ਜ਼ਬੂਰ 146 : 1 (PAV)
ਹਲਲੂਯਾਹ! ਹੇ ਮੇਰੀ ਜਾਨ, ਯਹੋਵਾਹ ਦੀ ਉਸਤਤ ਕਰ!
ਜ਼ਬੂਰ 146 : 2 (PAV)
ਮੈਂ ਜੀਵਨ ਭਰ ਯਹੋਵਾਹ ਦੀ ਉਸਤਤ ਕਰਾਂਗਾ, ਜਿੰਨਾ ਚਿਰ ਮੈਂ ਰਹਾਂਗਾ ਮੈਂ ਆਪਣੇ ਪਰਮੇਸ਼ੁਰ ਦਾ ਭਜਨ ਗਾਵਾਂਗਾ।
ਜ਼ਬੂਰ 146 : 3 (PAV)
ਹਾਕਮਾਂ ਦੇ ਉੱਤੇ ਭਰੋਸਾ ਨਾ ਰੱਖੋ, ਨਾ ਆਦਮ ਵੰਸ ਉੱਤੇ, ਜਿਹ ਦੇ ਕੋਲ ਬਚਾਓ ਹੈ ਨਹੀਂ।
ਜ਼ਬੂਰ 146 : 4 (PAV)
ਉਹ ਦਾ ਸਾਹ ਨਿੱਕਲ ਜਾਵੇਗਾ, ਉਹ ਆਪਣੀ ਮਿੱਟੀ ਵਿੱਚ ਮੁੜ ਜਾਵੇਗਾ, ਉਸੇ ਦਿਨ ਉਹ ਦੇ ਪਰੋਜਨ ਨਾਸ ਹੋ ਜਾਂਦੇ ਹਨ!
ਜ਼ਬੂਰ 146 : 5 (PAV)
ਧੰਨ ਉਹ ਹੈ ਜਿਹ ਦਾ ਸਹਾਇਕ ਯਾਕੂਬ ਦਾ ਪਰਮੇਸ਼ੁਰ ਹੈ, ਜਿਹ ਦੀ ਆਸਾ ਯਹੋਵਾਹ ਆਪਣੇ ਪਰਮੇਸ਼ੁਰ ਉੱਤੇ ਹੈ!
ਜ਼ਬੂਰ 146 : 6 (PAV)
ਉਹ ਨੇ ਅਕਾਸ਼ ਤੇ ਧਰਤੀ ਨੂੰ ਸਮੁੰਦਰ ਨੂੰ ਤੇ ਜੋ ਕੁਝ ਉਸ ਵਿੱਚ ਹੈ ਬਣਾਇਆ ਉਹ ਵਫ਼ਾਦਾਰੀ ਦੀ ਸਦਾ ਤੀਕ ਪਾਲਨਾ ਕਰਦਾ ਹੈ।
ਜ਼ਬੂਰ 146 : 7 (PAV)
ਉਹ ਦਬਾਏ ਹੋਇਆਂ ਦਾ ਨਿਆਉਂ ਕਰਦਾ ਹੈ। ਉਹ ਭੁੱਖਿਆਂ ਨੂੰ ਰੋਟੀ ਦਿੰਦਾ ਹੈ, ਯਹੋਵਾਹ ਅਸੀਰਾਂ ਨੂੰ ਛੁਡਾ ਦਿੰਦਾ ਹੈ।
ਜ਼ਬੂਰ 146 : 8 (PAV)
ਯਹੋਵਾਹ ਅੰਨ੍ਹਿਆਂ ਦੀਆਂ ਅੱਖਾਂ ਨੂੰ ਖੋਲ੍ਹ ਦਿੰਦਾ ਹੈ, ਯਹੋਵਾਹ ਝੁਕਿਆਂ ਹੋਇਆਂ ਨੂੰ ਸਿੱਧਾ ਕਰਦਾ ਹੈ, ਯਹੋਵਾਹ ਧਰਮੀਆਂ ਨੂੰ ਪਿਆਰ ਕਰਦਾ ਹੈ।
ਜ਼ਬੂਰ 146 : 9 (PAV)
ਯਹੋਵਾਹ ਪਰਦੇਸੀਆਂ ਦੀ ਪਾਲਨਾ ਕਰਦਾ ਹੈ, ਯਤੀਮਾਂ ਤੇ ਵਿਧਵਾਂ ਨੂੰ ਉਹ ਸੰਭਾਲਦਾ ਹੈ, ਪਰ ਦੁਸ਼ਟਾਂ ਦਾ ਰਾਹ ਵਿੰਗਾ ਕਰ ਦਿੰਦਾ ਹੈ।
ਜ਼ਬੂਰ 146 : 10 (PAV)
ਯਹੋਵਾਹ ਸਦਾ ਤੀਕ ਰਾਜ ਕਰੇਗਾ, ਤੇਰਾ ਪਰਮੇਸ਼ੁਰ, ਹੇ ਸੀਯੋਨ, ਪੀੜ੍ਹੀਓਂ ਪੀੜ੍ਹੀ ਤੀਕ। ਹਲਲੂਯਾਹ!।।
❮
❯