ਜ਼ਬੂਰ 55 : 1 (PAV)
ਹੇ ਪਰਮੇਸ਼ੁਰ, ਮੇਰੀ ਪ੍ਰਾਰਥਨਾ ਉੱਤੇ ਕੰਨ ਧਰ, ਅਤੇ ਮੇਰੀ ਬੇਨਤੀ ਤੋਂ ਆਪਣੇ ਆਪ ਨੂੰ ਨਾ ਲੁਕਾ,
ਜ਼ਬੂਰ 55 : 2 (PAV)
ਮੇਰੀ ਵੱਲ ਧਿਆਨ ਕਰ ਅਤੇ ਮੈਨੂੰ ਉੱਤਰ ਦੇਹ! ਮੈਂ ਆਪਣੀ ਫਰਿਆਦ ਵਿੱਚ ਬੇਚੈਨ ਰਹਿੰਦਾ ਹਾਂ, ਅਤੇ ਮੈਂ ਹੂੰਗਦਾ ਰਹਿੰਦਾ ਹਾਂ,
ਜ਼ਬੂਰ 55 : 3 (PAV)
ਵੈਰੀ ਦੀ ਅਵਾਜ਼ ਦੇ ਕਾਰਨ, ਅਤੇ ਦੁਸ਼ਟ ਦੇ ਦਬਾਓ ਦੇ ਕਾਰਨ, ਕਿਉਂ ਜੋ ਓਹ ਮੇਰੇ ਉੱਤੇ ਬਦੀ ਲੱਦਦੇ ਹਨ, ਅਤੇ ਕ੍ਰੋਧ ਨਾਲ ਮੈਨੂੰ ਸਤਾਉਂਦੇ ਹਨ।
ਜ਼ਬੂਰ 55 : 4 (PAV)
ਮੇਰਾ ਦਿਲ ਮੇਰੇ ਅੰਦਰ ਬਹੁਤ ਦੁਖੀ ਹੈ, ਅਤੇ ਮੌਤ ਦਾ ਭੈ ਮੇਰੇ ਉੱਤੇ ਆ ਪਿਆ ਹੈ।
ਜ਼ਬੂਰ 55 : 5 (PAV)
ਡਰ ਅਤੇ ਥਰਥਰਾਹਟ ਮੈਨੂੰ ਪੈ ਗਈ ਹੈ, ਅਤੇ ਹੌਲ ਨੇ ਮੈਨੂੰ ਦਬਾ ਲਿਆ ਹੈ।
ਜ਼ਬੂਰ 55 : 6 (PAV)
ਤਾਂ ਮੈਂ ਆਖਿਆ, ਕਾਸ਼ ਕਿ ਮੈਨੂੰ ਕਬੂਤਰ ਜੇਹੇ ਖੰਭ ਮਿਲਦੇ, ਤਾਂ ਮੈਂ ਉੱਡ ਜਾਂਦਾ ਤੇ ਅਰਾਮ ਪਾਉਂਦਾ!
ਜ਼ਬੂਰ 55 : 7 (PAV)
ਵੇਖੋ, ਮੈਂ ਦੂਰ ਵਾਟ ਉੱਡ ਜਾਂਦਾ, ਅਤੇ ਉਜਾੜ ਵਿੱਚ ਵਸੇਰਾ ਕਰਦਾ!।। ਸਲਹ।।
ਜ਼ਬੂਰ 55 : 8 (PAV)
ਮੈਂ ਅਨ੍ਹੇਰੀ ਅਤੇ ਤੁਫਾਨ ਤੋਂ ਛੇਤੀ ਓਟ ਲੈਂਦਾ।।
ਜ਼ਬੂਰ 55 : 9 (PAV)
ਹੇ ਪ੍ਰਭੁ, ਉਨ੍ਹਾਂ ਨੂੰ ਭੱਖ ਲੈ, ਉਨ੍ਹਾਂ ਦੀਆਂ ਰਸਨਾਂ ਵੱਖੋ ਵੱਖਰੀਆਂ ਕਰ ਦੇਹ, ਕਿਉਂ ਜੋ ਮੈਂ ਨਗਰ ਵਿੱਚ ਅਨ੍ਹੇਰ ਅਤੇ ਝਗੜਾ ਡਿੱਠਾ ਹੈ!
ਜ਼ਬੂਰ 55 : 10 (PAV)
ਦਿਨ ਰਾਤ ਓਹ ਉਸ ਦੀਆਂ ਕੰਧਾਂ ਉੱਤੇ ਉਸ ਦੇ ਚੁਫੇਰੇ ਘੁੰਮਦੇ ਹਨ, ਬਦੀ ਅਤੇ ਸ਼ਰਾਰਤ ਉਸ ਦੇ ਅੰਦਰ ਹੈ।
ਜ਼ਬੂਰ 55 : 11 (PAV)
ਤਬਾਹੀ ਉਸ ਦੇ ਅੰਦਰ ਹੈ, ਧੱਕੇ ਸ਼ਾਹੀ ਅਤੇ ਹੇਰਾ ਫੇਰੀ ਉਸ ਦੇ ਬਜ਼ਾਰਾਂ ਤੋਂ ਅਲੱਗ ਨਹੀਂ ਹੁੰਦੀ।।
ਜ਼ਬੂਰ 55 : 12 (PAV)
ਜਿਹੜਾ ਮੇਰੇ ਉੱਤੇ ਹਰਫ਼ ਲਿਆਉਂਦਾ, ਉਹ ਤਾਂ ਮੇਰਾ ਵੈਰੀ ਨਹੀਂ ਸੀ, ਨਹੀਂ ਤਾਂ ਮੈਂ ਸਹਿ ਲੈਂਦਾ, ਅਤੇ ਜੋ ਮੇਰੇ ਵਿਰੁੱਧ ਫੁੱਲਦਾ ਸੀ, ਉਹ ਮੇਰਾ ਦੁਸ਼ਮਣ ਨਹੀਂ ਸੀ, ਨਹੀਂ ਤਾਂ ਮੈਂ ਉਸ ਤੋਂ ਲੁਕ ਜਾਂਦਾ,
ਜ਼ਬੂਰ 55 : 13 (PAV)
ਪਰ ਤੂੰ ਹੀ ਸੈਂ ਜੋ ਮੇਰੇ ਬਰੋਬਰ ਦਾ ਮਨੁੱਖ, ਮੇਰੇ ਨਾਲ ਦਾ ਅਤੇ ਮੇਰਾ ਜਾਣੂ ਪਛਾਣੂ ਸੈਂ!
ਜ਼ਬੂਰ 55 : 14 (PAV)
ਅਸੀਂ ਆਪਸ ਵਿੱਚ ਮਿੱਠੀਆਂ ਗੋਂਦਾਂ ਗੁੰਦਦੇ ਹੁੰਦੇ ਸਾਂ, ਅਤੇ ਸੰਗਤ ਦੇ ਨਾਲ ਪਰਮੇਸ਼ੁਰ ਦੇ ਭਵਨ ਵਿੱਚ ਫਿਰਦੇ ਹੁੰਦੇ ਸਾਂ।।
ਜ਼ਬੂਰ 55 : 15 (PAV)
ਮੌਤ ਉਨ੍ਹਾਂ ਉੱਤੇ ਅਚਾਣਕ ਆ ਪਵੇ, ਓਹ ਜੀਉਂਦੇ ਜੀ ਪਤਾਲ ਵਿੱਚ ਉਤਰ ਜਾਣ, ਕਿਉਂ ਜੋ ਉਨ੍ਹਾਂ ਦੇ ਵਸੇਬਿਆਂ ਵਿੱਚ ਸਗੋਂ ਉਨ੍ਹਾਂ ਦੇ ਅੰਦਰ ਬੁਰਿਆਈ ਹੈ!
ਜ਼ਬੂਰ 55 : 16 (PAV)
ਪਰ ਮੈਂ ਪਰਮੇਸ਼ੁਰ ਨੂੰ ਪੁਕਾਰਾਂਗਾ, ਅਤੇ ਯਹੋਵਾਹ ਮੈਨੂੰ ਬਚਾ ਲਵੇਗਾ।
ਜ਼ਬੂਰ 55 : 17 (PAV)
ਸੰਝ, ਸਵੇਰ ਅਤੇ ਦੁਪਹਿਰ ਨੂੰ ਮੈਂ ਸ਼ਕਾਇਤ ਕਰਾਂਗਾ ਅਤੇ ਮੈਂ ਹੂੰਗਾਂਗਾ, ਅਤੇ ਉਹ ਮੇਰੀ ਅਵਾਜ਼ ਸੁਣੇਗਾ।
ਜ਼ਬੂਰ 55 : 18 (PAV)
ਉਹ ਨੇ ਮੇਰੀ ਜਾਨ ਨੂੰ ਹੱਲੇ ਵਿੱਚੋਂ ਸੁਖਾਲਾ ਛੁਡਾ ਲਿਆ, ਕਿਉਂ ਜੋ ਮੇਰੇ ਵਿਰੋਧੀ ਬਹੁਤ ਸਨ।
ਜ਼ਬੂਰ 55 : 19 (PAV)
ਪਰਮੇਸ਼ੁਰ ਸੁਣੇਗਾ ਅਤੇ ਉਨ੍ਹਾਂ ਨੂੰ ਉੱਤਰ ਦੇਵੇਗਾ, ਉਹ ਜੋ ਆਦ ਤੋਂ ਬਿਰਾਜਮਾਨ ਹੈ ।। ਸਲਹ।। ਏਹ ਓਹ ਹਨ ਜਿਨ੍ਹਾਂ ਲਈ ਅਦਲ ਬਦਲ ਨਹੀਂ, ਅਤੇ ਜਿਹੜੇ ਪਰਮੇਸ਼ੁਰ ਦਾ ਭੈ ਨਹੀਂ ਮੰਨਦੇ
ਜ਼ਬੂਰ 55 : 20 (PAV)
ਉਹ ਨੇ ਆਪਣੇ ਮੇਲੀਆਂ ਉੱਤੇ ਹੱਥ ਚੁੱਕੇ ਹਨ, ਉਹ ਨੇ ਆਪਣੇ ਨੇਮ ਨੂੰ ਭਰਿਸ਼ਟ ਕੀਤਾ।
ਜ਼ਬੂਰ 55 : 21 (PAV)
ਉਹ ਦਾ ਮੂੰਹ ਮੱਖਣ ਨਾਲੋਂ ਚਿਕਨਾ ਸੀ, ਪਰ ਉਹ ਦੇ ਦਿਲ ਵਿੱਚ ਲੜਾਈ ਸੀ! ਉਹ ਦੀਆਂ ਗੱਲਾਂ ਤੇਲ ਨਾਲੋਂ ਵੀ ਕੂਲੀਆਂ ਸਨ, ਪਰ ਓਹ ਸਨ ਨੰਗੀਆਂ ਤਲਵਾਰਾਂ!।।
ਜ਼ਬੂਰ 55 : 22 (PAV)
ਆਪਣਾ ਭਾਰ ਯਹੋਵਾਹ ਉੱਤੇ ਸੁੱਟ, ਅਤੇ ਉਹ ਤੈਨੂੰ ਸੰਭਾਲੇਗਾ, ਓਹ ਧਰਮੀ ਨੂੰ ਕਦੇ ਡੋਲਣ ਨਾ ਦੇਵੇਗਾ।।
ਜ਼ਬੂਰ 55 : 23 (PAV)
ਪਰ ਤੂੰ, ਹੇ ਪਰਮੇਸ਼ੁਰ, ਉਨ੍ਹਾਂ ਨੂੰ ਬਰਬਾਦੀ ਦੇ ਟੋਏ ਵਿੱਚ ਡੇਗ ਦੇਵੇਂਗਾ, ਹੱਤਿਆਰੇ ਅਤੇ ਕਪਟੀ ਮਨੁੱਖ ਆਪਣੀ ਅੱਧੀ ਉਮਰ ਤੀਕ ਵੀ ਨਾ ਅੱਪੜਨਗੇ, ਪਰ ਮੈਂ ਤੇਰੇ ਉੱਤੇ ਭਰੋਸਾ ਰੱਖਾਂਗਾ।।
❮
❯