ਯਸ਼ਵਾ 10 : 1 (PAV)
ਐਉਂ ਹੋਇਆ ਜਦ ਯਰੂਸ਼ਲਮ ਦੇ ਰਾਜੇ ਅਦੋਨੀ ਸਦਕ ਨੇ ਸੁਣਿਆ ਕਿ ਯਹੋਸ਼ੁਆ ਨੇ ਕਿਵੇਂ ਅਈ ਨੂੰ ਲੈ ਲਿਆ ਅਤੇ ਉਹ ਦਾ ਸੱਤਿਆ ਨਾਸ ਕਰ ਸੁੱਟਿਆ ਹੈ ਅਤੇ ਜਿਵੇਂ ਉਸ ਨੇ ਯਰੀਹੋ ਅਤੇ ਉਸ ਦੇ ਰਾਜੇ ਨਾਲ ਕੀਤਾ ਓਵੇਂ ਉਸ ਨੇ ਅਈ ਅਤੇ ਉਹ ਦੇ ਰਾਜੇ ਨਾਲ ਵੀ ਕੀਤਾ ਅਤੇ ਕਿਵੇਂ ਗਿਬਓਨ ਦੇ ਵਾਸੀਆਂ ਨੇ ਇਸਰਾਏਲ ਨਾਲ ਸੁਲਾਹ ਕਰ ਲਈ ਅਤੇ ਉਨ੍ਹਾਂ ਦੇ ਵਿੱਚ ਰਹਿੰਦੇ ਸਨ
ਯਸ਼ਵਾ 10 : 2 (PAV)
ਤਾਂ ਓਹ ਬਹੁਤ ਡਰੇ ਕਿਉਂ ਜੋ ਗਿਬਓਨ ਇੱਕ ਵੱਡਾ ਸ਼ਹਿਰ ਸੀ ਅਤੇ ਪਾਤਸ਼ਾਹੀ ਸ਼ਹਿਰਾਂ ਵਿੱਚੋਂ ਉਹ ਇੱਕ ਵਰਗਾ ਸੀ ਸਗੋਂ ਉਹ ਅਈ ਨਾਲੋਂ ਵੱਡਾ ਸੀ ਅਤੇ ਉਹ ਦੇ ਸਾਰੇ ਮਨੁੱਖ ਸੂਰਮੇ ਸਨ
ਯਸ਼ਵਾ 10 : 3 (PAV)
ਤਾਂ ਯਰੂਸ਼ਲਮ ਦੇ ਰਾਜੇ ਅਦੋਨੀ ਸਦਕ ਨੇ ਹਬਰੋਨ ਦੇ ਰਾਜੇ ਹਾਰਾਮ ਨੂੰ ਅਤੇ ਯਰਮੂਥ ਦੇ ਰਾਜੇ ਫਿਰਾਮ ਨੂੰ ਅਤੇ ਲਾਕੀਸ਼ ਦੇ ਰਾਜੇ ਯਾਫ਼ੀਆ ਨੂੰ ਅਤੇ ਅਗਲੋਨ ਦੇ ਰਾਜੇ ਦਬੀਰ ਨੂੰ ਸੱਦ ਘੱਲਿਆ ਕਿ
ਯਸ਼ਵਾ 10 : 4 (PAV)
ਮੇਰੇ ਕੋਲ ਚੜ੍ਹ ਆਓ ਅਤੇ ਮੇਰੀ ਸਹਾਇਤਾ ਕਰੋ ਤਾਂ ਜੋ ਅਸੀਂ ਗਿਬਓਨ ਨੂੰ ਮਾਰ ਦੇਈਏ ਕਿਉਂ ਜੋ ਉਹਨੇ ਯਹੋਸ਼ੁਆ ਅਤੇ ਇਸਰਾਏਲੀਆਂ ਨਾਲ ਸੁਲਾਹ ਕਰ ਲਈ ਹੈ
ਯਸ਼ਵਾ 10 : 5 (PAV)
ਤਾਂ ਅਮੋਰੀਆਂ ਦੇ ਪੰਜਾਂ ਰਾਜਿਆਂ ਅਰਥਾਤ ਯਰੂਸ਼ਲਮ ਦੇ ਰਾਜੇ, ਹਬਰੋਨ ਦੇ ਰਾਜੇ, ਯਰਮੂਥ ਦੇ ਰਾਜੇ, ਲਾਕੀਸ਼ ਦੇ ਰਾਜੇ ਅਤੇ ਅਗਲੋਨ ਦੇ ਰਾਜੇ ਇਕੱਠੇ ਹੋਏ ਅਤੇ ਓਹ ਅਤੇ ਓਹਨਾਂ ਦੇ ਸਾਰੇ ਦਲ ਚੜ੍ਹੇ ਅਤੇ ਗਿਬਓਨ ਦੇ ਸਾਹਮਣੇ ਡੇਰੇ ਲਾ ਕੇ ਉਹ ਦੇ ਵਿਰੁੱਧ ਜੁੱਧ ਕੀਤਾ।।
ਯਸ਼ਵਾ 10 : 6 (PAV)
ਤਾਂ ਗਿਬਓਨ ਦੇ ਮਨੁੱਖਾਂ ਨੇ ਯਹੋਸ਼ੁਆ ਕੋਲ ਜਿਹੜਾ ਗਿਲਗਾਲ ਦੇ ਡੇਰੇ ਵਿੱਚ ਸੀ ਕਹਾ ਘੱਲਿਆ ਕਿ ਆਪਣਾ ਹੱਥ ਆਪਣੇ ਦਾਸਾਂ ਤੋਂ ਢਿੱਲਾ ਨਾ ਕਰਨਾ। ਛੇਤੀ ਨਾਲ ਸਾਡੇ ਕੋਲ ਆਓ ਅਤੇ ਸਾਨੂੰ ਬਚਾਓ ਅਤੇ ਸਾਡੀ ਸਹਾਇਤਾ ਕਰੋ ਕਿਉਂ ਜੋ ਅਮੋਰੀਆਂ ਦੇ ਸਾਰੇ ਰਾਜੇ ਜਿਹੜੇ ਪਹਾੜ ਉੱਤੇ ਵੱਸਦੇ ਹਨ ਸਾਡੇ ਵਿਰੁੱਧ ਇਕੱਠੇ ਹੋਏ ਹਨ
ਯਸ਼ਵਾ 10 : 7 (PAV)
ਤਾਂ ਯਹੋਸ਼ੁਆ ਨਾਲੇ ਸਾਰੇ ਜੋਧੇ ਅਤੇ ਸਾਰੇ ਸੂਰ ਬੀਰ ਗਿਲਗਾਲ ਤੋਂ ਚੜ੍ਹੇ
ਯਸ਼ਵਾ 10 : 8 (PAV)
ਤਾਂ ਯਹੋਵਾਹ ਨੇ ਯਹੋਸ਼ੁਆ ਨੂੰ ਆਖਿਆ, ਤੂੰ ਓਹਨਾਂ ਤੋਂ ਨਾ ਡਰ ਕਿਉਂ ਜੋ ਮੈਂ ਓਹਨਾਂ ਨੂੰ ਤੇਰੇ ਹੱਥ ਵਿੱਚ ਦੇ ਦਿੱਤਾ ਹੈ। ਓਹਨਾਂ ਵਿੱਚੋਂ ਕੋਈ ਵੀ ਤੇਰੇ ਅੱਗੇ ਖਲੋ ਨਾ ਸੱਕੇਗਾ
ਯਸ਼ਵਾ 10 : 9 (PAV)
ਤਾਂ ਯਹੋਸ਼ੁਆ ਗਿਲਗਾਲ ਤੋਂ ਸਾਰੀ ਰਾਤ ਤੁਰ ਕੇ ਓਹਨਾਂ ਉੱਤੇ ਅਚਾਣਕ ਆ ਪਿਆ
ਯਸ਼ਵਾ 10 : 10 (PAV)
ਯਹੋਵਾਹ ਨੇ ਇਸਰਾਏਲ ਦੇ ਅੱਗੇ ਓਹਨਾਂ ਨੂੰ ਘਬਰਾ ਦਿੱਤਾ ਅਤੇ ਉਹ ਨੇ ਓਹਨਾਂ ਨੂੰ ਗਿਬਓਨ ਵਿੱਚ ਵੱਡੀ ਮਾਰ ਨਾਲ ਮਾਰ ਸੁੱਟਿਆ ਅਤੇ ਉਹ ਨੇ ਬੈਤ-ਹੋਰੋਨ ਦੀ ਚੜ੍ਹਾਈ ਦੇ ਰਾਹ ਵਿੱਚ ਓਹਨਾਂ ਦਾ ਪਿੱਛਾ ਕੀਤਾ ਅਤੇ ਓਹਨਾਂ ਨੂੰ ਅਜ਼ੇਕਾਹ ਅਤੇ ਮੱਕੇਦਾਹ ਤੀਕ ਮਾਰਦਾ ਗਿਆ
ਯਸ਼ਵਾ 10 : 11 (PAV)
ਤਾਂ ਐਉਂ ਹੋਇਆ ਕਿ ਜਦ ਓਹ ਇਸਰਾਏਲ ਦੇ ਅੱਗੋਂ ਨੱਠੇ ਜਾਂਦੇ ਸਨ ਤਾਂ ਬੈਤ-ਹੋਰੋਨ ਦੀ ਚੜ੍ਹਾਈ ਕੋਲ ਯਹੋਵਾਹ ਨੇ ਓਹਨਾਂ ਉੱਤੇ ਅਕਾਸ਼ੋਂ ਵੱਡੇ ਵੱਡੇ ਪੱਥਰ ਅਜ਼ੇਕਾਹ ਤੀਕ ਇਉਂ ਸੁੱਟੇ ਕਿ ਓਹ ਮਰ ਗਏ। ਜਿਹੜੇ ਗੜਿਆਂ ਨਾਲ ਮਰੇ ਓਹ ਓਹਨਾਂ ਤੋਂ ਵੱਧ ਸਨ ਜਿਹੜੇ ਇਸਰਾਏਲ ਦੀ ਤੇਗ ਨਾਲ ਵੱਢੇ ਗਏ।।
ਯਸ਼ਵਾ 10 : 12 (PAV)
ਤਦ ਯਹੋਸ਼ੁਆ ਨੇ ਯਹੋਵਾਹ ਨਾਲ ਉਸ ਦਿਨ ਜਦ ਯਹੋਵਾਹ ਨੇ ਅਮੋਰੀਆਂ ਨੂੰ ਇਸਰਾਏਲੀਆਂ ਨੂੰ ਦੇ ਦਿੱਤਾ ਗੱਲ ਕੀਤੀ ਅਤੇ ਇਸਰਾਏਲੀਆਂ ਦੇ ਵੇਖਦਿਆਂ ਆਖਿਆ, ਹੇ ਸੂਰਜ, ਗਿਬਓਨ, ਉੱਤੇ, ਅਤੇ ਹੇ ਚੰਦਰਮਾ, ਅੱਯਾਲੋਨ ਦੀ ਖੱਡ ਵਿੱਚ ਠਹਿਰਿਆ ਰਹੁ!
ਯਸ਼ਵਾ 10 : 13 (PAV)
ਤਾਂ ਸੂਰਜ ਠਹਿਰ ਗਿਆ ਅਤੇ ਚੰਦਰਮਾ ਖੜਾ ਰਿਹਾ, ਜਦ ਤੀਕ ਕੌਮ ਨੇ ਆਪਣੇ ਵੈਰੀਆਂ ਤੋਂ ਵੱਟਾ ਨਾ ਲਿਆ।। ਕੀ ਏਹ ਯਾਸ਼ਰ ਦੀ ਪੋਥੀ ਵਿੱਚ ਲਿਖਿਆ ਹੋਇਆ ਨਹੀਂ? ਸੋ ਸੂਰਜ ਅਕਾਸ਼ ਦੇ ਵਿੱਚਕਾਰ ਖੜਾ ਰਿਹਾ ਅਤੇ ਸਾਰੀ ਕੁ ਦਿਹਾੜੀ ਡੁੱਬਣ ਦੀ ਛੇਤੀ ਨਾ ਕੀਤੀ
ਯਸ਼ਵਾ 10 : 14 (PAV)
ਏਸ ਤੋਂ ਅੱਗੇ ਅਥਵਾ ਪਿੱਛੇ ਅਜੇਹਾ ਦਿਨ ਕਦੀ ਨਹੀਂ ਹੋਇਆ ਕਿ ਯਹੋਵਾਹ ਨੇ ਮਨੁੱਖ ਦੀ ਅਵਾਜ਼ ਸੁਣੀ ਹੋਵੇ ਕਿਉਂ ਜੋ ਯਹੋਵਾਹ ਇਸਰਾਏਲ ਲਈ ਲੜਿਆ।।
ਯਸ਼ਵਾ 10 : 15 (PAV)
ਯਹੋਸ਼ੁਆ ਅਤੇ ਸਾਰਾ ਇਸਰਾਏਲ ਉਹ ਦੇ ਨਾਲ ਗਿਲਗਾਲ ਦੇ ਡੇਰੇ ਨੂੰ ਮੁੜੇ
ਯਸ਼ਵਾ 10 : 16 (PAV)
ਪਰ ਏਹ ਪੰਜੇ ਰਾਜੇ ਨੱਸ ਗਏ ਅਤੇ ਮੱਕੇਦਾਹ ਦੀ ਗੁਫ਼ਾ ਵਿੱਚ ਜਾ ਲੁਕੇ
ਯਸ਼ਵਾ 10 : 17 (PAV)
ਤਾਂ ਯਹੋਸ਼ੁਆ ਨੂੰ ਦੱਸਿਆ ਗਿਆ ਕਿ ਓਹ ਪੰਜ ਰਾਜੇ ਲੱਭ ਪਏ ਹਨ ਅਤੇ ਮੱਕੇਦਾਹ ਦੀ ਗੁਫ਼ਾ ਵਿੱਚ ਲੁਕੇ ਹੋਏ ਹਨ
ਯਸ਼ਵਾ 10 : 18 (PAV)
ਤਾਂ ਯਹੋਸ਼ੁਆ ਨੇ ਆਖਿਆ ਕਿ ਗੁਫ਼ਾ ਦੇ ਮੂੰਹ ਉੱਤੇ ਵੱਡੇ ਵੱਡੇ ਪੱਥਰ ਰੇੜ੍ਹ ਦਿਓ ਅਤੇ ਉਨ੍ਹਾਂ ਦੀ ਰਾਖੀ ਲਈ ਮਨੁੱਖ ਉਹ ਦੇ ਕੋਲ ਰੱਖ ਦਿਓ
ਯਸ਼ਵਾ 10 : 19 (PAV)
ਪਰ ਤੁਸੀਂ ਨਾ ਖਲੋਇਓ, ਆਪਣੇ ਵੈਰੀਆਂ ਦਾ ਪਿੱਛਾ ਕਰੋ ਅਤੇ ਓਹਨਾਂ ਦੇ ਪਛਾੜੀ ਦਿਆਂ ਨੂੰ ਮਾਰੋ। ਓਹਨਾਂ ਨੂੰ ਆਪਣੇ ਸ਼ਹਿਰਾਂ ਵਿੱਚ ਵੜਨ ਨਾ ਦਿਓ ਕਿਉਂ ਜੋ ਯਹੋਵਾਹ ਤੁਹਾਡੇ ਪਰਮੇਸ਼ੁਰ ਨੇ ਓਹਨਾਂ ਨੂੰ ਤੁਹਾਡੇ ਹੱਥ ਵਿੱਚ ਦੇ ਦਿੱਤਾ ਹੈ
ਯਸ਼ਵਾ 10 : 20 (PAV)
ਤਾਂ ਐਉਂ ਹੋਇਆ ਕਿ ਜਦ ਯਹੋਸ਼ੁਆ ਅਤੇ ਇਸਰਾਏਲੀਆਂ ਨੇ ਓਹਨਾਂ ਨੂੰ ਅੱਤ ਵੱਡੀ ਮਾਰ ਨਾਲ ਮਾਰ ਕੇ ਮੁਕਾ ਦਿੱਤਾ ਤਾਂ ਓਹਨਾਂ ਦਾ ਬਕੀਆ ਜਿਹੜਾ ਬਚ ਰਿਹਾ ਉਨ੍ਹਾਂ ਗੜ੍ਹਾਂ ਵਾਲੇ ਸ਼ਹਿਰਾਂ ਵਿੱਚ ਜਾ ਵੜਿਆ
ਯਸ਼ਵਾ 10 : 21 (PAV)
ਤਾਂ ਸਾਰੇ ਲੋਕ ਯਹੋਸ਼ੁਆ ਕੋਲ ਮੱਕੇਦਾਹ ਦੇ ਡੇਰੇ ਨੂੰ ਸੁਲਾਹ ਨਾਲ ਮੁੜ ਪਏ ਅਤੇ ਕਿਸੇ ਨੇ ਆਪਣਾ ਮੂੰਹ ਕਿਸੇ ਇਸਰਾਏਲੀ ਦੇ ਵਿਰੁੱਧ ਨਾ ਖੋਲ੍ਹਿਆ
ਯਸ਼ਵਾ 10 : 22 (PAV)
ਫੇਰ ਯਹੋਸ਼ੁਆ ਨੇ ਆਖਿਆ, ਗੁਫ਼ਾ ਦੇ ਮੂੰਹ ਨੂੰ ਖੋਲ੍ਹੋ ਅਤੇ ਗੁਫ਼ਾ ਵਿੱਚੋਂ ਏਹ ਪੰਜ ਰਾਜੇ ਮੇਰੇ ਕੋਲ ਲੈ ਆਓ
ਯਸ਼ਵਾ 10 : 23 (PAV)
ਤਾਂ ਉਨ੍ਹਾਂ ਨੇ ਓਵੇਂ ਹੀ ਕੀਤਾ ਅਤੇ ਗੁਫ਼ਾ ਵਿੱਚੋਂ ਏਹ ਪੰਜੇ ਰਾਜੇ ਉਹ ਦੇ ਕੋਲ ਲੈ ਆਏ ਅਰਥਾਤ ਯਰੂਸ਼ਲਮ ਦਾ ਰਾਜਾ, ਹਬਰੋਨ ਦਾ ਰਾਜਾ, ਯਰਮੂਥ ਦਾ ਰਾਜਾ, ਲਾਕੀਸ਼ ਦਾ ਰਾਜਾ ਅਤੇ ਅਗਲੋਨ ਦਾ ਰਾਜਾ
ਯਸ਼ਵਾ 10 : 24 (PAV)
ਫੇਰ ਐਉਂ ਹੋਇਆ ਕਿ ਜਦ ਓਹ ਓਹਨਾਂ ਰਾਜਿਆਂ ਨੂੰ ਯਹੋਸ਼ੁਆ ਦੇ ਕੋਲ ਲੈ ਆਏ ਤਾਂ ਯਹੋਸ਼ੁਆ ਨੇ ਇਸਰਾਏਲ ਦੇ ਸਾਰੇ ਮਨੁੱਖਾਂ ਨੂੰ ਸੱਦਿਆ ਅਤੇ ਜੋਧਿਆਂ ਦੇ ਸਰਦਾਰਾਂ ਨੂੰ ਜਿਹੜੇ ਉਹ ਦੇ ਨਾਲ ਜਾਂਦੇ ਸਨ ਆਖਿਆ, ਨੇੜੇ ਆ ਕੇ ਆਪਣੇ ਪੈਰ ਏਹਨਾਂ ਰਾਜਿਆਂ ਦੀਆਂ ਧੌਣਾਂ ਉੱਤੇ ਰੱਖੋ ਸੋ ਉਨ੍ਹਾਂ ਨੇ ਨੇੜੇ ਆ ਕੇ ਆਪਣੇ ਪੈਰ ਓਹਨਾਂ ਦੀਆਂ ਧੌਣਾਂ ਉੱਤੇ ਰੱਖੇ
ਯਸ਼ਵਾ 10 : 25 (PAV)
ਤਾਂ ਯਹੋਸ਼ੁਆ ਨੇ ਉਨ੍ਹਾਂ ਨੂੰ ਆਖਿਆ, ਨਾ ਡਰੋ ਅਤੇ ਨਾ ਘਾਬਰੋ। ਤਕੜੇ ਹੋਵੋ ਅਤੇ ਹੌਸਲਾ ਰੱਖੋ ਕਿਉਂ ਜੋ ਯਹੋਵਾਹ ਤੁਹਾਡੇ ਸਾਰੇ ਵੈਰੀਆਂ ਨਾਲ ਜਿਨ੍ਹਾਂ ਦੇ ਵਿਰੁੱਧ ਤੁਸੀਂ ਲੜਦੇ ਹੋ ਏਵੇਂ ਹੀ ਕਰੇਗਾ
ਯਸ਼ਵਾ 10 : 26 (PAV)
ਛੇਕੜੇ ਯਹੋਸ਼ੁਆ ਨੇ ਓਹਨਾਂ ਨੂੰ ਜਾਨੋਂ ਮਾਰ ਸੁੱਟਿਆ ਅਤੇ ਓਹਨਾਂ ਨੂੰ ਪੰਜਾਂ ਰੁੱਖਾਂ ਉੱਤੇ ਟੰਗ ਦਿੱਤਾ ਅਤੇ ਓਹ ਸ਼ਾਮਾਂ ਤੀਕ ਉਨ੍ਹਾਂ ਰੁੱਖਾਂ ਉੱਤੇ ਟੰਗੇ ਰਹੇ
ਯਸ਼ਵਾ 10 : 27 (PAV)
ਤਾਂ ਐਉਂ ਹੋਇਆ ਕਿ ਜਦ ਸੂਰਜ ਡੁੱਬਣ ਲੱਗਾ ਤਦ ਯਹੋਸ਼ੁਆ ਨੇ ਹੁਕਮ ਦਿੱਤਾ ਸੋ ਉਨ੍ਹਾਂ ਨੇ ਓਹਨਾਂ ਨੂੰ ਰੁੱਖਾਂ ਉੱਤੋਂ ਲਾਹ ਦਿਆ ਅਤੇ ਉਸ ਗੁਫ਼ਾ ਵਿੱਚ ਜਿੱਥੇ ਓਹ ਲੁਕੇ ਸਨ ਸੁੱਟ ਦਿੱਤਾ ਅਤੇ ਉਸ ਗੁਫ਼ਾ ਦੇ ਮੂੰਹ ਉੱਤੇ ਵੱਡੇ ਵੱਡੇ ਪੱਥਰ ਰੱਖ ਦਿੱਤੇ ਜਿਹੜੇ ਅੱਜ ਦੇ ਦਿਨ ਤੀਕ ਵੀ ਹਨ।।
ਯਸ਼ਵਾ 10 : 28 (PAV)
ਯਹੋਸ਼ੁਆ ਨੇ ਉੱਸੇ ਦਿਨ ਮੱਕੇਦਾਹ ਨੂੰ ਲੈ ਲਿਆ ਅਤੇ ਉਹ ਨੂੰ ਅਰ ਉਹ ਦੇ ਰਾਜੇ ਨੂੰ ਤੇਗ ਦੀ ਧਾਰ ਨਾਲ ਵੱਢ ਸੁੱਟਿਆ। ਉਸ ਨੇ ਓਹਨਾਂ ਦਾ ਅਤੇ ਉਹ ਦੇ ਸਾਰੇ ਪ੍ਰਾਣੀਆਂ ਦਾ ਸੱਤਿਆ ਨਾਸ ਕਰ ਦਿੱਤਾ। ਉਸ ਨੇ ਕਿਸੇ ਨੂੰ ਬਾਕੀ ਨਾ ਛੱਡਿਆ ਅਤੇ ਉਸ ਨੇ ਮੱਕੇਦਾਹ ਦੇ ਰਾਜੇ ਨਾਲ ਤਿਵੇਂ ਹੀ ਕੀਤਾ ਜਿਵੇਂ ਯਰੀਹੋ ਦੇ ਰਾਜੇ ਨਾਲ ਕੀਤਾ ਸੀ।।
ਯਸ਼ਵਾ 10 : 29 (PAV)
ਫੇਰ ਯਹੋਸ਼ੁਆ ਅਤੇ ਸਾਰਾ ਇਸਰਾਏਲ ਉਹ ਦੇ ਨਾਲ ਮੱਕੇਦਾਹ ਤੋਂ ਲਿਬਨਾਹ ਨੂੰ ਲੰਘੇ ਅਤੇ ਲਿਬਨਾਹ ਨਾਲ ਜੁੱਧ ਕੀਤਾ
ਯਸ਼ਵਾ 10 : 30 (PAV)
ਅਤੇ ਯਹੋਵਾਹ ਨੇ ਉਸ ਨੂੰ ਵੀ ਅਤੇ ਉਸ ਦੇ ਰਾਜੇ ਨੂੰ ਵੀ ਇਸਰਾਏਲ ਦੇ ਹੱਥ ਵਿੱਚ ਦੇ ਦਿੱਤਾ ਅਤੇ ਉਹ ਨੇ ਉਸ ਦੇ ਸਾਰੇ ਪ੍ਰਾਣੀਆਂ ਨੂੰ ਤੇਗ ਦੀ ਧਾਰ ਨਾਲ ਵੱਢ ਸੁੱਟਿਆ। ਉਹ ਨੇ ਕਿਸੇ ਨੂੰ ਉਸ ਦੇ ਵਿੱਚ ਬਾਕੀ ਨਾ ਛੱਡਿਆ ਅਤੇ ਉਸ ਦੇ ਰਾਜੇ ਨਾਲ ਓਵੇਂ ਹੀ ਕੀਤਾ ਜਿਵੇਂ ਯਰੀਹੋ ਦੇ ਰਾਜੇ ਨਾਲ ਕੀਤਾ ਸੀ
ਯਸ਼ਵਾ 10 : 31 (PAV)
ਤਾਂ ਯਹੋਸ਼ੁਆ ਅਤੇ ਉਹ ਦੇ ਨਾਲ ਸਾਰਾ ਇਸਰਾਏਲ ਲਿਬਨਾਹ ਤੋਂ ਲਾਕੀਸ਼ ਨੂੰ ਲੰਘੇ ਅਤੇ ਉਸ ਦੇ ਸਾਹਮਣੇ ਡੇਰੇ ਲਾ ਕੇ ਉਸ ਦੇ ਨਾਲ ਜੁੱਧ ਕੀਤਾ
ਯਸ਼ਵਾ 10 : 32 (PAV)
ਤਾਂ ਯਹੋਵਾਹ ਨੇ ਲਾਕੀਸ਼ ਨੂੰ ਇਸਰਾਏਲ ਦੇ ਹੱਥ ਵਿੱਚ ਦੇ ਦਿੱਤਾ ਅਤੇ ਉਹ ਨੇ ਦੂਜੇ ਦਿਨ ਉਸ ਨੂੰ ਲੈ ਲਿਆ ਅਤੇ ਉਸ ਨੂੰ ਅਤੇ ਉਹ ਦੇ ਪ੍ਰਾਣੀਆਂ ਨੂੰ ਤੇਗ ਦੀ ਧਾਰ ਨਾਲ ਵੱਢ ਸੁੱਟਿਆ ਜਿਵੇਂ ਉਹ ਨੇ ਲਿਬਨਾਹ ਨਾਲ ਕੀਤਾ ਸੀ।।
ਯਸ਼ਵਾ 10 : 33 (PAV)
ਤਦ ਗਜ਼ਰ ਦਾ ਰਾਜਾ ਹੋਰਾਮ ਉਤਾਹਾਂ ਲਾਕੀਸ਼ ਦੀ ਸਹਾਇਤਾ ਲਈ ਆਇਆ ਅਤੇ ਯਹੋਸ਼ੁਆ ਨੇ ਉਹ ਨੂੰ ਅਤੇ ਉਹ ਦੇ ਲੋਕਾਂ ਨੂੰ ਇਉਂ ਮਾਰਿਆ ਕਿ ਕੋਈ ਬਾਕੀ ਨਾ ਰਿਹਾ
ਯਸ਼ਵਾ 10 : 34 (PAV)
ਤਾਂ ਯਹੋਸ਼ੁਆ ਅਤੇ ਸਾਰੇ ਇਸਰਾਏਲ ਉਸ ਦੇ ਨਾਲ ਲਾਕੀਸ਼ ਤੋਂ ਅਗਲੋਨ ਨੂੰ ਲੰਘੇ ਅਤੇ ਉਹ ਦੇ ਸਾਹਮਣੇ ਡੇਰੇ ਲਾ ਕੇ ਉਹ ਦੇ ਨਾਲ ਜੁੱਧ ਕੀਤਾ
ਯਸ਼ਵਾ 10 : 35 (PAV)
ਅਤੇ ਉਸੇ ਦਿਨ ਉਹ ਨੂੰ ਲੈ ਲਿਆ ਅਤੇ ਉਹ ਨੂੰ ਤੇਗ ਦੀ ਧਾਰ ਨਾਲ ਵੱਢ ਸੁੱਟਿਆ ਅਤੇ ਉਸੇ ਦਿਨ ਉਹ ਦੇ ਪ੍ਰਾਣੀਆਂ ਦਾ ਸੱਤਿਆ ਨਾਸ ਕਰ ਸੁੱਟਿਆ ਜਿਵੇਂ ਉਸ ਲਾਕੀਸ਼ ਨਾਲ ਕੀਤਾ ਸੀ
ਯਸ਼ਵਾ 10 : 36 (PAV)
ਫੇਰ ਯਹੋਸ਼ੁਆ ਅਤੇ ਉਸ ਦੇ ਨਾਲ ਸਾਰਾ ਇਸਰਾਏਲ ਅਗਲੋਨ ਤੋਂ ਹਬਰੋਨ ਨੂੰ ਉਤਾਹਾਂ ਗਏ ਅਤੇ ਉਹ ਦੇ ਨਾਲ ਜੁੱਧ ਕੀਤਾ
ਯਸ਼ਵਾ 10 : 37 (PAV)
ਅਤੇ ਉਹ ਨੂੰ ਲੈ ਲਿਆ ਤਾਂ ਉਹ ਨੂੰ ਅਤੇ ਉਹ ਦੇ ਰਾਜੇ ਨੂੰ ਉਹ ਦੇ ਸਾਰੇ ਸ਼ਹਿਰਾਂ ਨੂੰ ਉਹ ਦੇ ਸਾਰੇ ਪ੍ਰਾਣੀਆਂ ਨੂੰ ਤੇਗ ਦੀ ਧਾਰ ਨਾਲ ਵੱਢ ਸੁੱਟਿਆ ਅਤੇ ਕਿਸੇ ਨੂੰ ਬਾਕੀ ਨਾ ਛੱਡਿਆ ਜਿਵੇਂ ਉਸ ਅਗਲੋਨ ਨਾਲ ਕੀਤਾ ਸੀ ਸਗੋਂ ਉਹ ਦਾ ਅਤੇ ਉਹ ਦੇ ਸਾਰੇ ਪ੍ਰਾਣੀਆਂ ਦਾ ਸੱਤਿਆ ਨਾਸ ਕਰ ਸੁੱਟਿਆ
ਯਸ਼ਵਾ 10 : 38 (PAV)
ਤਾਂ ਯਹੋਸ਼ੁਆ ਅਤੇ ਸਾਰੇ ਇਸਰਾਏਲ ਨੇ ਉਸ ਦੇ ਨਾਲ ਦਬਿਰ ਨੂੰ ਮੁੜ ਕੇ ਉਸ ਨਾਲ ਜੁੱਧ ਕੀਤਾ
ਯਸ਼ਵਾ 10 : 39 (PAV)
ਉਸ ਨੇ ਉਹ ਨੂੰ ਅਤੇ ਉਹ ਦੇ ਰਾਜੇ ਨੂੰ ਅਤੇ ਉਹ ਦੇ ਸਾਰੇ ਸ਼ਹਿਰਾਂ ਨੂੰ ਲੈ ਲਿਆ ਅਤੇ ਓਹਨਾਂ ਨੂੰ ਤੇਗ ਦੀ ਧਾਰ ਨਾਲ ਵੱਢ ਸੁੱਟਿਆ ਅਤੇ ਉਹ ਦੇ ਸਾਰੇ ਪ੍ਰਾਣੀਆਂ ਦਾ ਸੱਤਿਆ ਨਾਸ ਕਰ ਦਿੱਤਾ, ਕਿਸੇ ਨੂੰ ਬਾਕੀ ਨਾ ਛੱਡਿਆ। ਜਿਵੇਂ ਉਸ ਨੇ ਹਬਰੋਨ ਅਤੇ ਲਿਬਨਾਹ ਅਤੇ ਓਹਨਾਂ ਦੇ ਰਾਜਿਆਂ ਨਾਲ ਕੀਤਾ ਸੀ ਉਵੇਂ ਉਸ ਨੇ ਦਬਿਰ ਅਤੇ ਉਹ ਦੇ ਰਾਜੇ ਨਾਲ ਕੀਤਾ।।
ਯਸ਼ਵਾ 10 : 40 (PAV)
ਇਉਂ ਯਹੋਸ਼ੁਆ ਨੇ ਸਾਰੇ ਦੇਸ ਨੂੰ ਅਰਥਾਤ ਪਹਾੜੀ ਦੇਸ, ਦੱਖਣ, ਬੇਟ, ਢਾਲਾਂ ਅਤੇ ਓਹਨਾਂ ਦੇ ਸਾਰੇ ਰਾਜਿਆਂ ਨੂੰ ਮਾਰ ਲਿਆ ਅਤੇ ਕਿਸੇ ਨੂੰ ਬਾਕੀ ਨਾ ਛੱਡਿਆ ਸਗੋਂ ਉਹ ਦੇ ਸਾਰੇ ਪ੍ਰਾਣੀਆਂ ਦਾ ਸੱਤਿਆ ਨਾਸ ਕਰ ਸੁੱਟਿਆ ਜਿਵੇਂ ਯਹੋਵਾਹ ਇਸਰਾਏਲ ਦੇ ਪਰਮੇਸ਼ੁਰ ਨੇ ਹੁਕਮ ਦਿੱਤਾ ਸੀ
ਯਸ਼ਵਾ 10 : 41 (PAV)
ਯਹੋਸ਼ੁਆ ਨੇ ਓਹਨਾਂ ਨੂੰ ਕਾਦੇਸ਼ ਬਰਨੇਆ ਤੋਂ ਅੱਜ਼ਾਹ ਤੀਕ ਅਤੇ ਗੋਸ਼ਨ ਦੇ ਸਾਰੇ ਦੇਸ ਨੂੰ ਗਿਬਓਨ ਤੀਕ ਮਾਰ ਲਿਆ
ਯਸ਼ਵਾ 10 : 42 (PAV)
ਅਤੇ ਯਹੋਸ਼ੁਆ ਨੇ ਓਹਨਾਂ ਸਾਰੇ ਰਾਜਿਆਂ ਨੂੰ ਅਤੇ ਉਨ੍ਹਾਂ ਦੇ ਸਾਰੇ ਦੇਸਾਂ ਨੂੰ ਇਕੋ ਹੀ ਸਮੇਂ ਵਿੱਚ ਏਸ ਕਾਰਨ ਲੈ ਲਿਆ ਕਿ ਯਹੋਵਾਹ ਇਸਰਾਏਲ ਦਾ ਪਰਮੇਸ਼ੁਰ ਇਸਰਾਏਲ ਲਈ ਲੜਿਆ
ਯਸ਼ਵਾ 10 : 43 (PAV)
ਫੇਰ ਯਹੋਸ਼ੁਆ ਅਤੇ ਸਾਰਾ ਇਸਰਾਏਲ ਉਸ ਦੇ ਨਾਲ ਗਿਲਗਾਲ ਦੇ ਡੇਰੇ ਨੂੰ ਮੁੜੇ।।
❮
❯