੨ ਤਵਾਰੀਖ਼ ਅਧਿਆਇ 17
1. ਉਸ ਦਾ ਪੁੱਤ੍ਰ ਯਹੋਸ਼ਾਫਾਟ ਉਸ ਦੇ ਥਾਂ ਰਾਜ ਕਰਨ ਲੱਗਾ ਅਤੇ ਉਸ ਨੇ ਇਸਰਾਏਲ ਦੇ ਟਾਕਰੇ ਲਈ ਆਪਣੇ ਆਪ ਨੂੰ ਸ਼ਕਤੀਵਾਨ ਬਣਾਇਆ
2. ਉਸ ਨੇ ਯਹੂਦਾਹ ਦੇ ਸਾਰੇ ਗੜ੍ਹਾਂ ਵਾਲੇ ਸ਼ਹਿਰਾਂ ਵਿੱਚ ਫ਼ੌਜ਼ਾਂ ਰੱਖੀਆਂ ਅਤੇ ਯਹੂਦਾਹ ਦੇ ਦੇਸ ਵਿੱਚ ਅਤੇ ਅਫ਼ਰਾਈਮ ਦੇ ਉਨ੍ਹਾਂ ਸ਼ਹਿਰਾਂ ਜਿਹੜੇ ਉਸ ਦੇ ਪਿਤਾ ਆਸਾ ਨੇ ਲਏ ਸਨ ਚੌਂਕੀਆਂ ਬਿਠਾ ਦਿੱਤੀਆਂ
3. ਅਤੇ ਯਹੋਵਾਹ ਯਹੋਸ਼ਾਫ਼ਾਟ ਦੇ ਨਾਲ ਸੀ ਕਿਉਂ ਜੋ ਉਸ ਦੇ ਚਾਲ ਆਪਣੇ ਪਿਤਾ ਦਾਊਦ ਦੇ ਪਹਿਲੇ ਰਾਹਾਂ ਅਨੁਸਾਰ ਸੀ ਅਤੇ ਉਹ ਬਆਲਾਂ ਦਾ ਤਾਲਿਬ ਨਾ ਬਣਿਆ
4. ਸਗੋਂ ਆਪਣੇ ਪਿਤਾ ਦੇ ਪਰਮੇਸ਼ੁਰ ਦਾ ਸ਼ਰਧਾਲੂ ਬਣਿਆ ਅਤੇ ਉਸ ਦੇ ਹਕੁਮਾਂ ਉੱਤੇ ਚੱਲਦਾ ਰਿਹਾ ਅਤੇ ਇਸਰਾਏਲ ਜਿਹੇ ਕੰਮ ਨਾ ਕੀਤੇ
5. ਏਸ ਲਈ ਯਹੋਵਾਹ ਨੇ ਉਸ ਦੇ ਹੱਥਾਂ ਵਿੱਚ ਰਾਜ ਨੂੰ ਪੱਕਾ ਕਰ ਦਿੱਤਾ ਅਤੇ ਸਾਰਾ ਯਹੂਦਾਹ ਯਹੋਸ਼ਾਫ਼ਾਟ ਦੇ ਕੋਲ ਚੜ੍ਹਾਵੇ ਲੈ ਕੇ ਆਏ ਅਤੇ ਉਹ ਦੀ ਦੌਲਤ ਤੇ ਇੱਜ਼ਤ ਵਿੱਚ ਬਹੁਤ ਵਾਧਾ ਹੋਇਆ
6. ਉਸ ਦਾ ਦਿਲ ਯਹੋਵਾਹ ਦਿਆਂ ਰਾਹਾਂ ਵਿੱਚ ਮਗਨ ਸੀ। ਉਸ ਨੇ ਉੱਚੇ ਅਸਥਾਨਾਂ ਅਤੇ ਟੁੰਡਾਂ ਨੂੰ ਯਹੂਦਾਹ ਵਿੱਚੋਂ ਦੂਰ ਕਰ ਦਿੱਤਾ
7. ਆਪਣੇ ਰਾਜ ਦੇ ਤੀਜੇ ਵਰਹੇ ਨੇ ਉਸ ਆਪਣੇ ਸਰਦਾਰਾਂ ਨੂੰ ਅਰਥਾਤ ਬਨਹਯਿਲ, ਓਬਦਯਾਹ, ਜ਼ਕਰਯਾਹ, ਨਥਾਨਏਲ ਅਤੇ ਮੀਕਾਯਹ ਨੂੰ ਯਹੂਦਾਹ ਦੇ ਸ਼ਹਿਰਾਂ ਵਿੱਚ ਸਿੱਖਿਆ ਦੇਣ ਲਈ ਘੱਲਿਆ
8. ਅਤੇ ਉਨ੍ਹਾਂ ਦੇ ਨਾਲ ਏਹ ਲੇਵੀ ਸਨ, - ਸ਼ਮਅਯਾਹ, ਨਥਨਯਾਹ, ਜ਼ਬਦਯਾਹ, ਅਸਾਹੇਲ, ਸ਼ਮੀਰਮੋਥ, ਯਹੋਨਾਥਾਨ, ਅਦੋਨੀਯਾਹ, ਟੋਬੀਯਾਹ, ਅਰ ਟੋਬ-ਅਦੋਨੀਯਾਹ ਲੇਵੀਆਂ ਵਿੱਚੋਂ ਅਤੇ ਇਨ੍ਹਾਂ ਦੇ ਨਾਲ ਅਲੀਸ਼ਾਮਾ ਅਰ ਯਹੋਰਾਮ ਜਾਜਕ ਸਨ
9. ਸੋ ਉਨ੍ਹਾਂ ਨੇ ਯਹੋਵਾਹ ਦੀ ਬਿਵਸਥਾ ਦੀ ਪੋਥੀ ਨਾਲ ਰੱਖ ਕੇ ਯਹੂਦਾਹ ਨੂੰ ਗਿਆਨ ਸਿਖਾਇਆ ਅਤੇ ਓਹ ਯਹੂਦਾਹ ਦੇ ਸਾਰੇ ਸ਼ਹਿਰਾਂ ਵਿੱਚ ਗਏ ਅਤੇ ਲੋਕਾਂ ਨੂੰ ਸਿੱਖਿਆ ਦਿੱਤੀ।।
10. ਤਾਂ ਯਹੋਵਾਹ ਦਾ ਭੈ ਯਹੂਦਾਹ ਦੇ ਆਲੇ ਦੁਆਲੇ ਦੇ ਦੇਸਾਂ ਵਿੱਚ ਸਾਰੇ ਰਾਜਾਂ ਉੱਤੇ ਛਾ ਗਿਆ ਐਥੋਂ ਤੀਕ ਕਿ ਉਨ੍ਹਾਂ ਨੇ ਯਹੋਸ਼ਾਫਾਟ ਦੇ ਨਾਲ ਕਦੇ ਵੀ ਲੜਾਈ ਨਾ ਕੀਤੀ
11. ਅਤੇ ਕਈ ਫਲਿਸਤੀ ਯਹੋਸ਼ਾਫ਼ਾਟ ਦੇ ਕੋਲ ਨਜ਼ਰਾਨੇ ਅਤੇ ਖਰਾਜ ਵਿੱਚ ਚਾਂਦੀ ਲੈ ਆਏ ਅਤੇ ਅਰਬ ਦੇ ਲੋਕ ਵੀ ਉਸ ਦੇ ਕੋਲ ਇੱਜੜ ਲਿਆਏ ਅਰਥਾਤ ਸੱਤ ਹਜ਼ਾਰ ਸੱਤ ਸੌ ਮੇਢੇ ਅਰ ਸੱਤ ਹਜ਼ਾਰ ਸੱਤ ਸੌ ਬੱਕਰੇ
12. ਅਤੇ ਯਹੋਸ਼ਾਫ਼ਾਟ ਨੇ ਬੜੀ ਉੱਨਤੀ ਕੀਤੀ ਅਤੇ ਉਸ ਯਹੂਦਾਹ ਵਿੱਚ ਗੜ੍ਹ ਅਤੇ ਭੰਡਾਰਾਂ ਦੇ ਸ਼ਹਿਰ ਬਣਾਏ
13. ਯਹੂਦਾਹ ਦੇ ਸ਼ਹਿਰਾਂ ਵਿੱਚ ਉਸ ਦੇ ਬਹੁਤ ਸਾਰੇ ਕੰਮ ਕਾਜ ਸਨ ਅਤੇ ਯਰੂਸ਼ਲਮ ਵਿੱਚ ਉਸ ਦੇ ਸੂਰਮੇ ਜੋਧੇ ਰਹਿੰਦੇ ਸਨ ਅਤੇ ਯਰੂਸ਼ਲਮ ਵਿੱਚ ਉਸ ਦੇ ਸੂਰਮੇ ਜੋਧੇ ਰਹਿੰਦੇ ਸਨ
14. ਅਤੇ ਉਨ੍ਹਾਂ ਦੀ ਗਿਣਤੀ ਉਨ੍ਹਾਂ ਦੇ ਪਿਉ ਦਾਦਿਆਂ ਦੇ ਘਰਾਣਿਆਂ ਅਨੁਸਾਰ ਏਹ ਸੀ, ਯਹੂਦਾਹ ਵਿੱਚੋਂ ਹਜ਼ਾਰਾਂ ਦੇ ਸਰਦਾਰ ਏਹ ਸਨ, -ਸਰਦਾਰ ਅਦਨਾਹ ਅਤੇ ਉਹ ਦੇ ਨਾਲ ਤਿੰਨ ਲੱਖ ਵੱਡੇ ਸ਼ੂਰ ਬੀਰ ਸਨ
15. ਅਤੇ ਉਸ ਤੋਂ ਦੂਜੇ ਦਰਜੇ ਉੱਤੇ ਸਰਦਾਰ ਯਹੋਹਾਨਾਨ, ਉਸ ਦੇ ਨਾਲ ਦੋ ਲੱਖ ਅੱਸੀ ਹਜ਼ਾਰ
16. ਉਸ ਤੋਂ ਹੇਠਾਂ ਜ਼ਿਕਰੀ ਦਾ ਪੁੱਤ੍ਰ ਅਮਸਯਾਹ ਸੀ ਜਿਸ ਆਪਣੇ ਆਪ ਨੂੰ ਖੁਸ਼ੀ ਦੇ ਨਾਲ ਯਹੋਵਾਹ ਦੇ ਲਈ ਪੇਸ਼ ਕੀਤਾ ਸੀ ਅਤੇ ਉਹ ਦੇ ਨਾਲ ਦੋ ਲੱਖ ਵੱਡੇ ਸੂਰਮੇ ਸਨ
17. ਅਤੇ ਬਿਨਯਾਮੀਨ ਵਿੱਚੋਂ ਅਲਯਾਦਾ ਇੱਕ ਵੱਡਾ ਸੂਰਮਾ ਸੀ ਅਤੇ ਉਹ ਦੇ ਨਾਲ ਧਣੁਖ ਅਤੇ ਢਾਲ ਨਾਲ ਦੋ ਲੱਖ ਜੁਆਨ ਸਨ
18. ਅਤੇ ਉਸ ਦੇ ਹੇਠਾਂ ਯਹੋਜ਼ਾਬਾਦ ਸੀ ਅਤੇ ਉਹ ਦੇ ਨਾਲ ਇੱਕ ਲੱਖ ਅਸੀਂ ਹਜ਼ਾਰ ਜੁਆਨ ਸਨ ਜੋ ਜੰਗ ਲਈ ਤਿਆਰ ਰਹਿੰਦੇ ਸਨ
19. ਏਹ ਪਾਤਸ਼ਾਹ ਦੇ ਸੇਵਾਦਾਰ ਸਨ ਅਤੇ ਏਹ ਉਨ੍ਹਾਂ ਤੋਂ ਵੱਖਰੇ ਸਨ ਜਿਨ੍ਹਾਂ ਨੂੰ ਪਾਤਸ਼ਾਹ ਨੇ ਸਾਰੇ ਯਹੂਦਾਹ ਦੇ ਗੜ੍ਹ ਵਾਲੇ ਸ਼ਹਿਰਾਂ ਵਿੱਚ ਰੱਖਿਆ ਹੋਇਆ ਸੀ।।