ਸਫ਼ਨਿਆਹ 3 : 1 (PAV)
ਹਾਇ ਉਹ ਨੂੰ ਜੋ ਆਕੀ ਅਤੇ ਪਲੀਤ ਹੈ, ਉਸ ਅਨ੍ਹੇਰ ਕਰਨ ਵਾਲੇ ਸ਼ਹਿਰ ਨੂੰ!
ਸਫ਼ਨਿਆਹ 3 : 2 (PAV)
ਉਸ ਨੇ ਅਵਾਜ਼ ਨਹੀਂ ਸੁਣੀ, ਨਾ ਸਿੱਖਿਆ ਮੰਨੀ, ਉਸ ਨੇ ਯਹੋਵਾਹ ਉੱਤੇ ਭਰੋਸਾ ਨਹੀਂ ਰੱਖਿਆ, ਨਾ ਆਪਣੇ ਪਰਮੇਸ਼ੁਰ ਦੇ ਨੇੜੇ ਆਇਆ।
ਸਫ਼ਨਿਆਹ 3 : 3 (PAV)
ਉਸ ਦੇ ਸਰਦਾਰ ਉਸ ਦੇ ਵਿੱਚ ਗੱਜਦੇ ਬਬਰ ਸ਼ੇਰ ਹਨ, ਉਸ ਦੇ ਨਿਆਈ ਸੰਝ ਦੇ ਬਘਿਆੜ ਹਨ, ਜੋ ਸਵੇਰ ਤੀਕ ਕੁਝ ਨਹੀਂ ਛੱਡਦੇ!
ਸਫ਼ਨਿਆਹ 3 : 4 (PAV)
ਉਸ ਦੇ ਨਬੀ ਛਲੀਏ ਅਰ ਬੇਈਮਾਨ ਹਨ, ਉਸ ਦੇ ਜਾਜਕਾਂ ਨੇ ਪਵਿੱਤ੍ਰ ਅਸਥਾਨ ਨੂੰ ਭ੍ਰਿਸ਼ਟ ਕੀਤਾ ਹੈ, ਅਤੇ ਬਿਵਸਥਾ ਨੂੰ ਮਰੋੜਿਆ ਹੈ!
ਸਫ਼ਨਿਆਹ 3 : 5 (PAV)
ਯਹੋਵਾਹ ਉਸ ਵਿੱਚ ਧਰਮੀ ਹੈ, ਉਹ ਬਦੀ ਨਹੀਂ ਕਰਦਾ, ਹਰ ਸਵੇਰ ਉਹ ਆਪਣਾ ਨਿਆਉਂ ਪਰਗਟ ਕਰਦਾ ਹੈ, ਉਹ ਮੁੱਕਰਦਾ ਨਹੀਂ, ਪਰ ਬੁਰਿਆਰ ਸ਼ਰਮ ਨੂੰ ਨਹੀਂ ਜਾਣਦਾ।
ਸਫ਼ਨਿਆਹ 3 : 6 (PAV)
ਮੈਂ ਕੌਮਾਂ ਨੂੰ ਕੱਟ ਸੁੱਟਿਆ, ਓਹਨਾਂ ਦੇ ਕੋਨਿਆਂ ਦੇ ਬੁਰਜ ਵਿਰਾਨ ਹਨ, ਮੈਂ ਓਹਨਾਂ ਦੀਆਂ ਗਲੀਆਂ ਨੂੰ ਬਰਬਾਦ ਕੀਤਾ ਸੋ ਕੋਈ ਨਹੀਂ ਲੰਘਦਾ, ਓਹਨਾਂ ਦੇ ਸ਼ਹਿਰ ਨਾਸ ਹੋਏ, ਸੋ ਕੋਈ ਮਨੁੱਖ, ਕੋਈ ਵਾਸੀ ਨਹੀਂ।
ਸਫ਼ਨਿਆਹ 3 : 7 (PAV)
ਮੈ ਆਖਿਆ, ਕੇਵਲ ਮੈਥੋਂ ਡਰ ਅਤੇ ਸਿੱਖਿਆ ਨੂੰ ਮੰਨ, ਤਾਂ ਉਸ ਦਾ ਵਾਸ ਕੱਟਿਆ ਨਾ ਜਾਵੇਗਾ, ਜਿਵੇਂ ਮੈਂ ਉਸ ਦੇ ਲਈ ਠਹਿਰਾਇਆ ਹੈ, ਪਰ ਓਹਨਾਂ ਜਤਨ ਕਰ ਕੇ ਆਪਣੇ ਸਾਰੇ ਕੰਮਾਂ ਨੂੰ ਵਿਗਾੜਿਆ।।
ਸਫ਼ਨਿਆਹ 3 : 8 (PAV)
ਸੋ ਮੇਰੇ ਲਈ ਠਹਿਰੇ ਰਹੋ, ਯਹੋਵਾਹ ਦਾ ਵਾਕ ਹੈ, ਉਸ ਦਿਨ ਤੀਕ ਕਿ ਮੈਂ ਲੁੱਟ ਲਈ ਉੱਠਾਂ, ਕਿਉਂ ਜੋ ਮੈਂ ਠਾਣ ਲਿਆ, ਕਿ ਕੌਮਾਂ ਨੂੰ ਇਕੱਠਿਆਂ ਕਰਾਂ ਅਤੇ ਪਾਤਸ਼ਾਹੀਆਂ ਨੂੰ ਜਮਾ ਕਰਾਂ, ਭਈ ਮੈਂ ਉਨ੍ਹਾਂ ਦੇ ਉੱਤੇ ਆਪਣਾ ਗਜ਼ਬ, ਆਪਣਾ ਸਾਰਾ ਤੱਤਾ ਕ੍ਰੋਧ ਡੋਹਲ ਦਿਆਂ, ਕਿਉਂ ਜੋ ਸਾਰੀ ਧਰਤੀ ਮੇਰੀ ਅਣਖ ਦੀ ਅੱਗ ਵਿੱਚ ਭਸਮ ਕੀਤੀ ਜਾਵੇਗੀ।।
ਸਫ਼ਨਿਆਹ 3 : 9 (PAV)
ਤਦ ਮੈਂ ਸਾਫ਼ ਬੁੱਲ੍ਹਾਂ ਦੇ ਲੋਕਾਂ ਵੱਲ ਮੁੜਾਂਗਾ, ਭਈ ਓਹ ਸਭ ਯਹੋਵਾਹ ਦੇ ਨਾਮ ਨੂੰ ਪੁਕਾਰਨ, ਤਾਕਿ ਇੱਕ ਮਨ ਹੋ ਕੇ ਉਹ ਦੀ ਉਪਾਸਨਾ ਕਰਨ।
ਸਫ਼ਨਿਆਹ 3 : 10 (PAV)
ਕੂਸ਼ ਦੀਆਂ ਨਦੀਆਂ ਤੋਂ ਪਾਰ ਮੇਰੇ ਉਪਾਸਕ, ਮੇਰੇ ਖਿਲਰੇ ਹੋਇਆਂ ਦੀ ਧੀ, ਮੇਰੇ ਲਈ ਭੇਟ ਲਿਆਉਣਗੇ।
ਸਫ਼ਨਿਆਹ 3 : 11 (PAV)
ਉਸ ਦਿਨ ਤੂੰ ਆਪਣੇ ਸਾਰੇ ਕੰਮਾਂ ਤੋਂ ਲੱਜਿਆਵਾਨ ਨਾ ਹੋਵੇਂਗਾ, ਜਿਹ ਦੇ ਨਾਲ ਤੈਂ ਮੇਰਾ ਅਪਰਾਧ ਕੀਤਾ, ਕਿਉਂ ਜੋ ਮੈਂ ਉਸ ਵੇਲੇ ਤੇਰੇ ਵਿੱਚੋਂ ਤੇਰੇ ਹੰਕਾਰੀ ਅਭਮਾਨੀਆਂ ਨੂੰ ਕੱਢਾਂਗਾ, ਭਈ ਤੂੰ ਮੇਰੇ ਪਵਿੱਤ੍ਰ ਪਹਾੜ ਵਿੱਚ ਘੁਮੰਡ ਫੇਰ ਨਾ ਕਰੇਂ।
ਸਫ਼ਨਿਆਹ 3 : 12 (PAV)
ਮੈਂ ਤੇਰੇ ਵਿੱਚ ਕੰਗਾਲ ਅਤੇ ਗਰੀਬ ਲੋਕ ਛੱਡਾਂਗਾ, ਓਹ ਯਹੋਵਾਹ ਦੇ ਨਾਮ ਵਿੱਚ ਪਨਾਹ ਲੈਣਗੇ।
ਸਫ਼ਨਿਆਹ 3 : 13 (PAV)
ਇਸਰਾਏਲ ਦਾ ਬਕੀਆ ਬਦੀ ਨਾ ਕਰੇਗਾ, ਨਾ ਓਹ ਝੂਠ ਬੋਲਣਗੇ, ਨਾ ਓਹਨਾਂ ਦੇ ਮੂੰਹ ਵਿੱਚ ਫਰੇਬੀ ਜੀਭ ਮਿਲੇਗੀ, ਕਿਉਂ ਜੋ ਓਹ ਚਰਨਗੇ ਅਤੇ ਲੰਮੇ ਪੈਣਗੇ, ਅਤੇ ਕੋਈ ਓਹਨਾਂ ਨੂੰ ਨਾ ਡਰਾਵੇਗਾ।।
ਸਫ਼ਨਿਆਹ 3 : 14 (PAV)
ਹੇ ਸੀਯੋਨ ਦੀਏ ਧੀਏ, ਜੈਕਾਰਾ ਗਜਾ, ਹੇ ਇਸਰਾਏਲ, ਨਾਰਾ ਮਾਰ, ਹੇ ਯਰੂਸ਼ਲਮ ਦੀਏ ਧੀਏ, ਸਾਰੇ ਦਿਲ ਨਾਲ ਬਾਗ ਬਾਗ ਹੋ!
ਸਫ਼ਨਿਆਹ 3 : 15 (PAV)
ਯਹੋਵਾਹ ਨੇ ਤੇਰੇ ਨਿਆਵਾਂ ਨੂੰ ਦੂਰ ਕੀਤਾ, ਉਹ ਨੇ ਤੇਰੇ ਵੈਰੀ ਨੂੰ ਕੱਢ ਦਿੱਤਾ, ਇਸਰਾਏਲ ਦਾ ਪਾਤਸ਼ਾਹ, ਹਾਂ, ਯਹੋਵਾਹ ਵਿਚਕਾਰ ਹੈ, ਤੂੰ ਫੇਰ ਬਿਪਤਾ ਤੋਂ ਨਾ ਡਰੀਂ।
ਸਫ਼ਨਿਆਹ 3 : 16 (PAV)
ਉਸ ਦਿਨ ਯਰੂਸ਼ਲਮ ਨੂੰ ਕਿਹਾ ਜਾਵੇਗਾ, ਡਰੀਂ! ਹੇ ਸੀਯੋਨ, ਤੇਰੇ ਹੱਥ ਢਿੱਲੇ ਨਾ ਪੈ ਜਾਣ!
ਸਫ਼ਨਿਆਹ 3 : 17 (PAV)
ਯਹੋਵਾਹ ਤੇਰਾ ਪਰਮੇਸ਼ੁਰ ਤੇਰੇ ਵਿੱਚ ਹੈ, ਉਹ ਸਮਰੱਥੀ ਬਚਾਉਣ ਵਾਲਾ ਹੈ।। ਉਹ ਅਨੰਦ ਨਾਲ ਤੇਰੇ ਉੱਤੇ ਖੁਸ਼ੀ ਕਰੇਗਾ, ਉਹ ਆਪਣਾ ਪ੍ਰੇਮ ਤਾਜ਼ਾ ਕਰੇਗਾ, ਉਹ ਤੇਰੇ ਕਾਰਨ ਜੈਕਾਰਿਆਂ ਨਾਲ ਨਿਹਾਲ ਹੋਵੇਗਾ।
ਸਫ਼ਨਿਆਹ 3 : 18 (PAV)
ਮੈਂ ਓਹਨਾਂ ਨੂੰ ਜੋ ਮਿਥੇ ਹੋਏ ਪਰਬਾਂ ਲਈ ਕਰਦੇ ਹਨ, ਜੋ ਤੇਰੇ ਵਿੱਚੋਂ ਸਨ, ਇਕੱਠਾ ਕਰਾਂਗਾ, ਜਿਸ ਦੇ ਉੱਤੇ ਓਲਾਹਮਾ ਇੱਕ ਭਾਰ ਸੀ।
ਸਫ਼ਨਿਆਹ 3 : 19 (PAV)
ਵੇਖੋ, ਮੈਂ ਉਸ ਸਮੇਂ ਤੇਰੇ ਸਭ ਦੁਖ ਦੇਣ ਵਾਲਿਆਂ ਨਾਲ ਨਜਿੱਠਾਂਗਾ, ਮੈਂ ਲੰਙਿਆਂ ਨੂੰ ਬਚਾਵਾਂਗਾ, ਅਤੇ ਹੱਕੇ ਹੋਇਆ ਨੂੰ ਇਕੱਠਾ ਕਰਾਂਗਾ, ਅਤੇ ਮੈਂ ਸਾਰੀ ਧਰਤੀ ਵਿੱਚ ਓਹਨਾਂ ਦੀ ਸ਼ਰਮ ਉਸਤਤ ਅਤੇ ਜਸ ਬਣਾਵਾਂਗਾ।
ਸਫ਼ਨਿਆਹ 3 : 20 (PAV)
ਉਸ ਸਮੇਂ ਮੈਂ ਤੁਹਾਨੂੰ ਅੰਦਰ ਲਿਆਵਾਂਗਾ, ਅਤੇ ਉਸ ਸਮੇਂ ਮੈਂ ਤੁਹਾਨੂੰ ਇਕੱਠਾ ਕਰਾਂਗਾ, ਕਿਉਂ ਜੋ ਮੈਂ ਤੁਹਾਨੂੰ ਧਰਤੀ ਦੀਆਂ ਸਾਰੀਆਂ ਉੱਮਤਾ ਵਿੱਚ ਇੱਕ ਨਾਮ ਅਤੇ ਇੱਕ ਉਸਤਤ ਠਹਿਰਾਵਾਂਗਾ, ਜਦ ਮੈਂ ਤੁਹਾਡੇ ਅਸੀਰਾਂ ਨੂੰ ਤੁਹਾਡੀਆਂ ਅੱਖੀਆਂ ਸਾਹਮਣੇ ਮੋੜ ਲਿਆਵਾਂਗਾ, ਯਹੋਵਾਹ ਕਹਿੰਦਾ ਹੈ।।
❮
❯