ਜ਼ਬੂਰ 101 : 1 (PAV)
ਮੈਂ ਦਯਾ ਅਤੇ ਨਿਆਉਂ ਗਾਵਾਂਗਾ, ਹੇ ਯਹੋਵਾਹ, ਮੈਂ ਤੇਰੇ ਲਈ ਭਜਨ ਗਾਵਾਂਗਾ।
ਜ਼ਬੂਰ 101 : 2 (PAV)
ਮੈਂ ਪੂਰੇ ਰਾਹ ਵਿੱਚ ਸਿਆਣਾ ਬਣ ਕੇ ਚੱਲਾਂਗਾ, ਤੂੰ ਮੇਰੇ ਕੋਲ ਕਦੋਂ ਆਵੇਂਗਾॽ ਮੈਂ ਆਪਣੇ ਘਰ ਵਿੱਚ ਪੂਰੇ ਮਨ ਨਾਲ ਫਿਰਾਂਗਾ।
ਜ਼ਬੂਰ 101 : 3 (PAV)
ਮੈਂ ਵਿਰਥੀ ਗੱਲ ਨੂੰ ਆਪਣੀਆਂ ਅੱਖਾਂ ਦੇ ਸਾਹਮਣੇ ਨਾ ਰੱਖਾਂਗਾ, ਫਿਰਤੂਆਂ ਦੀ ਕਰਤੂਤ ਤੋਂ ਮੈਨੂੰ ਘਿਣ ਹੈ, ਉਹ ਮੈਨੂੰ ਨਾ ਚੰਬੜੇਗੀ।
ਜ਼ਬੂਰ 101 : 4 (PAV)
ਮਨ ਦਾ ਕੱਬਪੁਣਾ ਮੈਥੋਂ ਦੂਰ ਰਹੇਗਾ, ਮੈਂ ਬੁਰਿਆਈ ਨੂੰ ਨਾ ਜਾਣਾਂਗਾ।
ਜ਼ਬੂਰ 101 : 5 (PAV)
ਜਿਹੜਾ ਓਹਲੇ ਵਿੱਚ ਆਪਣੇ ਗੁਆਂਢੀ ਦੀ ਚੁਗਲੀ ਕਰਦਾ ਹੈ, ਮੈਂ ਉਹ ਨੂੰ ਮਿਟਾ ਦਿਆਂਗਾ, ਉੱਚੀ ਅੱਖ ਤੇ ਮਨ ਦੀ ਆਕੜ ਨੂੰ ਮੈਂ ਨਹੀਂ ਝੱਲਾਂਗਾ।
ਜ਼ਬੂਰ 101 : 6 (PAV)
ਮੇਰੀ ਨਿਗਾਹ ਦੇਸ ਦੇ ਸਚਿਆਰਾਂ ਉੱਤੇ ਰਹੇਗੀ ਭਈ ਓਹ ਮੇਰੇ ਨਾਲ ਵੱਸਣ, ਜਿਹੜਾ ਪੂਰੇ ਰਾਹ ਵਿੱਚ ਚੱਲਦਾ ਹੈ ਉਹ ਮੇਰੀ ਸੇਵਾ ਕਰੇਗਾ।
ਜ਼ਬੂਰ 101 : 7 (PAV)
ਛਲੀਆ ਮੇਰੇ ਘਰ ਵਿੱਚ ਨਾ ਵੱਸੇਗਾ, ਝੂਠਾ ਮੇਰੀਆਂ ਅੱਖਾਂ ਦੇ ਅੱਗੇ ਕਾਇਮ ਨਾ ਰਹੇਗਾ।
ਜ਼ਬੂਰ 101 : 8 (PAV)
ਹਰ ਸਵੇਰ ਨੂੰ ਮੈਂ ਦੇਸ ਦਿਆਂ ਸਾਰਿਆਂ ਦੁਸ਼ਟਾਂ ਨੂੰ ਮਿਟਾਇਆ ਕਰਾਂਗਾ, ਤਾਂ ਜੋ ਯਹੋਵਾਹ ਦੇ ਸ਼ਹਿਰ ਵਿੱਚੋਂ ਸਾਰੇ ਕੁਕਰਮੀਆਂ ਦਾ ਨਾਸ ਕਰ ਦੇਵਾਂ।।
❮
❯