ਜ਼ਬੂਰ 103 : 1 (PAV)
ਹੇ ਮੇਰੀ ਜਾਨ, ਯਹੋਵਾਹ ਨੂੰ ਮੁਬਾਰਕ ਆਖ, ਅਤੇ ਜੋ ਕੁਝ ਮੇਰੇ ਅੰਦਰ ਹੈ, ਉਸ ਦੇ ਪਵਿੱਤਰ ਨਾਮ ਨੂੰ!
ਜ਼ਬੂਰ 103 : 2 (PAV)
ਹੇ ਮੇਰੀ ਜਾਨ, ਯਹੋਵਾਹ ਨੂੰ ਮੁਬਾਰਕ ਆਖ, ਅਤੇ ਉਹ ਦੇ ਸਾਰੇ ਉਪਕਾਰ ਨਾ ਵਿਸਾਰ!
ਜ਼ਬੂਰ 103 : 3 (PAV)
ਉਹ ਤੇਰੀਆਂ ਸਾਰੀਆਂ ਬੁਰਿਆਈਆਂ ਨੂੰ ਖਿਮਾ ਕਰਦਾ ਹੈ, ਉਹ ਸਾਰੇ ਰੋਗਾਂ ਤੋਂ ਤੈਨੂੰ ਨਰੋਆ ਕਰਦਾ ਹੈ।
ਜ਼ਬੂਰ 103 : 4 (PAV)
ਉਹ ਤੇਰੀ ਜਿੰਦ ਨੂੰ ਟੋਏ ਤੋਂ ਨਿਸਤਾਰਾ ਦਿੰਦਾ ਹੈ, ਉਹ ਤੇਰੇ ਸਿਰ ਉੱਤੇ ਦਯਾ ਤੇ ਰਹਮ ਦਾ ਮੁਕਟ ਰੱਖਦਾ ਹੈ।
ਜ਼ਬੂਰ 103 : 5 (PAV)
ਉਹ ਭਲਿਆਈ ਨਾਲ ਤੇਰੇ ਮੂੰਹ ਨੂੰ ਰਜਾਉਂਦਾ ਹੈ, ਤੂੰ ਉਕਾਬ ਵਾਂਙੁ ਆਪਣੀ ਜੁਆਨੀ ਨੂੰ ਨਵਾਂ ਕਰਦਾ ਹੈਂ।
ਜ਼ਬੂਰ 103 : 6 (PAV)
ਯਹੋਵਾਹ ਧਰਮ ਦੇ ਕੰਮ ਅਤੇ ਨਿਆਉਂ ਸਭ ਦਬਾਏ ਹੋਇਆਂ ਦੇ ਲਈ ਕਰਦਾ ਹੈ।
ਜ਼ਬੂਰ 103 : 7 (PAV)
ਉਹ ਨੇ ਆਪਣੇ ਰਾਹ ਮੂਸਾ ਉੱਤੇ, ਅਤੇ ਆਪਣੇ ਕੰਮ ਇਸਰਾਏਲ ਉੱਤੇ ਪਰਗਟ ਕੀਤੇ।
ਜ਼ਬੂਰ 103 : 8 (PAV)
ਯਹੋਵਾਹ ਦਯਾਲੂ ਤੇ ਕਿਰਪਾਲੂ ਹੈ, ਗੁੱਸੇ ਵਿੱਚ ਧੀਰਜੀ ਅਤੇ ਦਯਾ ਨਾਲ ਭਰਪੂਰ ਹੈ।
ਜ਼ਬੂਰ 103 : 9 (PAV)
ਉਸ ਸਦਾ ਨਹੀਂ ਝਿੜਕੇਗਾ, ਨਾ ਸਦਾ ਲਈ ਆਪਣਾ ਕ੍ਰੋਧ ਰੱਖੇਗਾ।
ਜ਼ਬੂਰ 103 : 10 (PAV)
ਉਹ ਸਾਡੇ ਪਾਪਾਂ ਅਨੁਸਾਰ ਸਾਡੇ ਨਾਲ ਨਹੀਂ ਵਰਤਿਆ, ਨਾ ਸਾਡੀਆਂ ਬਦੀਆਂ ਅਨੁਸਾਰ ਸਾਨੂੰ ਬਦਲਾ ਦਿੱਤਾ।
ਜ਼ਬੂਰ 103 : 11 (PAV)
ਜਿੰਨਾ ਉੱਚਾ ਅਕਾਸ਼ ਧਰਤੀ ਉੱਤੋਂ ਹੈ, ਇੰਨੀ ਵੱਡੀ ਉਹ ਦੀ ਦਯਾ ਉਹ ਦੇ ਡਰਨ ਵਾਲਿਆਂ ਉੱਤੇ ਹੈ!
ਜ਼ਬੂਰ 103 : 12 (PAV)
ਜਿੰਨਾ ਚੜ੍ਹਦਾ ਲਹਿੰਦੇ ਤੋਂ ਦੂਰ ਹੈ, ਉੱਨੇ ਹੀ ਉਸ ਨੇ ਸਾਡੇ ਅਪਰਾਧ ਸਾਥੋਂ ਦੂਰ ਕੀਤੇ ਹਨ!
ਜ਼ਬੂਰ 103 : 13 (PAV)
ਜਿਵੇਂ ਪਿਤਾ ਆਪਣੇ ਬੱਚਿਆਂ ਦਾ ਤਰਸ ਖਾਂਦਾ ਹੈ, ਤਿਵੇਂ ਯਹੋਵਾਹ ਆਪਣੇ ਡਰਨ ਵਾਲਿਆਂ ਦਾ ਤਰਸ ਖਾਂਦਾ ਹੈ।
ਜ਼ਬੂਰ 103 : 14 (PAV)
ਉਹ ਤਾਂ ਸਾਡੀ ਸਰਿਸ਼ਟੀ ਨੂੰ ਜਾਣਦਾ ਹੈ, ਉਹ ਨੂੰ ਚੇਤਾ ਹੈ ਭਈ ਅਸੀਂ ਮਿੱਟੀ ਹੀ ਹਾਂ!
ਜ਼ਬੂਰ 103 : 15 (PAV)
ਇਨਸਾਨ ਦੀ ਆਯੂ ਘਾਹ ਜਿੰਨੀ ਹੈ, ਮਦਾਨ ਦੇ ਫੁੱਲ ਵਾਂਙੁ ਉਹ ਟਹਿਕਦਾ ਹੈ,
ਜ਼ਬੂਰ 103 : 16 (PAV)
ਜਦ ਵਾਉ ਉਹ ਦੇ ਉੱਤੇ ਵਗਦੀ ਤਦ ਉਹ ਹੈ ਹੀ ਨਹੀਂ ਅਤੇ ਉਹ ਦਾ ਥਾਂ ਉਹ ਨੂੰ ਫੇਰ ਨਹੀਂ ਵੇਖੇਗਾ।
ਜ਼ਬੂਰ 103 : 17 (PAV)
ਪਰ ਯਹੋਵਾਹ ਦੀ ਦਯਾ ਆਦ ਤੋਂ ਅੰਤ ਤੀਕ ਆਪਣੇ ਡਰਨ ਵਾਲਿਆਂ ਦੇ ਉੱਤੇ ਹੈ, ਅਤੇ ਉਹ ਦਾ ਧਰਮ ਪੁੱਤ੍ਰਾਂ ਪੋਤ੍ਰਿਆਂ ਤੀਕ,
ਜ਼ਬੂਰ 103 : 18 (PAV)
ਅਰਥਾਤ ਉਨ੍ਹਾਂ ਲਈ ਜਿਹੜੇ ਉਹ ਦੇ ਨੇਮ ਨੂੰ ਮੰਨਦੇ, ਤੇ ਉਹ ਦੇ ਫ਼ਰਮਾਨਾਂ ਨੂੰ ਚੇਤੇ ਰੱਖਦੇ ਤੇ ਪੂਰੇ ਕਰਦੇ ਹਨ।।
ਜ਼ਬੂਰ 103 : 19 (PAV)
ਯਹੋਵਾਹ ਨੇ ਆਪਣੀ ਰਾਜ ਗੱਦੀ ਸੁਰਗ ਵਿੱਚ ਕਾਇਮ ਕੀਤੀ ਹੈ, ਅਤੇ ਉਹ ਦੀ ਪਾਤਸ਼ਾਹੀ ਦਾ ਹੁਕਮ ਸਭਨਾਂ ਉੱਤੇ ਹੈ।
ਜ਼ਬੂਰ 103 : 20 (PAV)
ਹੇ ਉਹ ਦੇ ਦੂਤੋਂ, ਯਹੋਵਾਹ ਨੂੰ ਮੁਬਾਰਕ ਆਖੋ, ਤੁਸੀਂ ਜਿਹੜੇ ਸ਼ਕਤੀ ਵਿੱਚ ਬਲਵਾਨ ਹੋ, ਅਤੇ ਉਹ ਦਾ ਸ਼ਬਦ ਸੁਣ ਕੇ ਉਹ ਨੂੰ ਪੂਰਿਆਂ ਕਰਦੇ ਹੋ!
ਜ਼ਬੂਰ 103 : 21 (PAV)
ਹੇ ਉਹ ਦੀਓ ਸਾਰੀਓ ਸੈਨਾਵੋ, ਯਹੋਵਾਹ ਨੂੰ ਮੁਬਾਰਕ ਆਖੋ, ਤੁਸੀਂ ਜਿਹੜੇ ਉਹ ਦੇ ਸੇਵਕ ਹੋ ਤੇ ਉਹ ਦੀ ਮਰਜ਼ੀ ਨੂੰ ਪੂਰਿਆਂ ਕਰਦੇ ਹੋ!
ਜ਼ਬੂਰ 103 : 22 (PAV)
ਹੇ ਉਹ ਦੇ ਕਾਰਜੋ, ਉਹ ਦੀ ਪਾਤਸ਼ਾਹੀ ਦਿਆਂ ਸਾਰਿਆਂ ਥਾਂਵਾਂ ਵਿੱਚ, ਯਹੋਵਾਹ ਨੂੰ ਮੁਬਾਰਕ ਆਖੋ! ਹੇ ਮੇਰੀ ਜਾਨ, ਯਹੋਵਾਹ ਨੂੰ ਮੁਬਾਰਕ ਆਖ!।।

1 2 3 4 5 6 7 8 9 10 11 12 13 14 15 16 17 18 19 20 21 22