ਇਬਰਾਨੀਆਂ 11 : 1 (PAV)
ਹੁਣ ਨਿਹਚਾ ਆਸ ਕੀਤੀਆਂ ਹੋਈਆਂ ਗੱਲਾਂ ਦਾ ਪੱਕਾ ਭਰੋਸਾ ਹੈ ਅਤੇ ਅਣਡਿੱਠ ਵਸਤਾਂ ਦੀ ਸਬੂਤੀ ਹੈ
ਇਬਰਾਨੀਆਂ 11 : 2 (PAV)
ਅਤੇ ਇਸੇ ਵਿਖੇ ਬਜ਼ੁਰਗਾਂ ਦੇ ਲਈ ਸਾਖੀ ਦਿੱਤੀ ਗਈ
ਇਬਰਾਨੀਆਂ 11 : 3 (PAV)
ਨਿਹਚਾ ਨਾਲ ਅਸੀਂ ਜਾਣਦੇ ਹਾਂ ਭਈ ਜਗਤ ਪਰਮੇਸ਼ੁਰ ਦੇ ਫ਼ਰਮਾਨ ਨਾਲ ਸਾਜਿਆ ਗਿਆ ਅਤੇ ਜੋ ਕੁਝ ਵੇਖਣ ਵਿੱਚ ਆਉਂਦਾ ਹੈ ਸੋ ਡਿੱਠੀਆਂ ਹੋਈਆਂ ਵਸਤਾਂ ਤੋਂ ਨਹੀਂ ਬਣਿਆ ਹੈ
ਇਬਰਾਨੀਆਂ 11 : 4 (PAV)
ਨਿਹਚਾ ਨਾਲ ਹਾਬਲ ਨੇ ਕਾਇਨ ਨਾਲੋਂ ਪਰਮੇਸ਼ੁਰ ਦੇ ਅੱਗੇ ਉੱਤਮ ਬਲੀਦਾਨ ਚੜ੍ਹਾਇਆ ਜਿਸ ਕਰਕੇ ਇਹ ਸਾਖੀ ਦਿੱਤੀ ਗਈ ਭਈ ਉਹ ਧਰਮੀ ਹੈ ਕਿਉਂ ਜੋ ਪਰਮੇਸ਼ੁਰ ਨੇ ਉਹ ਦੀਆਂ ਭੇਟਾਂ ਦੇ ਵਿਖੇ ਸਾਖੀ ਦਿੱਤੀ ਅਤੇ ਉਸ ਨਿਹਚਾ ਦੇ ਰਾਹੀਂ ਉਹ ਹੁਣ ਤੀਕੁਰ ਬੋਲਦਾ ਹੈ ਭਾਵੇਂ ਉਹ ਮਰ ਗਿਆ
ਇਬਰਾਨੀਆਂ 11 : 5 (PAV)
ਨਿਹਚਾ ਨਾਲ ਹਨੋਕ ਉਤਾਹਾਂ ਚੁੱਕਿਆ ਗਿਆ ਭਈ ਮੌਤ ਨਾ ਵੇਖੇ ਅਤੇ ਉਹ ਦਾ ਪਤਾ ਨਾ ਲੱਗਾ ਇਸ ਲਈ ਜੋ ਪਰਮੇਸ਼ੁਰ ਨੇ ਉਹ ਨੂੰ ਉਤਾਹਾਂ ਚੁੱਕ ਲਿਆ ਕਿਉਂ ਜੋ ਉਹ ਦੇ ਉਤਾਹਾਂ ਚੁੱਕੇ ਜਾਣ ਤੋਂ ਪਹਿਲਾਂ ਇਹ ਸਾਖੀ ਦਿੱਤੀ ਗਈ ਸੀ ਭਈ ਉਹ ਪਰਮੇਸ਼ੁਰ ਦੇ ਮਨ ਭਾਉਂਦਾ ਹੈ
ਇਬਰਾਨੀਆਂ 11 : 6 (PAV)
ਅਤੇ ਨਿਹਚਾ ਬਾਝੋਂ ਉਹ ਦੇ ਮਨ ਨੂੰ ਭਾਉਣਾ ਅਣਹੋਣਾ ਹੈ ਕਿਉਂਕਿ ਜਿਹੜਾ ਪਰਮੇਸ਼ੁਰ ਦੀ ਵੱਲ ਆਉਂਦਾ ਹੈ, ਉਹ ਨੂੰ ਪਰਤੀਤ ਕਰਨੀ ਚਾਹੀਦੀ ਹੈ ਭਈ ਉਹ ਹੈ, ਨਾਲੇ ਇਹ ਭਈ ਉਹ ਆਪਣਿਆਂ ਤਾਲਿਬਾਂ ਦਾ ਫਲ-ਦਾਤਾ ਹੈ
ਇਬਰਾਨੀਆਂ 11 : 7 (PAV)
ਨਿਹਚਾ ਨਾਲ ਨੂਹ ਨੇ ਪਰਮੇਸ਼ੁਰ ਕੋਲੋਂ ਉਨ੍ਹਾਂ ਵਸਤਾਂ ਦੀ ਖਬਰ ਪਾ ਕੇ ਜਿਹੜੀਆਂ ਅਜੇ ਅਣਡਿੱਠ ਸਨ ਸਹਮ ਕੇ ਆਪਣੇ ਘਰ ਦੇ ਬਚਾਉ ਲਈ ਕਿਸ਼ਤੀ ਬਣਾਈ ਅਤੇ ਉਸ ਨਿਹਚਾ ਦੇ ਕਾਰਨ ਉਹ ਨੇ ਸੰਸਾਰ ਨੂੰ ਦੋਸ਼ੀ ਠਹਿਰਾਇਆ ਅਤੇ ਉਸ ਧਰਮ ਦਾ ਅਧਕਾਰੀ ਹੋਇਆ ਜਿਹੜਾ ਨਿਹਚਾ ਤੋਂ ਹੀ ਹੁੰਦਾ ਹੈ
ਇਬਰਾਨੀਆਂ 11 : 8 (PAV)
ਨਿਹਚਾ ਨਾਲ ਅਬਰਾਹਾਮ ਜਾਂ ਸੱਦਿਆ ਗਿਆ ਤਾਂ ਓਸ ਥਾਂ ਜਾਣ ਦੀ ਆਗਿਆ ਮੰਨ ਲਈ ਜਿਹ ਨੂੰ ਉਹ ਨੇ ਅਧਕਾਰ ਵਿੱਚ ਲੈਣਾ ਸੀ, ਅਤੇ ਭਾਵੇਂ ਉਹ ਨਹੀਂ ਸੀ ਜਾਣਦਾ ਭਈ ਮੈਂ ਕਿੱਧਰ ਨੂੰ ਲਗਾ ਜਾਂਦਾ ਹਾਂ ਤਾਂ ਵੀ ਨਿੱਕਲ ਤੁਰਿਆ
ਇਬਰਾਨੀਆਂ 11 : 9 (PAV)
ਨਿਹਚਾ ਨਾਲ ਉਹ ਵਾਇਦੇ ਵਾਲੀ ਧਰਤੀ ਵਿੱਚ ਜਾ ਵੱਸਿਆ ਜਿਵੇਂ ਪਰਾਈ ਧਰਤੀ ਵਿੱਚ ਉਹ ਨੇ ਇਸਹਾਕ ਅਤੇ ਯਾਕੂਬ ਦੇ ਨਾਲ ਜਿਹੜੇ ਉਹ ਦੇ ਸੰਗ ਓਸੇ ਵਾਇਦੇ ਦੇ ਅਧਕਾਰੀ ਸਨ ਤੰਬੂਆਂ ਵਿੱਚ ਵਾਸ ਕੀਤਾ
ਇਬਰਾਨੀਆਂ 11 : 10 (PAV)
ਕਿਉਂ ਜੋ ਉਹ ਉਸ ਨਗਰ ਦੀ ਉਡੀਕ ਕਰਦਾ ਸੀ ਜਿਹ ਦੀਆਂ ਨੀਹਾਂ ਹਨ ਅਤੇ ਜਿਹ ਦਾ ਕਾਰੀਗਰ ਅਤੇ ਬਣਾਉਣ ਵਾਲਾ ਪਰਮੇਸ਼ੁਰ ਹੈ
ਇਬਰਾਨੀਆਂ 11 : 11 (PAV)
ਨਿਹਚਾ ਨਾਲ ਸਾਰਾਹ ਨੇ ਆਪ ਵੀ ਜਦੋਂ ਬੁੱਢੀ ਹੋ ਗਈ ਗਰਭਵੰਤੀ ਹੋਣ ਦੀ ਸ਼ਕਤੀ ਪਾਈ ਇਸ ਲਈ ਜੋ ਉਹ ਨੇ ਵਾਇਦਾ ਕਰਨ ਵਾਲੇ ਨੂੰ ਵਫ਼ਾਦਾਰ ਜਾਣਿਆ
ਇਬਰਾਨੀਆਂ 11 : 12 (PAV)
ਉਪਰੰਤ ਇੱਕ ਤੋਂ ਜੋ ਮੁਰਦਾ ਜਿਹਾ ਸੀ ਐਨੇਕੁ ਉਤਪਤ ਹੋਏ ਜਿੰਨੇਕੁ ਬਹੁਤਾਇਤ ਕਰਕੇ ਅਕਾਸ਼ ਦੇ ਤਾਰੇ ਹਨ ਅਤੇ ਜਿੰਨੇਕੁ ਸਮੁੰਦਰ ਦੇ ਕੰਢੇ ਉਤਲੀ ਰੇਤ ਦੇ ਦਾਣੇ ਜੋ ਅਣਗਿਣਤ ਹਨ।।
ਇਬਰਾਨੀਆਂ 11 : 13 (PAV)
ਏਹ ਸੱਭੇ ਨਿਹਚਾ ਵਿੱਚ ਮਰ ਗਏ ਅਤੇ ਉਨ੍ਹਾਂ ਨੂੰ ਦਿੱਤੇ ਹੋਏ ਬਚਨ ਪਰਾਪਤ ਨਾ ਹੋਏ ਪਰ ਓਹ ਦੂਰੋਂ ਉਨ੍ਹਾਂ ਨੂੰ ਵੇਖ ਕੇ ਜੀ ਆਇਆਂ ਨੂੰ ਆਖਿਆ ਅਤੇ ਮੰਨ ਲਿਆ ਭਈ ਅਸੀਂ ਧਰਤੀ ਉੱਤੇ ਓਪਰੇ ਅਤੇ ਪਰਦੇਸੀ ਹਾਂ
ਇਬਰਾਨੀਆਂ 11 : 14 (PAV)
ਕਿਉਂਕਿ ਜਿਹੜੇ ਅਜੇਹੀਆਂ ਗੱਲਾਂ ਆਖਦੇ ਹਨ ਓਹ ਪਰਗਟ ਕਰਦੇ ਹਨ ਭਈ ਅਸੀਂ ਆਪਣੇ ਵਤਨ ਨੂੰ ਭਾਲਦੇ ਹਾਂ
ਇਬਰਾਨੀਆਂ 11 : 15 (PAV)
ਅਤੇ ਜੇ ਉਸ ਦੇਸ ਨੂੰ ਜਿਸ ਤੋਂ ਨਿੱਕਲ ਆਏ ਸਨ ਚੇਤੇ ਰੱਖਦੇ ਹਾਂ ਉਨ੍ਹਾਂ ਨੂੰ ਮੁੜ ਜਾਣ ਦਾ ਵੇਲਾ ਹੁੰਦਾ
ਇਬਰਾਨੀਆਂ 11 : 16 (PAV)
ਪਰ ਹੁਣ ਓਹ ਉਸ ਤੋਂ ਉੱਤਮ ਅਰਥਾਤ ਸੁਰਗੀ ਦੇਸ ਨੂੰ ਲੋਚਦੇ ਹਨ । ਇਸ ਕਾਰਨ ਪਰਮੇਸ਼ੁਰ ਉਨ੍ਹਾਂ ਦੀ ਵੱਲੋਂ ਨਹੀਂ ਸ਼ਰਮਾਉਂਦਾ ਜੋ ਉਨ੍ਹਾਂ ਦਾ ਪਰਮੇਸ਼ੁਰ ਕਹਾਵੇ ਕਿਉਂ ਜੋ ਉਹ ਨੇ ਉਨ੍ਹਾਂ ਲਈ ਇੱਕ ਨਗਰੀ ਤਿਆਰ ਕਰ ਛੱਡੀ ਹੈ ।।
ਇਬਰਾਨੀਆਂ 11 : 17 (PAV)
ਨਿਹਚਾ ਨਾਲ ਅਬਰਾਹਾਮ ਨੇ ਜਦ ਪਰਤਾਇਆ ਗਿਆ ਤਾਂ ਇਸਹਾਕ ਨੂੰ ਬਲੀਦਾਨ ਲਈ ਚੜ੍ਹਾਇਆ । ਹਾਂ, ਆਪਣੇ ਇਕਲੌਤੇ ਨੂੰ ਉਹ ਜਿਹ ਨੂੰ ਵਾਇਦੇ ਦਿੱਤੇ ਗਏ ਸਨ ਚੜ੍ਹਾਉਣ ਲੱਗਾ
ਇਬਰਾਨੀਆਂ 11 : 18 (PAV)
ਅਤੇ ਜਿਹ ਨੂੰ ਇਹ ਆਖਿਆ ਗਿਆ ਭਈ ਇਸਹਾਕ ਤੋਂ ਤੇਰੀ ਅੰਸ ਅਖਵਾਏਗੀ
ਇਬਰਾਨੀਆਂ 11 : 19 (PAV)
ਕਿਉਂ ਜੋ ਉਹ ਨੇ ਵਿਚਾਰ ਕੀਤਾ ਜੋ ਪਰਮੇਸ਼ੁਰ ਮੁਰਦਿਆਂ ਵਿੱਚੋਂ ਭੀ ਉਠਾਲਣ ਨੂੰ ਸਮਰਥ ਹੈ ਜਿਨ੍ਹਾਂ ਵਿੱਚੋਂ ਉਹ ਨੇ ਮਾਨੋ ਉਹ ਨੂੰ ਪਰਾਪਤ ਵੀ ਕਰ ਲਿਆ
ਇਬਰਾਨੀਆਂ 11 : 20 (PAV)
ਨਿਹਚਾ ਨਾਲ ਇਸਹਾਕ ਨੇ ਹੋਣ ਵਾਲੀਆਂ ਗੱਲਾਂ ਦੇ ਵਿਖੇ ਭੀ ਯਾਕੂਬ ਅਤੇ ਏਸਾਓ ਨੂੰ ਅਸੀਸ ਦਿੱਤੀ
ਇਬਰਾਨੀਆਂ 11 : 21 (PAV)
ਨਿਹਚਾ ਨਾਲ ਯਾਕੂਬ ਨੇ ਮਰਨ ਲੱਗਿਆਂ ਯੂਸੁਫ਼ ਦੇ ਪੁੱਤ੍ਰਾਂ ਨੂੰ ਇੱਕ ਇੱਕ ਕਰਕੇ ਅਸੀਸ ਦਿੱਤੀ ਅਤੇ ਆਪਣੀ ਲਾਠੀ ਦੇ ਸਿਰੇ ਉੱਤੇ ਮੱਥਾ ਟੇਕਿਆ
ਇਬਰਾਨੀਆਂ 11 : 22 (PAV)
ਨਿਹਚਾ ਨਾਲ ਯੂਸੁਫ਼ ਨੇ ਆਪਣੇ ਅੰਤਕਾਲ ਦੇ ਵੇਲੇ ਇਸਰਾਏਲੀਆਂ ਦੇ ਉੱਥੋਂ ਕੂਚ ਕਰਨ ਦੀ ਗੱਲ ਕੀਤੀ ਅਤੇ ਆਪਣੀਆਂ ਹੱਡੀਆਂ ਦੇ ਵਿਖੇ ਹੁਕਮ ਦਿੱਤਾ
ਇਬਰਾਨੀਆਂ 11 : 23 (PAV)
ਨਿਹਚਾ ਨਾਲ ਜਾਂ ਮੂਸਾ ਜੰਮਿਆ ਤਾਂ ਉਹ ਦੇ ਮਾਪਿਆਂ ਦੇ ਉਹ ਨੂੰ ਤਿੰਨਾਂ ਮਹੀਨਿਆਂ ਤੀਕ ਲੁਕਾ ਰੱਖਿਆ ਕਿਉਂ ਜੋ ਉਨ੍ਹਾਂ ਵੇਖਿਆ ਭਈ ਬਾਲਕ ਸੋਹਣਾ ਹੈ ਅਤੇ ਓਹ ਪਾਤਸ਼ਾਹ ਦੇ ਫ਼ਰਮਾਨ ਤੋਂ ਨਾ ਡਰੇ
ਇਬਰਾਨੀਆਂ 11 : 24 (PAV)
ਨਿਹਚਾ ਨਾਲ ਮੂਸਾ ਨੇ ਜਾਂ ਸਿਆਣਾ ਹੋਇਆ ਤਾਂ ਫ਼ਿਰਊਨ ਦੀ ਧੀ ਦਾ ਪੁੱਤ੍ਰ ਅਖਵਾਉਣ ਤੋਂ ਇਨਕਾਰ ਕੀਤਾ
ਇਬਰਾਨੀਆਂ 11 : 25 (PAV)
ਕਿਉਂ ਜੋ ਉਹ ਨੇ ਪਾਪ ਦੇ ਭੋਗ ਬਿਲਾਸ ਨਾਲੋਂ ਜੋ ਥੋੜੇ ਚਿਰ ਲਈ ਹੈ ਪਰਮੇਸ਼ੁਰ ਦੀ ਪਰਜਾ ਨਾਲ ਜਬਰੀ ਝੱਲਣ ਨੂੰ ਬਾਹਲਾ ਪਸੰਦ ਕੀਤਾ
ਇਬਰਾਨੀਆਂ 11 : 26 (PAV)
ਅਤੇ ਉਹ ਨੇ ਵਿਚਾਰ ਕੀਤਾ ਭਈ ਮਸੀਹ ਦੇ ਨਮਿੱਤ ਨਿੰਦਿਆ ਜਾਣਾ ਮਿਸਰ ਦੇ ਖ਼ਜਾਨਿਆਂ ਨਾਲੋਂ ਵੱਡਾ ਧਨ ਹੈ ਕਿਉਂ ਜੋ ਫਲ ਵੱਲ ਉਹ ਦਾ ਧਿਆਨ ਸੀ
ਇਬਰਾਨੀਆਂ 11 : 27 (PAV)
ਨਿਹਚਾ ਨਾਲ ਉਹ ਪਾਤਸ਼ਾਹ ਦੇ ਕ੍ਰੋਧ ਤੋਂ ਭੈ ਨਾ ਕਰ ਕੇ ਮਿਸਰ ਨੂੰ ਛੱਡ ਦਿੱਤਾ ਕਿਉਂ ਜੋ ਉਹ ਅਲੱਖ ਨੂੰ ਜਾਣੀਦਾ ਲੱਖ ਕੇ ਤਕੜਾ ਰਿਹਾ
ਇਬਰਾਨੀਆਂ 11 : 28 (PAV)
ਨਿਹਚਾ ਨਾਲ ਉਹ ਨੇ ਪਸਾਹ ਦੇ ਤਿਉਹਾਰ ਨੂੰ ਅਤੇ ਲਹੂ ਛਿੜਕਣ ਦੀ ਬਿਧੀ ਨੂੰ ਮੰਨਿਆ ਭਈ ਨਾ ਹੋਵੇ ਜੋ ਪਲੋਠਿਆਂ ਦਾ ਨਾਸ ਕਰਨ ਵਾਲਾ ਉਨ੍ਹਾਂ ਨੂੰ ਹੱਥ ਲਾਵੇ
ਇਬਰਾਨੀਆਂ 11 : 29 (PAV)
ਨਿਹਚਾ ਨਾਲ ਓਹ ਲਾਲ ਸੰਮੁਦਰ ਦੇ ਵਿੱਚ ਦੀ ਜਿਵੇਂ ਸੁੱਕੀ ਜਮੀਨ ਉੱਤੇ ਦੀ ਪਾਰ ਲੰਘ ਗਏ ਪਰ ਇਹ ਦਾ ਜਾਂ ਮਿਸਰੀਆਂ ਨੇ ਉੱਦਮ ਕੀਤਾ ਤਾਂ ਡੁੱਬ ਮੋਏ
ਇਬਰਾਨੀਆਂ 11 : 30 (PAV)
ਨਿਹਚਾ ਨਾਲ ਯਰੀਹੋ ਦੀ ਸਫ਼ੀਲ ਜਾਂ ਸੱਤਾਂ ਦਿਨਾਂ ਤੀਕ ਘੇਰੀ ਗਈ ਤਾਂ ਢਹਿ ਪਈ
ਇਬਰਾਨੀਆਂ 11 : 31 (PAV)
ਨਿਹਚਾ ਨਾਲ ਰਹਾਬ ਬੇਸਵਾ ਬੇਪਰਤੀਤਿਆਂ ਦੇ ਸੰਗ ਨਾਸ ਨਾ ਹੋਈ ਕਿਉਂ ਜੋ ਉਹ ਨੇ ਖੋਜੀਆਂ ਨੂੰ ਸੁਖ ਸਾਂਦ ਨਾਲ ਆਪਣੇ ਘਰ ਉਤਾਰਿਆ।।
ਇਬਰਾਨੀਆਂ 11 : 32 (PAV)
ਹੁਣ ਮੈਂ ਹੋਰ ਕੀ ਆਖਾਂ ॽ ਕਿਉਂ ਜੋ ਵਿਹਲ ਨਹੀਂ ਭਈ ਗਿਦਾਊਨ, ਬਾਰਕ, ਸਮਸੂਨ, ਯਿਫਤਾ, ਦਾਊਦ, ਸਮੂਏਲ ਅਤੇ ਨਬੀਆਂ ਦੀ ਵਾਰਤਾ ਕਰਾਂ
ਇਬਰਾਨੀਆਂ 11 : 33 (PAV)
ਜਿਨ੍ਹਾਂ ਨੇ ਨਿਹਚਾ ਦੇ ਰਾਹੀਂ ਪਾਤਸ਼ਾਹੀਆਂ ਨੂੰ ਫਤਹ ਕੀਤਾ, ਧਰਮ ਦੇ ਕੰਮ ਕੀਤੇ, ਵਾਇਦਿਆਂ ਨੂੰ ਪਰਾਪਤ ਕੀਤਾ, ਬਬਰ ਸੇਰਾਂ ਦੇ ਮੂੰਹ ਬੰਦ ਕੀਤੇ
ਇਬਰਾਨੀਆਂ 11 : 34 (PAV)
ਅੱਗ ਦੇ ਤਾਉ ਨੂੰ ਠੰਡਿਆਂ ਕੀਤਾ, ਤਲਵਾਰ ਦੀਆਂ ਧਾਰਾਂ ਤੋਂ ਬਚ ਨਿੱਕਲੇ, ਓਹ ਨਿਰਬਲਤਾਈ ਵਿੱਚ ਬਲੀ ਹੋਏ ਜੁੱਧ ਵਿੱਚ ਸੂਰਮੇ ਬਣੇ, ਓਪਰਿਆਂ ਦੀਆਂ ਫ਼ੌਜ਼ਾਂ ਨੂੰ ਭਜਾ ਦਿੱਤਾ
ਇਬਰਾਨੀਆਂ 11 : 35 (PAV)
ਤੀਵੀਆਂ ਨੇ ਆਪਣਿਆਂ ਮੁਰਦਿਆਂ ਨੂੰ ਫੇਰ ਜੀ ਉੱਠਿਆ ਹੋਇਆ ਨੂੰ ਲੱਭਿਆ। ਕਈਕੁ ਡਾਂਗਾਂ ਨਾਲ ਜਾਨੋਂ ਮਾਰੇ ਗਏ ਅਤੇ ਛੁਟਕਾਰਾ ਨਾ ਮੰਨਿਆ ਤਾਂ ਜੋ ਹੋਰ ਵੀ ਉੱਤਮ ਕਿਆਮਤ ਨੂੰ ਪਰਾਪਤ ਕਰਨ
ਇਬਰਾਨੀਆਂ 11 : 36 (PAV)
ਅਤੇ ਕਈਕੁ ਠੱਠਿਆਂ ਵਿੱਚ ਉੱਡਾਏ ਜਾਣ ਅਤੇ ਕੋਰੜੇ ਖਾਣ ਸਗੋਂ ਜਕੜੇ ਜਾਣ ਅਤੇ ਕੈਦ ਹੋਣ ਨਾਲ ਪਰਤਾਏ ਗਏ
ਇਬਰਾਨੀਆਂ 11 : 37 (PAV)
ਓਹ ਪਥਰਾਓ ਕੀਤੇ ਗਏ, ਆਰਿਆਂ ਨਾਲ ਚੀਰੇ ਗਏ, ਪਰਤਾਏ ਗਏ, ਤਲਵਾਰਾਂ ਨਾਲ ਵੱਢੇ ਗਏ, ਕੰਗਾਲ ਅਤੇ ਦੁਖੀ ਹੋਏ ਹੋਏ ਅਤੇ ਜਬਰੀ ਝੱਲਦੇ ਹੋਏ ਭੇਡਾਂ ਅਤੇ ਬੱਕਰਿਆਂ ਦੀਆਂ ਖਲੜੀਆਂ ਪਹਿਨੇ ਮਾਰੇ ਮਾਰੇ ਫਿਰਦੇ ਰਹੇ, -
ਇਬਰਾਨੀਆਂ 11 : 38 (PAV)
ਸੰਸਾਰ ਓਹਨਾਂ ਦੇ ਜੋਗ ਨਹੀਂ ਸੀ — ਓਹ ਉਜਾੜਾਂ ਅਤੇ ਪਹਾੜਾਂ ਅਤੇ ਗੁਫਾਂ ਅਤੇ ਧਰਤੀ ਦੀਆਂ ਖੁੰਦਰਾਂ ਵਿੱਚ ਲੁੱਕਦੇ ਪਏ ਫਿਰੇ
ਇਬਰਾਨੀਆਂ 11 : 39 (PAV)
ਅਤੇ ਏਹ ਸੱਭੇ ਭਾਵੇਂ ਓਹਨਾਂ ਲਈ ਓਹਨਾਂ ਦੀ ਨਿਹਚਾ ਦੇ ਕਾਰਨ ਸਾਖੀ ਦਿੱਤੀ ਗਈ ਤਾਂ ਵੀ ਵਾਇਦੇ ਨੂੰ ਪਰਾਪਤ ਨਾ ਹੋਏ
ਇਬਰਾਨੀਆਂ 11 : 40 (PAV)
ਕਿਉਂ ਜੋ ਸਾਡੇ ਲਈ ਪਰਮੇਸ਼ੁਰ ਨੇ ਹੋਰ ਵੀ ਇੱਕ ਚੰਗੀ ਗੱਲ ਪਹਿਲਾਂ ਸੋਚ ਰੱਖੀ ਸੀ ਭਈ ਓਹ ਸਾਥੋਂ ਬਿਨਾ ਕਾਮਿਲ ਨਾ ਹੋਣ।।
❮
❯