1. ਯਹੋਵਾਹ ਦੀ ਬਾਣੀ ਜਿਹੜੀ ਯਹੂਦਾਹ ਦੇ ਪਾਤਸ਼ਾਹਾਂ ਊਜ਼ੀਯਾਹ, ਯੋਥਾਮ, ਆਹਾਜ਼ ਅਤੇ ਹਿਜ਼ਕੀਯਾਹ ਦੇ ਦਿਨਾਂ ਵਿੱਚ ਅਤੇ ਇਸਰਾਏਲ ਦੇ ਪਾਤਸ਼ਾਹ ਯੋਆਸ਼ ਦੇ ਪੁੱਤ੍ਰ ਯਾਰਾਬੁਆਮ ਦੇ ਦਿਨਾਂ ਵਿੱਚ ਬਏਰੀ ਦੇ ਪੁੱਤ੍ਰ ਹੋਸ਼ੇਆ ਨੂੰ ਆਈ।।
2. ਜਦ ਯਹੋਵਾਹ ਪਹਿਲਾਂ ਹੋਸ਼ੇਆ ਦੇ ਰਾਹੀਂ ਬੋਲਿਆ ਤਾਂ ਯਹੋਵਾਹ ਨੇ ਹੋਸ਼ੇਆ ਨੂੰ ਆਖਿਆ, ਜਾਹ, ਆਪਣੇ ਲਈ ਇੱਕ ਜ਼ਾਨੀ ਤੀਵੀਂ ਅਤੇ ਜ਼ਨਾਹ ਦੇ ਬੱਚੇ ਲੈ ਕਿਉਂ ਜੋ ਦੇਸ ਨੇ ਯਹੋਵਾਹ ਨੂੰ ਛੱਡ ਕੇ ਵੱਡਾ ਜ਼ਨਾਹ ਕੀਤਾ ਹੈ
3. ਤਾਂ ਉਸ ਨੇ ਜਾਕੇ ਦਿਬਲਾਇਮ ਦੀ ਧੀ ਗੋਮਰ ਨੂੰ ਵਿਆਹ ਲਿਆ। ਉਹ ਗਰਭਵੰਤੀ ਹੋਈ ਅਤੇ ਉਹ ਦੇ ਲਈ ਪੁੱਤ੍ਰ ਜਣੀ
4. ਯਹੋਵਾਹ ਨੇ ਉਹ ਨੂੰ ਆਖਿਆ, ਉਸ ਦਾ ਨਾਉਂ ਯਿਜ਼ਰਏਲ ਰੱਖ ਕਿਉਂ ਜੋ ਥੋੜੇ ਚਿਰ ਨੂੰ ਮੈਂ ਯਿਜ਼ਰਏਲ ਦੇ ਖ਼ੂਨ ਦੀ ਸਜ਼ਾ ਯੇਹੂ ਦੇ ਘਰਾਣੇ ਉੱਤੇ ਲਿਆਵਾਂਗਾ ਅਤੇ ਇਸਰਾਏਲ ਦੇ ਘਰਾਣੇ ਦੀ ਪਾਤਸ਼ਾਹੀ ਨੂੰ ਮੁਕਾ ਦਿਆਂਗਾ
5. ਤਾਂ ਉਸੇ ਦਿਨ ਐਉਂ ਹੋਵੇਗਾ ਕਿ ਮੈਂ ਇਸਰਾਏਲ ਦਾ ਧਣੁਖ ਯਿਜ਼ਰਏਲ ਦੀ ਵਾਦੀ ਵਿੱਚ ਭੰਨ ਸੁੱਟਾਂਗਾ।।
6. ਉਹ ਫੇਰ ਗਰਭਵੰਤੀ ਹੋਈ ਅਤੇ ਇੱਕ ਧੀ ਜਣੀ ਅਤੇ ਉਸ ਨੇ ਉਹ ਨੂੰ ਆਖਿਆ, ਏਸ ਦਾ ਨਾਉਂ ਲੋ-ਰੁਹਾਮਾਹ ਰੱਖ, ਕਿਉਂ ਜੋ ਮੈਂ ਫੇਰ ਇਸਰਾਏਲ ਦੇ ਘਰਾਣੇ ਉੱਤੇ ਰਹਮ ਹੋਰ ਨਾ ਕਰਾਂਗਾ, ਨਾ ਓਹਨਾਂ ਨੂੰ ਕਦੇ ਵੀ ਮਾਫ਼ ਕਰਾਂਗਾ
7. ਪਰ ਮੈਂ ਯਹੂਦਾਹ ਦੇ ਘਰਾਣੇ ਉੱਤੇ ਰਹਮ ਕਰਾਂਗਾ ਅਤੇ ਮੈਂ ਓਹਨਾਂ ਨੂੰ ਯਹੋਵਾਹ ਓਹਨਾਂ ਦੇ ਪਰਮੇਸ਼ੁਰ ਦੇ ਰਾਹੀਂ ਬਚਾਵਾਂਗਾ ਪਰ ਮੈ ਓਹਨਾਂ ਨੂੰ ਧਣੁਖ ਨਾਲ, ਤਲਵਾਰ ਨਾਲ, ਲੜਾਈ ਨਾਲ, ਘੋੜਿਆ ਨਾਲ ਯਾ ਸਵਾਰਾਂ ਨਾਲ ਨਾ ਬਚਾਵਾਂਗਾ।।
8. ਲੋ-ਰੁਹਾਮਾਹ ਦਾ ਦੁੱਧ ਛੁਡਾਉਣ ਦੇ ਪਿੱਛੋਂ ਉਹ ਗਰਭਵੰਤੀ ਹੋਈ ਅਤੇ ਪੁੱਤ੍ਰ ਜਣੀ
9. ਤਾਂ ਉਸ ਨੇ ਆਖਿਆ, ਏਹ ਦਾ ਨਾਉਂ ਲੋ-ਅੰਮੀ ਰੱਖ ਕਿਉਂ ਜੋ ਤੁਸੀਂ ਮੇਰੀ ਪਰਜਾ ਨਹੀਂ ਹੋ ਅਤੇ ਮੈਂ ਤੁਹਾਡਾ ਨਹੀਂ ਹੋਵਾਂਗਾ।।
10. ਇਸਰਾਏਲੀਆਂ ਦੀ ਗਿਣਤੀ ਸਮੁੰਦਰ ਦੀ ਰੇਤ ਵਾਂਙੁ ਹੋਵੇਗੀ ਜਿਹੜੀ ਮਿਣੀ ਗਿਣੀ ਨਹੀਂ ਜਾ ਸੱਕਦੀ। ਐਉਂ ਹੋਵੇਗਾ ਕਿ ਜਿਸ ਥਾਂ ਓਹਨਾਂ ਨੂੰ ਕਿਹਾ ਗਿਆ ਸੀ, ਤੁਸੀਂ ਮੇਰੀ ਪਰਜਾ ਨਹੀਂ ਹੋ ਉੱਥੇ ਓਹਨਾਂ ਨੂੰ ਕਿਹਾ ਜਾਵੇਗਾ, ਤੁਸੀਂ ਜੀਉਂਦੇ ਪਰਮੇਸ਼ੁਰ ਦੇ ਪੁੱਤ੍ਰ ਹੋ
11. ਅਤੇ ਯਹੂਦੀ ਅਤੇ ਇਸਰਾਏਲੀ ਫੇਰ ਇਕੱਠੇ ਹੋਣਗੇ ਅਤੇ ਓਹ ਆਪਣੇ ਲਈ ਇੱਕ ਪਰਮੁਖ ਠਹਿਰਾਉਣਗੇ । ਓਹ ਏਸ ਦੇ ਵਿੱਚੋਂ ਉਤਾਹਾਂ ਜਾਣਗੇ ਕਿਉਂ ਜੋ ਯਿਜ਼ਰਏਲ ਦਾ ਦਿਨ ਮਹਾਨ ਹੋਵੇਗਾ।।