ਕਜ਼ਾ 9 : 1 (PAV)
ਤਦ ਯਰੁੱਬਆਲ ਦਾ ਪੁੱਤ੍ਰ ਅਬੀਮਲਕ ਸ਼ਕਮ ਵਿੱਚ ਆਪਣਿਆਂ ਮਾਮਿਆਂ ਦੇ ਕੋਲ ਜਾ ਕੇ ਉਨ੍ਹਾਂ ਨੂੰ ਅਤੇ ਆਪਣੇ ਸਾਰੇ ਨਾਨਕੇ ਟੱਬਰ ਨੂੰ ਆਖਣ ਲੱਗਾ
ਕਜ਼ਾ 9 : 2 (PAV)
ਸੋ ਸ਼ਕਮ ਦਿਆਂ ਸਾਰਿਆਂ ਵਾਸੀਆਂ ਦੇ ਕੰਨਾਂ ਵਿੱਚ ਇਹ ਗੱਲ ਪਾਓ, ਭਲਾ ਤੁਹਾਡੇ ਲਈ ਇਹ ਚੰਗਾ ਹੈ ਜੋ ਸੱਤਰ ਮਨੁੱਖ ਜਿਹੜੇ ਯਰੁੱਬਆਲ ਦੇ ਪੁੱਤ੍ਰ ਹਨ ਸੱਭੋ ਤੁਹਾਡੇ ਉੱਤੇ ਰਾਜ ਕਰਨ ਯਾ ਇਹ ਕਿ ਨਿਰਾ ਇੱਕੋ ਹੀ ਰਾਜ ਕਰੇ? ਨਾਲੇ ਚੇਤੇ ਰੱਖੋ ਜੋ ਮੈਂ ਭੀ ਤੁਹਾਡੀ ਹੱਡੀ ਅਤੇ ਤੁਹਾਡਾ ਮਾਸ ਹਾਂ
ਕਜ਼ਾ 9 : 3 (PAV)
ਉਹ ਦੇ ਮਾਮਿਆਂ ਨੇ ਉਹ ਦੇਲਈ ਸ਼ਕਮ ਦਿਆਂ ਸਾਰਿਆਂ ਲੋਕਾਂ ਦੇ ਕੰਨੀਂ ਇਹ ਗੱਲਾਂ ਪਾ ਦਿੱਤੀਆਂ। ਉਨ੍ਹਾਂ ਦੇ ਮਨ ਅਬੀਮਲਕ ਦੇ ਮਗਰ ਤੁਰਨ ਵੱਲ ਰਾਜ਼ੀ ਹੋਏ ਕਿਉਂ ਜੋ ਓਹ ਬੋਲੇ, ਇਹ ਸਾਡਾ ਭਰਾ ਹੈ
ਕਜ਼ਾ 9 : 4 (PAV)
ਉਨ੍ਹਾਂ ਨੇ ਬਆਲ ਬਰੀਥ ਦੇ ਘਰ ਵਿੱਚ ਸੱਤਰ ਤੋਂਲੇ ਚਾਂਦੀ ਕੱਢ ਕੇ ਉਹ ਨੂੰ ਦਿੱਤੀ ਸੋ ਉਹ ਦੇ ਨਾਲ ਅਬੀਮਲਕ ਨੇ ਗੁੰਡੇ ਅਤੇ ਲੁੱਚੇ ਲੋਕ ਟਹਿਲੂਏ ਰੱਖੇ ਅਤੇ ਓਹ ਉਸ ਦੇ ਮਗਰ ਹੋਏ
ਕਜ਼ਾ 9 : 5 (PAV)
ਉਹ ਨੇ ਆਫ਼ਰਾਹ ਵਿੱਚ ਆਪਣੇ ਪਿਉ ਦੇ ਘਰ ਜਾ ਕੇ ਆਪਣਿਆਂ ਭਰਾਵਾਂ ਯਰੁੱਬਆਲ ਦਿਆਂ ਪੁੱਤ੍ਰਾਂ ਨੂੰ ਜੋ ਸੱਤਰ ਜਣੇ ਸਨ ਇੱਕੇ ਪੱਥਰ ਉੱਤੇ ਵੱਢ ਸੁੱਟਿਆ ਪਰ ਯਰੁੱਬਆਲ ਦਾ ਨਿੱਕਾ ਪੁੱਤ੍ਰ ਯੋਥਾਮ ਲੁੱਕ ਜੋ ਗਿਆ ਸੀ ਸੋ ਬਚ ਰਿਹਾ
ਕਜ਼ਾ 9 : 6 (PAV)
ਤਦ ਸ਼ਕਮ ਦੇ ਸਾਰੇ ਲੋਕ ਅਤੇ ਮਿੱਲੋ ਦਾ ਸਾਰਾ ਟੱਬਰ ਇਕੱਠਾ ਹੋਇਆ ਅਤੇ ਬਲੂਤ ਦੇ ਥੰਮ੍ਹ ਦੇ ਕੋਲ ਜਿਹੜਾ ਸ਼ਕਮ ਵਿੱਚ ਸੀ ਜਾ ਕੇ ਉਨ੍ਹਾਂ ਨੇ ਅਬੀਮਲਕ ਨੂੰ ਪਾਤਸ਼ਾਹ ਬਣਾਇਆ।।
ਕਜ਼ਾ 9 : 7 (PAV)
ਜਦ ਇਹ ਦੀ ਖਬਰ ਯੋਥਾਮ ਨੂੰ ਹੋਈ ਤਾਂ ਉਹ ਜਾ ਕੇ ਗਰਿੱਜ਼ੀਮ ਪਹਾੜ ਦੀ ਟੀਸੀ ਉੱਤੇ ਚੜ੍ਹ ਖਲੋਤਾ ਅਤੇ ਉੱਚੀ ਅਵਾਜ਼ ਕੱਢ ਕੇ ਬੋਲਿਆ ਅਤੇ ਉਨ੍ਹਾਂ ਨੂੰ ਆਖਣ ਲੱਗਾ, ਹੇ ਸ਼ਕਮ ਦਿਓ ਲੋਕੋ, ਮੇਰੀ ਸੁਣੋ ਭਈ ਪਰਮੇਸ਼ੁਰ ਤੁਹਾਡੀ ਭੀ ਸੁਣੇ
ਕਜ਼ਾ 9 : 8 (PAV)
ਇੱਕ ਵਾਰੀ ਬਿਰਛ ਆਪਣੇ ਉੱਤੇ ਰਾਜਾ ਮਸਹ ਕਰਨ ਲਈ ਨਿੱਕਲੇ, ਸੋ ਉਨ੍ਹਾਂ ਨੇ ਕਊ ਦੇ ਬਿਰਛ ਨੂੰ ਜਾ ਕੇ ਆਖਿਆ, ਤੂੰ ਸਾਡਾ ਰਾਜਾ ਬਣ
ਕਜ਼ਾ 9 : 9 (PAV)
ਤਦ ਕਊ ਬਿਰਛ ਨੇ ਉਨ੍ਹਾਂ ਨੂੰ ਆਖਿਆ, ਭਲਾ, ਮੈਂ ਆਪਣੀ ਥਿੰਧਿਆਈ ਨੂੰ ਜਿਹ ਦੇ ਨਾਲ ਪਰਮੇਸ਼ੁਰ ਅਤੇ ਮਨੁੱਖ ਦਾ ਆਦਰ ਕਰੀਦਾ ਹੈ ਛੱਡ ਦਿਆਂ ਅਤੇ ਜਾ ਕੇ ਬਿਰਛਾਂ ਉੱਤੇ ਝੁੱਲਦਾ ਫਿਰਾਂ?
ਕਜ਼ਾ 9 : 10 (PAV)
ਤਾਂ ਬਿਰਛਾਂ ਨੇ ਹੰਜੀਰ ਦੇ ਬਿਰਛ ਨੂੰ ਆਖਿਆ, ਆ, ਤੂੰ ਸਾਡਾ ਰਾਜਾ ਬਣ
ਕਜ਼ਾ 9 : 11 (PAV)
ਪਰ ਹੰਜੀਰ ਨੇ ਉਨ੍ਹਾਂ ਨੂੰ ਆਖਿਆ, ਭਲਾ, ਮੈਂ ਆਪਣੀ ਮਿਠਾਸ ਅਤੇ ਆਪਣਾ ਚੰਗਾ ਫਲ ਛੱਡ ਦਿਆਂ ਅਤੇ ਬਿਰਛਾਂ ਉੱਤੇ ਝੁੱਲਦਾ ਫਿਰਾਂ?
ਕਜ਼ਾ 9 : 12 (PAV)
ਤਦ ਬਿਰਛਾਂ ਨੇ ਦਾਖ ਨੂੰ ਆਖਿਆ, ਚੱਲ ਤੂੰ ਸਾਡਾ ਰਾਜਾ ਬਣ
ਕਜ਼ਾ 9 : 13 (PAV)
ਅਤੇ ਦਾਖ ਨੇ ਉਨ੍ਹਾਂ ਨੂੰ ਆਖਿਆ, ਭਲਾ ਮੈਂ ਆਪਣੇ ਰਸ ਨੂੰ ਜਿਹ ਦੇ ਨਾਲ ਪਰਮੇਸ਼ੁਰ ਤੇ ਮਨੁੱਖ ਰਾਜ਼ੀ ਹੁੰਦੇ ਹਨ ਛੱਡਾਂ ਅਤੇ ਬਿਰਛਾਂ ਉੱਤੇ ਜਾ ਝੁੱਲਦੀ ਫਿਰਾਂ
ਕਜ਼ਾ 9 : 14 (PAV)
ਤਦ ਉਨ੍ਹਾਂ ਸਭਨਾਂ ਬਿਰਛਾਂ ਨੇ ਕਰੀਰ ਨੂੰ ਆਖਿਆ, ਭਈ ਚੱਲ ਤੂੰ ਸਾਡਾ ਰਾਜਾ ਬਣ
ਕਜ਼ਾ 9 : 15 (PAV)
ਅਤੇ ਕਰੀਰ ਨੇ ਬਿਰਛਾਂ ਨੂੰ ਆਖਿਆ ਜੇ ਤੁਸੀਂ ਸੱਚ ਮੁੱਚ ਮੈਨੂੰ ਮਸਹ ਕਰ ਕੇ ਆਪਣਾ ਰਾਜਾ ਬਣਾਉਂਦੇ ਹੋ ਤਾਂ ਆਓ ਮੇਰੇ ਪਰਛਾਵੇਂ ਦੇ ਹੇਠ ਆਸਰਾ ਲਓ ਅਤੇ ਜੇ ਨਹੀਂ ਤਾਂ ਕਰੀਰ ਦੇ ਵਿੱਚੋਂ ਇੱਕ ਅੱਗਨਿੱਕਲ ਕੇ ਲਬਾਨੋਨ ਦਿਆਂ ਦਿਆਰਾਂ ਨੂੰ ਭੁੱਖ ਲਵੇ!
ਕਜ਼ਾ 9 : 16 (PAV)
ਸੋ ਹੁਣ ਜੇ ਕਦੀ ਤੁਸਾਂ ਸਚਿਆਈ ਅਤੇ ਭਲਮਣਸਊ ਨਾਲ ਅਬੀਮਲਕ ਨੂੰ ਆਪਣਾ ਰਾਜਾ ਬਣਾਇਆ ਅਤੇ ਜੇ ਕਦੀ ਤੁਸਾਂ ਯਰੁੱਬਆਲ ਨਾਲ ਅਤੇ ਉਹ ਦੇ ਟੱਬਰ ਨਾਲ ਚੰਗਾ ਵਰਤਾਉ ਕੀਤਾ ਅਤੇ ਜੇ ਕਦੀ ਉਹ ਨੂੰ ਉਸ ਦਯਾ ਦੇ ਸਮਾਨ ਜੋ ਉਹ ਦਿਆਂ ਹੱਥਾਂ ਨੇ ਕੀਤੀ ਤੁਸਾਂ ਇਹ ਵੱਟਾ ਦਿੱਤਾ ਹੈ
ਕਜ਼ਾ 9 : 17 (PAV)
ਕਿਉਂ ਜੋ ਮੇਰਾ ਪਿਉ ਤੁਹਾਡੇ ਲਈ ਲੜਿਆ ਅਤੇ ਆਪਣੀ ਜਿੰਦ ਨੂੰ ਤਲੀ ਉੱਤੇ ਰੱਖ ਕੇ ਤੁਹਾਨੂੰ ਮਿਦਯਾਨ ਦੇ ਹੱਥੋਂ ਛੁਡਾਇਆ
ਕਜ਼ਾ 9 : 18 (PAV)
ਅਤੇ ਅੱਜ ਤੁਸੀਂ ਮੇਰੇ ਪਿਉ ਦੇ ਟੱਬਰ ਉੱਤੇ ਹੱਥ ਚਲਾ ਕੇ ਉਹ ਦੇ ਸੱਤਰ ਪੁੱਤ੍ਰ ਇੱਕੋ ਪੱਥਰ ਉੱਤੇ ਵੱਢ ਸੁੱਟੇ ਅਤੇ ਉਹ ਦੀ ਟਹਿਲਣ ਦੇ ਪੁੱਤ੍ਰ ਅਬੀਮਲਕ ਨੂੰ ਸ਼ਕਮ ਦੇ ਲੋਕਾਂ ਉੱਤੇ ਪਾਤਸ਼ਾਹ ਬਣਾਇਆ ਇਸ ਲਈ ਜੋ ਉਹ ਤੁਹਾਡਾ ਭਰਾ ਹੈ
ਕਜ਼ਾ 9 : 19 (PAV)
ਸੋ ਜੇ ਤੁਸਾਂ ਸਚਿਆਈ ਅਤੇ ਭਲਮਣਸਊ ਤੋਂ ਯਰੁੱਬਆਲ ਅਤੇ ਉਹ ਦੇ ਘਰ ਨਾਲ ਅੱਜ ਵਰਤਿਆ ਤਾਂ ਤੁਸੀਂ ਅਬੀਮਲਕ ਨਾਲ ਅਨੰਦ ਰਹੋ ਅਤੇ ਉਹ ਤੁਹਾਡੇ ਨਾਲ ਅਨੰਦ ਰਹੇ
ਕਜ਼ਾ 9 : 20 (PAV)
ਜੇ ਨਹੀਂ ਤਾਂ ਅਬੀਮਲਕ ਤੋਂ ਇੱਕ ਅੱਗ ਨਿੱਕਲੇ ਅਤੇ ਸ਼ਕਮ ਦਿਆਂ ਲੋਕਾਂ ਨੂੰ ਅਤੇ ਮਿੱਲੋ ਦੀ ਸੰਤਾਨ ਨੂੰ ਖਾ ਜਾਵੇ! ਅਤੇ ਸ਼ਕਾਮ ਦਿਆਂ ਲੋਕਾਂ ਅਤੇ ਮਿਲੋ ਦੀ ਸੰਤਾਨ ਵੱਲੋਂ ਭਈ ਇੱਕ ਅੱਗ ਨਿੱਕਲੇ ਅਤੇ ਅਬੀਮਲਕ ਨੂੰ ਖਾ ਜਾਵੇ!
ਕਜ਼ਾ 9 : 21 (PAV)
ਤਾਂ ਯੋਥਾਮ ਉੱਥੋ ਭੱਜ ਕੇ ਨੱਠਾ ਅਰ ਆਪਣੇ ਭਾਈ ਅਬੀਮਲਕ ਦੇ ਡਰ ਦੇ ਮਾਰੇ ਬਏਰ ਨੂੰ ਗਿਆ ਅਤੇ ਉੱਥੇ ਰਿਹਾ।।
ਕਜ਼ਾ 9 : 22 (PAV)
ਅਬੀਮਲਕ ਨੇ ਇਸਰਾਏਲੀਆਂ ਵਿੱਚ ਤਿੰਨ ਵਰਹੇ ਸਰਦਾਰੀ ਕੀਤੀ
ਕਜ਼ਾ 9 : 23 (PAV)
ਅਰ ਪਰਮੇਸ਼ੁਰ ਨੇ ਅਬੀਮਲਕ ਅਤੇ ਸ਼ਕਮ ਦਿਆਂ ਲੋਕਾਂ ਦੇ ਵਿੱਚਕਾਰ ਇੱਕ ਦੁਸ਼ਟ ਆਤਮਾ ਘੱਲਿਆ ਅਤੇ ਸ਼ਕਮ ਦੇ ਵਾਸੀ ਅਬੀਮਲਕ ਨਾਲ ਛਲ ਕਰਨ ਲੱਗੇ
ਕਜ਼ਾ 9 : 24 (PAV)
ਭਈ ਉਹ ਅਨ੍ਹੇਰ ਜਿਹੜਾ ਯਰੁੱਬਆਲ ਦਿਆਂ ਸੱਤਰਾਂ ਪੁੱਤ੍ਰਾਂ ਨਾਲ ਹੋਇਆ ਸੀ ਮੁੜ ਕੇ ਉਨ੍ਹਾਂ ਦਾ ਖੂਨ ਉਨ੍ਹਾਂ ਦੇ ਭਰਾ ਅਬੀਮਲਕ ਦੇ ਸਿਰ ਉੱਤੇ ਆ ਪਵੇ ਜਿਸ ਨੇ ਉਨ੍ਹਾਂ ਨੂੰ ਵੱਢ ਸੁੱਟਿਆ ਅਤੇ ਸ਼ਕਮ ਦੇ ਵਾਸੀਆਂ ਦੇ ਸਿਰ ਉੱਤੇ ਭੀ ਜਿੰਨ੍ਹਾਂ ਨੇ ਉਹ ਦੇ ਭਰਾਵਾਂ ਦੇ ਵੱਢਣ ਵਿੱਚ ਉਪਰਾਲਾ ਕੀਤਾ
ਕਜ਼ਾ 9 : 25 (PAV)
ਅਤੇ ਸ਼ਕਮ ਦਿਆਂ ਲੋਕਾਂ ਨੇ ਪਹਾੜ ਦੀਆਂ ਟੀਸੀਆਂ ਉੱਤੇ ਉਸ ਦੇ ਫੜਨ ਲਈ ਛਹਿ ਲਾਉਣ ਵਾਲੇ ਬਿਠਾਏ ਅਤੇ ਉਨ੍ਹਾਂ ਨੇ ਉਸ ਰਾਹ ਦੇ ਸਭਨਾਂ ਲੰਘਣ ਵਾਲਿਆਂ ਨੂੰ ਲੁੱਟ ਲਿਆ ਅਤੇ ਅਬੀਮਲਕ ਨੂੰ ਖਬਰ ਹੋਈ
ਕਜ਼ਾ 9 : 26 (PAV)
ਤਦ ਅਬਦ ਦਾ ਪੁੱਤ੍ਰ ਗਆਲ ਆਪਣੇ ਭਰਾਵਾਂ ਸਣੇ ਆਇਆ ਅਤੇ ਸ਼ਕਮ ਦੀ ਵੱਲ ਤੁਰਿਆ ਅਤੇ ਸ਼ਕਮ ਦੇ ਲੋਕਾਂ ਨੇ ਉਸ ਦੇ ਉੱਤੇ ਆਸਰਾ ਕੀਤਾ
ਕਜ਼ਾ 9 : 27 (PAV)
ਸੋ ਉਸ ਪੈਲੀ ਵਿੱਚ ਨਿੱਕਲ ਕੇ ਆਪਣੀਆਂ ਦਾਖਾਂ ਦੇ ਬਾਗਾਂ ਦਾ ਫਲ ਤੋਂੜਿਆ ਅਤੇ ਦਾਖਾਂ ਦੇ ਬਾਗਾਂ ਦਾ ਫਲ ਤੋਂੜਿਆ ਅਤੇ ਦਾਖਾਂ ਨੂੰ ਨਪੀੜ ਕੇ ਅਨੰਦ ਕੀਤਾ ਅਤੇ ਆਪਣੇ ਠਾਕਰ ਦੁਵਾਰੇ ਵਿੱਚ ਜਾ ਕੇ ਖਾਧਾ ਅਤੇ ਪੀਤਾ ਅਤੇ ਅਬੀਮਲਕ ਨੂੰ ਸਰਾਪ ਦਿੱਤਾ
ਕਜ਼ਾ 9 : 28 (PAV)
ਤਦ ਅਬਦ ਦੇ ਪੁੱਤ੍ਰ ਗਆਲ ਨੇ ਆਖਿਆ, ਅਬੀਮਲਕ ਹੈ ਕੌਣ ਅਤੇ ਸ਼ਕਮ ਕੌਣ ਹੈ, ਜੋ ਅਸੀਂ ਉਹ ਦੀ ਟਹਿਲ ਕਰੀਏ? ਭਲਾ, ਉਹ ਯਰੁੱਬਆਲ ਦਾ ਪੁੱਤ੍ਰ ਨਹੀਂ ਅਤੇ ਜ਼ਬੂਲ ਉਸ ਦਾ ਹਾਕਮ ਨਹੀਂ? ਤੁਸੀਂ ਸ਼ਕਮ ਦੇ ਪਿਉ ਹਮੋਰ ਦਿਆਂ ਲੋਕਾਂ ਦੀ ਟਹਿਲ ਕਰੋ। ਉਸ ਦੀ ਟਹਿਲ ਅਸੀਂ ਕਾਹਨੂੰ ਕਰੀਏ?
ਕਜ਼ਾ 9 : 29 (PAV)
ਹਾਏ ਹਾਏ! ਜੇ ਕਦੀ ਏਹ ਲੋਕ ਮੇਰੇ ਵੱਸ ਵਿੱਚ ਹੁੰਦੇ! ਤਾਂ ਮੈਂ ਅਬੀਮਲਕ ਨੂੰ ਇੱਕ ਪਾਸੇ ਕਰ ਦਿੰਦਾ ਅਤੇ ਉਸ ਨੇ ਅਬੀਮਲਕ ਨੂੰ ਆਖਿਆ, ਤੂੰ ਆਪਣੀ ਫੌਜ ਨੂੰ ਵਧਾ ਅਤੇ ਨਿੱਕਲ ਆ!।।
ਕਜ਼ਾ 9 : 30 (PAV)
ਜਦ ਜ਼ਬੂਲ ਨੇ ਜੋ ਸ਼ਹਿਰ ਦਾ ਸਰਦਾਰ ਸੀ ਅਬਦ ਦੇ ਪੁੱਤ੍ਰ ਗਆਲ ਦੀਆਂ ਏਹ ਗੱਲਾਂ ਸੁਣੀਆਂ ਤਾਂ ਉਹ ਦਾ ਕ੍ਰੋਧ ਜਾਗ ਪਿਆ
ਕਜ਼ਾ 9 : 31 (PAV)
ਅਤੇ ਉਸ ਨੇ ਛਲ ਨਾਲ ਅਬੀਮਲਕ ਕੋਲ ਹਲਕਾਰੇ ਘੱਲ ਕੇ ਆਖਿਆ, ਵੇਖ ਅਬਦ ਦਾ ਪੁਤ੍ਰ ਗਆਲ ਅਪਣਿਆਂ ਭਰਾਵਾਂ ਸਣੇ ਸ਼ਕਮ ਵਿੱਚ ਆਇਆ ਹੈ ਅਤੇ ਵੇਖ, ਓਹ ਤੇਰੇ ਵਿਰੁੱਧ ਸ਼ਹਿਰ ਨੂੰ ਚੁੱਕਦੇ ਹਨ
ਕਜ਼ਾ 9 : 32 (PAV)
ਹੁਣ ਤੂੰ ਆਪਣਿਆਂ ਲੋਕਾਂ ਸਣੇ ਰਾਤ ਨੂੰ ਉੱਠ ਅਤੇ ਰੜੇ ਵਿੱਚ ਛਹਿ ਲਾ ਕੇ ਬੈਠ
ਕਜ਼ਾ 9 : 33 (PAV)
ਅਤੇ ਸਵੇਰੇ ਸੂਰਜ ਚੜ੍ਹਦੇ ਹੀ ਤੂੰ ਪਰਭਾਤੇ ਹੀ ਉੱਠ ਕੇ ਸ਼ਹਿਰ ਉੱਤੇ ਹੱਲਾ ਕਰ ਅਰ ਵੇਖ, ਜਦ ਉਹ ਆਪਣਿਆਂ ਲੋਕਾਂ ਸਣੇ ਤੇਰਾ ਸਾਹਮਣਾ ਕਰਨ ਨੂੰ ਨਿੱਕਲੇ ਤਾਂ ਜੋ ਕੁਝ ਤੇਰੇ ਹੱਥੋਂ ਹੋ ਸੱਕੇ ਤੂੰ ਉਨ੍ਹਾਂ ਨਾਲ ਕਰੀਂ!।।
ਕਜ਼ਾ 9 : 34 (PAV)
ਤਾਂ ਅਬੀਮਲਕ ਆਪਣਿਆਂ ਸਾਰਿਆਂ ਲੋਕਾਂ ਸਣੇ ਰਾਤ ਨੂੰ ਉੱਠਿਆ ਅਰ ਚਾਰ ਟੋਲੀਆਂ ਬਣ ਕੇ ਸ਼ਕਮ ਦੇ ਸਾਹਮਣੇ ਛਹਿ ਵਿੱਚ ਬੈਠਾ
ਕਜ਼ਾ 9 : 35 (PAV)
ਅਤੇ ਅਬਦ ਦਾ ਪੁੱਤ੍ਰ ਗਆਲ ਬਾਹਰ ਨਿੱਕਲ ਕੇ ਸ਼ਹਿਰ ਦੇ ਬੂਹੇ ਦੇ ਲਾਂਘੇ ਉੱਤੇ ਖਲੋਤਾ ਰਿਹਾ। ਤਦ ਅਬੀਮਲਕ ਆਪਣੇ ਲੋਕਾਂ ਸਣੇ ਛਹਿ ਵਿੱਚੋਂ ਨਿੱਕਲਿਆ
ਕਜ਼ਾ 9 : 36 (PAV)
ਅਤੇ ਜਾਂ ਗਆਲ ਨੇ ਲੋਕਾਂ ਨੂੰ ਡਿੱਠਾ ਤਾਂ ਉਹ ਨੇ ਜ਼ਬੂਲ ਨੂੰ ਆਖਿਆ, ਪਹਾੜਾਂ ਦੀਆਂ ਟੀਸੀਆਂ ਉੱਤੋਂ ਲੋਕ ਲਹਿੰਦੇ ਹਨ! ਜ਼ਬੂਲ ਨੇ ਉਹ ਨੂੰ ਆਖਿਆ, ਏਹ ਪਹਾੜ ਦੇ ਪਰਛਾਵੇਂ ਹਨ ਜਿਹੜੇ ਤੁਹਾਨੂੰ ਮਨੁੱਖਾਂ ਵਾਂਙੁ ਦਿਸਦੇ
ਕਜ਼ਾ 9 : 37 (PAV)
ਤਦ ਗਆਲ ਨੇ ਫੇਰ ਆਖਿਆ, ਵੇਖ, ਰੜੇ ਦੇ ਵਿੱਚੋਂ ਦੀ ਲੋਕ ਹੇਠਾਹਾਂ ਨੂੰ ਉੱਤਰੇ ਆਉਂਦੇ ਹਨ ਅਤੇ ਇੱਕ ਟੋਲੀ ਮਾਓਨਾਨੀਮ ਦੇ ਬਲੂਤ ਦੇ ਬਿਰਛ ਵੱਲੋਂ ਆਉਂਦੀ ਹੈ!
ਕਜ਼ਾ 9 : 38 (PAV)
ਤਾਂ ਜ਼ਬੂਲ ਨੇ ਉਹ ਨੂੰ ਆਖਿਆ, ਹੁਣ ਉਹ ਮੂੰਹ ਤੇਰਾ ਕਿੱਥੇ ਹੈ ਜਿਹ ਦੇ ਨਾਲ ਤੂੰ ਆਖਿਆ ਭਈ ਅਬੀਮਲਕ ਹੈ ਕੌਣ ਜੋ ਅਸੀਂ ਉਹ ਦੀ ਟਹਿਲ ਕਰੀਏ? ਭਲਾ, ਏਹ ਓਹ ਲੋਕ ਨਹੀਂ ਜਿੰਨ੍ਹਾਂ ਨੂੰ ਤੁਸਾਂ ਤੁੱਛ ਜਾਣਿਆ? ਸੋ ਹੁਣ ਬਾਹਰ ਜਾ ਕੇ ਉਨ੍ਹਾਂ ਨਾਲ ਲੜਾਈ ਕਰ!
ਕਜ਼ਾ 9 : 39 (PAV)
ਤਦ ਗਆਲ ਸ਼ਕਮ ਦਿਆਂ ਲੋਕਾਂ ਦੇ ਮੋਹਰੇ ਬਾਹਰ ਨਿੱਕਲ ਕੇ ਅਬੀਮਲਕ ਨਾਲ ਲੜਿਆ
ਕਜ਼ਾ 9 : 40 (PAV)
ਅਬੀਮਲਕ ਨੇ ਉਹ ਦਾ ਪਿੱਛਾ ਕੀਤਾ ਅਤੇ ਉਹ ਉਸ ਦੇ ਅੱਗੋਂ ਨੱਠਾ ਅਤੇ ਰਾਹ ਵਿੱਚ ਸ਼ਹਿਰ ਦੇ ਬੂਹੇ ਤੋੜੀ ਢੇਰ ਸਾਰੇ ਫੱਟੇ ਗਏ ਅਤੇ ਡਿੱਗੇ
ਕਜ਼ਾ 9 : 41 (PAV)
ਅਤੇ ਅਬੀਮਲਕ ਅਰੂਮਾਹ ਦੇ ਵਿੱਚ ਜਾ ਰਿਹਾ ਅਤੇ ਜ਼ਬੂਲ ਨੇ ਗਆਲ ਨੂੰ ਅਤੇ ਉਹ ਦਿਆਂ ਭਰਾਵਾਂ ਨੂੰ ਕੱਢ ਦਿੱਤਾ ਭਈ ਸ਼ਕਮ ਵਿੱਚ ਨਾ ਰਹਿਣ
ਕਜ਼ਾ 9 : 42 (PAV)
ਅਗਲੇ ਭਲਕ ਅਜੇਹਾ ਹੋਇਆ ਜੋ ਲੋਕ ਰੜੇ ਵਿੱਚ ਨਿੱਕਲ ਗਏ ਅਤੇ ਅਬੀਮਲਕ ਨੂੰ ਖਬਰ ਹੋਈ
ਕਜ਼ਾ 9 : 43 (PAV)
ਸੋ ਉਹ ਨੇ ਲੋਕਾਂ ਨੂੰ ਲੈ ਕੇ ਉਨ੍ਹਾਂ ਦੀਆਂ ਤਿੰਨ ਟੋਲੀਆਂ ਬਣਾਈਆਂ ਅਤੇ ਰੜੇ ਤੇ ਛਹਿ ਲਾ ਕੇ ਬੈਠਾ ਅਤੇ ਓਨ ਵੇਖ ਕੇ ਡਿੱਠਾ ਭਈ ਲੋਕ ਸ਼ਹਿਰੋਂ ਨਿੱਕਲ ਆਏ ਅਤੇ ਉਹ ਉਨ੍ਹਾਂ ਦਾ ਸਾਹਮਣਾ ਕਰਨ ਨੂੰ ਉੱਠਿਆ ਅਤੇ ਉਨ੍ਹਾਂ ਨੂੰ ਮਾਰ ਲਿਆ
ਕਜ਼ਾ 9 : 44 (PAV)
ਅਤੇ ਅਬੀਮਲਕ ਉਨ੍ਹਾਂ ਟੋਲੀਆਂ ਸਣੇ ਜੋ ਉਸ ਦੇ ਨਾਲ ਸਨ ਅੱਗੇ ਨੱਠ ਕੇ ਸ਼ਹਿਰ ਦੇ ਬੂਹੇ ਦੇ ਲਾਂਘੇ ਉੱਤੇ ਖਲੋਤਾ ਅਤੇ ਉਨ੍ਹਾਂ ਦੋਹਾਂ ਟੋਲੀਆਂ ਸਣੇ ਉਨ੍ਹਾਂ ਸਭਨਾਂ ਉੱਤੇ ਜਿਹੜੇ ਰੜੇ ਵਿੱਚ ਸਨ ਆਣ ਪਿਆ ਅਤੇ ਉਨ੍ਹਾਂ ਨੂੰ ਵੱਢ ਸੁੱਟਿਆ
ਕਜ਼ਾ 9 : 45 (PAV)
ਅਬੀਮਲਕ ਸਾਰਾ ਦਿਨ ਸ਼ਹਿਰ ਨਾਲ ਲੜਦਾ ਰਿਹਾ ਅਤੇ ਸ਼ਹਿਰ ਨੂੰ ਜਿੱਤ ਕੇ ਸ਼ਹਿਰ ਦਿਆਂ ਲੋਕਾਂ ਨੂੰ ਵੱਢ ਸੁੱਟਿਆ ਅਤੇ ਸ਼ਹਿਰ ਨੂੰ ਢਾਹ ਦਿੱਤਾ ਅਤੇ ਉਹ ਦੇ ਉੱਤੇ ਲੂਣ ਖਿੰਡਾਇਆ।।
ਕਜ਼ਾ 9 : 46 (PAV)
ਜਦ ਸ਼ਕਮ ਦੇ ਬੁਰਜ ਦੇ ਸਭਨਾਂ ਲੋਕਾਂ ਨੇ ਇਹ ਸੁਣਿਆ ਤਾਂ ਓਹ ਏਲਬਰੀਥ ਦਿਓਤੇ ਦੇ ਮੰਦਰ ਦੇ ਗੜ੍ਹ ਵਿੱਚ ਜਾ ਵੜ੍ਹੇ
ਕਜ਼ਾ 9 : 47 (PAV)
ਇਹ ਖਬਰ ਅਬੀਮਲਕ ਨੂੰ ਹੋਈ ਜੋ ਸ਼ਕਮ ਦੇ ਬੁਰਜ ਦੇ ਸਭ ਲੋਕ ਇਕੱਠੇ ਹੋਏ ਹਨ
ਕਜ਼ਾ 9 : 48 (PAV)
ਤਦ ਅਬੀਮਲਕ ਆਪਣੇ ਸਾਰੇ ਨਾਲ ਦਿਆਂ ਲੋਕਾਂ ਸਣੇ ਸਲਮੋਨ ਦੇ ਪਹਾੜ ਉੱਤੇ ਚੜ੍ਹਿਆ ਅਤੇ ਅਬੀਮਲਕ ਨੇ ਆਪਣੇ ਹੱਥ ਵਿੱਚ ਕੁਹਾੜਾ ਫੜ ਕੇ ਬਿਰਛਾਂ ਵਿੱਚੋਂ ਇੱਕ ਟਾਹਣੀ ਵੱਢੀ ਅਤੇ ਉਹ ਨੂੰ ਚੁੱਕ ਕੇ ਆਪਣੇ ਮੋਢੇ ਉੱਤੇ ਰੱਖਿਆ ਅਤੇ ਆਪਣੇ ਨਾਲ ਦਿਆਂ ਲੋਕਾਂ ਨੂੰ ਆਖਿਆ ਭਈ ਜੋ ਕੁਝ ਤੁਸੀਂ ਮੈਨੂੰ ਕਰਦਿਆਂ ਵੇਖਿਆਂ ਤੁਸੀਂ ਭੀ ਛੇਤੀ ਨਾਲ ਤੇਹਾ ਹੀ ਕਰੋ!
ਕਜ਼ਾ 9 : 49 (PAV)
ਤਦ ਉਨ੍ਹਾਂ ਸਭਨਾਂ ਨੇ ਇੱਕ ਇੱਕ ਟਾਹਣੀ ਵੱਢ ਲਈ ਅਤੇ ਅਬੀਮਲਕ ਦੇ ਮਗਰ ਲੱਗ ਤੁਰੇ ਅਤੇ ਉਨ੍ਹਾਂ ਨੂੰ ਗੜ੍ਹ ਦੇ ਕੋਲ ਸੁੱਟ ਕੇ ਅੱਗ ਲਾ ਦਿੱਤੀ ਸੋ ਸ਼ਕਮ ਦੇ ਬੁਰਜ ਵਿੱਚ ਜਿੰਨੇ ਲੋਕ ਸਨ ਸਭ ਮਰ ਗਏ। ਸਾਰੇ ਪੁਰਖ ਤੀਵੀਆਂ ਇੱਕ ਹਜ਼ਾਰ ਸਨ।।
ਕਜ਼ਾ 9 : 50 (PAV)
ਫੇਰ ਅਬੀਮਲਕ ਤੇਬੇਸ ਨੂੰ ਗਿਆ ਅਤੇ ਤੇਬੇਸ ਦੇ ਸਾਹਮਣੇ ਤੰਬੂ ਲਾ ਕੇ ਉਹ ਨੂੰ ਜਿੱਤ ਲਿਆ
ਕਜ਼ਾ 9 : 51 (PAV)
ਪਰ ਉੱਥੇ ਸ਼ਹਿਰ ਦੇ ਵਿੱਚ ਇੱਕ ਵੱਡਾ ਪੱਕਾ ਬੁਰਜ ਸੀ ਜੋ ਸਾਰੇ ਮਨੁੱਖ ਅਤੇ ਤੀਵੀਆਂ ਅਤੇ ਸ਼ਹਿਰ ਦੇ ਵਾਸੀ ਭੀ ਸੱਭੇ ਭੱਜ ਕੇ ਉਹ ਦੇ ਵਿੱਚ ਜਾ ਵੜੇ ਅਤੇ ਬੂਹਾ ਮਾਰ ਕੇ ਬੁਰਜ ਦੀ ਛੱਤ ਉੱਤੇ ਜਾ ਚੜ੍ਹੇ
ਕਜ਼ਾ 9 : 52 (PAV)
ਤਦ ਅਬੀਮਲਕ ਬੁਰਜ ਦੇ ਕੋਲ ਆਇਆ ਅਤੇ ਉਸ ਦੇ ਨਾਲ ਲੜਿਆ ਅਤੇ ਉਸ ਦੇ ਸਾੜਨ ਲਈ ਬੁਰਜ ਦੇ ਬੂਹੇ ਦੇ ਨੇੜੇ ਆ ਢੁੱਕਾ
ਕਜ਼ਾ 9 : 53 (PAV)
ਤਦ ਕਿਸੇ ਤੀਵੀਂ ਨੇ ਚੱਕੀ ਦਾ ਉਪਰਲਾ ਪੁੱੜ ਅਬੀਮਲਕ ਦੇ ਸਿਰ ਉੱਤੇ ਡੇਗ ਦਿੱਤਾ ਅਤੇ ਉਹ ਦਾ ਸਿਰ ਫੇਹ ਦਿੱਤਾ
ਕਜ਼ਾ 9 : 54 (PAV)
ਤਦ ਉਸ ਨੇ ਝੱਟ ਆਪਣੇ ਸ਼ਸਤ੍ਰ ਚੁੱਕਣ ਵਾਲੇ ਜੁਆਨ ਨੂੰ ਸੱਦ ਕੇ ਆਖਿਆ, ਤਲਵਾਰ ਧੂਹ ਕੇ ਮੈਨੂੰ ਵੱਡ ਸੁੱਟ ਭਈ ਮੇਰੇ ਉੱਤੇ ਕੋਈ ਇਹ ਨਾ ਆਖੇ ਜੋ ਉਹ ਨੂੰ ਇੱਕ ਤੀਵੀਂ ਨੇ ਮਾਰ ਸੁੱਟਿਆ! ਅਤੇ ਉਸ ਜੁਆਨ ਨੇ ਉਹ ਨੂੰ ਵਿੰਨ੍ਹ ਦਿੱਤਾ ਸੋ ਉਹ ਮਰ ਗਿਆ
ਕਜ਼ਾ 9 : 55 (PAV)
ਜਾਂ ਇਸਰਾਏਲੀਆਂ ਨੇ ਡਿੱਠਾ ਜੋ ਅਬੀਮਲਕ ਪੂਰਾ ਹੋ ਗਿਆ ਹੈ ਤਾਂ ਸੱਭੋ ਆਪੋ ਆਪਣੇ ਘਰ ਨੂੰ ਚੱਲੇ ਗਏ।।
ਕਜ਼ਾ 9 : 56 (PAV)
ਇਉਂ ਪਰਮੇਸ਼ਰ ਨੇ ਅਬੀਮਲਕ ਦੇ ਉਸ ਅਨ੍ਹੇਰ ਨੂੰ ਜੋ ਉਹ ਨੇ ਆਪਣਿਆਂ ਸੱਤਰ ਭਰਾਵਾਂ ਨੂੰ ਵੱਢ ਕੇ ਆਪਣੇ ਪਿਉ ਦੇ ਨਾਲ ਕੀਤਾ ਸੀ ਉਹ ਦੇ ਉੱਤੇ ਹੋਇਆ
ਕਜ਼ਾ 9 : 57 (PAV)
ਅਤੇ ਸ਼ਕਮ ਦੇ ਲੋਕਾਂ ਦੀ ਸਾਰੀ ਬੁਰਿਆਈ ਉਨ੍ਹਾਂ ਦਿਆਂ ਸਿਰਾਂ ਉੱਤੇ ਪਰਮੇਸ਼ੁਰ ਨੇ ਪਾਈ ਅਤੇ ਉਨ੍ਹਾਂ ਉੱਤੇ ਯਰੁੱਬਆਲ ਦੇ ਪੁੱਤ੍ਰ ਯੋਥਾਮ ਦਾ ਸਰਾਪ ਆ ਪਿਆ।।
❮
❯