1. ਅਜਿਹਾ ਹੋਇਆ ਜਾਂ ਸ਼ਾਊਲ ਫਲਿਸਤੀਆਂ ਦਾ ਪਿੱਛਾ ਕਰਨ ਤੋਂ ਮੁੜ ਪਿਆ ਤਾਂ ਲੋਕਾਂ ਨੇ ਉਹ ਨੂੰ ਖਬਰ ਦਿੱਤੀ ਕਿ ਵੇਖੋ, ਦਾਊਦ ਏਨ-ਗਦੀ ਦੀ ਉਜਾੜ ਵਿੱਚ ਹੈ
2. ਤਦ ਸ਼ਾਊਲ ਸਾਰੇ ਇਸਰਾਏਲ ਵਿੱਚੋਂ ਤਿੰਨ ਹਜ਼ਾਰ ਚੁਣਵੇਂ ਮਨੁੱਖ ਕੱਢ ਕੇ ਜੰਗਲੀ ਬੱਕਰੀਆਂ ਦੇ ਟੇਕਰੇ ਵੱਲ ਦਾਊਦ ਅਤੇ ਉਹ ਦੇ ਮਨੁੱਖਾਂ ਨੂੰ ਭਾਲਣ ਤੁਰਿਆ
3. ਤਦ ਉਹ ਭੇਡਾਂ ਦੇ ਵਾੜਿਆਂ ਨੂੰ ਅੱਪੜ ਪਿਆ ਜੋ ਪਹੇ ਦੇ ਕੋਲ ਸਨ। ਉੱਥੇ ਇੱਕ ਖੁੰਧਰ ਸੀ ਸੋ ਸ਼ਾਊਲ ਸੁਚੇਤੇ ਫਿਰਨ ਲਈ ਉਸ ਖੁੰਧਰ ਵਿੱਚ ਵੜ ਗਿਆ ਅਤੇ ਉਸ ਵੇਲੇ ਦਾਊਦ ਆਪਣਿਆਂ ਮਨੁੱਖਾਂ ਸਣੇ ਉਸੇ ਖੁੰਧਰ ਦੀਆਂ ਨੁੱਕਰਾਂ ਵਿੱਚ ਬੈਠਾ ਹੋਇਆ ਸੀ
4. ਦਾਊਦ ਦੇ ਮਨੁੱਖਾਂ ਨੇ ਉਹ ਨੂੰ ਆਖਿਆ, ਵੇਖੋ, ਉਹ ਦਿਨ ਆਇਆ ਹੈ ਜੋ ਯਹੋਵਾਹ ਨੇ ਤੁਹਾਨੂੰ ਆਖਿਆ ਸੀ ਕਿ ਵੇਖ, ਮੈਂ ਤੇਰੇ ਵੈਰੀ ਨੂੰ ਭਈ ਜੋ ਤੈਨੂੰ ਭਾਵੇ ਸੋ ਉਹ ਦੇ ਨਾਲ ਕਰਨ ਲਈ ਤੇਰੇ ਹੱਥ ਵਿੱਚ ਕਰ ਦਿਆਂਗਾ। ਤਦ ਦਾਊਦ ਨੇ ਮਲਕੜੇ ਉੱਠ ਕੇ ਸ਼ਾਊਲ ਦੀ ਚੱਦਰ ਦਾ ਪੱਲਾ ਕੱਟ ਲਿਆ
5. ਇਹ ਦੇ ਪਿੱਛੋਂ ਅਜਿਹਾ ਹੋਇਆ ਜੋ ਦਾਊਦ ਦਾ ਮਨ ਵਿਆਕਲ ਹੋ ਗਿਆ, ਉਸ ਨੇ ਉਹ ਦੀ ਚੱਦਰ ਦਾ ਪੱਲਾ ਜੋ ਕੱਟਿਆ ਸੀ
6. ਅਤੇ ਉਸ ਨੇ ਆਪਣੇ ਲੋਕਾਂ ਨੂੰ ਆਖਿਆ, ਯਹੋਵਾਹ ਨਾ ਕਰੇ ਭਈ ਮੈਂ ਆਪਣੇ ਸੁਆਮੀ ਨਾਲ ਜੋ ਯਹੋਵਾਹ ਵੱਲੋਂ ਮਸਹ ਹੋਇਆ ਹੈ ਅਜਿਹਾ ਕੰਮ ਕਰਾਂ ਜੋ ਆਪਣਾ ਹੱਥ ਉਹ ਦੇ ਵਿਰੁੱਧ ਚਲਾਵਾਂ ਕਿਉਂ ਜੋ ਉਹ ਪਰਮੇਸ਼ੁਰ ਦਾ ਮਸਹ ਕੀਤਾ ਹੋਇਆ ਹੈ
7. ਸੋ ਦਾਊਦ ਨੇ ਆਪਣੇ ਮਨੁੱਖਾਂ ਨੂੰ ਏਹ ਗੱਲਾਂ ਸੁਣਾ ਕੇ ਰੋਕਿਆ ਅਤੇ ਉਨ੍ਹਾਂ ਨੂੰ ਸ਼ਾਊਲ ਉੱਤੇ ਹੱਥ ਨਾ ਚਲਾਉਣ ਦਿੱਤਾ ਅਤੇ ਸ਼ਾਊਲ ਖੁੰਧਰ ਵਿੱਚੋਂ ਉੱਠ ਨਿੱਕਲ ਕੇ ਆਪਣੇ ਰਾਹ ਤੁਰਿਆ
8. ਇਹ ਦੇ ਪਿੱਛੋਂ ਦਾਊਦ ਵੀ ਉੱਠ ਕੇ ਉਸ ਖੁੰਧਰ ਵਿੱਚੋਂ ਨਿੱਕਲਿਆ ਅਤੇ ਸ਼ਾਊਲ ਦੇ ਪਿੱਛੇ ਹਾਕਾਂ ਮਾਰ ਕੇ ਆਖਿਆ, ਹੇ ਮੇਰੇ ਮਹਾਰਾਜ ਪਾਤਸ਼ਾਹ! ਅਤੇ ਸ਼ਾਊਲ ਨੇ ਪਿਛਾਂਹ ਭੌਂ ਕੇ ਜਾਂ ਡਿੱਠਾ ਤਾਂ ਦਾਊਦ ਨੇ ਮੂੰਹ ਪਰਨੇ ਧਰਤੀ ਉੱਤੇ ਡਿੱਗ ਕੇ ਮੱਥਾ ਟੇਕਿਆ
9. ਅਤੇ ਦਾਊਦ ਨੇ ਸ਼ਾਊਲ ਨੂੰ ਆਖਿਆ, ਤੂੰ ਉਨ੍ਹਾਂ ਆਦਮੀਆਂ ਦੀਆਂ ਗੱਲਾਂ ਉੱਤੇ ਕਾਹ ਨੂੰ ਕੰਨ ਲਾਉਂਦਾ ਹੈਂ ਜਿਹੜੇ ਆਖਦੇ ਹਨ ਭਈ ਵੇਖੋ, ਦਾਊਦ ਤੁਹਾਡੀ ਬੁਰਿਆਈ ਚਾਹੁੰਦਾ ਹੈ?
10. ਵੇਖ, ਅੱਜ ਤੂੰ ਆਪਣੀਆਂ ਅੱਖੀਆਂ ਨਾਲ ਡਿੱਠਾ ਜੋ ਯਹੋਵਾਹ ਨੇ ਅੱਜ ਹੀ ਕਿੱਕੁਰ ਤੈਨੂੰ ਖੁੰਧਰ ਦੇ ਅੰਦਰ ਮੇਰੇ ਵੱਸ ਵਿੱਚ ਕਰ ਦਿੱਤਾ ਸੀ ਅਤੇ ਕਈਆਂ ਨੇ ਮੈਨੂੰ ਆਖਿਆ ਵੀ, ਉਹ ਨੂੰ ਮਾਰ ਲੈ, ਪਰ ਮੇਰੀਆਂ ਅੱਖੀਆਂ ਨੇ ਤੇਰੇ ਉੱਤੇ ਤਰਸ ਖਾਧਾ ਅਤੇ ਮੈਂ ਆਖਿਆ ਕਿ ਮੈਂ ਆਪਣੇ ਸੁਆਮੀ ਉੱਤੇ ਹੱਥ ਨਾ ਚਲਾਵਾਂਗਾ ਕਿਉਂ ਜੋ ਉਹ ਯਹੋਵਾਹ ਦਾ ਮਸਹ ਕੀਤਾ ਹੋਇਆ ਹੈ
11. ਹੇ ਮੇਰੇ ਪਿਤਾ, ਵੇਖ, ਹਾਂ ਇਹ ਵੀ ਵੇਖ, ਤੇਰੀ ਚੱਦਰ ਦਾ ਪੱਲਾ ਮੇਰੇ ਹੱਥ ਵਿੱਚ ਹੈ ਮੈਂ ਜੋ ਤੇਰੀ ਚੱਦਰ ਦਾ ਪੱਲਾ ਕੱਟ ਲਿਆ ਪਰ ਤੈਨੂੰ ਨਾ ਮਾਰਿਆ। ਸੋ ਹੁਣ ਤੂੰ ਐਥੋਂ ਹੀ ਲੱਭ ਅਤੇ ਵੇਖ ਜੋ ਨਾ ਮੇਰੇ ਹੱਥ ਵਿੱਚ ਖੋਟ ਹੈ ਅਤੇ ਨਾ ਹੀ ਦੋਸ਼ ਹੈ ਅਤੇ ਮੈਂ ਤੇਰਾ ਕੋਈ ਪਾਪ ਨਹੀਂ ਕੀਤਾ ਤਾਂ ਵੀ ਤੂੰ ਮੇਰੀ ਜਿੰਦ ਦੇ ਲੈਣ ਨੂੰ ਛਹਿ ਵਿੱਚ ਲੱਗਾ ਰਹਿੰਦਾ ਹੈਂ
12. ਮੇਰਾ ਤੇਰਾ ਨਿਆਉਂ ਯਹੋਵਾਹ ਕਰੇ ਅਤੇ ਯਹੋਵਾਹ ਤੈਥੋਂ ਬਦਲਾ ਲਵੇ ਪਰ ਮੇਰਾ ਹੱਥ ਤੇਰੇ ਉੱਤੇ ਨਾ ਚੱਲੇਗਾ
13. ਜਿਵੇਂ ਪੁਰਾਣਿਆਂ ਦੀ ਅਖਾਉਤ ਵਿਚ ਕਿਹਾ ਹੈ ਭਈ ਬੁਰਿਆਂ ਤੋਂ ਬੁਰਿਆਈ ਹੀ ਹੁੰਦੀ ਹੈ ਪਰ ਮੇਰਾ ਹੱਥ ਤੇਰੇ ਉੱਤੇ ਨਾ ਚੱਲੇਗਾ
14. ਇਸਰਾਏਲ ਦਾ ਪਾਤਸ਼ਾਹ ਕਿਹ ਦੇ ਮਗਰ ਨਿੱਕਲਿਆ ਹੈ ਅਤੇ ਤੂੰ ਕਿਹ ਦਾ ਪਿੱਛਾ ਕਰਨ ਲਈ ਆਇਆ ਹੈਂ? ਭਲਾ, ਮੋਏ ਹੋਏ ਕੁੱਤੇ ਦਾ ਯਾ ਇੱਕ ਪਿਸੂ ਦਾ!
15. ਫੇਰ ਯਹੋਵਾਹ ਹੀ ਨਿਆਈ ਬਣੇ ਅਤੇ ਮੇਰੇ ਤੇਰੇ ਵਿੱਚ ਨਿਤਾਰਾ ਕਰੇ ਅਤੇ ਵੇਖੇ ਅਤੇ ਮੇਰੇ ਝਗੜੇ ਨੂੰ ਨਿਬੇੜੇ ਅਤੇ ਮੈਨੂੰ ਤੇਰੇ ਹੱਥੋਂ ਛੁਡਾਵੇ।।
16. ਅਜਿਹਾ ਹੋਇਆ ਜਾਂ ਦਾਊਦ ਨੇ ਏਹ ਗੱਲਾਂ ਸ਼ਾਊਲ ਨੂੰ ਆਖ ਦਿੱਤੀਆਂ ਤਾਂ ਸ਼ਾਊਲ ਬੋਲਿਆ, ਹੇ ਮੇਰੇ ਪੁੱਤ੍ਰ ਦਾਊਦ, ਇਹ ਤੇਰੀ ਅਵਾਜ਼ ਹੈ? ਅਤੇ ਸ਼ਾਊਲ ਉੱਚੀ ਅਵਾਜ਼ ਕੱਢ ਕੇ ਰੋਇਆ
17. ਤਾਂ ਉਸ ਨੇ ਦਾਊਦ ਨੂੰ ਆਖਿਆ, ਤੂੰ ਮੈਥੋਂ ਵਧੀਕ ਧਰਮੀ ਹੈਂ ਕਿਉਂ ਜੋ ਮੈਂ ਤੇਰੇ ਨਾਲ ਬੁਰਿਆਈ ਕੀਤੀ ਪਰ ਤੂੰ ਉਹ ਦੇ ਵੱਟੇ ਮੇਰੇ ਨਾਲ ਭਲਿਆਈ ਕੀਤੀ ਹੈ
18. ਅਤੇ ਅੱਜ ਤੂੰ ਜਣਾਇਆ ਜੋ ਤੂੰ ਮੇਰੇ ਨਾਲ ਭਲਿਆਈ ਕੀਤੀ ਕਿਉਂ ਜੋ ਯਹੋਵਾਹ ਨੇ ਮੈਨੂੰ ਤੇਰੇ ਹੱਥ ਵਿੱਚ ਕਰ ਦਿੱਤਾ ਪਰ ਤੂੰ ਮੈਨੂੰ ਨਾ ਮਾਰਿਆ
19. ਜੇ ਕਦੀ ਕੋਈ ਮਨੁੱਖ ਤਾਂ ਆਪਣੇ ਵੈਰੀ ਨੂੰ ਟੱਕਰ ਜਾਵੇ ਤਾਂ ਭਲਾ, ਉਹ ਨੂੰ ਸੁਖ ਸਾਂਦ ਨਾਲ ਛੱਡ ਦਿੰਦਾ ਹੈ? ਸੋ ਯਹੋਵਾਹ ਉਸ ਭਲਿਆਈ ਦੇ ਥਾਂ ਜੋ ਤੈਂ ਅੱਜ ਮੇਰੇ ਨਾਲ ਕੀਤੀ ਹੈ ਤੇਰੇ ਨਾਲ ਵੀ ਭਲਿਆਈ ਕਰੇ
20. ਵੇਖ, ਹੁਣ ਮੈਂ ਚੰਗੀ ਤਰਾਂ ਜਾਣਦਾ ਹਾਂ ਜੋ ਸੱਚ ਮੁੱਚ ਤੂੰ ਪਾਤਸ਼ਾਹ ਬਣੇਂਗਾ ਅਤੇ ਇਸਰਾਏਲ ਦਾ ਰਾਜ ਤੇਰੇ ਹੱਥ ਵਿੱਚ ਟਿਕ ਜਾਵੇਗਾ
21. ਸੋ ਤੂੰ ਮੇਰੇ ਨਾਲ ਯਹੋਵਾਹ ਦੀ ਸੌਂਹ ਖਾ ਕੇ ਇਉਂ ਆਖ ਜੋ ਮੈਂ ਤੇਰੇ ਪਿੱਛੇ ਤੇਰੀ ਸੰਤਾਨ ਦਾ ਨਾਸ ਨਾ ਕਰਾਂਗਾ ਅਤੇ ਤੇਰੇ ਪਿਤਾ ਦੇ ਟੱਬਰ ਵਿਚੋਂ ਤੇਰੇ ਨਾਉਂ ਨੂੰ ਨਾ ਮਿਟਾਵਾਂਗਾ
22. ਸੋ ਦਾਊਦ ਦੇ ਸ਼ਾਊਲ ਨਾਲ ਸੌਂਹ ਖਾਧੀ ਅਤੇ ਸ਼ਾਊਲ ਘਰ ਨੂੰ ਚੱਲਿਆ ਗਿਆ ਪਰ ਦਾਊਦ ਅਤੇ ਉਹ ਦੇ ਲੋਕ ਕੋਟ ਵਿੱਚ ਜਾ ਬੈਠੇ।।