ਯਸਈਆਹ 62 : 1 (PAV)
ਸੀਯੋਨ ਦੇ ਨਮਿੱਤ ਮੈਂ ਚੁੱਪ ਨਹੀਂ ਰਹਾਂਗਾ, ਅਤੇ ਯਰੂਸ਼ਲਮ ਦੇ ਨਮਿੱਤ ਮੈਂ ਚੈਨ ਨਹੀਂ ਕਰਾਂਗਾ, ਜਦ ਤੀਕ ਉਹ ਦਾ ਧਰਮ ਉਜਾਲੇ ਵਾਂਙੁ, ਅਤੇ ਉਹ ਦੀ ਮੁਕਤੀ ਬਲਦੇ ਦੀਵੇ ਵਾਂਙੁ ਨਾ ਨਿੱਕਲੇ।
ਯਸਈਆਹ 62 : 2 (PAV)
ਕੌਮਾਂ ਤੇਰੇ ਧਰਮ ਨੂੰ ਅਤੇ ਸਾਰੇ ਰਾਜੇ ਤੇਰੀ ਸ਼ਾਨ ਨੂੰ ਵੇਖਣਗੇ, ਤੂੰ ਇੱਕ ਨਵੇਂ ਨਾਉਂ ਤੋਂ ਸੱਦੀ ਜਾਵੇਂਗੀ, ਜਿਹੜਾ ਯਹੋਵਾਹ ਦਾ ਮੂੰਹ ਦੱਸੇਗਾ।
ਯਸਈਆਹ 62 : 3 (PAV)
ਤੂੰ ਯਹੋਵਾਹ ਦੇ ਹੱਥ ਵਿੱਚ ਇੱਕ ਸਹੁੱਪਣ ਦਾ ਮੁਕਟ, ਅਤੇ ਆਪਣੇ ਪਰਮੇਸ਼ੁਰ ਦੇ ਹੱਥ ਵਿੱਚ ਇੱਕ ਸ਼ਾਹੀ ਅਮਾਮਾ ਹੋਵੇਂਗੀ।
ਯਸਈਆਹ 62 : 4 (PAV)
ਤੂੰ ਫੇਰ ਛੁੱਟੜ ਨਾ ਸਦਾਏਂਗੀ, ਨਾ ਤੇਰੀ ਧਰਤੀ ਫੇਰ ਖਰਾਬਾ ਅਖਵਾਏਗੀ, ਪਰ ਤੂੰ ਏਹ ਸਦਾਏਂਗੀ, ਮੇਰੀ ਭਾਉਣੀ ਉਹ ਦੇ ਵਿੱਚ ਹੈ, ਅਤੇ ਤੇਰੀ ਧਰਤੀ, ਸੁਹਾਗਣ , ਯਹੋਵਾਹ ਦੀ ਭਾਉਣੀ ਜੋ ਤੇਰੇ ਵਿੱਚ ਹੈ, ਅਤੇ ਤੇਰੀ ਧਰਤੀ ਵਿਆਹੀ ਜਾਵੇਗੀ।
ਯਸਈਆਹ 62 : 5 (PAV)
ਜਿਵੇਂ ਜੁਆਨ ਕੁਆਰੀ ਨੂੰ ਵਿਆਹ ਲੈਂਦਾ, ਤਿਵੇਂ ਤੇਰੇ ਬਣਾਉਣ ਵਾਲੇ ਤੈਨੂੰ ਵਿਆਹ ਲੈਣਗੇ, ਅਤੇ ਜਿਵੇਂ ਲਾੜਾ ਲਾੜੀ ਉੱਤੇ ਰੀਝਦਾ ਹੈ, ਤਿਵੇਂ ਤੇਰਾ ਪਰਮੇਸ਼ੁਰ ਤੇਰੇ ਉੱਤੇ ਰੀਝੇਗਾ।।
ਯਸਈਆਹ 62 : 6 (PAV)
ਹੇ ਯਰੂਸ਼ਲਮ, ਮੈਂ ਤੇਰੀਆਂ ਕੰਧਾਂ ਉੱਤੇ ਰਾਖੇ ਲਾਏ ਹਨ, ਸਾਰਾ ਦਿਨ ਅਤੇ ਸਾਰੀ ਰਾਤ ਓਹ ਕਦੀ ਚੁੱਪ ਨਾ ਰਹਿਣਗੇ, ਤੁਸੀਂ ਜਿਹੜੇ ਯਹੋਵਾਹ ਦਾ ਜ਼ਿਕਰ ਕਰਦੇ ਹੋ ਅਰਾਮ ਨਾ ਕਰੋ!
ਯਸਈਆਹ 62 : 7 (PAV)
ਅਤੇ ਉਹ ਨੂੰ ਅਰਾਮ ਨਾ ਕਰਨ ਦਿਓ, ਜਦ ਤੀਕ ਉਹ ਯਰੂਸ਼ਲਮ ਨੂੰ ਧਰਤੀ ਉੱਤੇ ਉਸਤਤ ਲਈ ਕਾਇਮ ਨਾ ਕਰੇ!
ਯਸਈਆਹ 62 : 8 (PAV)
ਯਹੋਵਾਹ ਨੇ ਆਪਣੇ ਸੱਜੇ ਹੱਥ ਨਾਲ, ਅਤੇ ਆਪਣੀ ਬਲਵੰਤ ਭੁਜਾ ਨਾਲ ਸੌਂਹ ਖਾਧੀ, ਭਈ ਮੈਂ ਅੱਗੇ ਨੂੰ ਤੇਰਾ ਅੰਨ ਤੇਰੇ ਵੈਰੀਆਂ ਨੂੰ ਭੋਜਨ ਲਈ ਕਦੀ ਨਾ ਦੇਵਾਂਗਾ, ਅਤੇ ਓਪਰੇ ਤੇਰੀ ਨਵੀਂ ਮੈਂ ਨਾ ਪੀਣਗੇ, ਜਿਹ ਦੇ ਲਈ ਤੈਂ ਮਿਹਨਤ ਕੀਤੀ ਹੈ,
ਯਸਈਆਹ 62 : 9 (PAV)
ਪਰ ਉਹ ਦੇ ਸਾਂਭਣ ਵਾਲੇ ਉਹ ਨੂੰ ਖਾਣਗੇ, ਅਤੇ ਯਹੋਵਾਹ ਦੀ ਉਸਤਤ ਕਰਨਗੇ। ਉਹ ਦੇ ਇਕੱਠਾ ਕਰਨ ਵਾਲੇ ਉਹ ਨੂੰ ਮੇਰੇ ਪਵਿੱਤ੍ਰ ਅਸਥਾਨ ਦਿਆਂ ਵੇਹੜਿਆਂ ਵਿੱਚ ਪੀਣਗੇ।।
ਯਸਈਆਹ 62 : 10 (PAV)
ਲੰਘ ਜਾਓ, ਫਾਟਕਾਂ ਦੇ ਵਿੱਚੋਂ ਦੀ ਲੰਘ ਜਾਓ! ਲੋਕਾਂ ਦਾ ਰਸਤਾ ਤਿਆਰ ਕਰੋ, ਭਰਤੀ ਪਾਓ, ਸ਼ਾਹੀ ਸੜਕ ਉੱਤੇ ਭਰਤੀ ਪਾਓ! ਪੱਥਰਾਂ ਨੂੰ ਕੱਢ ਸੁੱਟੋ, ਲੋਕਾਂ ਦੇ ਉੱਤੇ ਝੰਡਾ ਉੱਚਾ ਕਰੋ!
ਯਸਈਆਹ 62 : 11 (PAV)
ਵੇਖੋ, ਯਹੋਵਾਹ ਨੇ ਧਰਤੀ ਦੀ ਹੱਦ ਤੀਕ ਏਹ ਸੁਣਾਇਆ ਭਈ ਸੀਯੋਨ ਦੀ ਧੀ ਨੂੰ ਆਖੋ, ਵੇਖ, ਤੇਰਾ ਬਚਾਉਣ ਵਾਲਾ ਲਗਾ ਆਉਂਦਾ ਹੈ, ਵੇਖ, ਉਹ ਦਾ ਇਨਾਮ ਉਹ ਦੇ ਕੋਲ ਹੈ, ਅਤੇ ਉਹ ਦਾ ਬਦਲਾ ਉਹ ਦੇ ਅੱਗੇ ਹੈ।
ਯਸਈਆਹ 62 : 12 (PAV)
ਉਹ ਉਨ੍ਹਾਂ ਨੂੰ ਪਵਿੱਤ੍ਰ ਪਰਜਾ, ਯਹੋਵਾਹ ਦੇ ਛੁਡਾਏ ਹੋਏ ਆਖਣਗੇ, ਅਤੇ ਤੂੰ ਲੱਭੀ ਹੋਈ ਅਰ ਨਾ ਤਿਆਗੀ ਹੋਈ ਨਗਰੀ ਸਦਾਵੇਂਗੀ।।

1 2 3 4 5 6 7 8 9 10 11 12

BG:

Opacity:

Color:


Size:


Font: