ਜ਼ਬੂਰ 69 : 1 (PAV)
ਹੇ ਪਰਮੇਸ਼ੁਰ, ਮੈਨੂੰ ਬਚਾ ਲੈ, ਪਾਣੀ ਮੇਰੀ ਜਾਨ ਤੀਕੁਰ ਜੋ ਆਏ ਹਨ!
ਜ਼ਬੂਰ 69 : 2 (PAV)
ਮੈਂ ਡਾਢੇ ਚਿੱਕੜ ਵਿੱਚ ਧਸ ਚੱਲਿਆ ਹਾਂ, ਜਿੱਥੇ ਖਲੋਤਾ ਨਹੀਂ ਜਾਂਦਾ, ਮੈਂ ਡੂੰਘੇ ਪਾਣੀ ਵਿੱਚ ਪੈ ਗਿਆ, ਜਿੱਥੇ ਹੜ੍ਹ ਮੇਰੇ ਉੱਤੋਂ ਦੀ ਲੰਘਦਾ ਜਾਂਦਾ ਹੈ।
ਜ਼ਬੂਰ 69 : 3 (PAV)
ਮੈਂ ਪੁਕਾਰਦਾ ਪੁਕਾਰਦਾ ਥੱਕ ਗਿਆ, ਮੇਰਾ ਸੰਘ ਬਹਿ ਗਿਆ, ਆਪਣੇ ਪਰਮੇਸ਼ੁਰ ਨੂੰ ਉਡੀਕਦਿਆਂ ਉਡੀਕਦਿਆਂ ਮੇਰੀਆਂ ਅੱਖਾਂ ਰਹਿ ਗਈਆਂ!
ਜ਼ਬੂਰ 69 : 4 (PAV)
ਜਿਹੜੇ ਧਿਗਾਣੇ ਮੇਰੇ ਨਾਲ ਵੈਰ ਰੱਖਦੇ ਹਨ, ਓਹ ਮੇਰੇ ਸਿਰ ਦੇ ਵਾਲਾਂ ਨਾਲੋਂ ਵੀ ਬਹੁਤ ਹਨ, ਮੇਰੇ ਵਾਢੂ ਜਿਹੜੇ ਨਹੱਕ ਮੇਰੇ ਨਾਲ ਵੈਰ ਰੱਖਦੇ ਹਨ ਬਲਵੰਤ ਹਨ, ਜੋ ਮੈਂ ਨਹੀਂ ਲੁੱਟਿਆ, ਓਹ ਮੈਨੂੰ ਮੋੜਨਾ ਪਿਆ,
ਜ਼ਬੂਰ 69 : 5 (PAV)
ਹੇ ਪਰਮੇਸ਼ੁਰ, ਤੂੰ ਮੇਰੀ ਮੂਰਖਤਾਈ ਨੂੰ ਜਾਣਦਾ ਹੈਂ, ਅਤੇ ਮੇਰੇ ਉੱਪਦਰ ਤੈਥੋਂ ਲੁੱਕੇ ਹੋਏ ਨਹੀਂ।
ਜ਼ਬੂਰ 69 : 6 (PAV)
ਹੇ ਪ੍ਰਭੁ, ਸੈਨਾਂ ਦੇ ਯਹੋਵਾਹ, ਜਿਹੜੇ ਤੈਨੂੰ ਉਡੀਕਦੇ ਹਨ, ਓਹ ਮੇਰੇ ਕਾਰਨ ਲੱਜਿਆਵਾਨ ਨਾ ਹੋਣ! ਹੇ ਇਸਰਾਏਲ ਦੇ ਪਰਮੇਸ਼ੁਰ, ਜਿਹੜੇ ਤੈਨੂੰ ਭਾਲਦੇ ਹਨ, ਉਨ੍ਹਾਂ ਦੇ ਮੇਰੇ ਕਾਰਨ ਮੂੰਹ ਕਾਲੇ ਨਾ ਹੋਣ!।।
ਜ਼ਬੂਰ 69 : 7 (PAV)
ਮੈਂ ਤੇਰੇ ਹੀ ਕਾਰਨ ਨਿੰਦਿਆ ਸਹੀ, ਲਾਜ ਨੇ ਮੇਰੇ ਮੂੰਹ ਨੂੰ ਢੱਕ ਲਿਆ ਹੈ।
ਜ਼ਬੂਰ 69 : 8 (PAV)
ਮੈਂ ਆਪਣਿਆਂ ਭਰਾਵਾਂ ਵਿੱਚ ਬਗਾਨਾ, ਅਤੇ ਮਾਂ ਜਾਇਆਂ ਵਿੱਚ ਗ਼ੈਰ ਹੋਇਆ ਹਾਂ,
ਜ਼ਬੂਰ 69 : 9 (PAV)
ਕਿਉਂ ਜੋ ਤੇਰੇ ਘਰ ਦੀ ਗ਼ੈਰਤ ਮੈਨੂੰ ਖਾ ਗਈ ਹੈ, ਅਤੇ ਤੇਰੇ ਨਿੰਦਕਾਂ ਦੀਆਂ ਨਿੰਦਿਆਂ ਮੇਰੇ ਉੱਤੇ ਆ ਪਈਆਂ।
ਜ਼ਬੂਰ 69 : 10 (PAV)
ਜਦ ਮੈਂ ਰੋ ਕੇ ਅਤੇ ਵਰਤ ਰੱਖ ਕੇ ਆਪਣੀ ਜਾਨ ਨੂੰ ਖਪਾਇਆ, ਤਾਂ ਇਹ ਵੀ ਮੇਰੇ ਲਈ ਨਿੰਦਿਆ ਦਾ ਕਾਰਨ ਹੋਇਆ!
ਜ਼ਬੂਰ 69 : 11 (PAV)
ਜਦ ਮੈਂ ਤੱਪੜ ਆਪਣਾ ਬਸਤਰ ਬਣਾਇਆ, ਤਾਂ ਮੈਂ ਉਨ੍ਹਾਂ ਲਈ ਕਹਾਉਤ ਬਣਿਆ।
ਜ਼ਬੂਰ 69 : 12 (PAV)
ਫਾਟਕ ਵਿੱਚ ਬਹਿਣ ਵਾਲੇ ਮੇਰੀ ਚਰਚਾ ਕਰਦੇ ਹਨ, ਅਤੇ ਸ਼ਰਾਬੀ ਮੇਰੇ ਉੱਤੇ ਸਿੱਠਾਂ ਜੋੜਦੇ ਹਨ।
ਜ਼ਬੂਰ 69 : 13 (PAV)
ਪਰ ਹੇ ਯਹੋਵਾਹ, ਮੇਰੀ ਪ੍ਰਾਰਥਨਾ ਠੀਕ ਵੇਲੇ ਸਿਰ ਤੇਰੇ ਹੀ ਅੱਗੇ ਹੈ, ਹੇ ਪਰਮੇਸ਼ੁਰ, ਆਪਣੀ ਡਾਢੀ ਦਯਾ ਨਾਲ, ਅਤੇ ਆਪਣੇ ਸੱਚੇ ਬਚਾਓ ਨਾਲ ਮੈਨੂੰ ਉੱਤਰ ਦੇਹ।
ਜ਼ਬੂਰ 69 : 14 (PAV)
ਮੈਨੂੰ ਚਿੱਕੜ ਵਿੱਚੋਂ ਕੱਢ ਲੈ ਭਈ ਮੈਂ ਖੁੱਭ ਨਾ ਜਾਵਾਂ, ਮੈਂ ਆਪਣੇ ਵੈਰੀਆਂ ਤੋਂ ਅਤੇ ਡੂੰਘੇ ਪਾਣੀਆਂ ਤੋਂ ਛੁਡਾਇਆ ਜਾਵਾਂ!
ਜ਼ਬੂਰ 69 : 15 (PAV)
ਪਾਣੀ ਦੀ ਛੱਲ ਮੇਰੇ ਉੱਤੇ ਨਾ ਆ ਜਾਵੇ, ਨਾ ਡੂੰਘ ਮੈਨੂੰ ਨਿਗਲੇ, ਨਾ ਗੋਰ ਮੇਰੇ ਉੱਤੇ ਮੂੰਹ ਮੀਟ ਲਵੇ!
ਜ਼ਬੂਰ 69 : 16 (PAV)
ਹੇ ਯਹੋਵਾਹ, ਮੈਨੂੰ ਉੱਤਰ ਦੇਹ ਕਿਉਂ ਜੋ ਤੇਰੀ ਦਯਾ ਭਲੀ ਹੈ, ਆਪਣੀਆਂ ਬੇਓੜਕ ਰਹਮਤਾਂ ਦੇ ਅਨੁਸਾਰ ਮੇਰੀ ਵੱਲ ਮੂੰਹ ਕਰ,
ਜ਼ਬੂਰ 69 : 17 (PAV)
ਅਤੇ ਆਪਣੇ ਦਾਸ ਤੋਂ ਆਪਣਾ ਮੂੰਹ ਨਾ ਲੁਕਾ, ਕਿਉਂ ਜੋ ਮੈਂ ਡਾਢਾ ਔਖਾ ਹਾਂ! ਛੇਤੀ ਮੈਨੂੰ ਉੱਤਰ ਦੇਹ!
ਜ਼ਬੂਰ 69 : 18 (PAV)
ਮੇਰੀ ਜਾਨ ਦੇ ਨੇੜੇ ਆ ਅਤੇ ਉਹ ਨੂੰ ਛੁਡਾ, ਅਤੇ ਮੇਰੀਆਂ ਵੈਰੀਆਂ ਦੇ ਕਾਰਨ ਮੈਨੂੰ ਨਿਸਤਾਰਾ ਦੇਹ।
ਜ਼ਬੂਰ 69 : 19 (PAV)
ਮੇਰੀ ਨਿੰਦਿਆ, ਮੇਰੀ ਲਾਜ ਦੇ ਕਾਰਨ ਅਤੇ ਮੇਰੀ ਬੇਪਤੀ ਨੂੰ ਤੂੰ ਜਾਣਦਾ ਹੈਂ, ਮੇਰੇ ਸਭ ਵਿਰੋਧੀ ਤੇਰੇ ਅੱਗੇ ਹਨ।
ਜ਼ਬੂਰ 69 : 20 (PAV)
ਨਿੰਦਿਆ ਦੇ ਨਾਲ ਮੇਰਾ ਦਿਲ ਟੁੱਟ ਗਿਆ ਹੈ ਅਤੇ ਮੈਂ ਮਾਂਦਾ ਹੋ ਗਿਆ, ਮੈਂ ਦਿਲਾਸਾ ਦੇਣ ਵਾਲੇ ਉਡੀਕਦਾ ਰਿਹਾ ਪਰ ਕੋਈ ਹੈ ਨਹੀਂ ਸੀ, ਅਤੇ ਧੀਰਜ ਦੇਣ ਵਾਲੇ, ਪਰ ਓਹ ਵੀ ਮੈਨੂੰ ਨਾ ਮਿਲੇ।
ਜ਼ਬੂਰ 69 : 21 (PAV)
ਉਨ੍ਹਾਂ ਨੇ ਖਾਣ ਲਈ ਮੈਨੂੰ ਪਿੱਤ ਦਿੱਤਾ, ਅਤੇ ਤੇਹ ਦੇ ਵੇਲੇ ਮੈਨੂੰ ਸਿਰਕਾ ਪਿਆਇਆ।।
ਜ਼ਬੂਰ 69 : 22 (PAV)
ਉਨ੍ਹਾਂ ਦੀ ਮੇਜ਼ ਉਨ੍ਹਾਂ ਦੇ ਅੱਗੇ ਫਾਹੀ ਬਣ ਜਾਵੇ, ਅਤੇ ਜਦ ਓਹ ਸੁਖ ਸਾਂਦ ਹਨ ਉਹ ਫੰਦਾ ਬਣ ਜਾਵੇ!
ਜ਼ਬੂਰ 69 : 23 (PAV)
ਉਨ੍ਹਾਂ ਦੀਆਂ ਅੱਖੀਆਂ ਉੱਤੇ ਅਨ੍ਹੇਰ ਛਾ ਜਾਵੇ ਜੋ ਓਹ ਨਾ ਵੇਖਣ, ਅਤੇ ਉਨ੍ਹਾਂ ਦੇ ਲੱਕ ਸਦਾ ਕੰਬਦੇ ਰਹਿਣ!
ਜ਼ਬੂਰ 69 : 24 (PAV)
ਆਪਣਾ ਰੋਹ ਉਨ੍ਹਾਂ ਉੱਤੇ ਢਾਲ ਦੇਹ, ਅਤੇ ਤੇਰੇ ਕ੍ਰੋਧ ਦੀ ਤੇਜ਼ੀ ਉਨ੍ਹਾਂ ਨੂੰ ਫੜ ਲਵੇ!
ਜ਼ਬੂਰ 69 : 25 (PAV)
ਉਨ੍ਹਾਂ ਦਾ ਡੇਰਾ ਉੱਜੜ ਜਾਵੇ, ਉਨ੍ਹਾਂ ਦੇ ਤੰਬੂਆਂ ਵਿੱਚ ਕੋਈ ਨਾ ਵੱਸੇ,
ਜ਼ਬੂਰ 69 : 26 (PAV)
ਕਿਉਂ ਜੋ ਓਹ ਤੇਰੇ ਮਾਰੇ ਹੋਏ ਦਾ ਪਿੱਛਾ ਕਰਦੇ ਹਨ, ਅਤੇ ਤੇਰੇ ਘਾਇਲ ਕੀਤੇ ਹੋਇਆ ਦੇ ਦੁਖ ਦੀ ਚਰਚਾ ਕਰਦੇ ਹਨ!
ਜ਼ਬੂਰ 69 : 27 (PAV)
ਤੂੰ ਉਨ੍ਹਾਂ ਦੀ ਬਦੀ ਉੱਤੇ ਬਦੀ ਵਧਾ, ਅਤੇ ਆਪਣੇ ਧਰਮ ਵਿੱਚ ਉਨ੍ਹਾਂ ਨੂੰ ਆਉਣ ਨਾ ਦੇਹ!
ਜ਼ਬੂਰ 69 : 28 (PAV)
ਉਹ ਜੀਵਨ ਦੀ ਪੋਥੀ ਵਿੱਚੋਂ ਮੇਟ ਦਿੱਤੇ ਜਾਣ, ਅਤੇ ਧਰਮੀਆਂ ਦੇ ਨਾਲ ਲਿਖੇ ਨਾ ਜਾਣ!।।
ਜ਼ਬੂਰ 69 : 29 (PAV)
ਪਰ ਮੈਂ ਅਧੀਨ ਅਤੇ ਦੁਖੀ ਹਾਂ, ਹੇ ਪਰਮੇਸ਼ੁਰ, ਤੇਰਾ ਬਚਾਓ ਮੈਨੂੰ ਉੱਚਾ ਕਰ ਕੇ ਖਲ੍ਹਿਆਰੇ।
ਜ਼ਬੂਰ 69 : 30 (PAV)
ਮੈਂ ਗੀਤ ਨਾਲ ਪਰਮੇਸ਼ੁਰ ਦੇ ਨਾਮ ਦੀ ਉਸਤਤ ਕਰਾਂਗਾ, ਅਤੇ ਧੰਨਵਾਦ ਨਾਲ ਉਹ ਦੀ ਵਡਿਆਈ ਕਰਾਂਗਾ,
ਜ਼ਬੂਰ 69 : 31 (PAV)
ਅਤੇ ਇਹ ਯਹੋਵਾਹ ਨੂੰ ਬਲਦ ਨਾਲੋਂ, ਸਗੋਂ ਸਿੰਙ ਵਾਲੇ ਅਤੇ ਖੁਰ ਦਾਰ ਵੱਛੇ ਨਾਲੋਂ ਬਹੁਤਾ ਭਾਵੇਗਾ।
ਜ਼ਬੂਰ 69 : 32 (PAV)
ਅਧੀਨ ਇਹ ਵੇਖ ਕੇ ਅਨੰਦ ਹੁੰਦੇ ਹਨ, ਪਰਮੇਸ਼ੁਰ ਦੇ ਤਾਲਿਬੋ, ਤੁਹਾਡਾ ਮਨ ਜੀਉਂਦਾ ਰਹੇ!
ਜ਼ਬੂਰ 69 : 33 (PAV)
ਯਹੋਵਾਹ ਤਾਂ ਕੰਗਾਲਾਂ ਦੀ ਸੁਣਦਾ ਹੈ ਅਤੇ ਆਪਣੇ ਅਸੀਰਾਂ ਨੂੰ ਤੁੱਛ ਨਹੀਂ ਜਾਣਦਾ।
ਜ਼ਬੂਰ 69 : 34 (PAV)
ਅਕਾਸ਼ ਅਤੇ ਧਰਤੀ ਉਹ ਦੀ ਉਸਤਤ ਕਰਨ, ਸਮੁੰਦਰ ਵੀ ਅਤੇ ਜੋ ਕੁਝ ਉਸ ਦੇ ਵਿੱਚ ਚੱਲਦਾ ਫਿਰਦਾ ਹੈ!
ਜ਼ਬੂਰ 69 : 35 (PAV)
ਪਰਮੇਸ਼ੁਰ ਸੀਯੋਨ ਨੂੰ ਬਚਾਵੇਗਾ ਅਤੇ ਯਹੂਦਾਹ ਦੇ ਸ਼ਹਿਰ ਬਣਾਵੇਗਾ, ਅਤੇ ਓਹ ਉੱਥੇ ਵੱਸਣਗੇ ਤੇ ਉਸ ਨੂੰ ਆਪਣੇ ਕਬਜ਼ੇ ਵਿੱਚ ਰੱਖਣਗੇ,
ਜ਼ਬੂਰ 69 : 36 (PAV)
ਅਤੇ ਉਹ ਦੇ ਦਾਸਾਂ ਦੀ ਅੰਸ ਉਸ ਦੀ ਵਾਰਸ ਹੋਵੇਗੀ, ਅਤੇ ਉਹ ਦੇ ਨਾਮ ਦੇ ਪ੍ਰੇਮੀ ਉਸ ਵਿੱਚ ਵੱਸਣਗੇ।।
❮
❯