ਅਮਸਾਲ 8 : 1 (PAV)
ਭਲਾ, ਬੁੱਧ ਨਹੀਂ ਪੁਕਾਰਦੀॽ ਭਲਾ, ਸਮਝ ਅਵਾਜ਼ ਨਹੀਂ ਮਾਰਦੀॽ
ਅਮਸਾਲ 8 : 2 (PAV)
ਉਹ ਰਾਹ ਦੇ ਲਾਗੇ ਉੱਚੀਂ ਥਾਈਂ, ਅਤੇ ਚੌਰਾਹਿਆਂ ਵਿੱਚ ਖਲੋਂਦੀ ਹੈਂ।
ਅਮਸਾਲ 8 : 3 (PAV)
ਫਾਟਕਾਂ ਦੇ ਕੋਲ, ਨਗਰ ਦੇ ਲਾਂਘਿਆਂ ਤੇ, ਅਤੇ ਬੂਹਿਆਂ ਦੇ ਕੋਲ ਉਹ ਹਾਕ ਮਾਰਦੀ ਹੈ, -
ਅਮਸਾਲ 8 : 4 (PAV)
ਹੇ ਮਨੁੱਖੋਂ, ਮੈਂ ਤੁਹਾਨੂੰ ਹੀ ਪੁਕਾਰਦੀ ਹਾਂ, ਅਤੇ ਆਦਮ ਵੰਸੀਆਂ ਲਈ ਮੇਰੀ ਅਵਾਜ਼ ਹੈ!
ਅਮਸਾਲ 8 : 5 (PAV)
ਹੇ ਭੋਲਿਓ, ਹੁਸ਼ਿਆਰੀ ਸਿੱਖੋ, ਅਤੇ ਹੇ ਮੂਰਖੋ, ਤੁਸੀਂ ਮਨ ਵਿੱਚ ਚਤਰ ਬਣੋ!
ਅਮਸਾਲ 8 : 6 (PAV)
ਸੁਣੋ, ਮੈਂ ਉੱਤਮ ਗੱਲਾਂ ਆਖਾਂਗੀ, ਅਤੇ ਮੇਰੇ ਬੁੱਲ੍ਹ ਖਰੀਆਂ ਗੱਲਾਂ ਲਈ ਖੁਲ੍ਹਣਗੇ,
ਅਮਸਾਲ 8 : 7 (PAV)
ਕਿਉਂ ਜੋ ਮੇਰੀ ਜੀਭ ਸੱਚੋ ਸੱਚ ਆਖੇਗੀ, ਅਤੇ ਮੇਰੇ ਬੁੱਲ੍ਹਾਂ ਨੂੰ ਦੁਸ਼ਟਤਾਈ ਤੋਂ ਘਿਣ ਆਉਂਦੀ ਹੈ।
ਅਮਸਾਲ 8 : 8 (PAV)
ਮੇਰੇ ਮੂੰਹ ਦੇ ਸਾਰੇ ਬਚਨ ਧਰਮ ਦੇ ਹਨ, ਉਨ੍ਹਾਂ ਵਿੱਚੋਂ ਕੋਈ ਵਿੰਗਾ ਟੇਢਾ ਨਹੀਂ।
ਅਮਸਾਲ 8 : 9 (PAV)
ਸਮਝ ਵਾਲੇ ਦੇ ਲਈ ਓਹ ਸੱਭੇ ਸਹਿਜ ਹਨ, ਅਤੇ ਗਿਆਨ ਪ੍ਰਾਪਤ ਕਰਨ ਵਾਲਿਆਂ ਦੇ ਲਈ ਓਹ ਖਰੇ ਹਨ।
ਅਮਸਾਲ 8 : 10 (PAV)
ਚਾਂਦੀ ਨਾਲੋਂ ਮੇਰੀ ਸਿੱਖਿਆ ਨੂੰ, ਅਤੇ ਚੋਖੇ ਸੋਨੇ ਨਾਲੋਂ ਗਿਆਨ ਨੂੰ ਗ੍ਰਹਿਣ ਕਰੋ,
ਅਮਸਾਲ 8 : 11 (PAV)
ਕਿਉਂ ਜੋ ਬੁੱਧ ਲਾਲਾਂ ਨਾਲੋਂ ਵੀ ਉੱਤਮ ਹੈ, ਅਤੇ ਸੱਭੋ ਮਨੋਹਰ ਵਸਤਾਂ ਉਹ ਦੇ ਤੁੱਲ ਨਹੀਂ ਹੁੰਦੀਆਂ।
ਅਮਸਾਲ 8 : 12 (PAV)
ਮੈਂ ਬੁੱਧ ਸਿਆਣਪ ਨਾਲ ਵੱਸਦੀ ਹਾਂ, ਅਤੇ ਗਿਆਨ ਤੇ ਸੋਝੀ ਨੂੰ ਮੈਂ ਹੀ ਭਾਲ ਕੇ ਕੱਢਦੀ ਹੈਂ।
ਅਮਸਾਲ 8 : 13 (PAV)
ਯਹੋਵਾਹ ਦਾ ਭੈ ਬੁਰਿਆਈ ਤੋਂ ਸੂਗ ਕਰਨਾ ਹੈ, ਘੁਮੰਡ, ਹੰਕਾਰ ਅਤੇ ਬੁਰੀ ਚਾਲ ਨਾਲ, ਪੁੱਠੇ ਮੂੰਹ ਨਾਲ ਵੀ ਮੈਂ ਵੈਰ ਰੱਖਦੀ ਹਾਂ।
ਅਮਸਾਲ 8 : 14 (PAV)
ਮੱਤ ਅਤੇ ਦਨਾਈ ਮੇਰੀ ਹੈ, ਸਮਝ ਮੈਂ ਹਾਂ, ਸਮਰੱਥਾ ਮੇਰੀ ਹੈ।
ਅਮਸਾਲ 8 : 15 (PAV)
ਪਾਤਸ਼ਾਹ ਮੇਰੀ ਸਹਾਇਤਾ ਨਾਲ ਪਾਤਸ਼ਾਹੀ ਕਰਦੇ, ਅਤੇ ਹਾਕਮ ਧਰਮ ਦੇ ਹੁਕਮ ਚਲਾਉਂਦੇ ਹਨ।
ਅਮਸਾਲ 8 : 16 (PAV)
ਮੇਰੇ ਹੀ ਕਾਰਨ ਸਰਦਾਰ ਸਰਦਾਰੀ ਕਰਦੇ ਹਨ, ਨਾਲੇ ਧਰਤੀ ਦੇ ਪਤਵੰਤ ਅਤੇ ਸਾਰੇ ਨਿਆਈ ਵੀ।
ਅਮਸਾਲ 8 : 17 (PAV)
ਜਿਹੜੇ ਮੇਰੇ ਨਾਲ ਪ੍ਰੀਤ ਲਾਉਂਦੇ ਹਨ ਉਨ੍ਹਾਂ ਨਾਲ ਮੈਂ ਵੀ ਪ੍ਰੀਤ ਲਾਉਂਦੀ ਹਾਂ। ਅਤੇ ਜਿਹੜੇ ਮਨੋ ਲਾ ਕੇ ਮੈਨੂੰ ਭਾਲਦੇ ਹਨ ਓਹ ਮੈਨੂੰ ਲੱਭ ਲੈਣਗੇ।।
ਅਮਸਾਲ 8 : 18 (PAV)
ਧਨ ਅਤੇ ਆਦਰ ਮੇਰੇ ਹੱਥ ਵਿੱਚ ਹਨ, ਸਗੋਂ ਸਦੀਪਕ ਧਨ ਤੇ ਧਰਮ ਵੀ।
ਅਮਸਾਲ 8 : 19 (PAV)
ਤੇਰਾ ਫ਼ਲ ਸੋਨੇ ਸਗੋਂ ਚੋਖੋ ਸੋਨੇ ਨਾਲੋਂ ਚੰਗਾ ਹੈ, ਅਤੇ ਮੇਰੀ ਪ੍ਰਾਪਤੀ ਉੱਤਮ ਚਾਂਦੀ ਨਾਲੋਂ।
ਅਮਸਾਲ 8 : 20 (PAV)
ਮੈਂ ਧਰਮ ਦੇ ਮਾਰਗ ਵਿੱਚ, ਅਤੇ ਨਿਆਉਂ ਦੇ ਪਹਿਆਂ ਦੇ ਵਿਚਕਾਰ ਤੁਰਦੀ ਹਾਂ।
ਅਮਸਾਲ 8 : 21 (PAV)
ਤਾਂ ਜੋ ਆਪਣੇ ਪ੍ਰੇਮੀਆਂ ਨੂੰ ਧਨ ਦੇ ਵਾਰਸ ਬਣਾਵਾਂ, ਅਤੇ ਉਨ੍ਹਾਂ ਦੇ ਖ਼ਜਾਨੇ ਭਰ ਦਿਆਂ।।
ਅਮਸਾਲ 8 : 22 (PAV)
ਯਹੋਵਾਹ ਨੇ ਆਪਣੇ ਕੰਮ ਦੇ ਅਰੰਭ ਵਿੱਚ, ਸਗੋਂ ਆਪਣੇ ਪਰਾਚੀਨ ਕਾਲ ਦੇ ਕੰਮਾਂ ਤੋਂ ਵੀ ਪਹਿਲਾਂ ਮੈਨੂੰ ਰਚਿਆ।
ਅਮਸਾਲ 8 : 23 (PAV)
ਆਦ ਤੋਂ ਸਗੋਂ ਮੁੱਢੋਂ ਹੀ ਮੈਂ ਥਾਪੀ ਗਈ, ਧਰਤੀ ਦੇ ਹੋਣ ਤੋਂ ਪਹਿਲਾਂ।
ਅਮਸਾਲ 8 : 24 (PAV)
ਜਿਸ ਵੇਲੇ ਡੁੰਘਿਆਈਆਂ ਨਹੀਂ ਸਨ ਮੈਂ ਪੈਦਾ ਹੋਈ, ਜਦ ਵਗਦੇ ਸੋਤੇ ਨਹੀਂ ਸਨ।
ਅਮਸਾਲ 8 : 25 (PAV)
ਪਹਾੜਾਂ ਦੇ ਰੱਖਣ ਤੋਂ ਪਹਿਲਾਂ, ਅਤੇ ਪਹਾੜੀਆਂ ਤੋਂ ਪਹਿਲਾਂ ਮੈਂ ਪੈਦਾ ਹੋਈ।
ਅਮਸਾਲ 8 : 26 (PAV)
ਜਦੋਂ ਉਹ ਨੇ ਨਾ ਧਰਤੀ ਨਾ ਮੈਦਾਨ, ਨਾ ਜਗਤ ਦੀ ਪਹਿਲੀ ਧੂੜ ਹੀ ਬਣਾਈ ਸੀ।
ਅਮਸਾਲ 8 : 27 (PAV)
ਜਦ ਉਹ ਨੇ ਅਕਾਸ਼ ਕਾਇਮ ਕੀਤੇ, ਮੈਂ ਉੱਥੇ ਸਾਂ, - ਜਦ ਡੁੰਘਿਆਈ ਉੱਤੇ ਮੰਡਲ ਠਹਿਰਾਇਆ।
ਅਮਸਾਲ 8 : 28 (PAV)
ਜਦ ਉਹ ਨੇ ਬੱਦਲਾਂ ਨੂੰ ਉੱਪਰੋਂ ਇਸਥਿਰ ਕੀਤਾ, ਅਤੇ ਡੁੰਘਿਆਈ ਦੇ ਚਸ਼ਮੇ ਤਕੜੇ ਕੀਤੇ,
ਅਮਸਾਲ 8 : 29 (PAV)
ਜਦ ਉਹ ਨੇ ਸਮੁੰਦਰ ਦੇ ਬੰਨੇ ਠਹਿਰਾਏ, ਭਈ ਪਾਣੀ ਉਹ ਦੇ ਹੁਕਮੋਂ ਬਾਹਰ ਨਾ ਜਾਵੇ, ਜਦ ਉਹ ਨੇ ਧਰਤੀ ਦੀਆਂ ਨੀਹਾਂ ਠਹਿਰਾਈਆਂ,
ਅਮਸਾਲ 8 : 30 (PAV)
ਤਦ ਮੈਂ ਰਾਜ ਮਿਸਤਰੀ ਦੇ ਸਮਾਨ ਉਹ ਦੇ ਨਾਲ ਹੈਸਾਂ, ਮੈਂ ਨਿੱਤ ਉਹ ਨੂੰ ਰਿਝਾਉਂਦੀ ਤੇ ਸਦਾ ਉਹ ਦੇ ਅੱਗੇ ਖੇਡਦੀ ਰਹਿੰਦੀ,
ਅਮਸਾਲ 8 : 31 (PAV)
ਮੈਂ ਉਹ ਦੀ ਵਸਾਈ ਹੋਈ ਧਰਤੀ ਉੱਤੇ ਖੇਡਦੀ ਰਹਿੰਦੀ, ਅਤੇ ਆਦਮ ਵੰਸੀਆਂ ਨਾਲ ਪਰਸੰਨ ਹੁੰਦੀ ਸਾਂ।।
ਅਮਸਾਲ 8 : 32 (PAV)
ਸੋ ਹੁਣ, ਹੇ ਮੇਰੇ ਪੁੱਤ੍ਰੋਂ, ਤੁਸੀਂ ਮੇਰੀ ਸੁਣੋ, ਕਿਉਂ ਜੋ ਧੰਨ ਓਹ ਹਨ ਜਿਹੜੇ ਮੇਰੇ ਰਾਹਾਂ ਦੀ ਪਾਲਨਾ ਕਰਦੇ ਹਨ।
ਅਮਸਾਲ 8 : 33 (PAV)
ਸਿੱਖਿਆ ਨੂੰ ਸੁਣੋ ਤੇ ਬੁੱਧਵਾਨ ਬਣੋ, ਅਤੇ ਉਸ ਤੋਂ ਮੂੰਹ ਨਾ ਮੋੜੋ।
ਅਮਸਾਲ 8 : 34 (PAV)
ਧੰਨ ਹੈ ਉਹ ਆਦਮੀ ਜੋ ਮੇਰੀ ਸੁਣਦਾ ਹੈ, ਜੋ ਮੇਰੇ ਬੂਹਿਆਂ ਉੱਤੇ ਨਿੱਤ ਉਡੀਕ ਕਰਦਾ, ਅਤੇ ਮੇਰੇ ਦਰਵੱਜਿਆਂ ਦੀਆਂ ਚੁਗਾਠਾਂ ਕੋਲ ਰਾਖੀ ਕਰਦਾ ਹੈ।
ਅਮਸਾਲ 8 : 35 (PAV)
ਜਿਹੜਾ ਮੈਨੂੰ ਲੱਭਦਾ ਹੈ, ਉਹ ਜੀਉਣ ਲੱਭਦਾ ਹੈ, ਅਤੇ ਯਹੋਵਾਹ ਤੋਂ ਕਿਰਪਾ ਪਾਵੇਗਾ।
ਅਮਸਾਲ 8 : 36 (PAV)
ਪਰ ਜੋ ਮੇਰਾ ਪਾਪ ਕਰਦਾ ਹੈ ਉਹ ਆਪਣੀ ਜਾਨ ਦਾ ਨੁਕਸਾਨ ਕਰਦਾ ਹੈ, ਜਿੰਨੇ ਮੇਰੇ ਨਾਲ ਵੈਰ ਰੱਖਦੇ ਹਨ ਓਹ ਮੌਤ ਨਾਲ ਪ੍ਰੀਤ ਲਾਉਂਦੇ ਹਨ!।।
❮
❯