ਜ਼ਬੂਰ 9 : 1 (PAV)
ਹੇ ਯਹੋਵਾਹ, ਮੈਂ ਆਪਣੇ ਸਾਰੇ ਦਿਲ ਨਾਲ ਤੇਰਾ ਧੰਨਵਾਦ ਕਰਾਂਗਾ, ਮੈਂ ਤੇਰੇ ਸਾਰੇ ਅਚਰਜ ਕੰਮਾਂ ਦਾ ਵਰਨਣ ਕਰਾਂਗਾ।
ਜ਼ਬੂਰ 9 : 2 (PAV)
ਮੈਂ ਤੈਥੋਂ ਖੁਸ਼ ਅਤੇ ਬਾਗ਼ ਬਾਗ਼ ਹੋਵਾਂਗਾ, ਹੇ ਅੱਤ ਮਹਾਨ, ਮੈਂ ਤੇਰੇ ਨਾਮ ਦੀ ਉਸਤਤ ਗਾਵਾਂਗਾ।
ਜ਼ਬੂਰ 9 : 3 (PAV)
ਜਦ ਮੇਰੇ ਵੈਰੀ ਪਿਛਾਹਾਂ ਮੁੜਦੇ ਹਨ, ਓਹ ਤੇਰੇ ਸਾਹਮਣਿਓਂ ਠੇਡਾ ਖਾ ਕੇ ਨਾਸ ਹੋ ਜਾਂਦੇ ਹਨ,
ਜ਼ਬੂਰ 9 : 4 (PAV)
ਕਿਉਂ ਜੋ ਤੈਂ ਮੇਰਾ ਨਿਆਉਂ ਅਰ ਮੇਰਾ ਫ਼ੈਸਲਾ ਕੀਤਾ ਹੈ, ਤੈਂ ਸਿੰਘਾਸਣ ਉੱਤੇ ਬੈਠ ਕੇ ਸੱਚਾ ਨਿਆਉਂ ਕੀਤਾ ਹੈ।
ਜ਼ਬੂਰ 9 : 5 (PAV)
ਤੈਂ ਪਰਾਈਆਂ ਕੌਮਾਂ ਨੂੰ ਝਿੜਕਿਆ ਹੈ, ਤੈਂ ਦੁਸਟਾਂ ਦਾ ਨਾਸ ਕੀਤਾ ਹੈ, ਤੈਂ ਸਦੀਪ ਕਾਲ ਲਈ ਉਨ੍ਹਾਂ ਦਾ ਨਾਉਂ ਮੇਟ ਦਿੱਤਾ।
ਜ਼ਬੂਰ 9 : 6 (PAV)
ਵੈਰੀ ਥੇਹਾਂ ਵਿੱਚ ਸਦਾ ਲਈ ਮੁੱਕ ਗਏ, ਅਤੇ ਜਿਹੜੇ ਨਗਰ ਤੈਂ ਢਾਹ ਦਿੱਤੇ, ਉਨ੍ਹਾਂ ਦਾ ਚੇਤਾ ਵੀ ਮਿਟ ਗਿਆ ਹੈ।।
ਜ਼ਬੂਰ 9 : 7 (PAV)
ਪਰੰਤੂ ਯਹੋਵਾਹ ਸਦਾ ਹੀ ਬਿਰਾਜਮਾਨ ਹੈ, ਉਸ ਨੇ ਆਪਣੇ ਸਿੰਘਾਸਣ ਨੂੰ ਨਿਆਉਂ ਦੇ ਲਈ ਕਾਇਮ ਕਰ ਰੱਖਿਆ ਹੈ,
ਜ਼ਬੂਰ 9 : 8 (PAV)
ਅਤੇ ਉਹ ਧਰਮ ਨਾਲ ਜਗਤ ਦਾ ਨਿਆਉਂ ਕਰੇਗਾ, ਉਹ ਸਚਿਆਈ ਨਾਲ ਉੱਮਤਾਂ ਦਾ ਫ਼ੈਸਲਾ ਕਰੇਗਾ,
ਜ਼ਬੂਰ 9 : 9 (PAV)
ਅਤੇ ਯਹੋਵਾਹ ਸਤਾਏ ਹੋਏ ਦੇ ਲਈ ਇੱਕ ਉੱਚਾ ਗੜ੍ਹ ਹੋਵੇਗਾ, ਹਾਂ, ਬਿਪਤਾਂ ਦੇ ਸਮੇ ਦੇ ਲਈ ਇੱਕ ਉੱਚਾ ਗੜ੍ਹ।
ਜ਼ਬੂਰ 9 : 10 (PAV)
ਤੇਰੇ ਨਾਮ ਦੇ ਜਾਣਨ ਵਾਲੇ ਤੇਰੇ ਉੱਤੇ ਭਰੋਸਾ ਰੱਖਦੇ ਹਨ, ਕਿਉਂ ਜੋ ਹੇ ਯਹੋਵਾਹ, ਤੈਂ ਆਪਣਿਆਂ ਤਾਲਿਬਾਂ ਨੂੰ ਤਿਆਗ ਨਹੀਂ ਦਿੱਤਾ।।
ਜ਼ਬੂਰ 9 : 11 (PAV)
ਯਹੋਵਾਹ ਦੀ ਉਸਤਤ ਗਾਓ ਜਿਹੜਾ ਸੀਯੋਨ ਵਿੱਚ ਵੱਸਦਾ ਹੈ, ਲੋਕਾਂ ਵਿੱਚ ਉਹ ਦੇ ਕੰਮਾਂ ਦਾ ਪਰਚਾਰ ਕਰੋ।
ਜ਼ਬੂਰ 9 : 12 (PAV)
ਜਦ ਉਹ ਖ਼ੂਨ ਦੀ ਪੁੱਛ ਗਿੱਛ ਕਰਦਾ ਹੈ ਉਹ ਉਨ੍ਹਾਂ ਨੂੰ ਚੇਤੇ ਕਰਦਾ ਹੈ, ਉਹ ਮਸਕੀਨਾਂ ਦੀ ਦੁਹਾਈ ਨਹੀਂ ਭੁੱਲਦਾ।।
ਜ਼ਬੂਰ 9 : 13 (PAV)
ਹੇ ਯਹੋਵਾਹ, ਮੇਰੇ ਉੱਤੇ ਦਯਾ ਕਰ, ਤੂੰ ਜੋ ਮੈਨੂੰ ਮੌਤ ਦੇ ਫਾਟਕਾਂ ਤੋਂ ਉਠਾ ਲੈਂਦਾ ਹੈਂ, ਮੇਰੇ ਕਲੇਸ਼ ਉੱਤੇ ਜਿਹੜਾ ਮੇਰੇ ਵੈਰੀਆਂ ਵੱਲੋਂ ਹੈ ਨਿਗਾਹ ਕਰ,
ਜ਼ਬੂਰ 9 : 14 (PAV)
ਤਾਂ ਜੋ ਮੈਂ ਸੀਯੋਨ ਦੀ ਧੀ ਦੇ ਫਾਟਕਾਂ ਵਿੱਚ ਤੇਰੀ ਸਾਰੀ ਉਸਤਤ ਦਾ ਪਰਚਾਰ ਕਰਾਂ, ਅਤੇ ਮੈਂ ਤੇਰੇ ਬਚਾਓ ਤੋਂ ਖੁਸ਼ ਹੋਵਾਂ।।
ਜ਼ਬੂਰ 9 : 15 (PAV)
ਜਿਹੜਾ ਟੋਆ ਪਰਾਈਆਂ ਕੌਮਾਂ ਨੇ ਪੁੱਟਿਆ ਸੀ, ਉਸ ਵਿੱਚ ਓਹ ਆਪ ਡਿੱਗ ਪਈਆਂ ਹਨ, ਜਿਹੜੀ ਕੁੜਿੱਕੀ ਉਨ੍ਹਾਂ ਨੇ ਛਿਪਾਈ ਸੀ ਉਸੇ ਵਿੱਚ ਉਨ੍ਹਾਂ ਦਾ ਆਪਣਾ ਪੈਰ ਫਸ ਗਿਆ ਹੈ।
ਜ਼ਬੂਰ 9 : 16 (PAV)
ਯਹੋਵਾਹ ਉਜਾਗਰ ਹੋਇਆ ਹੈ, ਉਸੇ ਨੇ ਨਿਆਉਂ ਕੀਤਾ ਹੈ, ਦੁਸ਼ਟ ਨੂੰ ਉਸੇ ਦੇ ਹੱਥ ਦੇ ਕੰਮ ਵਿੱਚ ਉਸ ਨੇ ਫਸਾ ਦਿੱਤਾ ਹੈ।। ਹਿੱਗਯੋਨ ਸਲਹ।।
ਜ਼ਬੂਰ 9 : 17 (PAV)
ਦੁਸ਼ਟ ਪਤਾਲ ਵਿੱਚ ਮੁੜ ਜਾਣਗੇ ਓਹ ਸਾਰੀਆਂ ਕੌਮਾਂ ਜਿਹੜੀਆ ਪਰਮੇਸ਼ੁਰ ਨੂੰ ਵਿਸਾਰ ਦਿੰਦੀਆਂ ਹਨ।
ਜ਼ਬੂਰ 9 : 18 (PAV)
ਕੰਗਾਲ ਤਾਂ ਸਦਾ ਵਿੱਸਰੇ ਨਹੀਂ ਰਹਿਣਗੇ, ਨਾ ਮਸਕੀਨਾਂ ਦੀ ਆਸ਼ਾ ਹਮੇਸ਼ਾ ਲਈ ਨਸ਼ਟ ਹੋਵੇਗੀ।
ਜ਼ਬੂਰ 9 : 19 (PAV)
ਉੱਠ, ਹੇ ਯਹੋਵਾਹ, ਇਨਸਾਨ ਨੂੰ ਪਰਬਲ ਨਾ ਹੋਣ ਦੇਹ! ਤੇਰੇ ਸਨਮੁਖ ਪਰਾਈਆਂ ਕੌਮਾਂ ਦਾ ਨਿਆਉਂ ਕੀਤਾ ਜਾਵੇ।
ਜ਼ਬੂਰ 9 : 20 (PAV)
ਹੇ ਯਹੋਵਾਹ, ਓਹਨਾਂ ਨੂੰ ਭੈਜਲ ਪਾ, ਪਰਾਈਆਂ ਕੌਮਾਂ ਆਪਣੇ ਆਪ ਨੂੰ ਨਿਰਾ ਇਨਸਾਨ ਹੀ ਜਾਣਨ ।। ਸਲਹ।।

1 2 3 4 5 6 7 8 9 10 11 12 13 14 15 16 17 18 19 20