ਅਹਬਾਰ ਅਧਿਆਇ 11
1. ਤਾਂ ਯਹੋਵਾਹ ਮੂਸਾ ਅਤੇ ਹਾਰੂਨ ਨਾਲ ਬੋਲਿਆ ਕਿ
2. ਇਸਰਾਏਲੀਆਂ ਨਾਲ ਬੋਲੋ ਕਿ ਸਭਨਾਂ ਪਸੂਆਂ ਵਿੱਚੋਂ ਜੋ ਧਰਤੀ ਉੱਤੇ ਹਨ ਜਿਹੜੇ ਪਸੂ ਤੁਹਾਡੇ ਖਾਣ ਜੋਗ ਹਨ ਸੋ ਏਹ ਹਨ
3. ਪਸੂਆਂ ਵਿੱਚੋਂ ਜਿਸ ਦਾ ਸੁੰਬ ਪਾਟਾ ਹੋਇਆ ਅਤੇ ਦੁਸੁੰਬਾ ਹੈ ਅਤੇ ਉਗਾਲੀ ਕਰਦਾ ਹੈ, ਉਹ ਤੁਸਾਂ ਖਾਣਾ
4. ਤਾਂ ਵੀ ਉਨ੍ਹਾਂ ਵਿੱਚੋਂ ਜਿਹੜੇ ਉਗਾਲੀ ਕਰਦੇ ਹਨ, ਯਾ ਉਨ੍ਹਾਂ ਵਿੱਚੋਂ ਜਿਨ੍ਹਾਂ ਦਾ ਸੁੰਬ ਪਾਟਾ ਹੋਇਆ ਹੈ ਇਹ ਤੁਸਾਂ ਨਹੀਂ ਖਾਣਾ, ਊਠ ਕਿਉਂ ਜੋ ਉਗਾਲੀ ਤਾਂ ਕਰਦਾ ਹੈ ਪਰ ਉਸ ਦਾ ਸੁੰਬ ਨਹੀਂ ਪਾਟਾ ਹੋਇਆ, ਉਹ ਤੁਹਾਨੂੰ ਅਸ਼ੁੱਧ ਹੈ
5. ਅਤੇ ਪਹਾੜੀ ਚੂਹਾ ਕਿਉਂ ਜੋ ਉਗਾਲੀ ਤਾਂ ਕਰਦਾ ਹੈ ਪਰ ਉਸ ਦਾ ਸੁੰਬ ਨਹੀਂ ਪਾਟਾ ਹੋਇਆ, ਉਹ ਤੁਹਾਨੂੰ ਅਸ਼ੁੱਧ ਹੈ
6. ਅਤੇ ਸਹਿਆ ਕਿਉਂ ਜੋ ਉਗਾਲੀ ਤਾਂ ਕਰਦਾ ਹੈ ਪਰ ਉਸ ਦਾ ਸੁੰਬ ਨਹੀਂ ਪਾਟਾ ਹੋਇਆ, ਉਹ ਤੁਹਾਨੂੰ ਅਸ਼ੁੱਧ ਹੈ
7. ਅਤੇ ਸੂਰ ਭਾਵੇਂ ਉਸ ਦਾ ਸੁੰਬ ਪਾਟਾ ਹੋਇਆ ਹੈ ਅਤੇ ਦਸੁੰਬਾ ਭੀ ਹੈ, ਤਾਂ ਭੀ ਉਗਾਲੀ ਨਹੀਂ ਕਰਦਾ, ਉਹ ਤੁਹਾਨੂੰ ਅਸ਼ੁੱਧ ਹੈ
8. ਉਨ੍ਹਾਂ ਦੇ ਮਾਸ ਤੋਂ ਤੁਸਾਂ ਨਾ ਖਾਣਾ ਅਤੇ ਨਾ ਉਨ੍ਹਾਂ ਦੀ ਲੋਥ ਨੂੰ ਤੁਸਾਂ ਛੋਹਣਾ, ਓਹ ਤੁਹਾਨੂੰ ਅਸ਼ੁੱਧ ਹਨ।।
9. ਪਾਣੀਆਂ ਵਿੱਚੋਂ ਜਿਹੜੇ ਤੁਸਾਂ ਖਾਣੇ ਸੋ ਏਹ ਹਨ, ਪਾਣੀਆਂ, ਸਮੁੰਦ੍ਰਾਂ ਅਤੇ ਨਦੀਆਂ ਵਿੱਚ ਜਿਨ੍ਹਾਂ ਦੇ ਖੰਭ ਅਤੇ ਛਿਲਕੇ ਹੋਣ ਓਹ ਤੁਸਾਂ ਖਾਣੇ
10. ਅਤੇ ਸਮੁੰਦ੍ਰਾਂ ਅਤੇ ਨਦੀਆਂ ਦੇ ਓਹ ਸੱਭੇ ਜੋ ਪਾਣੀਆਂ ਵਿੱਚ ਚੱਲਦੇ ਹਨ ਅਤੇ ਪਾਣੀਆਂ ਵਿੱਚ ਕਿਸੇ ਜੀਵ ਦੇ ਜਿਨ੍ਹਾਂ ਦੇ ਖੰਭ ਅਤੇ ਛਿਲਕੇ ਨਾ ਹੋਣ ਓਹ ਤੁਹਾਨੂੰ ਮਾੜੇ ਲੱਗਣ
11. ਓਹ ਤੁਹਾਨੂੰ ਜਰੂਰ ਮਾੜੇ ਲੱਗਣ, ਤੁਸਾਂ ਉਨ੍ਹਾਂ ਦਾ ਮਾਸ ਨਾ ਖਾਣਾ ਸਗੋਂ ਉਨ੍ਹਾਂ ਦੀ ਲੋਥ ਭੀ ਮਾੜੀ ਜਾਣਨੀ
12. ਪਾਣੀਆਂ ਦੇ ਵਿੱਚ ਜਿਨ੍ਹਾਂ ਦੇ ਖੰਭ ਅਤੇ ਛਿਲਕੇ ਨਾ ਹੋਣ ਓਹ ਤੁਹਾਨੂੰ ਮਾੜੇ ਲੱਗਣ।।
13. ਅਤੇ ਪੰਛੀਆਂ ਵਿੱਚੋਂ ਜਿਹੜੇ ਤੁਸਾਂ ਮਾੜੇ ਸਮਝਣੇ ਸੋ ਏਹ ਹਨ, ਏਹ ਨਾ ਖਾਧੇ ਜਾਣ, ਏਹ ਮਾੜੇ ਹਨ, ਉਕਾਬ ਅਤੇ ਮੁਰਾਰੀ ਅਤੇ ਮੱਛੀਮਾਰ
14. ਅਤੇ ਇੱਲ ਅਤੇ ਗਿਰਝ ਆਪਣੀ ਜਾਤ ਦੇ ਅਨੁਸਾਰ
15. ਸੱਭੇ ਕਾਉਂ ਆਪੋ ਆਪਣੀ ਜਾਤ ਅਨੁਸਾਰ
16. ਅਤੇ ਸ਼ੁਤਰ ਮੁਰਗ ਅਤੇ ਕਲਪੇਚਕ ਅਤੇ ਕੋਇਲ ਅਤੇ ਬਾਜ ਆਪਣੀ ਜਾਤੀ ਅਨੁਸਾਰ
17. ਅਤੇ ਚੁਗਲ ਅਤੇ ਜਲ ਕਾਉਂ ਅਤੇ ਬੋਜਾ
18. ਅਤੇ ਰਾਜਹੰਸ ਅਤੇ ਹਵਾਸਿਲ ਅਤੇ ਆਰਗਲ
19. ਅਤੇ ਲਮਢੀਂਗ ਅਤੇ ਬਗਲਾ ਆਪਣੀ ਜਾਤ ਅਨੁਸਾਰ ਅਤੇ ਟਟੀਹਰੀ ਅਤੇ ਚਾਮਚਿੱਠੀ
20. ਸੱਭੇ ਘਿਸਰਨ ਵਾਲੇ ਜੋ ਉੱਡਦੇ ਵੀ ਹਨ ਅਤੇ ਚੌਹਾਂ ਪੈਰਾਂ ਨਾਲ ਚੱਲਦੇ ਹਨ, ਤੁਹਾਨੂੰ ਮਾੜੇ ਲੱਗਣ
21. ਤਾਂ ਵੀ ਸਭਨਾਂ ਉੱਡਣ ਵਾਲਿਆਂ ਵਿੱਚੋਂ ਜਿਹੜੇ ਚਹੁੰਵਾ ਪੈਰਾਂ ਨਾਲ ਚੱਲਦੇ ਹਨ ਅਤੇ ਧਰਤੀ ਉੱਤੇ ਟੱਪਣ ਲਈ ਪੈਰਾਂ ਦੇ ਉਤਾਂਹ ਜਿਨ੍ਹਾਂ ਦੀਆਂ ਲੱਤਾਂ ਹਨ ਤੁਸਾਂ ਇਹ ਖਾਣਾ
22. ਹਾਂ, ਤੁਸਾਂ ਇਨ੍ਹਾਂ ਵਿੱਚੋਂ ਖਾਣਾ, ਮੱਕੜੀ ਆਪਣੀ ਜਾਤ ਅਨੁਸਾਰ ਅਤੇ ਰੋਡਾ ਮੱਕੜੀ ਆਪਣੀ ਜਾਤ ਅਨੁਸਾਰ ਅਤੇ ਗਭਰੇਲਾ ਅਤੇ ਟਿੱਡੀ ਆਪਣੀ ਜਾਤ ਅਨੁਸਾਰ
23. ਪਰ ਹੋਰ ਉੱਡਣ ਵਾਲੇ ਜਿਨ੍ਹਾਂ ਦੇ ਚਾਰੇ ਪੈਰ ਹਨ ਤੁਹਾਨੂੰ ਮਾੜੇ ਲੱਗਣ
24. ਅਤੇ ਇਨ੍ਹਾਂ ਤੋਂ ਤੁਸੀਂ ਅਸ਼ੁੱਧ ਹੋਵੋਗੇ, ਜੋ ਇਨ੍ਹਾਂ ਦੀ ਲੋਥ ਨੂੰ ਛੂਹੇ ਸੋ ਸੰਧਿਆ ਤੋੜੀ ਅਸ਼ੁੱਧ ਰਹੇ
25. ਅਤੇ ਜੋ ਇਨ੍ਹਾਂ ਦੀ ਲੋਥ ਦਾ ਕੁਝ ਚੁੱਕੇ ਤਾਂ ਉਹ ਆਪਣੇ ਲੀੜੇ ਧੋ ਸੁੱਟੇ ਅਤੇ ਸੰਧਿਆ ਤੋੜੀ ਅਸ਼ੁੱਧ ਰਹੇ
26. ਸਭਨਾਂ ਪਸੂਆਂ ਦੀ ਲੋਥ ਜਿਨ੍ਹਾਂ ਦੇ ਸੁੰਬ ਪਾਟੇ ਨਹੀਂ ਹੋਏ ਅਤੇ ਦੁਸੁੰਬੇ ਨਹੀਂ ਅਤੇ ਨਾ ਉਗਾਲੀ ਕਰਦੇ ਹਨ ਤੁਹਾਨੂੰ ਅਸ਼ੁੱਧ ਹਨ, ਜਿਹੜਾ ਉਨ੍ਹਾਂ ਨੂੰ ਛੋਹੇ ਸੋ ਅਸ਼ੁੱਧ ਹੋਵੇ
27. ਅਤੇ ਸਾਰੇ ਪਰਕਾਰ ਦੇ ਪਸੂਆਂ ਵਿੱਚੋਂ ਜਿਹੜੇ ਚਹੁੰਵਾਂ ਪੈਰਾਂ ਨਾਲ ਚੱਲਦੇ ਹਨ ਜਿਹੜੇ ਪੰਜਿਆਂ ਪਰਨੇ ਤੁਰਦੇ ਹਨ ਤੁਹਾਨੂੰ ਅਸ਼ੁੱਧ ਹਨ, ਜਿਹੜਾ ਉਨ੍ਹਾਂ ਦੀ ਲੋਥ ਨੂੰ ਛੋਹੇ ਸੋ ਸੰਧਿਆ ਤੋੜੀ ਅਸ਼ੁੱਧ ਰਹੇ
28. ਅਤੇ ਜਿਹੜਾ ਉਨ੍ਹਾਂ ਦੀ ਲੋਥ ਨੂੰ ਚੁੱਕੇ ਸੋ ਆਪਣੇ ਲੀੜੇ ਧੋ ਸੁੱਟੇ ਅਤੇ ਸੰਧਿਆ ਤੋੜੀ ਅਸ਼ੁੱਧ ਰਹੇ। ਏਹ ਤੁਹਾਨੂੰ ਅਸ਼ੁੱਧ ਹਨ।।
29. ਅਤੇ ਘਿਸਰਨ ਵਾਲਿਆਂ ਵਿੱਚੋਂ, ਜਿਹੜੇ ਧਰਤੀ ਉੱਤੇ ਘਿਸਰਦੇ ਹਨ, ਏਹ ਤੁਹਾਨੂੰ ਅਸ਼ੁੱਧ ਹੋਣ, ਛਛੁੰਦਰ ਅਤੇ ਚੂਹਾ ਅਤੇ ਗੌਹ ਉਸ ਦੀ ਜਾਤ ਦੇ ਅਨੁਸਾਰ
30. ਅਤੇ ਵਰਲ ਅਤੇ ਹਰਜੂਨ ਅਤੇ ਕਿਰਲੀ ਅਤੇ ਅਜਾਤ ਅਤੇ ਗਿਰਗਿਟ
31. ਸਭਨਾਂ ਘਿਸਰਨ ਵਾਲਿਆਂ ਵਿੱਚੋਂ ਏਹ ਤੁਹਾਨੂੰ ਅਸ਼ੁੱਧ ਹਨ। ਜਿਹੜਾ ਉਨ੍ਹਾਂ ਨੂੰ ਮੋਇਆਂ ਹੋਇਆਂ ਨੂੰ ਛੋਹੇ ਸੋ ਸੰਧਿਆ ਤੋੜੀ ਅਸ਼ੁੱਧ ਰਹੇ
32. ਅਤੇ ਜਿਸ ਵਸਤ ਉੱਤੇ ਉਨ੍ਹਾਂ ਵਿੱਚੋਂ ਕੋਈ ਮਰ ਕੇ ਡਿੱਗ ਪਵੇ ਤਾਂ ਉਹ ਵਸਤ ਅਸ਼ੁੱਧ ਹੋਵੇ, ਭਾਵੇਂ ਲੱਕੜ ਦਾ ਭਾਂਡਾ ਹੋਵੇ, ਭਾਵੇਂ ਲੀੜਾ, ਭਾਵੇਂ ਚੰਮ, ਭਾਵੇਂ ਤੱਪੜ, ਭਾਵੇਂ ਕਿਹਾਕੁ ਭਾਂਡਾ ਜੋ ਵਰਤਣ ਵਿੱਚ ਆਇਆ ਹੋਵੇ ਤਾਂ ਉਹ ਪਾਣੀ ਵਿੱਚ ਧਰਿਆ ਜਾਵੇ ਅਤੇ ਸੰਧਿਆ ਤੋੜੀ ਅਸ਼ੁੱਧ ਰਹੇ, ਇਸੇ ਤਰਾਂ ਨਾਲ ਸ਼ੁੱਧ ਹੋਵੇ
33. ਅਤੇ ਸੱਭੇ ਮਿੱਟੀ ਦੇ ਭਾਂਡੇ ਜਿਨ੍ਹਾਂ ਦੇ ਵਿੱਚ ਉਨ੍ਹਾਂ ਵਿੱਚੋਂ ਕੋਈ ਡਿੱਗ ਪਵੇ ਜੋ ਕੁਝ ਉਸ ਦੇ ਵਿੱਚ ਹੈ, ਸੋ ਅਸ਼ੁੱਧ ਹੋਵੇ ਅਤੇ ਉਹ ਭਾਂਡਾ ਭੰਨਿਆ ਜਾਏ
34. ਸਾਰਾ ਭੋਜਨ ਜੋ ਖਾਧਾ ਜਾਂਦਾ ਹੈ, ਉਸ ਦੇ ਉੱਤੇ ਉਨ੍ਹਾਂ ਵਿੱਚੋਂ ਪਾਣੀ ਪੈ ਜਾਏ ਅਪਵਿੱਤ੍ਰ ਹੋਵੇਗਾ ਅਤੇ ਸਭ ਕੁਝ ਜੋ ਪੀਤਾ ਜਾਂਦਾ ਹੈ, ਸੋ ਇਨ੍ਹਾਂ ਭਾਂਡਿਆਂ ਵਿੱਚ ਅਸ਼ੁੱਧ ਹੋਵੇਗਾ
35. ਅਤੇ ਇਨ੍ਹਾਂ ਦੀ ਲੋਥ ਤੋਂ ਜਿਸ ਵਸਤ ਤੇ ਕੁਝ ਪੈ ਜਾਏ, ਉਹ ਅਸ਼ੁੱਧ ਹੋਵੇ, ਭਾਵੇਂ ਤੰਦੂਰ, ਭਾਵੇਂ ਚੁੱਲੇ, ਓਹ ਭੰਨੇ ਜਾਣ ਕਿਉਂ ਜੋ ਓਹ ਅਸ਼ੁੱਧ ਹਨ, ਅਤੇ ਤੁਹਾਡੇ ਲਈ ਅਸ਼ੁੱਧ ਠਹਿਰਨ
36. ਤਾਂ ਵੀ ਬਾਉਲੀ ਯਾ ਸੋਤਾ ਜਿਸ ਦੇ ਪਾਣੀ ਬਹੁਤ ਹੈ ਸ਼ੁੱਧ ਹੋਵੇ ਪਰ ਜਿਹੜਾ ਉਨ੍ਹਾਂ ਦੀ ਲੋਥ ਨੂੰ ਛੋਹੇ ਸੋ ਅਸ਼ੁੱਧ ਹੋਵੇ
37. ਅਤੇ ਉਨ੍ਹਾਂ ਦੀ ਲੋਥ ਤੋਂ ਜੋ ਕੁਝ ਕਿਸੇ ਬੀਜਣ ਦੇ ਬੀ ਉੱਤੇ ਪੈ ਜਾਏ ਉਹ ਸ਼ੁੱਧ ਰਹੇਗਾ
38. ਪਰ ਜੇ ਕਦੀ ਉਹ ਬੀ ਪਾਣੀ ਵਿੱਚ ਭੇਵਿਆ ਜਾਏ ਅਤੇ ਉਨ੍ਹਾਂ ਦੀ ਲੋਥ ਤੋਂ ਕੁਝ ਉਸ ਉੱਤੇ ਪੈ ਜਾਏ, ਤਾਂ ਉਹ ਤੁਹਾਡੇ ਲਈ ਅਸ਼ੁੱਧ ਹੋਵੇ
39. ਅਤੇ ਜੇ ਕੋਈ ਪਸੂ ਤੁਹਾਡੇ ਖਾਣ ਜੋਗ ਹੈ ਮਰ ਜਾਵੇ ਤਾਂ ਜਿਹੜਾ ਉਸ ਦੀ ਲੋਥ ਨੂੰ ਛੋਹੇ ਸੋ ਸੰਧਿਆ ਤੋੜੀ ਅਸ਼ੁੱਧ ਰਹੇ
40. ਅਤੇ ਜਿਹੜਾ ਉਸ ਦੀ ਲੋਥ ਤੋਂ ਕੁਝ ਖਾਵੇ ਤਾਂ ਆਪਣੇ ਲੀੜੇ ਧੋ ਸੁੱਟੇ ਅਤੇ ਸੰਧਿਆ ਤੋੜੀ ਅਸ਼ੁੱਧ ਰਹੇ ਉਹ ਭੀ ਜਿਹੜਾ ਉਸ ਦੀ ਲੋਥ ਨੂੰ ਚੁੱਕੇ ਸੋ ਆਪਣੇ ਲੀੜੇ ਧੋ ਸੁੱਟੇ ਅਤੇ ਸੰਧਿਆ ਤੋੜੀ ਅਸ਼ੁੱਧ ਰਹੇ
41. ਅਤੇ ਸੱਭੇ ਘਿਸਰਨ ਵਾਲੇ ਜਿਹੜੇ ਧਰਤੀ ਉੱਤੇ ਘਿਸਰਦੇ ਹਨ ਸੋ ਮਾੜੇ ਠਹਿਰਨ, ਏਹ ਖਾਧੇ ਨਾ ਜਾਣ
42. ਜਿਹੜਾ ਢਿੱਡ ਪਰਨੇ ਘਿਸਰਦਾ ਹੈ ਅਤੇ ਜਿਹੜਾ ਚਹੁੰਵਾਂ ਪੈਰਾਂ ਨਾਲ ਤੁਰਦਾ ਹੈ ਅਤੇ ਜਿਹੜਾ ਸਭਨਾਂ ਘਿਸਰਨ ਵਾਲਿਆਂ ਵਿੱਚੋਂ ਜੋ ਧਰਤੀ ਉੱਤੇ ਘਿਸਰਦੇ ਹਨ, ਪੈਰ ਵਧਾਉਂਦਾ ਹੈ, ਉਨ੍ਹਾਂ ਤੋਂ ਤੁਸਾਂ ਨਾ ਖਾਣਾ ਕਿਉਂ ਜੋ ਓਹ ਮਾੜੇ ਹਨ
43. ਕਿਸੇ ਘਿਸਰਨ ਵਾਲੇ ਤੋਂ ਜੋ ਘਿਸਰਦਾ ਹੈ ਤੁਸਾਂ ਆਪਣੇ ਆਪ ਨੂੰ ਮਾੜੇ ਨਾ ਬਣਾਉਣਾ, ਨਾ ਤੁਸਾਂ ਉਨ੍ਹਾਂ ਤੋਂ ਆਪਣੇ ਆਪ ਨੂੰ ਅਸ਼ੁੱਧ ਬਣਾਉਣਾ ਭਈ ਤੁਸੀਂ ਉਨ੍ਹਾਂ ਤੋਂ ਭ੍ਰਿਸ਼ਟ ਹੋ ਜਾਓ
44. ਕਿਉਂ ਜੋ ਮੈਂ ਯਹੋਵਾਹ ਤੁਹਾਡਾ ਪਰਮੇਸ਼ੁਰ ਹਾਂ, ਸੋ ਤੁਸਾਂ ਆਪਣੇ ਆਪ ਨੂੰ ਸ਼ੁੱਧ ਰੱਖਣਾ ਅਤੇ ਤੁਸਾਂ ਪਵਿੱਤ੍ਰ ਬਣਨਾ, ਮੈਂ ਜੋ ਪਵਿੱਤ੍ਰ ਹਾਂ, ਨਾ ਤੁਸਾਂ ਆਪਣੇ ਆਪ ਨੂੰ ਕਿਸੇ ਪ੍ਰਕਾਰ ਦੇ ਘਿਸਰਨ ਵਾਲੇ ਤੋਂ ਜੋ ਧਰਤੀ ਉੱਤੇ ਘਿਸਰਦਾ ਹੈ ਭ੍ਰਿਸ਼ਟ ਕਰਨਾ
45. ਮੈਂ ਤਾਂ ਤੁਹਾਡੇ ਪਰਮੇਸ਼ੁਰ ਬਣਨ ਲਈ ਓਹੋ ਯਹੋਵਾਹ ਹਾਂ ਜੋ ਤੁਹਾਨੂੰ ਮਿਸਰ ਦੇ ਦੇਸੋਂ ਲਿਆਉਂਦਾ ਹਾਂ, ਸੋ ਤੁਸੀਂ ਪਵਿੱਤ੍ਰ ਹੋਵੋ, ਮੈਂ ਜੋ ਪਵਿੱਤ੍ਰ ਹਾਂ
46. ਪਸੂ ਅਤੇ ਪੰਛੀ ਅਤੇ ਸੱਭੇ ਜੀਵ ਜੋ ਪਾਣੀ ਵਿੱਚ ਚੱਲਦੇ ਹਨ ਅਤੇ ਸੱਭੇ ਜੀਵ ਜੋ ਧਰਤੀ ਉੱਤੇ ਘਿਸਰਦੇ ਹਨ, ਉਨ੍ਹਾਂ ਦੀ ਇਹ ਬਿਵਸਥਾ ਹੈ
47. ਭਈ ਸ਼ੁੱਧ ਅਤੇ ਅਸ਼ੁੱਧ ਨੂੰ ਸਿਆਣਨ ਅਤੇ ਉਹ ਪਸੂ ਜੋ ਖਾਣ ਜੋਗ ਹੈ ਅਤੇ ਉਹ ਪਸੂ ਜੋ ਖਾਣ ਜੋਗ ਨਹੀਂ ਹੈ।।