1. ਕੀ ਮਨੁੱਖ ਲਈ ਧਰਤੀ ਉੱਤੇ ਕਸ਼ਟ ਨਹੀਂ? ਅਤੇ ਉਹ ਦੇ ਦਿਨ ਮਜੂਰ ਦੇ ਦਿਨ ਨਹੀਂ?
2. ਜਿਵੇਂ ਗੋੱਲਾ ਛਾਂ ਨੂੰ ਲੋਚਦਾ ਹੈ, ਅਤੇ ਮਜੂਰ ਆਪਣੀ ਮਜੂਰੀ ਨੂੰ ਉਡੀਕਦਾ ਹੈ,
3. ਤਿਵੇਂ ਮੈਂ ਅਨਰਥ ਦੇ ਮਹੀਨਿਆਂ ਦਾ ਮਾਲਕ ਬਣਾਇਆ ਗਿਆ ਹਾਂ, ਅਤੇ ਕਲੇਸ਼ ਦੀਆਂ ਰਾਤਾਂ ਮੇਰੇ ਲਈ ਠਹਿਰਾਈਆਂ ਗਈਆਂ ਹਨ।
4. ਜਦ ਮੈਂ ਲੰਮਾ ਪੈਦਾ ਹਾਂ ਤਾਂ ਮੈਂ ਕਹਿੰਦਾ ਹਾਂ, ਮੈਂ ਕਦ ਉੱਠਾਂਗਾ? ਪਰ ਰਾਤ ਲੰਮੀ ਹੁੰਦੀ ਹੈ, ਅਤੇ ਮੈਂ ਪਹਿ ਫਟੇ ਤੀਕੁਰ ਪਾਸੇ ਲੈਂਦਾ ਲੈਂਦਾ ਥੱਕ ਜਾਂਦਾ ਹਾਂ
5. ਮੇਰਾ ਸਰੀਰ ਕੀੜਿਆਂ ਤੇ ਖ਼ਾਕ ਦੇ ਢੇਲਿਆਂ ਨਾਲ ਢੱਕਿਆ ਹੋਇਆ ਹੈ, ਮੇਰੀ ਖੱਲ ਆਕੜ ਜਾਦੀ ਫਿਰ ਪਾਕ ਵਗ ਪੈਂਦੀ ਹੈ ।
6. ਮੇਰੇ ਦਿਨ ਜੁਲਾਹੇ ਦੀ ਨਾਲ ਤੋਂ ਵੀ ਕਾਹਲੇ ਹਨ, ਅਤੇ ਆਸ ਤੋਂ ਬਿਨਾ ਬੀਤਦੇ ਹਨ।।
7. ਚੇਤੇ ਰੱਖ ਕਿ ਮੇਰਾ ਜੀਵਨ ਸਾਹ ਹੀ ਹੈ, ਮੇਰੀ ਅੱਖ ਫੇਰ ਭਲਿਆਈ ਨਹੀਂ ਵੇਖੇਗੀ!
8. ਮੇਰੇ ਵੇਖਣ ਵਾਲੇ ਦੀ ਅੱਖ ਮੈਨੂੰ ਫੇਰ ਨਹੀਂ ਵੇਖੇਗੀ, ਤੇਰੀਆਂ ਅੱਖਾਂ ਮੇਰੇ ਉੱਤੇ ਹੋਣਗੀਆਂ ਪਰ ਮੈਂ ਨਾ ਹੋਵਾਂਗਾ
9. ਜਿਵੇਂ ਬੱਦਲ ਪਾਟ ਕੇ ਮੁੱਕ ਜਾਂਦਾ ਹੈ, ਤਿਵੇਂ ਉਹ ਜਿਹੜਾ ਪਤਾਲ ਵਿੱਚ ਉਤਰਦਾ ਹੈ, ਫਿਰ ਉਤਾਹਾਂ ਨਹੀਂ ਆਉਂਦਾ,
10. ਉਹ ਆਪਣੇ ਘਰ ਨੂੰ ਫੇਰ ਨਹੀਂ ਮੁੜਦਾ, ਅਤੇ ਉਹ ਦਾ ਥਾਂ ਉਹ ਨੂੰ ਫੇਰ ਨਹੀਂ ਪਛਾਣੇਗਾ।
11. ਏਸ ਲਈ ਮੈਂ ਆਪਣਾ ਮੂੰਹ ਬੰਦ ਨਾ ਕਰਾਂਗਾ, ਮੈਂ ਆਪਣੇ ਆਤਮਕ ਦੁਖ ਵਿੱਚ ਬੋਲਦਾ ਜਾਵਾਂਗਾ, ਮੈਂ ਆਪਣੀ ਜਾਨ ਦੀ ਕੁੱਤੜਣ ਵਿੱਚ ਗਿਲਾ ਕਰਦਾ ਰਹਾਂਗਾ
12. ਕੀ ਮੈਂ ਸਮੁੰਦਰ ਹਾਂ ਜਾਂ ਜਲ ਜੰਤੂ, ਭਈ ਤੂੰ ਮੇਰੇ ਉੱਤੇ ਪਹਿਰਾ ਬਿਠਾਉਂਦਾ ਹੈ?
13. ਜਦ ਮੈਂ ਆਖਦਾ ਭਈ ਮੇਰੀ ਮੰਜੀ ਮੈਨੂੰ ਤਸੱਲੀ ਦੇਵੇਗੀ, ਮੇਰਾ ਬਿਛੌਣਾ ਮੇਰੇ ਗਿਲੇ ਨੂੰ ਚੁੱਕ ਲਵੇਗਾ,
14. ਤਦ ਤੂੰ ਮੈਨੂੰ ਸੁਫਨਿਆਂ ਨਾਲ ਘਬਰਾ ਦਿੰਦਾ ਹੈ, ਅਤੇ ਮੈਨੂੰ ਦਰਸ਼ਣਾਂ ਨਾਲ ਡਰਾ ਦਿੰਦਾ ਹੈ
15. ਸੋ ਮੇਰੀ ਜਾਨ ਫਾਂਸੀ ਨੂੰ ਅਤੇ ਮੌਤ ਨੂੰ ਮੇਰੀਆਂ ਹੱਡੀਆਂ ਨਾਲੋਂ ਅਧਿਕ ਚੁਣਦੀ ਹੈ!
16. ਮੈਂ ਤੁੱਛ ਹਾਂ, ਮੈਂ ਸਦਾ ਤੀਕ ਜੀਉਂਦਾ ਨਾ ਰਹਾਂਗਾ, ਮੈਨੂੰ ਛੱਡ ਦੇਹ ਕਿਉਂ ਜੋ ਮੇਰੇ ਦਿਨ ਸੁਆਸ ਹੀ ਹਨ!
17. ਇਨਸਾਨ ਕੀ ਹੈ ਭਈ ਤੂੰ ਉਹ ਨੂੰ ਵਡਿਆਵੇਂ, ਅਤੇ ਆਪਣਾ ਦਿਲ ਉਸ ਉੱਤੇ ਲਾਵੇਂ?
18. ਅਤੇ ਹਰ ਸੁਬਹ ਉਹ ਦੀ ਖ਼ਬਰ ਲਵੇਂ, ਅਤੇ ਪਲ ਪਲ ਤੇ ਉਹ ਨੂੰ ਜਾਚੇ?
19. ਤੂੰ ਕਦ ਤੀਕ ਮੇਰੀ ਵੱਲ ਵੇਖਣੋਂ ਨਾ ਹਟੇਂਗਾ ਅਤੇ ਮੈਨੂੰ ਨਾ ਛੱਡੇਂਗਾ ਭਈ ਮੈਂ ਆਪਣੀ ਥੁੱਕ ਨਿਗਲ ਲਵਾਂ?
20. ਜੇ ਮੈਂ ਪਾਪ ਕੀਤਾ ਤਾਂ ਮੈਂ ਤੇਰਾ ਕੀ ਕੀਤਾ, ਹੇ ਆਦਮੀ ਦੇ ਰਾਖੇ? ਤੂੰ ਕਿਉਂ ਮੈਨੂੰ ਆਪਣਾ ਨਿਸ਼ਾਨਾਂ ਬਣਾਇਆ ਹੈ, ਭਈ ਮੈਂ ਆਪਣੇ ਲਈ ਬੋਝ ਹੋ ਗਿਆ ਹਾਂ?
21. ਅਤੇ ਤੂੰ ਮੇਰਾ ਅਪਰਾਧ ਕਿਉਂ ਮਾਫ਼ ਨਹੀਂ ਕਰਦਾ, ਅਤੇ ਮੇਰੀ ਬਦੀ ਦੂਰ ਨਹੀਂ ਕਰਦਾ? ਮੈਂ ਤਾਂ ਹੁਣ ਖ਼ਾਕ ਵਿੱਚ ਜਾ ਲੇਟਾਂਗਾ, ਅਤੇ ਤੂੰ ਮੈਨੂੰ ਢੂੰਡੇਂਗਾ ਪਰ ਮੈਂ ਹੋਵਾਂਗਾ ਨਹੀ!।।