ਅਹਬਾਰ ਅਧਿਆਇ 6
1. ਯਹੋਵਾਹ ਮੂਸਾ ਨੂੰ ਬੋਲਿਆ ਕਿ
2. ਜੇ ਕੋਈ ਪ੍ਰਾਣੀ ਪਾਪ ਕਰੇ ਅਤੇ ਯਹੋਵਾਹ ਦੇ ਅੱਗੇ ਦੋਸ਼ ਕਰੇ ਅਤੇ ਉਸ ਵਿੱਚ ਜੋ ਉਸ ਕੋਲ ਗਹਿਣਾ ਰੱਖਿਆ ਸੀ, ਆਪਣੇ ਗੁਆਂਢੀ ਨੂੰ ਝੂਠ ਆਖੇ, ਯਾ ਵਹਦੇ ਵਿੱਚ, ਯਾ ਠੱਗੀ ਵਿੱਚ ਯਾ ਆਪਣੇ ਗੁਆਂਢੀ ਨਾਲ ਸਖ਼ਤੀ ਕੀਤੀ ਹੋਵੇ
3. ਯਾ ਉਸ ਵਸਤ ਨੂੰ ਜਿਹੜੀ ਗੁਆਚ ਗਈ ਹੋਵੇ ਲਭੇ ਅਤੇ ਉਸ ਦੇ ਉੱਤੇ ਝੂਠ ਆਖੇ ਅਤੇ ਝੂਠ ਦੀ ਸੌਂਹ ਚੁੱਕੇ, ਇਨ੍ਹਾਂ ਸਭਨਾਂ ਗੱਲਾਂ ਵਿੱਚ ਮਨੁੱਖ ਪਾਪ ਜੋ ਕਰੇ
4. ਤਾਂ ਅਜਿਹਾ ਹੋਵੇਗਾ, ਇਸ ਲਈ, ਜੋ ਉਸ ਨੇ ਪਾਪ ਕੀਤਾ ਅਤੇ ਦੋਸ਼ੀ ਹੋਇਆ ਤਾਂ ਉਸ ਵਸਤ ਨੂੰ ਜੋ ਉਸ ਨੇ ਖੋਹ ਲਈ ਸੀ, ਯਾ ਉਹ ਵਸਤ ਜੋ ਉਸ ਨੂੰ ਛਲ ਨਾਲ ਮਿਲੀ ਹੈ, ਯਾ ਉਹ ਜੋ ਉਸ ਦੇ ਕੋਲ ਅਮਾਨ ਰੱਖਿਆ ਹੈ, ਯਾ ਉਹ ਗੁਆਚੀ ਹੋਈ ਵਸਤ ਜੋ ਉਸ ਨੇ ਲੱਭੀ ਹੈ ਸੋ ਮੋੜ ਦੇਵੇ
5. ਯਾ ਉਹ ਸਾਰਾ ਜਿਸ ਦੇ ਵਿੱਚ ਉਸ ਨੇ ਝੂਠੀ ਸੌਂਹ ਚੁੱਕੀ ਉਹ ਉਸ ਨੂੰ ਉਸੇ ਤਰਾਂ ਸਾਰਾ ਮੋੜ ਦੇਵੇ ਅਤੇ ਉਸ ਦੇ ਨਾਲ ਭੀ ਇੱਕ ਪੰਜਵਾਂ ਹਿੱਸਾ ਹੋਰ ਪਾ ਕੇ ਉਸ ਨੂੰ ਜਿਸ ਦਾ ਹੈ ਦੇ ਦੇਵੇ, ਆਪਣੀ ਪਾਪ ਦੀ ਭੇਟ ਦੇ ਦਿਹਾੜੇ ਵਿੱਚ
6. ਅਤੇ ਉਹ ਆਪਣੇ ਦੋਸ਼ ਦੀ ਭੇਟ ਵਿੱਚ ਯਹੋਵਾਹ ਦੇ ਅੱਗੇ ਇੱਜੜ ਵਿੱਚੋਂ ਬੱਜ ਤੋਂ ਰਹਿਤ ਇੱਕ ਛੱਤ੍ਰਾ ਤੇਰੇ ਮੁੱਲ ਦੇ ਅਨੁਸਾਰ ਦੋਸ਼ ਦੀ ਭੇਟ ਕਰਕੇ ਜਾਜਕ ਦੇ ਕੋਲ ਲਿਆਵੇ
7. ਅਤੇ ਜਾਜਕ ਉਸ ਦੇ ਲਈ ਯਹੋਵਾਹ ਦੇ ਅੱਗੇ ਪ੍ਰਾਸਚਿਤ ਕਰੇ ਅਤੇ ਜਿਸ ਦੇ ਵਿੱਚ ਉਸ ਨੇ ਪਾਪ ਕੀਤਾ ਹੈ, ਸੋ ਸਭ ਕੁਝ ਦੀ ਖਿਮਾ ਉਸ ਨੂੰ ਹੋ ਜਾਵੇਗੀ।।
8. ਅਤੇ ਯਹੋਵਾਹ ਮੂਸਾ ਨੂੰ ਬੋਲਿਆ ਕਿ
9. ਹਾਰੂਨ ਅਤੇ ਉਸ ਦੇ ਪੁੱਤ੍ਰਾਂ ਨੂੰ ਇਹ ਆਖ ਕੇ ਆਗਿਆ ਦੇਵੀਂ, ਹੋਮ ਦੀ ਭੇਟ ਦੀ ਬਿਵਸਥਾ ਇਹ ਹੈ। ਇਸ ਕਰਕੇ ਹੋਮ ਦੀ ਭੇਟ ਹੈ ਜੋ ਜਗਵੇਦੀ ਦੇ ਉੱਤੇ ਸਾਰੀ ਰਾਤ ਸਵੇਰ ਤੋੜੀ ਸੜਦੀ ਰਹਿੰਦੀ ਹੈ ਅਤੇ ਜਗਵੇਦੀ ਦੀ ਅੱਗ ਉਸ ਦੇ ਵਿੱਚ ਸੜਦੀ ਹੋਵੇ
10. ਅਤੇ ਜਾਜਕ ਆਪਣੇ ਕਤਾਨ ਦੇ ਵਸਤ੍ਰ ਪਹਿਨ ਲਵੇ ਅਤੇ ਆਪਣੀ ਕਤਾਨ ਦੀ ਕੱਛ ਆਪਣੇ ਸਰੀਰ ਉੱਤੇ ਪਾਕੇ ਜਿਹੜੀ ਹੋਮ ਬਲੀ ਦੇ ਨਾਲ ਜਗਵੇਦੀ ਉੱਤੇ ਅੱਗ ਨੇ ਭਸਮ ਕਰ ਲਈ ਹੈ ਉਹ ਸੁਵਾਹ ਚੁੱਕ ਕੇ ਜਗਵੇਦੀ ਦੇ ਇੱਕ ਪਾਸੇ ਰੱਖ ਦੇਵੇ
11. ਅਤੇ ਉਹ ਆਪਣੇ ਵਸਤ੍ਰ ਲਾਹ ਲਵੇ ਅਤੇ ਹੋਰ ਲੀੜੇ ਪਾਕੇ ਉਸ ਸੁਵਾਹ ਨੂੰ ਡੇਰਿਆਂ ਤੋਂ ਬਾਹਰ ਸੁਥਰੀ ਥਾਂ ਵਿੱਚ ਲੈ ਜਾਵੇ
12. ਅਤੇ ਜਗਵੇਦੀ ਦੇ ਉੱਤੇ ਜਿਹੜੀ ਅੱਗ ਹੈ ਸੋ ਉਸ ਦੇ ਵਿੱਚ ਬਲਦੀ ਰਹੇ। ਉਹ ਕਦੇ ਨਾ ਬੁਝਾਈ ਜਾਵੇ ਅਤੇ ਜਾਜਕ ਸਵੇਰ ਦੇ ਵੇਲੇ ਸਦਾ ਉਸ ਦੇ ਉੱਤੇ ਲੱਕੜਾਂ ਬਾਲਣ ਅਤੇ ਉਸ ਦੇ ਉੱਤੇ ਹੋਮ ਦੀ ਭੇਟ ਸੁਧਾਰ ਕੇ ਰੱਖੇ ਅਤੇ ਉਹ ਉਸ ਦੇ ਉੱਤੇ ਸੁਖ ਸਾਂਦ ਦੀਆਂ ਭੇਟਾਂ ਦੀ ਚਰਬੀ ਸਾੜੇ
13. ਜਗਵੇਦੀ ਦੇ ਉੱਤੇ ਅੱਗ ਸਦਾ ਬੱਲਦੀ ਰਹੇ, ਉਹ ਕਦੀ ਨਾ ਬੁਝੇ।।
14. ਮੈਦੇ ਦੀ ਭੇਟ ਦੀ ਬਿਵਸਥਾ ਇਹ ਹੈ, ਹਾਰੂਨ ਦੇ ਪੁੱਤ੍ਰ ਯਹੋਵਾਹ ਦੇ ਅੱਗੇ ਜਗਵੇਦੀ ਦੇ ਮੋਹਰੇ ਉਸ ਨੂੰ ਚੜ੍ਹਾਉਣ
15. ਅਤੇ ਉਸ ਤੋਂ ਇੱਕ ਮੁੱਠ ਭਰਕੇ ਅਰਥਾਤ ਉਸ ਮੈਦੇ ਦੀ ਭੇਟ ਦੇ ਮੈਦੇ ਤੋਂ ਅਤੇ ਉਸ ਦੇ ਤੇਲ ਤੋਂ ਅਤੇ ਸਾਰੇ ਲੁਬਾਨ ਤੋਂ ਜੋ ਮੈਦੇ ਦੀ ਭੇਟ ਉੱਤੇ ਹੈ, ਉਸ ਨੂੰ ਯਹੋਵਾਹ ਦੇ ਅੱਗੇ ਸਿਮਰਨ ਲਈ ਸੁਗੰਧਤਾ ਕਰਕੇ ਜਗਵੇਦੀ ਦੇ ਉੱਤੇ ਸਾੜੇ
16. ਅਤੇ ਜੋ ਉਸ ਤੋਂ ਵਧੇ, ਸੋ ਹਾਰੂਨ ਅਤੇ ਉਸ ਦੇ ਪੁੱਤ੍ਰ ਖਾਣ, ਉਹ ਪਤੀਰੀ ਰੋਟੀ ਨਾਲ ਪਵਿੱਤ੍ਰ ਥਾਂ ਵਿੱਚ ਖਾਧੀ ਜਾਵੇ,ਓਹ ਮੰਡਲੀ ਦੇ ਡੇਰੇ ਦੇ ਚੌਪਟੇ ਵਿੱਚ ਉਸ ਨੂੰ ਖਾਣ
17. ਉਹ ਖ਼ਮੀਰ ਨਾਲ ਪਕਾਇਆ ਨਾ ਜਾਵੇ। ਮੈਂ ਉਸ ਨੂੰ ਅੱਗ ਦੀਆਂ ਆਪਣੀਆਂ ਭੇਟਾਂ ਵਿੱਚੋਂ ਉਸ ਨੂੰ ਉਨ੍ਹਾਂ ਦਾ ਭਾਗ ਠਹਿਰਾ ਕੇ ਦਿੱਤਾ ਹੈ, ਇਹ ਜਿਹੀ ਪਾਪ ਦੀ ਭੇਟ, ਤੇ ਜਿਹੀ ਦੋਸ਼ ਦੀ ਭੇਟ ਅੱਤ ਪਵਿੱਤ੍ਰ ਹੈ
18. ਹਾਰੂਨ ਦੀ ਸੰਤਾਨ ਵਿੱਚੋਂ ਸੱਭੇ ਪੁਰਸ਼ ਉਸ ਤੋਂ ਖਾਣ, ਇਹ ਯਹੋਵਾਹ ਦੀਆਂ ਅੱਗ ਦੀਆਂ ਭੇਟਾਂ ਵਿੱਚੋਂ ਤੁਹਾਡੀਆਂ ਪੀੜ੍ਹੀਆਂ ਤੀਕੁਰ ਇੱਕ ਸਦਾ ਦੀ ਬਿਧੀ ਹੋਵੇ। ਜੋ ਉਨ੍ਹਾਂ ਨੂੰ ਛੋਹੇ ਸੋ ਪਵਿੱਤ੍ਰ ਹੋਵੇ।।
19. ਯਹੋਵਾਹ ਮੂਸਾ ਨਾਲ ਬੋਲਿਆ ਕਿ
20. ਹਾਰੂਨ ਅਤੇ ਉਸ ਦੇ ਪੁੱਤ੍ਰਾਂ ਦੀ ਭੇਟ ਜੋ ਉਨ੍ਹਾਂ ਨੂੰ ਉਸ ਦੇ ਮਸਹ ਕਰਨ ਦੇ ਦਿਨ ਵਿੱਚ ਯਹੋਵਾਹ ਦੇ ਅੱਗੇ ਚੜ੍ਹਾਉਣੀ ਹੈ ਸੋ ਇਹ ਹੈ, ਇੱਕ ਸਦਾ ਦੀ ਮੈਦੇ ਦੀ ਭੇਟ ਦੇ ਲਈ ਮੈਦੇ ਦੇ ਇੱਕ ਏਫਾਹ ਦਾ ਦਸਵਾਂ ਹਿੱਸਾ,ਅੱਧਾ ਸਵੇਰ ਨੂੰ ਤੇ ਅੱਧਾ ਰਾਤ ਨੂੰ
21. ਇੱਕ ਤਵੀ ਵਿੱਚ ਉਹ ਤੇਲ ਨਾਲ ਬਣਾਈ ਜਾਵੇ ਅਤੇ ਜਾਂ ਪੱਕ ਜਾਏ ਤਾਂ ਤੂੰ ਉਸ ਨੂੰ ਅੰਦਰ ਲੈ ਆਵੀਂ ਅਤੇ ਮੈਦੇ ਦੀ ਭੇਟ ਦੇ ਪਕਾਏ ਹੋਏ ਟੋਟੇ ਤੂੰ ਯਹੋਵਾਹ ਦੇ ਅੱਗੇ ਸੁਗੰਧਤਾ ਕਰਕੇ ਚੜ੍ਹਾਵੀਂ
22. ਅਤੇ ਉਸ ਦੇ ਪੁੱਤ੍ਰਾਂ ਵਿੱਚੋਂ ਜਿਸ ਜਾਜਕ ਨੂੰ ਉਸ ਦੀ ਥਾਂ ਵਿੱਚ ਮਸਹ ਕਰਨਾ ਹੈ, ਉਸ ਨੂੰ ਚੜ੍ਹਾਵੇ, ਇਹ ਯਹੋਵਾਹ ਦੇ ਅੱਗੇ ਇੱਕ ਸਦਾ ਦੀ ਬਿਧੀ ਹੈ। ਉਹ ਸਮੁੱਚਾ ਸਾੜਿਆ ਜਾਵੇ
23. ਕਿਉਂਜੋ ਜਾਜਕ ਦੇ ਲਈ ਸੱਭੇ ਮੈਦੇ ਦੀਆਂ ਭੇਟਾ ਸਮੁੱਚਾ ਸਾੜੀਆਂ ਜਾਣ, ਉਹ ਖਾਧੀਆਂ ਨਾ ਜਾਣ।।
24. ਯਹੋਵਾਹ ਮੂਸਾ ਨਾਲ ਬੋਲਿਆ ਕਿ
25. ਹਾਰੂਨ ਅਤੇ ਉਸ ਦੇ ਪੁੱਤ੍ਰਾਂ ਨਾਲ ਬੋਲ ਕਿ ਪਾਪ ਦੀ ਭੇਟ ਦੀ ਬਿਵਸਥਾ ਇਹ ਹੈ, ਜਿੱਥੇ ਹੋਮ ਦੀ ਭੇਟ ਕੱਟੀ ਜਾਂਦੀ ਹੈਉੱਥੇ ਪਾਪ ਦੀ ਭੇਟ ਭੀ ਯਹੋਵਾਹ ਦੇ ਅੱਗੇ ਕੱਟੀ ਜਾਏ, ਇਹ ਅੱਤ ਪਵਿੱਤ੍ਰ ਹੈ
26. ਜਿਹੜਾ ਜਾਜਕ ਉਸ ਨੂੰ ਪਾਪ ਦੇ ਲਈ ਚੜ੍ਹਾਵੇ ਸੋ ਉਸ ਨੂੰ ਖਾਵੇ, ਉਹ ਮੰਡਲੀ ਦੇ ਡੇਰੇ ਦੇ ਚੌਪਟੇ ਵਿੱਚ ਪਵਿੱਤ੍ਰ ਥਾਂ ਵਿੱਚ ਖਾਧੀ ਜਾਵੇ
27. ਜੋ ਕੁਝ ਉਸ ਦੇ ਮਾਸ ਨੂੰ ਛੋਹੇ ਸੋ ਪਵਿੱਤ੍ਰ ਹੋਵੇ ਅਤੇ ਜੇ ਉਸ ਦੇ ਲਹੂ ਦੀ ਕਿਸੇ ਲੀੜੇ ਉੱਤੇ ਛਿੱਟ ਪੈ ਜਾਵੇ ਤਾਂ ਤੂੰ ਉਸ ਨੂੰ ਜਿਸ ਦੇ ਉੱਤੇ ਛਿੱਟ ਪਈ ਪਵਿੱਤ੍ਰ ਥਾਂ ਵਿੱਚ ਧੋ ਸੁੱਟੀਂ
28. ਪਰ ਮਿੱਟੀ ਦੀ ਹਾਂਡੀ ਜਿਸ ਦੇ ਵਿੱਚ ਉਹ ਰਿੰਨਿਆ ਹੈ ਸੋ ਭੰਨੀ ਜਾਏ ਅਤੇ ਜੇ ਉਹ ਕਿਸੇ ਪਿੱਤਲ ਦੀ ਹਾਂਡੀ ਵਿੱਚ ਰਿੰਨਿਆ ਹੋਵੇ ਤਾਂ ਨਾਲੇ ਉਸ ਨੂੰ ਮਾਂਜਣ ਨਾਲੇ ਪਾਣੀ ਨਾਲ ਧੋਣਾ
29. ਜਾਜਕਾਂ ਵਿੱਚੋਂ ਸੱਭੇ ਪੁਰਖ ਉਸ ਤੋਂ ਖਾਣ। ਇਹ ਅੱਤ ਪਵਿੱਤ੍ਰ ਹੈ
30. ਅਤੇ ਕੋਈ ਪਾਪ ਦੀ ਭੇਟ ਜਿਸ ਦਾ ਕੁਝ ਲਹੂ ਮੰਡਲੀ ਦੇ ਡੇਰੇ ਵਿੱਚ ਪਵਿੱਤ੍ਰ ਥਾਂ ਵਿੱਚ ਪ੍ਰਾਸਚਿਤ ਕਰਨ ਲਈ ਆਂਦਾ ਜਾਵੇ, ਨਾ ਖਾਣਾ, ਉਹ ਅੱਗ ਵਿੱਚ ਸਾੜਿਆ ਜਾਵੇ।।