ਯਸਈਆਹ ਅਧਿਆਇ 8
1. ਤਾਂ ਯਹੋਵਾਹ ਨੇ ਮੈਨੂੰ ਆਖਿਆ, ਇੱਕ ਵੱਡੀ ਤਖ਼ਤੀ ਲੈ ਕੇ ਉਹ ਦੇ ਉੱਤੇ ਆਮ ਅੱਖਰਾਂ ਵਿੱਚ ਲਿਖ, ਮਹੇਰ-ਸ਼ਲਾਲ-ਹਾਸ਼-ਬਜ ਦੇ ਲਈ
2. ਸੋ ਮੈਂ ਆਪਣੇ ਲਈ ਮਾਤਬਰ ਗਵਾਹ ਬਣਾਏ, ਅਰਥਾਤ ਊਰੀਯਾਹ ਜਾਜਕ ਅਤੇ ਯਬਰਕਯਾਹ ਦਾ ਪੁੱਤ੍ਰ ਜ਼ਕਰਯਾਹ
3. ਤਾਂ ਮੈਂ ਨਬੀਆ ਨਾਲ ਸੰਗ ਕੀਤਾ ਅਤੇ ਉਹ ਗਰਭਵੰਤੀ ਹੋਈ ਤੇ ਪੁੱਤ੍ਰ ਜਣੀ, ਤਾਂ ਯਹੋਵਾਹ ਨੇ ਮੈਨੂੰ ਆਖਿਆ, ਉਹ ਦਾ ਨਾਉਂ ਮਹੇਰ-ਸ਼ਲਾਲ-ਹਾਸ਼-ਬਜ਼ ਰੱਖ
4. ਕਿਉਂ ਜੋ ਇਸ ਤੋਂ ਪਹਿਲਾਂ ਕਿ ਉਹ ਮੁੰਡਾ ਮੇਰਾ ਪਿਤਾ ਤੇ ਮੇਰੀ ਮਾਤਾ ਕਹਿਣਾ ਸਿੱਖੇ, ਦੰਮਿਸਕ ਦਾ ਮਾਲ ਅਤੇ ਸਾਮਰਿਯਾ ਦੀ ਲੁੱਟ ਅਸ਼ੂਰ ਦੇ ਰਾਜੇ ਦੇ ਅੱਗੇ ਚੁਕਵਾਈ ਜਾਵੇਗੀ।।
5. ਯਹੋਵਾਹ ਫੇਰ ਹੋਰ ਮੈਨੂੰ ਬੋਲਿਆ
6. ਏਸ ਲਈ ਕਿ ਪਰਜਾ ਨੇ ਸ਼ੀਲੋਆਹ ਦੇ ਹੌਲੀ ਵਗਣ ਵਾਲੇ ਪਾਣੀ ਨੂੰ ਰੱਦ ਕੀਤਾ ਅਤੇ ਰਸੀਨ ਤੇ ਰਮਲਯਾਹ ਦੇ ਪੁੱਤ੍ਰ ਉੱਤੇ ਖੁਸ਼ ਹਨ
7. ਤਾਂ ਵੇਖੋ, ਪ੍ਰਭੁ ਉਨ੍ਹਾਂ ਦੇ ਉੱਤੇ ਦਰਿਆ ਦੇ ਤੇਜ ਤੇ ਬਹੁਤੇ ਪਾਣੀ ਚੜ੍ਹਾਵੇਗਾ, ਅਰਥਾਤ ਅੱਸ਼ੂਰਦੇ ਰਾਜੇ ਨੂੰ ਉਹ ਦੀ ਸਾਰੀ ਸ਼ਾਨ ਨਾਲ ਅਤੇ ਉਹ ਆਪਣੇ ਸਾਰੇ ਨਾਲਿਆਂ ਉੱਤੇ ਚੜ੍ਹੇਗਾ ਅਤੇ ਆਪਣੇ ਸਾਰੇ ਕੰਢਿਆਂ ਦੇ ਉੱਤੋਂ ਹੀ ਵਗੇਗਾ।
8. ਉਹ ਯਹੂਦਾਹ ਦੇ ਵਿੱਚ ਵੀ ਲੰਘੇਗਾ, ਉਹ ਹੜ੍ਹ ਬਣ ਕੇ ਵਗੇਗਾ ਅਤੇ ਗਰਦਨ ਤੀਕ ਚੜ੍ਹੇਗਾ ਅਤੇ ਹੇ ਇੰਮਾਨੂਏਲ, ਉਹ ਦੇ ਪਰਾਂ ਦਾ ਫੈਲਾਓ ਤੇਰੇ ਦੇਸ ਦੀ ਚੁੜਾਈ ਨੂੰ ਭਰ ਦੇਵੇਗਾ!।।
9. ਹੇ ਲੋਕੋ! ਮਿਲ ਜਾਓ, ਪਰ ਟੋਟੇ ਟੋਟੇ ਕੀਤੇ ਜਾਓਗੇ, ਹੇ ਸਾਰੇ ਦੂਰ ਦੇਸ ਦਿਓ, ਕੰਨ ਲਾਓ, ਆਪਣੀਆਂ ਕਮਰਾਂ ਕੱਸੋ, ਪਰ ਤੁਸੀਂ ਟੋਟੇ ਟੋਟੇ ਕੀਤੇ ਜਾਓਗੇ, ਆਪਣੀਆਂ ਕਮਰਾਂ ਕੱਸੋ ਪਰ ਤੁਸੀਂ ਟੋਟੇ ਟੋਟੇ ਕੀਤੇ ਜਾਓਗੇ!
10. ਆਪੋ ਵਿੱਚ ਸਲਾਹ ਕਰੋ ਪਰ ਉਹ ਨਿਸਫਲ ਹੋਵੇਗੀ, ਬਚਨ ਕਰੋ ਪਰ ਉਹ ਕਾਇਮ ਨਾ ਰਹੇਗਾ, ਕਿਉਂ ਜੋ ਪਰਮੇਸ਼ੁਰ ਸਾਡੇ ਸੰਗ ਹੈ।।
11. ਐਉਂ ਯਹੋਵਾਹ ਨੇ ਤਕੜੇ ਹੱਥ ਨਾਲ ਮੈਨੂੰ ਫੜ ਕੇ ਆਖਿਆ ਅਤੇ ਇਸ ਪਰਜਾ ਦੇ ਚਾਲ ਚਲਣ ਤੋਂ ਮੈਨੂੰ ਇਹ ਆਖ ਕੇ ਖਬਰਦਾਰ ਕੀਤਾ
12. ਕਿ ਉਹ ਸਭ ਕੁਝ ਜਿਹ ਨੂੰ ਇਹ ਪਰਜਾ ਏਕਾ ਆਖੇ, ਤੁਸੀਂ ਏਕਾ ਨਾ ਆਖੋ ਅਤੇ ਜਿਸ ਤੋਂ ਏਹ ਭੈ ਖਾਂਦੀ ਹੈ, ਤੁਸੀਂ ਭੈ ਨਾ ਖਾਓ, ਨਾ ਕੰਬੋ
13. ਸੈਨਾਂ ਦਾ ਯਹੋਵਾਹ, ਉਹ ਨੂੰ ਪਵਿੱਤਰ ਮੰਨੋ ਅਤੇ ਉਹ ਤੁਹਾਡੇ ਲਈ ਭੈ ਅਤੇ ਉਹ ਤੁਹਾਡੇ ਲਈ ਕਾਂਬਾ ਹੋਵੇ
14. ਉਹ ਪਵਿੱਤਰ ਅਸਥਾਨ ਹੋਵੇਗਾ ਪਰ ਇਸਰਾਏਲ ਦੇ ਦੋਹਾਂ ਘਰਾਣਿਆਂ ਲਈ ਠੋਕਰ ਦਾ ਪੱਥਰ ਅਤੇ ਠੇਡਾ ਖਾਣ ਦੀ ਚਟਾਨ ਅਤੇ ਯਰੂਸ਼ਲਮ ਦੇ ਵਾਸੀਆਂ ਲਈ ਫਾਹੀ ਤੇ ਫੰਦਾ ਹੋਵੇਗਾ
15. ਬਹੁਤੇ ਉਨ੍ਹਾਂ ਵਿੱਚ ਠੇਡੇ ਖਾਣਗੇ ਅਤੇ ਡਿੱਗਣਗੇ ਅਤੇ ਚੂਰ ਚੂਰ ਹੋ ਜਾਣਗੇ ਅਤੇ ਫਾਹੇ ਜਾਣਗੇ ਅਤੇ ਫੜੇ ਜਾਣਗੇ।।
16. ਸਾਖੀ ਨਾਮੇ ਨੂੰ ਠੱਪ ਲੈ, ਅਤੇ ਮੇਰੇ ਚੇਲਿਆਂ ਵਿੱਚ ਬਿਵਸਥਾ ਉੱਤੇ ਮੋਹਰ ਲਾ
17. ਅਤੇ ਮੈਂ ਯਹੋਵਾਹ ਲਈ ਠਹਿਰਾਂਗਾ ਜਿਹੜਾ ਯਾਕੂਬ ਦੇ ਘਰਾਣੇ ਤੋਂ ਆਪਣਾ ਮੂੰਹ ਲੁਕਾਉਂਦਾ ਹੈ ਅਤੇ ਮੈਂ ਉਹ ਨੂੰ ਉਡੀਕਾਂਗਾ
18. ਵੇਖੋ, ਮੈਂ ਅਤੇ ਓਹ ਬੱਚੇ ਜਿਹੜੇ ਯਹੋਵਾਹ ਨੇ ਮੈਨੂੰ ਬਖ਼ਸ਼ੇ ਇਸਰਾਏਲ ਵਿੱਚ ਸੈਨਾਂ ਦੇ ਯਹੋਵਾਹ ਵੱਲੋਂ ਜੋ ਸੀਯੋਨ ਪਰਬਤ ਉੱਤੇ ਵੱਸਦਾ ਹੈ ਨਿਸ਼ਾਨ ਅਤੇ ਅਚੰਭੇ ਹਾਂ।।
19. ਜਦ ਓਹ ਤੁਹਾਨੂੰ ਆਖਣ ਭਈ ਭੂਤ ਮਿੱਤ੍ਰਾਂ ਨੂੰ ਅਤੇ ਦਿਓ-ਯਾਰਾਂ ਨੂੰ ਜਿਹੜੇ ਸੂਰ ਸੂਰ ਤੇ ਬੁੜ ਬੁੜ ਕਰਦੇ ਹਨ ਪੁੱਛੋ, - ਭਲਾ, ਲੋਕ ਆਪਣੇ ਪਰਮੇਸ਼ੁਰ ਨੂੰ ਨਾ ਪੁੱਛਣ? ਕੀ ਜੀਉਂਦਿਆਂ ਦੇ ਲਈ ਮੁਰਦਿਆਂ ਨੂੰ ਪੁੱਛੀਦਾ ਹੈ?
20. ਬਿਵਸਥਾ ਤੇ ਸਾਖੀ ਨੂੰ! ਜੇ ਓਹ ਏਸ ਬਚਨ ਅਨੁਸਾਰ ਨਾ ਆਖਣ ਤਾਂ ਸੱਚ ਮੁੱਚ ਉਨ੍ਹਾਂ ਲਈ ਪਹੂ ਨਾ ਫਟੇਗੀ
21. ਓਹ ਉਸ ਦੇ ਵਿੱਚ ਦੀ ਰੋਗੀ ਤੇ ਭੋਗੀ ਹੋ ਕੇ ਲੰਘਣਗੇ ਅਤੇ ਐਉਂ ਹੋਵੇਗਾ ਕਿ ਜਦ ਓਹ ਭੁੱਖੇ ਹੋਣਗੇ ਤਾਂ ਓਹ ਆਪਣੇ ਆਪ ਤੇ ਖਿਝਣਗੇ ਅਤੇ ਆਪਣੇ ਪਾਤਸ਼ਾਹ ਤੇ ਆਪਣੇ ਪਰਮੇਸ਼ੁਰ ਨੂੰ ਫਿਟਕਾਰਨਗੇ ਅਤੇ ਆਪਣੇ ਮੂੰਹ ਉਤਾਹਾਂ ਕਰਨਗੇ
22. ਓਹ ਧਰਤੀ ਵੱਲ ਤੱਕਣਗੇ ਅਤੇ ਵੇਖੋ! ਬਿਪਤਾ ਤੇ ਅਨ੍ਹੇਰਾ, ਕਸ਼ਟ ਦੀ ਧੁੰਦ ਅਤੇ ਗੂੜ੍ਹੇ ਅਨ੍ਹੇਰੇ ਵਿੱਚ ਉਹ ਧੱਕੇ ਜਾਣਗੇ।।