ਜ਼ਬੂਰ 58 : 1 (PAV)
ਹੇ ਬਲਵਾਨ ਸੁਆਮੀਓ, ਕੀ ਤੁਸੀਂ ਸੁੱਚ ਮੁੱਚ ਧਰਮ ਨਾਲ ਬੋਲਦੇ ਹੋॽ ਕੀ ਤੁਸੀਂ ਆਦਮ ਵੰਸੀਆਂ ਦਾ ਸਿੱਧਾ ਨਿਆਉਂ ਕਰਦੇ ਹੋॽ
ਜ਼ਬੂਰ 58 : 2 (PAV)
ਨਹੀਂ, ਸਗੋਂ ਤੁਸੀਂ ਮਨੋਂ ਬਦੀ ਕਰਦੇ ਹੋ, ਧਰਤੀ ਉੱਤੇ ਤੁਸੀਂ ਆਪਣੇ ਹੱਥਾਂ ਦਾ ਅੰਨ੍ਹੇਰ ਤੋਲ ਦਿੰਦੇ ਹੋ!
ਜ਼ਬੂਰ 58 : 3 (PAV)
ਦੁਸ਼ਟ ਕੁੱਖੋਂ ਹੀ ਓਪਰੇ ਰਹੇ ਹਨ, ਓਹ ਜੰਮਦੇ ਸਾਰ ਹੀ ਝੂਠ ਬੋਲ ਬੋਲ ਕੇ ਭਟਕ ਜਾਂਦੇ ਹਨ।
ਜ਼ਬੂਰ 58 : 4 (PAV)
ਉਨ੍ਹਾਂ ਦੀ ਵਿੱਸ ਸੱਪ ਦੀ ਵਿੱਸ ਵਰਗੀ ਹੈ, ਓਹ ਉਸ ਬੋਲੇ ਨਾਗ ਦੀ ਨਿਆਈਂ ਹਨ ਜਿਹੜਾ ਆਪਣੇ ਕੰਨ ਮੁੰਦ ਲੈਂਦਾ ਹੈ,
ਜ਼ਬੂਰ 58 : 5 (PAV)
ਜਿਹੜਾ ਸਪੇਰਿਆਂ ਦੀ ਅਵਾਜ਼ ਨਹੀਂ ਸੁਣਦਾ, ਭਾਵੇਂ ਕੇਡੀ ਹੀ ਚਲਾਕੀ ਨਾਲ ਓਹ ਜਾਦੂ ਕਰਨ।
ਜ਼ਬੂਰ 58 : 6 (PAV)
ਹੇ ਪਰਮੇਸ਼ੁਰ, ਉਨ੍ਹਾਂ ਦਿਆਂ ਦੰਦਾਂ ਨੂੰ ਉਨ੍ਹਾਂ ਦੇ ਮੂੰਹ ਵਿੱਚ ਭੰਨ ਸੁੱਟ, ਹੇ ਯਹੋਵਾਹ, ਜੁਆਨ ਬਬਰ ਸ਼ੇਰਾਂ ਦੀਆਂ ਹੁੱਡਾਂ ਨੂੰ ਪੁੱਟ ਸੁੱਟ!
ਜ਼ਬੂਰ 58 : 7 (PAV)
ਓਹ ਵਗਦੇ ਪਾਣੀ ਵਾਂਙੁ ਰਹਿ ਜਾਣ, ਜਦ ਉਹ ਆਪਣੇ ਤੀਰਾਂ ਦਾ ਨਿਸ਼ਾਨਾ ਮਾਰੇ ਤਾਂ ਓਹ, ਮਾਨੋ, ਟੋਟੇ ਟੋਟੇ ਹੋ ਜਾਣ!
ਜ਼ਬੂਰ 58 : 8 (PAV)
ਓਹ ਘੋਗੇ ਵਾਂਙੁ ਹੋਣ ਜੋ ਗਲ ਕੇ ਜਾਂਦਾ ਰਹਿੰਦਾ ਹੈ, ਓਹ ਇਸਤ੍ਰੀ ਦੇ ਗਰਭ ਪਾਤ ਵਾਂਙੁ ਜਿਸ ਸੂਰਜ ਨਹੀਂ ਵੇਖਿਆ!।
ਜ਼ਬੂਰ 58 : 9 (PAV)
ਇਸ ਤੋਂ ਅੱਗੇ ਜੋ ਤੁਹਾਡੀਆਂ ਦੇਗਾਂ ਛਾਪਿਆਂ ਨਾਲ ਤੱਤੀਆਂ ਹੋਣ, ਉਹ ਜਲੇ, ਅਣਜਲੇ, ਦੋਹਾਂ ਨੂੰ ਵਾਵਰੋਲੇ ਨਾਲ ਉਡਾ ਦੇਵੇਗਾ।।
ਜ਼ਬੂਰ 58 : 10 (PAV)
ਧਰਮੀ ਇਹ ਬਦਲਾ ਵੇਖ ਕੇ ਅਨੰਦ ਹੋਵੇਗਾ, ਉਹ ਦੁਸ਼ਟਾਂ ਦੇ ਲਹੂ ਵਿੱਚ ਆਪਣੇ ਚਰਨ ਧੋਵੇਗਾ।
ਜ਼ਬੂਰ 58 : 11 (PAV)
ਤਾਂ ਆਦਮੀ ਆਖੇਗਾ, ਧਰਮੀ ਦੇ ਲਈ ਫਲ ਤਾਂ ਹੈ ਹੀ, ਸੱਚ ਮੁੱਚ ਇੱਕ ਪਰਮੇਸ਼ੁਰ ਹੈ ਜਿਹੜਾ ਧਰਤੀ ਉੱਤੇ ਨਿਆਉਂ ਕਰਦਾ ਹੈ!।।
❮
❯