ ਦੇ ਅੰਤ ਵਿੱਚ ਪਾਣੀ ਲਹਿ ਗਿਆ
ਪੈਦਾਇਸ਼ 8 : 4 (PAV)
ਕਿਸ਼ਤੀ ਸੱਤਵੇਂ ਮਹੀਨੇ ਦੇ ਸਤਾਰਵੇਂ ਦਿਨ ਅਰਾਰਾਤ ਪਹਾੜ ਉੱਤੇ ਟਿਕ ਗਈ
ਪੈਦਾਇਸ਼ 8 : 5 (PAV)
ਅਤੇ ਪਾਣੀ ਦਸਵੇਂ ਮਹੀਨੇ ਤੀਕਰ ਘਟਦੇ ਗਏ। ਦਸਵੇਂ ਮਹੀਨੇ ਦੇ ਪਹਿਲੇ ਦਿਨ ਪਹਾੜਾਂ ਦੀਆਂ ਟੀਸੀਆਂ ਦਿਸ ਪਈਆਂ।।
ਪੈਦਾਇਸ਼ 8 : 6 (PAV)
ਤਾਂ ਐਉਂ ਹੋਇਆ ਕਿ ਚਾਲੀਆਂ ਦਿਨਾਂ ਦੇ ਅੰਤ ਵਿੱਚ ਨੂਹ ਨੇ ਕਿਸ਼ਤੀ ਦੀ ਖਿੜਕੀ ਨੂੰ ਜਿਹ ਨੂੰ ਉਸ ਨੇ ਬਣਾਇਆ ਸੀ ਖੋਲ੍ਹ ਦਿੱਤਾ
ਪੈਦਾਇਸ਼ 8 : 7 (PAV)
ਅਤੇ ਉਸ ਨੇ ਇੱਕ ਪਹਾੜੀ ਕਾਉਂ ਛੱਡਿਆ ਅਰ ਜਦ ਤਾਈ ਪਾਣੀ ਧਰਤੀ ਤੋਂ ਨਾ ਸੁੱਕ ਗਏ ਉਹ ਆਉਂਦਾ ਜਾਂਦਾ ਰਿਹਾ
ਪੈਦਾਇਸ਼ 8 : 8 (PAV)
ਫੇਰ ਉਸ ਨੇ ਘੁੱਗੀ ਭੀ ਆਪਣੇ ਵੱਲੋਂ ਛੱਡੀ ਤਾਂਜੋ ਉਹ ਵੇਖੇ ਕਿ ਪਾਣੀ ਜ਼ਮੀਨ ਦੇ ਉੱਤੋਂ ਘਟ ਗਿਆ ਹੈ ਕਿ ਨਹੀਂ
ਪੈਦਾਇਸ਼ 8 : 9 (PAV)
ਪਰ ਉਸ ਘੁੱਗੀ ਨੂੰ ਆਪਣੇ ਪੈਰ ਦੇ ਪੰਜੇ ਲਈ ਕੋਈ ਟਿਕਾਣਾ ਨਾ ਲੱਭਾ ਸੋ ਉਹ ਕਿਸ਼ਤੀ ਵਿੱਚ ਉਹ ਦੇ ਕੋਲ ਮੁੜ ਆਈ ਕਿਉਂਜੋ ਜੋ ਪਾਣੀ ਸਾਰੀ ਧਰਤੀ ਉੱਤੇ ਸੀ ਤਾਂ ਉਸ ਨੇ ਆਪਣਾ ਹੱਥ ਵਧਾਕੇ ਉਹ ਨੂੰ ਫੜ ਲਿਆ ਅਰ ਆਪਣੇ ਕੋਲ ਕਿਸ਼ਤੀ ਵਿੱਚ ਰੱਖ ਲਿਆ
ਪੈਦਾਇਸ਼ 8 : 10 (PAV)
ਅਤੇ ਉਹ ਨੇ ਸੱਤ ਦਿਨ ਹੋਰ ਠਹਿਰਕੇ ਫੇਰ ਕਿਸ਼ਤੀ ਤੋਂ ਉਸ ਘੁੱਗੀ ਨੂੰ ਛੱਡਿਆ
ਪੈਦਾਇਸ਼ 8 : 11 (PAV)
ਉਹ ਘੁੱਗੀ ਸ਼ਾਮ ਨੂੰ ਉਹ ਦੇ ਕੋਲ ਆਈ ਅਤੇ ਵੇਖੋ ਉਹ ਦੀ ਚੁੰਝ ਵਿੱਚ ਜ਼ੈਤੂਨ ਦਾ ਸੱਜਰਾ ਪੱਤਾ ਸੀ ਸੋ ਨੂਹ ਨੇ ਜਾਣ ਲਿਆ ਭਈ ਪਾਣੀ ਧਰਤੀ ਉੱਤੋਂ ਘਟ ਗਿਆ ਹੈ
ਪੈਦਾਇਸ਼ 8 : 12 (PAV)
ਤਦ ਉਹ ਨੇ ਸੱਤ ਦਿਨ ਹੋਰ ਵੀ ਠਹਿਰਕੇ ਘੁੱਗੀ ਨੂੰ ਫਿਰ ਛਡਿਆ ਅਰ ਉਹ ਮੁੜ ਉਹ ਦੇ ਕੋਲ ਨਾ ਆਈ।।
ਪੈਦਾਇਸ਼ 8 : 13 (PAV)
ਤਾਂ ਐਉਂ ਹੋਇਆ ਕਿ ਛੇ ਸੌ ਇੱਕ ਵਰਹੇ ਦੇ ਪਹਿਲੇ ਮਹੀਨੇ ਦੇ ਪਹਿਲੇ ਦਿਨ ਪਾਣੀ ਧਰਤੀ ਉੱਤੋਂ ਸੁੱਕ ਗਿਆ ਅਤੇ ਨੂਹ ਨੇ ਕਿਸ਼ਤੀ ਦੀ ਛੱਤ ਖੋਲ੍ਹਕੇ ਨਿਗਾਹ ਮਾਰੀ ਅਤੇ ਵੇਖੋ ਜ਼ਮੀਨ ਦੀ ਪਰਤ ਸੁੱਕ ਗਈ
ਪੈਦਾਇਸ਼ 8 : 14 (PAV)
ਦੂਜੇ ਮਹੀਨੇ ਦੇ ਸਤਾਈਵੇਂ ਦਿਨ ਧਰਤੀ ਸੁੱਕੀ ਪਈ ਸੀ
ਪੈਦਾਇਸ਼ 8 : 15 (PAV)
ਤਦ ਪਰਮੇਸ਼ੁਰ ਨੂਹ ਨਾਲ ਬੋਲਿਆ
ਪੈਦਾਇਸ਼ 8 : 16 (PAV)
ਕਿ ਕਿਸ਼ਤੀ ਵਿੱਚੋਂ ਨਿੱਕਲ ਜਾਹ ਤੂੰ ਅਰ ਤੇਰੀ ਤੀਵੀਂ ਅਤੇ ਤੇਰੇ ਪੁੱਤ੍ਰ ਅਰ ਤੇਰੀਆਂ ਨੂਹਾਂ ਵੀ
ਪੈਦਾਇਸ਼ 8 : 17 (PAV)
ਹਰ ਇੱਕ ਜਾਨਵਰ ਨੂੰ ਜਿਹੜਾ ਤੇਰੇ ਕੋਲ ਸਾਰੇ ਸਰੀਰਾਂ ਵਿੱਚੋਂ ਹੈ ਅਰਥਾਤ ਪੰਛੀ ਅਰ ਡੰਗਰ ਅਰ ਹਰ ਧਰਤੀ ਪੁਰ ਘਿੱਸਰਨ ਵਾਲੇ ਨੂੰ ਤੂੰ ਆਪਣੇ ਨਾਲ ਬਾਹਰ ਲੈ ਜਾਹ ਤਾਂਜੋ ਓਹ ਧਰਤੀ ਉੱਤੇ ਫੈਲਣ ਅਰ ਫ਼ਲਣ ਅਰ ਧਰਤੀ ਪੁਰ ਵਧਣ
ਪੈਦਾਇਸ਼ 8 : 18 (PAV)
ਤਦ ਨੂਹ ਅਰ ਉਹ ਦੇ ਪੁੱਤ੍ਰ ਅਰ ਉਹ ਦੀ ਤੀਵੀਂ ਅਰ ਉਹ ਦੀਆਂ ਨੂਹਾਂ ਉਹ ਦੇ ਨਾਲ ਬਾਹਰ ਨਿੱਕਲ ਗਏ
ਪੈਦਾਇਸ਼ 8 : 19 (PAV)
ਅਤੇ ਹਰ ਜਾਨਵਰ ਅਰ ਹਰ ਘਿੱਸਰਨ ਵਾਲਾ ਅਰ ਹਰ ਪੰਛੀ ਅਰ ਹਰ ਧਰਤੀ ਪੁਰ ਚੱਲਣ ਵਾਲਾ ਆਪੋ ਆਪਣੀ ਜਾਤੀ ਦੇ ਅਨੁਸਾਰ ਕਿਸ਼ਤੀ ਵਿੱਚੋਂ ਬਾਹਰ ਨਿੱਕਲ ਗਿਆ
ਪੈਦਾਇਸ਼ 8 : 20 (PAV)
ਤਾਂ ਨੂਹ ਨੇ ਇੱਕ ਜਗਵੇਦੀ ਯਹੋਵਾਹ ਲਈ ਬਣਾਈ ਅਤੇ ਸ਼ੁੱਧ ਡੰਗਰਾਂ ਅਰ ਸ਼ੁੱਧ ਪੰਛੀਆਂ ਵਿੱਚੋਂ ਲੈਕੇ ਉਸ ਨੇ ਜਗਵੇਦੀ ਉੱਤੇ ਹੋਮ ਦੀਆਂ ਬਲੀਆਂ ਚੜ੍ਹਾਈਆਂ
ਪੈਦਾਇਸ਼ 8 : 21 (PAV)
ਅਤੇ ਯਹੋਵਾਹ ਨੇ ਉਹ ਸੁਗੰਧ ਸੁੰਘੀ ਸੋ ਯਹੋਵਾਹ ਨੇ ਆਪਣੇ ਮਨ ਵਿੱਚ ਆਖਿਆ,ਮੈਂ ਫੇਰ ਕਦੀ ਜ਼ਮੀਨ ਨੂੰ ਆਦਮੀ ਦੇ ਕਾਰਨ ਸਰਾਪ ਨਹੀਂ ਦਿਆਂਗਾ ਭਾਵੇਂ ਆਦਮੀ ਦੇ ਮਨ ਦੀ ਭਾਵਨਾ ਉਸ ਦੀ ਜਵਾਨੀ ਤੋਂ ਬੁਰੀ ਹੀ ਹੈ ਅਤੇ ਮੈਂ ਫੇਰ ਕਦੀ ਸਰਬੱਤ ਜੀਆਂ ਨੂੰ ਨਹੀਂ ਮਾਰਾਂਗਾ ਜਿਵੇਂ ਮੈਂ ਹੁਣ ਕੀਤਾ ਹੈ
ਪੈਦਾਇਸ਼ 8 : 22 (PAV)
ਧਰਤੀ ਦੇ ਸਾਰੇ ਦਿਨਾਂ ਤੀਕ ਬੀਜਣ ਅਰ ਵੱਢਣ, ਪਾਲਾ ਅਰ ਧੁੱਪ, ਹਾੜੀ ਅਰ ਸਾਉਣੀ ਅਤੇ ਦਿਨ ਰਾਤ ਨਹੀਂ ਮੁੱਕਣਗੇ ।।
❮
❯