ਯਸਈਆਹ ਅਧਿਆਇ 46
1. ਬੇਲ ਦੇਵ ਝੁਕ ਜਾਂਦਾ ਹੈ, ਨਬੋ ਦੇਵ ਕੁੱਬਾ ਹੋ ਜਾਂਦਾ, ਓਹਨਾਂ ਦੇ ਬੁੱਤ ਪਸੂਆਂ ਉੱਤੇ ਤੇ ਡੰਗਰਾਂ ਉੱਤੇ ਹਨ, ਜਿਹੜੇ ਭਾਰ ਤੁਸੀਂ ਚੁੱਕੀ ਫਿਰਦੇ ਸਾਓ, ਓਹ ਥੱਕੇ ਹੋਏ ਪਸੂਆਂ ਲਈ ਬੋਝ ਹਨ।
2. ਓਹ ਇਕੱਠੇ ਝੁਕ ਜਾਂਦੇ, ਓਹ ਕੁੱਬੇ ਹੋ ਜਾਂਦੇ, ਓਹ ਬੋਝ ਨੂੰ ਛੁਡਾ ਨਾ ਸੱਕੇ, ਸਗੋਂ ਆਪ ਹੀ ਅਸੀਰੀ ਵਿੱਚ ਚੱਲੇ ਗਏ।।
3. ਹੇ ਯਾਕੂਬ ਦੇ ਘਰਾਣੇ, ਮੇਰੀ ਸੁਣੋ, ਨਾਲੇ ਇਸਰਾਏਲ ਦੇ ਘਰਾਣੇ ਦੇ ਸਾਰੇ ਬਕੀਏ, ਤੁਸੀਂ ਜਿਹੜੇ ਢਿੱਡੋਂ ਮੈਥੋਂ ਸੰਭਾਲੇ ਗਏ, ਜਿਹੜੇ ਕੁੱਖੋਂ ਹੀ ਚੁੱਕੇ ਗਏ,
4. ਬੁਢੇਪੇ ਤੀਕ ਮੈਂ ਉਹੀ ਹਾਂ, ਅਤੇ ਧੌਲਿਆਂ ਤੀਕ ਮੈਂ ਤੈਨੂੰ ਉਠਾਵਾਂਗਾ, ਮੈਂ ਬਣਾਇਆ ਤੇ ਮੈਂ ਚੁੱਕਾਂਗਾ, ਮੈਂ ਉਠਾਵਾਂਗਾ ਤੇ ਮੈਂ ਛੁਡਾਵਾਂਗਾ।।
5. ਤੁਸੀਂ ਕਿਹ ਦੇ ਵਰਗਾ ਮੈਨੂੰ ਬਣਾਓਗੇ, ਕਿਹ ਦੇ ਤੁੱਲ ਮੈਨੂੰ ਠਹਿਰਾਓਗੇ, ਕਿਹ ਦੇ ਨਾਲ ਮੇਰੀ ਮਿਸਾਲ ਦਿਓਗੇ, ਭਈ ਅਸੀਂ ਇੱਕ ਵਰਗੇ ਹੋਈਏ?
6. ਜਿਹੜੇ ਥੈਲੀ ਵਿੱਚੋਂ ਸੋਨਾ ਉਲੱਦਦੇ ਹਨ, ਅਤੇ ਚਾਂਦੀ ਤੱਕੜੀ ਵਿੱਚ ਤੋਂਲਦੇ ਹਨ, ਓਹ ਸੁਨਿਆਰ ਨੂੰ ਭਾੜੇ ਉੱਤੇ ਲਾਉਂਦੇ, ਅਤੇ ਉਹ ਉਸ ਤੋਂ ਠਾਕਰ ਬਣਾਉਂਦਾ, ਤਾਂ ਓਹ ਮੱਥਾ ਟੇਕੇ ਸਗੋਂ ਮੱਥਾ ਰਗੜਦੇ ਹਨ!
7. ਓਹ ਉਸ ਨੂੰ ਮੋਢੇ ਉੱਤੇ ਚੁੱਕ ਲੈਂਦੇ ਹਨ, ਓਹ ਉਸ ਨੂੰ ਉਠਾ ਕੇ ਉਸ ਦੇ ਥਾਂ ਤੇ ਰੱਖਦੇ ਹਨ, ਉਹ ਖੜਾ ਰਹਿੰਦਾ ਅਤੇ ਆਪਣੇ ਥਾਂ ਤੋਂ ਨਹੀਂ ਹਿੱਲਦਾ। ਜੇ ਕੋਈ ਉਸ ਨੂੰ ਪੁਕਾਰੇ ਉਹ ਉੱਤਰ ਨਹੀਂ ਦਿੰਦਾ, ਨਾ ਉਹ ਨੂੰ ਉਹ ਦੇ ਦੁਖ ਤੋਂ ਬਚਾਉਂਦਾ ਹੈ।।
8. ਏਹ ਨੂੰ ਚੇਤੇ ਰੱਖੋ ਅਤੇ ਮਨੁੱਖ ਬਣੋ, ਫੇਰ ਦਿਲ ਤੇ ਲਾਓ, ਹੇ ਅਪਰਾਧੀਓ!
9. ਪੁਰਾਣੇ ਸਮੇਂ ਦੀਆਂ ਪਹਿਲੀਆਂ ਗੱਲਾਂ ਨੂੰ ਚੇਤੇ ਰੱਖੋ, ਕਿਉਂ ਜੋ ਮੈਂ ਪਰਮੇਸ਼ੁਰ ਹਾਂ ਅਤੇ ਹੋਰ ਕੋਈ ਨਹੀਂ, ਪਰਮੇਸ਼ੁਰ, ਅਤੇ ਮੇਰੇ ਵਰਗਾ ਕੋਈ ਨਹੀਂ।
10. ਮੈਂ ਆਦ ਤੋਂ ਅੰਤ ਨੂੰ, ਅਤੇ ਮੁੱਢ ਤੋਂ ਜੋ ਅਜੇ ਨਹੀਂ ਹੋਇਆ ਦੱਸਦਾ ਹਾਂ, ਮੈਂ ਆਖਦਾ ਹਾਂ, ਮੇਰੀ ਸਲਾਹ ਕਾਇਮ ਰਹੇਗੀ, ਅਤੇ ਮੈਂ ਆਪਣੀ ਸਾਰੀ ਇੱਛਿਆ ਨੂੰ ਪੂਰੀ ਕਰਾਂਗਾ।
11. ਮੈਂ ਸ਼ਿਕਾਰੀ ਪੰਛੀ ਨੂੰ ਪੂਰਬੋਂ, ਆਪਣੀ ਸਲਾਹ ਦੇ ਮਨੁੱਖ ਨੂੰ ਦੂਰ ਦੇਸ਼ ਤੋਂ ਸੱਦਦਾ ਹਾਂ। ਹਾਂ, ਮੈਂ ਬੋਲਿਆ ਸੋ ਮੈਂ ਨਿਭਾਵਾਂਗਾ, ਮੈਂ ਠਾਣਿਆ ਸੋ ਮੈਂ ਪੂਰਾ ਕਰਾਂਗਾ।।
12. ਹੇ ਹਠੀਲੇ ਦਿਲ ਵਾਲਿਓ, ਮੇਰੀ ਸੁਣੋ! ਤੁਸੀਂ ਜੋ ਧਰਮ ਤੋਂ ਦੂਰ ਹੋ, -
13. ਮੈਂ ਆਪਣੇ ਧਰਮ ਨੂੰ ਨੇੜੇ ਲਿਆਉਂਦਾ ਹਾਂ, ਉਹ ਦੂਰ ਨਹੀਂ ਰਹੇਗਾ, ਮੇਰਾ ਬਚਾਓ ਢਿਲ ਨਹੀਂ ਲਾਵੇਗਾ, ਮੈਂ ਸੀਯੋਨ ਵਿੱਚ ਬਚਾਓ, ਅਤੇ ਇਸਰਾਏਲ ਲਈ ਆਪਣਾ ਤੇਜ ਬਖ਼ਸ਼ਾਂਗਾ।।