ਰੁੱਤ 3 : 1 (PAV)
ਤਦ ਉਹ ਦੀ ਸੱਸ ਨਾਓਮੀ ਨੇ ਉਹ ਨੂੰ ਆਖਿਆ, ਮੇਰੀਏ ਧੀਏ, ਕੀ ਮੈਂ ਤੇਰਾ ਸੁੱਖ ਨਾ ਮੰਗਾ ਜਿਹ ਦੇ ਵਿੱਚ ਤੇਰਾ ਭਲਾ ਹੋਵੇ?
ਰੁੱਤ 3 : 2 (PAV)
ਭਲਾ, ਹੁਣ ਬੋਅਜ਼ ਸਾਡੀਆਂ ਨੇੜਦਾਰਾਂ ਵਿੱਚੋਂ ਨਹੀਂ ਜਿਹ ਦੀਆਂ ਛੋਕਰੀਆਂ ਨਾਲ ਤੂੰ ਰਹੀਂ ਸੈਂ? ਵੇਖ, ਉਹ ਅੱਜ ਰਾਤੀਂ ਪਿੜ ਵਿੱਚ ਜੌਂ ਛੱਟੇਗਾ
ਰੁੱਤ 3 : 3 (PAV)
ਸੋ ਤੂੰ ਅਸ਼ਨਾਨ ਕਰ ਅਤੇ ਤੇਲ ਲਾ ਅਤੇ ਆਪਣੇ ਲੀੜੇ ਪਾ ਕੇ ਪਿੜ ਵੱਲ ਉੱਤਰ ਜਾਹ ਅਤੇ ਜਦ ਤੋੜੀ ਉਹ ਖਾ ਪੀ ਕੇ ਚੁੱਕੇ ਤਦ ਤੋੜੀ ਆਪਣਾ ਆਪ ਉਸ ਮਨੁੱਖ ਨੂੰ ਨਾ ਜਣਾ
ਰੁੱਤ 3 : 4 (PAV)
ਐਉਂ ਹੋਵੇਗਾ ਕਿ ਜਦ ਉਹ ਲੇਟ ਜਾਵੇ ਤਾਂ ਉਸ ਥਾਂ ਦਾ ਜਿੱਥੇ ਉਹ ਲੇਟੇਗਾ ਤੂੰ ਧਿਆਨ ਰੱਖ। ਤਦ ਤੂੰ ਅੰਦਰ ਜਾਹ ਅਤੇ ਉਹ ਦੇ ਪੈਰਾਂ ਵੱਲੋਂ ਕੱਪੜਾ ਚੁੱਕ ਕੇ ਉੱਥੇ ਹੀ ਲੰਮੀ ਪੈ ਜਾਹ ਅਤੇ ਉਹ ਸਭ ਕੁਝ ਜੋ ਤੂੰ ਕਰਨਾ ਹੈ ਤੈਨੂੰ ਆਪੇ ਹੀ ਦੱਸੇਗਾ
ਰੁੱਤ 3 : 5 (PAV)
ਉਹ ਨੇ ਆਪਣੀ ਸੱਸ ਨੂੰ ਆਖਿਆ, ਜੋ ਕੁਝ ਤੂੰ ਮੈਨੂੰ ਆਖਦੀ ਹੈਂ ਮੈਂ ਸਭ ਕਰਾਂਗੀ।।
ਰੁੱਤ 3 : 6 (PAV)
ਉਪਰੰਤ ਉਹ ਪਿੜ ਵੱਲ ਲਹਿ ਗਈ ਅਤੇ ਜੋ ਕੁਝ ਉਹ ਦੀ ਸੱਸ ਨੇ ਆਗਿਆ ਦਿੱਤੀ ਸੀ ਸੋ ਸਭ ਕੁਝ ਉਹ ਨੇ ਕੀਤਾ
ਰੁੱਤ 3 : 7 (PAV)
ਤਦ ਬੋਅਜ਼ ਖਾ ਪੀ ਚੁੱਕਾ ਅਤੇ ਉਸ ਦਾ ਮਨ ਅਨੰਦ ਹੋਇਆ ਤਾਂ ਬੋਹਲ ਦੇ ਇੱਕ ਪਾਸੇ ਵੱਲ ਜਾ ਲੰਮਾ ਪਿਆ ਤਦ ਉਹ ਮਲਕੜੇ ਆਈ ਅਤੇ ਉਹ ਦੇ ਪੈਰਾਂ ਵੱਲੋਂ ਕੱਪੜਾ ਚੁੱਕ ਕੇ ਉੱਥੇ ਪੈ ਗਈ।।
ਰੁੱਤ 3 : 8 (PAV)
ਤਾਂ ਅਜਿਹਾ ਹੋਇਆ ਜੋ ਅੱਧੀ ਰਾਤ ਨੂੰ ਉਹ ਮਨੁੱਖ ਡਰ ਗਿਆ ਅਤੇ ਪਾਸਾ ਮੋੜ ਕੇ ਵੇਖਿਆ ਜੋ ਇੱਕ ਜ਼ਨਾਨੀ ਉਹ ਦੇ ਪੈਰਾਂ ਕੋਲ ਪਈ ਹੋਈ ਹੈ
ਰੁੱਤ 3 : 9 (PAV)
ਤਦ ਉਹ ਨੇ ਪੁੱਛਿਆ, ਤੂੰ ਕੌਣ ਹੈਂ? ਉਹ ਬੋਲੀ ਮੈਂ ਤੁਹਾਡੀ ਟਹਿਲਣ ਰੂਥ ਹਾਂ ਸੋ ਤੁਸੀਂ ਆਪਣੀ ਟਹਿਲਣ ਉੱਤੇ ਆਪਣੀ ਚੱਦਰ ਦਾ ਪੱਲਾ ਪਾ ਦਿਓ ਕਿਉਂ ਜੋ ਤੁਸੀਂ ਛੁਡਾਉਣ ਵਾਲਿਆਂ ਵਿੱਚੋਂ ਹੋ
ਰੁੱਤ 3 : 10 (PAV)
ਉਹ ਬੋਲਿਆ, ਹੇ ਬੀਬੀ, ਯਹੋਵਾਹ ਤੈਨੂੰ ਅਸੀਸ ਦੇਵੇ ਕਿਉਂ ਜੋ ਤੈਂ ਅੱਗੇ ਨਾਲੋਂ ਅੰਤ ਵਿੱਚ ਵਧੀਕ ਕਿਰਪਾ ਕਰ ਵਿਖਾਈ ਇਸ ਲਈ ਜੋ ਤੂੰ ਗੱਭਰੂਆਂ ਦੇ ਮਗਰ ਨਾ ਲੱਗੀ ਭਾਵੇਂ ਧਨੀ ਭਾਵੇਂ ਨਿਰਧਨ ਹੁੰਦੇ
ਰੁੱਤ 3 : 11 (PAV)
ਹੁਣ ਹੇ ਬੀਬੀ, ਨਾ ਡਰ। ਸਭ ਕੁਝ ਜੋ ਤੂੰ ਮੰਗਦੀ ਹੈਂ ਮੈਂ ਤੇਰੇ ਨਾਲ ਕਰਾਂਗਾ ਕਿਉਂ ਜੋ ਮੇਰੇ ਲੋਕਾਂ ਦੀ ਸਾਰੀ ਪਰਿਹਾ ਜਾਣਦੀ ਹੈ ਜੋ ਤੂੰ ਸਤਵੰਤੀ ਇਸਤ੍ਰੀ ਹੈਂ
ਰੁੱਤ 3 : 12 (PAV)
ਅਤੇ ਇਹ ਗੱਲ ਭੀ ਸੱਚ ਹੈ ਜੋ ਮੈਂ ਛੁਡਾਉਣ ਵਾਲਾ ਹਾਂ ਪਰ ਇੱਕ ਹੋਰ ਛੁਡਾਉਣ ਵਾਲਾ ਹੈ ਜੋ ਮੇਰੇ ਨਾਲੋਂ ਵੀ ਨੇੜੇ ਹੈ
ਰੁੱਤ 3 : 13 (PAV)
ਅੱਜ ਦੀ ਰਾਤ ਠਹਿਰ ਜਾ ਅਤੇ ਸਵੇਰ ਨੂੰ ਐਉਂ ਹੋਵੇਗਾ ਕਿ ਜੇ ਉਹ ਤੇਰੇ ਲਈ ਛੁਡਾਵੇ ਤਾਂ ਚੰਗਾ, ਉਹ ਛੁਡਾਵੇ, ਪਰ ਜੇ ਉਹ ਛੁਡਾਉਣਾ ਨਾ ਮੰਨੇ ਤਾਂ ਮੈਂ ਛੁਡਾਵਾਂਗਾ, ਮੈਂ ਜੀਉਂਦੇ ਯਹੋਵਾਹ ਦੀ ਸੌਂਹ ਖਾਂਦਾ ਹਾਂ। ਤੂੰ ਸਵੇਰ ਤੀਕ ਪਈ ਰਹੁ।।
ਰੁੱਤ 3 : 14 (PAV)
ਸੋ ਉਹ ਸਵੇਰ ਤੀਕਰ ਉਹ ਦੇ ਪੈਰਾਂ ਕੋਲ ਪਈ ਰਹੀ ਅਤੇ ਮੁਨ੍ਹੇਰੇ ਜਿਸ ਵੇਲੇ ਇੱਕ ਦੂਜੇ ਨੂੰ ਸਿਆਣ ਨਾ ਸਕੇ ਉਹ ਉੱਠ ਖਲੋਤੀ ਤਾਂ ਉਸ ਨੇ ਆਖਿਆ, ਇਸ ਗੱਲ ਦੀ ਖਬਰ ਨਾ ਹੋਵੇ ਜੋ ਪਿੜ ਵਿੱਚ ਕੋਈ ਤੀਵੀਂ ਆਈ ਸੀ
ਰੁੱਤ 3 : 15 (PAV)
ਫੇਰ ਉਸ ਨੇ ਆਖਿਆ, ਆਪਣੇ ਉਪਰਲੀ ਚੱਦਰ ਫੜ ਛੱਡ ਤਦ ਜਿਸ ਵੇਲੇ ਉਹ ਉਸ ਨੂੰ ਫੜਦੀ ਸੀ ਉਸ ਨੇ ਛੇ ਟੋਪੇ ਜਵਾਂ ਦੇ ਮਿਣੇ ਅਤੇ ਉਹ ਨੂੰ ਦੇ ਦਿੱਤੇ ਸੋ ਉਹ ਸ਼ਹਿਰ ਨੂੰ ਗਈ
ਰੁੱਤ 3 : 16 (PAV)
ਜਾਂ ਉਹ ਆਪਣੀ ਸੱਸ ਕੋਲ ਆਈ ਤਾਂ ਉਸ ਨੇ ਆਖਿਆ, ਹੇ ਮੇਰੀਏ ਧੀਏ, ਤੇਰੇ ਨਾਲ ਕੀ ਬੀਤੀ? ਤਾਂ ਉਹ ਨੇ ਉਹ ਸਭ ਕੁਝ ਦਸ ਦਿੱਤਾ ਜੋ ਉਸ ਮਨੁੱਖ ਨੇ ਉਹ ਦੇ ਲਈ ਕੀਤਾ ਸੀ
ਰੁੱਤ 3 : 17 (PAV)
ਅਤੇ ਆਖਿਆ, ਮੈਨੂੰ ਤਾਂ ਉਸ ਨੇ ਇਹ ਛੇ ਟੋਪੇ ਜਵਾਂ ਦੇ ਦੇ ਦਿੱਤੇ ਹਨ ਕਿਉਂ ਜੋ ਉਸ ਨੇ ਮੈਨੂੰ ਆਖਿਆ, ਤੂੰ ਆਪਣੀ ਸੱਸ ਕੋਲ ਸੱਖਣੇ ਹੱਥੀਂ ਨਾ ਜਾਈਂ
ਰੁੱਤ 3 : 18 (PAV)
ਤਾਂ ਉਹ ਦੀ ਸੱਸ ਨੇ ਆਖਿਆ, ਮੇਰੀਏ ਧੀਏ, ਬੈਠੀ ਰਹੁ ਜਦ ਤੋੜੀ ਤੂੰ ਜਾਣ ਨਾ ਲਵੇਂ ਕਿ ਇਹ ਗੱਲ ਕਿਵੇਂ ਚੱਲਦੀ ਹੈ ਕਿਉਂ ਜੋ ਜਦ ਤੋੜੀ ਅੱਜ ਇਸ ਕੰਮ ਨੂੰ ਪੂਰਾ ਨਾ ਕਰ ਲਵੇ ਤਦ ਤੋੜੀ ਉਸ ਮਨੁੱਖ ਨੂੰ ਸ਼ਾਂਤ ਨਹੀਂ ਆਉਣੀ।।
❮
❯