ਯਸਈਆਹ 37 : 1 (PAV)
ਤਾਂ ਐਉਂ ਹੋਇਆ ਕਿ ਜਦ ਹਿਜ਼ਕੀਯਾਹ ਪਾਤਸ਼ਾਹ ਨੇ ਇਹ ਸੁਣਿਆ ਤਾਂ ਆਪਣੇ ਕੱਪੜੇ ਪਾੜੇ ਅਤੇ ਆਪਣੇ ਦੁਆਲੇ ਟਾਟ ਵਲ੍ਹੇਟਿਆ ਅਤੇ ਯਹੋਵਾਹ ਦੇ ਭਵਨ ਵਿੱਚ ਗਿਆ
ਯਸਈਆਹ 37 : 2 (PAV)
ਅਤੇ ਅਲਯਾਕੀਮ ਨੂੰ ਜਿਹੜਾ ਮਹਿਲ ਉੱਤੇ ਸੀ ਅਰ ਸ਼ਬਨਾ ਮੁਨੀਮ ਨੂੰ ਅਰ ਜਾਜਕਾਂ ਦੇ ਬਜ਼ੁਰਗਾਂ ਨੂੰ ਟਾਟ ਪੁਆ ਕੇ ਆਮੋਸ ਦੇ ਪੁੱਤ੍ਰ ਯਸਾਯਾਹ ਨਬੀ ਕੋਲ ਘੱਲਿਆ
ਯਸਈਆਹ 37 : 3 (PAV)
ਉਨ੍ਹਾਂ ਨੇ ਉਸ ਨੂੰ ਆਖਿਆ, ਹਿਜ਼ਕੀਯਾਹ ਇਉਂ ਆਖਦਾ ਹੈ ਕਿ ਏਹ ਦਿਨ ਦੁਖ, ਘੂਰ ਅਤੇ ਬੇਪਤੀ ਦਾ ਦਿਨ ਹੈ ਕਿਉਂ ਜੋ ਬੱਚੇ ਤਾਂ ਜੰਮਣ ਵਾਲੇ ਹਨ ਪਰ ਜਣਨ ਦੀ ਸ਼ਕਤੀ ਨਹੀਂ ਹੈ
ਯਸਈਆਹ 37 : 4 (PAV)
ਖਬਰੇ ਯਹੋਵਾਹ ਤੇਰਾ ਪਰਮੇਸ਼ੁਰ ਰਬਸ਼ਾਕੇਹ ਦੀਆਂ ਗੱਲਾਂ ਸੁਣੇ ਜਿਸ ਨੂੰ ਉਹ ਦੇ ਸੁਆਮੀ ਅੱਸ਼ੂਰ ਦੇ ਪਾਤਸ਼ਾਹ ਨੇ ਘੱਲਿਆ ਹੈ ਭਈ ਜੀਉਂਦੇ ਪਰਮੇਸ਼ੁਰ ਨੂੰ ਬੋਲੀਆਂ ਮਾਰੇ ਅਤੇ ਜਿਹੜੀਆਂ ਗੱਲਾਂ ਯਹੋਵਾਹ ਤੇਰੇ ਪਰਮੇਸ਼ੁਰ ਨੇ ਸੁਣੀਆਂ ਹਨ ਸ਼ਾਇਤ ਉਹ ਓਹਨਾਂ ਉੱਤੇ ਝਿੜਕੇ। ਏਸ ਲਈ ਤੂੰ ਬਚਿਆਂ ਖੁਚਿਆਂ ਲਈ ਜੋ ਰਹਿ ਗਏ ਹਨ ਪ੍ਰਾਰਥਨਾ ਕਰ
ਯਸਈਆਹ 37 : 5 (PAV)
ਸੋ ਹਿਜ਼ਕੀਯਾਹ ਪਾਤਸ਼ਾਹ ਦੇ ਟਹਿਲੂਏ ਯਸਾਯਾਹ ਕੋਲ ਆਏ
ਯਸਈਆਹ 37 : 6 (PAV)
ਅਤੇ ਯਸਾਯਾਹ ਨੇ ਉਨ੍ਹਾਂ ਨੂੰ ਆਖਿਆ ਭਈ ਤੁਸੀਂ ਆਪਣੇ ਸੁਆਮੀ ਨੂੰ ਐਉਂ ਆਖਿਓ ਕਿ ਯਹੋਵਾਹ ਏਹ ਆਖਦਾ ਹੈ, ਤੂੰ ਉਨ੍ਹਾਂ ਗੱਲਾਂ ਤੋਂ ਜਿਹੜੀਆਂ ਤੈਂ ਸੁਣੀਆਂ ਹਨ ਨਾ ਡਰੀਂ ਜਿਨ੍ਹਾਂ ਦੇ ਨਾਲ ਅੱਸ਼ੂਰ ਦੇ ਪਾਤਸ਼ਾਹ ਦੇ ਜੁਆਨਾਂ ਨੇ ਮੇਰੇ ਵਿਰੁੱਧ ਕੁਫ਼ਰ ਬਕਿਆ ਹੈ
ਯਸਈਆਹ 37 : 7 (PAV)
ਵੇਖੋ, ਮੈਂ ਉਹ ਦੇ ਵਿੱਚ ਇੱਕ ਅਜੇਹੀ ਰੂਹ ਪਾਵਾਂਗਾ ਭਈ ਉਹ ਅਵਾਈ ਸੁਣ ਕੇ ਆਪਣੇ ਦੇਸ ਨੂੰ ਮੁੜ ਜਾਵੇਗਾ ਅਤੇ ਮੈਂ ਉਹ ਨੂੰ ਉਹ ਦੇ ਦੇਸ ਵਿੱਚ ਤਲਵਾਰ ਨਾਲ ਡੇਗ ਦਿਆਂਗਾ।।
ਯਸਈਆਹ 37 : 8 (PAV)
ਸੋ ਰਬਸ਼ਾਕੇਹ ਮੁੜ ਗਿਆ ਅਤੇ ਅੱਸ਼ੂਰ ਦੇ ਪਾਤਸ਼ਾਹ ਨੂੰ ਲਿਬਨਾਹ ਦੇ ਵਿਰੁੱਧ ਜੁੱਧ ਕਰਦਿਆਂ ਪਾਇਆ ਕਿਉਂ ਜੋ ਉਸ ਨੇ ਸੁਣਿਆ ਸੀ ਕਿ ਉਹ ਲਾਕੀਸ਼ ਤੋਂ ਉੱਠ ਗਿਆ ਹੈ
ਯਸਈਆਹ 37 : 9 (PAV)
ਜਦ ਉਹ ਨੇ ਕੂਸ਼ ਦੇ ਰਾਜੇ ਤਿਰਹਾਕਾਹ ਦੇ ਵਿਖੇ ਇਹ ਸੁਣਿਆ ਭਈ ਉਹ ਤੇਰੇ ਨਾਲ ਲੜਨ ਨੂੰ ਨਿੱਕਲਿਆ ਹੈ ਤਾਂ ਉਹ ਨੇ ਏਹ ਸੁਣ ਕੇ ਹਿਜ਼ਕੀਯਾਹ ਵੱਲ ਹਲਕਾਰੇ ਘੱਲੇ
ਯਸਈਆਹ 37 : 10 (PAV)
ਕਿ ਤੁਸੀਂ ਯਹੂਦਾਹ ਦੇ ਪਾਤਸ਼ਾਹ ਹਿਜ਼ਕੀਯਾਹ ਨੂੰ ਐਉਂ ਆਖਣਾ ਭਈ ਤੇਰਾ ਪਰਮੇਸ਼ੁਰ ਜਿਹ ਦੇ ਉੱਤੇ ਤੇਰਾ ਭਰੋਸਾ ਹੈ ਏਹ ਆਖ ਕੇ ਤੈਨੂੰ ਧੋਖਾ ਨਾ ਦੇਵੇ ਕਿ ਯਰੂਸ਼ਲਮ ਅੱਸ਼ੂਰ ਦੇ ਪਾਤਸ਼ਾਹ ਦੇ ਹੱਥ ਵਿੱਚ ਨਹੀਂ ਦਿੱਤਾ ਜਾਵੇਗਾ
ਯਸਈਆਹ 37 : 11 (PAV)
ਵੇਖ, ਤੂੰ ਆਪ ਸੁਣਿਆ ਹੈ ਕਿ ਅੱਸ਼ੂਰ ਦਿਆਂ ਪਾਤਸ਼ਾਹਾਂ ਨੇ ਸਾਰਿਆਂ ਦੇਸਾਂ ਨੂੰ ਨਾਸ ਕਰ ਕੇ ਓਹਨਾਂ ਨਾਲ ਕੀ ਕੀਤਾ। ਕੀ ਤੂੰ ਹੀ ਛੁੱਟ ਜਾਵੇਂਗਾ?
ਯਸਈਆਹ 37 : 12 (PAV)
ਕੀ ਕੌਮਾਂ ਦੇ ਦਿਓਤਿਆਂ ਨੇ ਓਹਨਾਂ ਨੂੰ ਛੁਡਾਇਆ ਸੀ ਜਿਨ੍ਹਾਂ ਨੂੰ ਮੇਰੇ ਪਿਉ ਦਾਦਿਆਂ ਨੇ ਨਾਸ ਕੀਤਾ ਅਰਥਾਤ ਗੋਜ਼ਾਨ ਨੂੰ, ਹਾਰਾਨ ਨੂੰ ਅਤੇ ਰਸਫ ਅਰ ਅਦਨ ਦਿਆਂ ਪੁੱਤ੍ਰਾਂ ਨੂੰ ਜਿਹੜੇ ਤਲਾੱਸਾਰ ਵਿੱਚ ਸਨ?
ਯਸਈਆਹ 37 : 13 (PAV)
ਹਮਾਥ ਦਾ ਰਾਜਾ, ਅਰਪਾਦ ਦਾ ਰਾਜਾ ਅਰ ਸਫਰਵਾਇਮ ਸ਼ਹਿਰ ਦਾ, ਹੇਨਾ ਅਰ ਇੱਵਾਹ ਦੇ ਰਾਜੇ ਕਿੱਥੇ ਹਨ?
ਯਸਈਆਹ 37 : 14 (PAV)
ਜਦ ਹਿਜ਼ਕੀਯਾਹ ਨੇ ਹਲਕਾਰਿਆਂ ਦੇ ਹੱਥੋਂ ਉਹ ਪੱਤ੍ਰ ਲੈ ਕੇ ਪੜ੍ਹਿਆ ਤਦ ਯਹੋਵਾਹ ਦੇ ਭਵਨ ਵਿੱਚ ਜਾ ਕੇ ਹਿਜ਼ਕੀਯਾਹ ਨੇ ਉਹ ਨੂੰ ਯਹੋਵਾਹ ਦੇ ਅੱਗੇ ਖੋਲ੍ਹ ਕੇ ਰੱਖ ਦਿੱਤਾ
ਯਸਈਆਹ 37 : 15 (PAV)
ਅਤੇ ਹਿਜ਼ਕੀਯਾਹ ਨੇ ਯਹੋਵਾਹ ਅੱਗੇ ਏਹ ਆਖ ਕੇ ਪ੍ਰਾਰਥਨਾ ਕੀਤੀ
ਯਸਈਆਹ 37 : 16 (PAV)
ਹੇ ਸੈਨਾਂ ਦੇ ਯਹੋਵਾਹ, ਇਸਰਾਏਲ ਦੇ ਪਰਮੇਸ਼ੁਰ, ਕਰੂਬੀਆਂ ਦੇ ਉੱਤੇ ਵਿਰਾਜਣ ਵਾਲੇ, ਧਰਤੀ ਦੀਆਂ ਸਾਰੀਆਂ ਪਾਤਸ਼ਾਹੀਆਂ ਦਾ ਤੂੰ ਆਪ ਹੀ ਇਕੱਲਾ ਪਰਮੇਸ਼ੁਰ ਹੈਂ। ਤੈਂ ਅਕਾਸ਼ ਅਤੇ ਧਰਤੀ ਨੂੰ ਬਣਾਇਆ
ਯਸਈਆਹ 37 : 17 (PAV)
ਹੇ ਯਹੋਵਾਹ, ਆਪਣਾ ਕੰਨ ਲਾ ਅਰ ਸੁਣ! ਹੇ ਯਹੋਵਾਹ, ਆਪਣੀਆਂ ਅੱਖੀਆਂ ਖੋਲ੍ਹ ਅਰ ਵੇਖ! ਤੂੰ ਸਨਹੇਰੀਬ ਦੀਆਂ ਸਾਰੀਆਂ ਗੱਲਾਂ ਨੂੰ ਸੁਣ ਜਿਹੜੀਆਂ ਉਸ ਨੇ ਜੀਉਂਦੇ ਪਰਮੇਸ਼ੁਰ ਨੂੰ ਬੋਲੀਆਂ ਮਾਰਨ ਲਈ ਅਖਵਾ ਘੱਲੀਆਂ ਹਨ
ਯਸਈਆਹ 37 : 18 (PAV)
ਹੇ ਯਹੋਵਾਹ, ਸੱਚ ਮੁੱਚ ਅੱਸ਼ੂਰ ਦੇ ਪਾਤਸ਼ਾਹਾਂ ਨੇ ਸਾਰੀਆਂ ਕੌਮਾਂ ਨੂੰ ਅਤੇ ਓਹਨਾਂ ਦਿਆਂ ਦੇਸਾਂ ਨੂੰ ਨਾਸ ਕੀਤਾ
ਯਸਈਆਹ 37 : 19 (PAV)
ਅਤੇ ਓਹਨਾਂ ਨੇ ਉਨ੍ਹਾਂ ਦੇ ਦਿਓਤਿਆਂ ਨੂੰ ਅੱਗ ਵਿੱਚ ਪਾ ਦਿੱਤਾ ਕਿਉਂ ਜੋ ਓਹ ਦਿਓਤੇ ਵੀ ਨਹੀਂ ਸਨ ਪਰ ਆਦਮੀ ਦੀ ਦਸਤਕਾਰੀ, ਲੱਕੜੀ ਅਰ ਪੱਥਰ ਸਨ, ਸੋ ਓਹਨਾਂ ਨੇ ਉਨ੍ਹਾਂ ਨੂੰ ਨਾਸ ਕਰ ਦਿੱਤਾ
ਯਸਈਆਹ 37 : 20 (PAV)
ਹੁਣ ਹੇ ਯਹੋਵਾਹ, ਸਾਡੇ ਪਰਮੇਸ਼ੁਰ, ਸਾਨੂੰ ਉਹ ਦੇ ਹੱਥੋਂ ਬਚਾ ਭਈ ਧਰਤੀ ਦੀਆਂ ਸਾਰੀਆਂ ਪਾਤਸ਼ਾਹੀਆਂ ਜਾਣ ਲੈਣ ਕਿ ਤੂੰ ਹੀ ਇਕੱਲਾ ਯਹੋਵਾਹ ਹੈਂ!।।
ਯਸਈਆਹ 37 : 21 (PAV)
ਤਦ ਆਮੋਸ ਦੇ ਪੁੱਤ੍ਰ ਯਸਾਯਾਹ ਨੇ ਹਿਜ਼ਕੀਯਾਹ ਨੂੰ ਏਹ ਅਖਵਾ ਘੱਲਿਆ ਕਿ ਯਹੋਵਾਹ ਇਸਰਾਏਲ ਪਰਮੇਸ਼ੁਰ ਐਉਂ ਆਖਦਾ ਹੈ, ਏਸ ਲਈ ਕਿ ਤੈਂ ਅੱਸ਼ੂਰ ਦੇ ਪਾਤਸ਼ਾਹ ਸਨਹੇਰੀਬ ਦੇ ਵਿਖੇ ਮੈਥੋਂ ਪ੍ਰਾਰਥਨਾ ਕੀਤੀ ਹੈ
ਯਸਈਆਹ 37 : 22 (PAV)
ਸੋ ਏਹ ਉਹ ਬਚਨ ਹੈ ਜਿਹੜਾ ਯਹੋਵਾਹ ਉਹ ਦੇ ਵਿਖੇ ਬੋਲਦਾ ਹੈ, - ਉਹ ਤੈਨੂੰ ਤੁੱਛ ਜਾਣਦੀ ਹੈ, ਉਹ ਤੈਨੂੰ ਮਖੌਲ ਕਰਦੀ ਹੈ, - ਸੀਯੋਨ ਦੀ ਕੁਆਰੀ ਧੀ। ਯਰੂਸ਼ਲਮ ਦੀ ਧੀ ਤੇਰੇ ਪਿੱਛੇ ਸਿਰ ਹਿਲਾਉਂਦੀ ਹੈ।
ਯਸਈਆਹ 37 : 23 (PAV)
ਤੈਂ ਕਿਹ ਨੂੰ ਬੋਲੀਆਂ ਮਾਰੀਆਂ, ਅਤੇ ਕਿਹ ਨੂੰ ਕੁਫਰ ਬਕਿਆ? ਤੈਂ ਕਿਹ ਦੇ ਵਿਰੁੱਧ ਅਵਾਜ਼ ਉੱਚੀ ਕੀਤੀ, ਅਤੇ ਆਪਣੀਆਂ ਅੱਖੀਆਂ ਉਤਾਹਾਂ ਚੁੱਕੀਆਂ? ਇਸਰਾਏਲ ਦੇ ਪਵਿੱਤਰ ਪੁਰਖ ਦੇ ਵਿਰੁੱਧ!
ਯਸਈਆਹ 37 : 24 (PAV)
ਤੈਂ ਆਪਣੇ ਟਹਿਲੂਆਂ ਦੇ ਰਾਹੀਂ ਪ੍ਰਭੁ ਨੂੰ ਬੋਲੀਆਂ ਮਾਰੀਆਂ, ਅਤੇ ਆਖਿਆ, ਮੈਂ ਆਪਣਿਆਂ ਬਾਹਲਿਆਂ ਰਥਾਂ ਨਾਲ ਪਹਾੜਾਂ ਦੀਆਂ ਟੀਸੀਆਂ ਉੱਤੇ ਚੜ੍ਹਿਆ ਹਾਂ, ਸਗੋਂ ਲਬਾਨੋਨ ਦੇ ਵਿਚਕਾਰ ਤਾਈਂ। ਮੈਂ ਉਹ ਦੇ ਉੱਚੇ ਤੋਂ ਦਿਆਰ, ਤੇ ਵਧੀਆ ਤੋਂ ਵਧੀਆ ਸਰੂ ਵੱਢ ਛੱਡਿਆ। ਮੈਂ ਉਹ ਦੀ ਉੱਚੀ ਤੋਂ ਉੱਚੀ ਟੀਸੀ ਵਿੱਚ, ਉਹ ਦੀ ਬਣ ਵਾੜੀ ਵਿੱਚ ਜਾ ਵੜਿਆ।
ਯਸਈਆਹ 37 : 25 (PAV)
ਮੈਂ ਤਾਂ ਪੁੱਟ ਪੁੱਟ ਕੇ ਪਾਣੀ ਪੀਤਾ, ਮੈਂ ਆਪਣੇ ਪੈਰਾਂ ਦੀਆਂ ਤਲੀਆਂ ਨਾਲ ਮਿਸਰ ਦੀਆਂ ਸਾਰੀਆਂ ਨਦੀਆਂ ਨੂੰ ਸੁਕਾ ਦਿੱਤਾ।।
ਯਸਈਆਹ 37 : 26 (PAV)
ਕੀ ਤੈਂ ਨਹੀਂ ਸੁਣਿਆ ਭਈ ਬਹੁਤ ਚਿਰ ਹੋਇਆ ਮੈਂ ਏਹ ਠਾਣ ਲਿਆ ਸੀ, ਅਤੇ ਪੁਰਾਣਿਆਂ ਦਿਨਾਂ ਵਿੱਚ ਮੈਂ ਏਹ ਦਾ ਉਪਾਓ ਕੀਤਾ ਸੀ? ਹੁਣ ਮੈਂ ਉਹ ਨੂੰ ਪੂਰਾ ਕਰਦਾ ਹਾਂ, ਭਈ ਤੂੰ ਗੜ੍ਹ ਵਾਲਿਆਂ ਸ਼ਹਿਰਾਂ ਨੂੰ ਉਜਾੜ ਪੁਜਾੜ ਕੇ ਥੇਹ ਕਰ ਛੱਡੇਂ।
ਯਸਈਆਹ 37 : 27 (PAV)
ਸੋ ਓਹਨਾਂ ਦੇ ਨਿਵਾਸੀ ਨਿਰਬਲ ਹੋਣ ਕਰਕੇ ਘਾਬਰ ਗਏ ਅਰ ਬੇਕਲ ਕੀਤੇ ਗਏ, ਉਹ ਖੇਤ ਦਾ ਸਾਗ ਪੱਤ ਅਤੇ ਹਰੀ ਅੰਗੂਰੀ, ਅਤੇ ਛੱਤ ਉੱਤੇ ਦੇ ਘਾਹ ਅਰ ਉਸ ਅੰਨ ਵਾਂਙੁ ਹੋ ਗਏ, ਜੋ ਉੱਗਣੋਂ ਅਗੇਤਰਾ ਹੀ ਸੁੱਕ ਜਾਵੇ।
ਯਸਈਆਹ 37 : 28 (PAV)
ਪਰ ਮੈਂ ਤੇਰਾ ਬੈਠਣਾ, ਤੇਰਾ ਅੰਦਰ ਬਾਹਰ ਆਉਣਾ ਜਾਣਾ, ਅਰ ਤੇਰਾ ਮੇਰੇ ਉੱਤੇ ਖਿਝਣਾ ਜਾਣਦਾ ਹਾਂ।
ਯਸਈਆਹ 37 : 29 (PAV)
ਏਸ ਲਈ ਕਿ ਤੇਰਾ ਮੇਰੇ ਉੱਤੇ ਖਿਝਣਾ, ਅਰ ਤੇਰਾ ਘੁਮੰਡ ਮੇਰੇ ਕੰਨੀਂ ਪਹੁੰਚਾ ਹੈ, ਸੋ ਮੈਂ ਆਪਣੀ ਨਕੇਲ ਤੇਰੇ ਨੱਕ ਵਿੱਚ, ਅਰ ਆਪਣੀ ਲਗਾਮ ਤੇਰੇ ਮੂੰਹ ਵਿੱਚ ਪਾਵਾਂਗਾ, ਅਰ ਜਿਹੜੇ ਰਾਹ ਤੂੰ ਆਇਆ, ਉਸੇ ਰਾਹ ਤੈਨੂੰ ਪਿਛਾਹਾਂ ਮੋੜ ਦਿਆਂਗਾ।।
ਯਸਈਆਹ 37 : 30 (PAV)
ਅਤੇ ਤੇਰੇ ਲਈ ਇਹ ਨਿਸ਼ਾਨ ਹੋਵੇਗਾ, ਇਸ ਵਰਹੇ ਉਹ ਖਾਓ ਜੋ ਆਪ ਉੱਗੇ, ਦੂਜੇ ਵਰਹੇ ਉਹ ਜੋ ਉਸ ਤੋਂ ਉੱਗੇ, ਅਤੇ ਤੀਜੇ ਵਰਹੇ ਬੀਜੋ, ਵੱਢੋ, ਅੰਗੂਰੀ ਬਾਗ ਲਾਓ ਅਰ ਓਹਨਾਂ ਦਾ ਫਲ ਖਾਓ।
ਯਸਈਆਹ 37 : 31 (PAV)
ਤਦ ਓਹ ਭਗੌੜੇ ਜੋ ਯਹੂਦਾਹ ਦੇ ਘਰਾਣੇ ਵਿੱਚੋਂ ਬਚ ਰਹੇ ਹਨ, ਹੇਠਾਂ ਨੂੰ ਜੜ ਫੜ ਕੇ ਉਤਾਹਾਂ ਨੂੰ ਫਲਣਗੇ,
ਯਸਈਆਹ 37 : 32 (PAV)
ਕਿਉਂ ਜੋ ਇੱਕ ਬਕੀਆ ਯਰੂਸ਼ਲਮ ਵਿੱਚੋਂ, ਅਰ ਬਚੇ ਖੁਚੇ ਸੀਯੋਨ ਪਰਬਤ ਵਿੱਚੋਂ ਨਿੱਕਲਣਗੇ, ਸੈਨਾਂ ਦੇ ਯਹੋਵਾਹ ਦੀ ਅਣਖ ਇਹ ਕਰੇਗੀ।।
ਯਸਈਆਹ 37 : 33 (PAV)
ਏਸ ਲਈ ਅੱਸ਼ੂਰ ਦੇ ਪਾਤਸ਼ਾਹ ਦੇ ਵਿਖੇ ਯਹੋਵਾਹ ਐਉਂ ਫ਼ਰਮਾਉਂਦਾ ਹੈ, - ਉਹ ਨਾ ਤਾਂ ਇਸ ਸ਼ਹਿਰ ਕੋਲ ਆਵੇਗਾ, ਨਾ ਐਥੇ ਬਾਣ ਚਲਾਵੇਗਾ, ਨਾ ਢਾਲ ਲੈ ਕੇ ਉਹ ਦੇ ਉੱਤੇ ਧਾਵਾ ਕਰੇਗਾ, ਨਾ ਉਹ ਦੇ ਅੱਗੇ ਦਮਦਮਾ ਬਣਾਵੇਗਾ।
ਯਸਈਆਹ 37 : 34 (PAV)
ਜਿਸ ਰਾਹ ਉਹ ਆਇਆ, ਉਸੇ ਰਾਹ ਉਹ ਮੁੜ ਜਾਵੇਗਾ, ਉਹ ਇਸ ਸ਼ਹਿਰ ਕੋਲ ਨਾ ਆਵੇਗਾ, ਏਹ ਯਹੋਵਾਹ ਦਾ ਵਾਕ ਹੈ!
ਯਸਈਆਹ 37 : 35 (PAV)
ਮੈਂ ਆਪਣੇ ਨਮਿੱਤ ਤੇ ਆਪਣੇ ਦਾਸ ਦਾਊਦ ਦੇ ਨਮਿੱਤ ਇਸ ਸ਼ਹਿਰ ਨੂੰ ਬਚਾਉਣ ਲਈ ਉਹ ਨੂੰ ਸਾਂਭ ਰੱਖਾਂਗਾ।।
ਯਸਈਆਹ 37 : 36 (PAV)
ਯਹੋਵਾਹ ਦੇ ਦੂਤ ਨੇ ਨਿੱਕਲ ਕੇ ਅੱਸ਼ੂਰੀਆਂ ਦੇ ਡੇਰੇ ਵਿੱਚ ਇੱਕ ਲੱਖ ਪੱਚਾਸੀ ਹਜ਼ਾਰ ਮਾਰ ਛੱਡੇ ਅਤੇ ਜਦ ਲੋਕ ਤੜਕਸਾਰ ਉੱਠੇ, ਤਾਂ ਵੇਖੋ, ਓਹ ਸਭ ਲੋਥਾਂ ਹੀ ਲੋਥਾਂ ਸਨ!
ਯਸਈਆਹ 37 : 37 (PAV)
ਸੋ ਅੱਸ਼ੂਰ ਦਾ ਪਾਤਸ਼ਾਹ ਸਨਹੇਰੀਬ ਕੂਚ ਕਰ ਕੇ ਚੱਲਿਆ ਗਿਆ ਅਤੇ ਮੁੜ ਕੇ ਨੀਨਵਾਹ ਵਿੱਚ ਜਾ ਰਿਹਾ
ਯਸਈਆਹ 37 : 38 (PAV)
ਫੇਰ ਐਉਂ ਹੋਇਆ ਕਿ ਜਦ ਉਹ ਆਪਣੇ ਦਿਓਤੇ ਨਿਸਰੋਕ ਦੇ ਮੰਦਰ ਵਿੱਚ ਪੂਜਾ ਕਰ ਰਿਹਾ ਸੀ ਤਾਂ ਉਹ ਦੇ ਪੁੱਤ੍ਰਾਂ ਅਦਰੰਮਲਕ ਅਰ ਸ਼ਰਸਰ ਨੇ ਉਹ ਨੂੰ ਤਲਵਾਰ ਨਾਲ ਵੱਢ ਛੱਡਿਆ ਅਰ ਓਹ ਅਰਾਰਾਤ ਦੇ ਦੇਸ ਨੂੰ ਭੱਜ ਗਏ। ਤਾਂ ਉਹ ਦਾ ਪੁੱਤ੍ਰ ਏਸਰ-ਹੱਦੋਨ ਉਹ ਦੇ ਥਾਂ ਰਾਜ ਕਰਨ ਲੱਗਾ।।
❮
❯