1. ਯਾਕੂਬ ਆਪਣੇ ਰਾਹ ਪੈ ਗਿਆ ਤਾਂ ਪਰਮੇਸ਼ੁਰ ਦੇ ਦੂਤ ਉਸ ਨੂੰ ਮਿਲੇ
2. ਅਰ ਯਾਕੂਬ ਨੇ ਉਨ੍ਹਾਂ ਨੂੰ ਵੇਖ ਕੇ ਆਖਿਆ ਕਿ ਏਹ ਤਾਂ ਪਰਮੇਸ਼ੁਰ ਦਾ ਲਸ਼ਕਰ ਹੈ ਅਰ ਉਸ ਥਾਂ ਦਾ ਨਾਉਂ ਮਹਨਾਯਿਮ ਰੱਖਿਆ ।।
3. ਤਾਂ ਯਾਕੂਬ ਨੇ ਆਪਣੇ ਅੱਗੇ ਸੰਦੇਸੀਆਂ ਨੂੰ ਆਪਣੇ ਭਰਾ ਏਸਾਓ ਕੋਲ ਸ਼ੈਈਰ ਦੀ ਧਰਤੀ ਅਰ ਅਦੋਮ ਦੇ ਮਦਾਨ ਵਿੱਚ ਘੱਲਿਆ
4. ਅਰ ਉਨ੍ਹਾਂ ਨੂੰ ਹੁਕਮ ਦੇਕੇ ਆਖਿਆ ਕਿ ਤੁਸੀਂ ਮੇਰੇ ਸਵਾਮੀ ਏਸਾਓ ਨੂੰ ਆਖੋ, ਤੁਹਾਡਾ ਦਾਸ ਯਾਕੂਬ ਏਹ ਆਖਦਾ ਹੈ ਕਿ ਮੈਂ ਲਾਬਾਨ ਕੋਲ ਜਾ ਟਿਕਿਆ ਅਰ ਹੁਣ ਤੀਕ ਉੱਥੇ ਹੀ ਰਿਹਾ
5. ਮੇਰੇ ਕੋਲ ਬਲਦ ਗਧੇ ਇੱਜੜ ਅਰ ਗੋੱਲੇ ਗੋੱਲੀਆਂ ਹਨ ਅਰ ਮੈਂ ਆਪਣੇ ਸਵਾਮੀ ਨੂੰ ਏਹ ਦੱਸਣ ਲਈ ਇਨ੍ਹਾਂ ਨੂੰ ਘੱਲਿਆ ਹੈ ਭਈ ਤੁਹਾਡੀਆਂ ਅੱਖਾਂ ਵਿੱਚ ਮੇਰੇ ਲਈ ਦਇਆ ਹੋਵੇ
6. ਤਾਂ ਯਾਕੂਬ ਦੇ ਸੰਦੇਸੀਆਂ ਨੇ ਮੁੜ ਆਕੇ ਯਾਕੂਬ ਨੂੰ ਦੱਸਿਆ ਕਿ ਅਸੀਂ ਤੇਰੇ ਭਰਾ ਏਸਾਓ ਕੋਲ ਗਏ ਸੀ । ਉਹ ਵੀ ਤੁਹਨੂੰ ਮਿਲਣ ਲਈ ਆਉਂਦਾ ਹੈ ਅਤੇ ਉਹ ਦੇ ਨਾਲ ਚਾਰ ਸੌ ਆਦਮੀ ਹਨ
7. ਤਾਂ ਯਾਕੂਬ ਅੱਤ ਭੈਮਾਨ ਹੋਇਆ ਅਤੇ ਘਾਬਰਿਆ ਉਪਰੰਤ ਉਸ ਨੇ ਆਪਣੇ ਨਾਲ ਦੇ ਲੋਕਾਂ, ਇੱਜੜਾਂ ਬੱਲਦਾਂ ਅਰ ਊਠਾਂ ਨੂੰ ਲੈਕੇ ਉਨ੍ਹਾਂ ਦੀਆਂ ਦੋ ਟੋਲੀਆਂ ਬਣਾਈਆਂ
8. ਅਰ ਆਖਿਆ, ਜੇਕਰ ਏਸਾਓ ਇੱਕ ਟੋਲੀ ਉੱਤੇ ਆਣ ਪਵੇ ਅਤੇ ਉਸ ਨੂੰ ਮਾਰ ਸੁੱਟੇ ਤਾਂ ਦੂਜੀ ਟੋਲੀ ਜਿਹੜੀ ਬਾਕੀ ਰਹੇ ਬਚ ਜਾਵੇਗੀ
9. ਤਾਂ ਯਾਕੂਬ ਨੇ ਆਖਿਆ, ਹੇ ਮੇਰੇ ਪਿਤਾ ਅਬਰਾਹਾਮ ਦੇ ਪਰਮੇਸ਼ੁਰ ਅਰ ਮੇਰੇ ਪਿਤਾ ਇਸਹਾਕ ਦੇ ਪਰਮੇਸ਼ੁਰ ਯਹੋਵਾਹ ਜਿਸ ਆਖਿਆ ਕਿ ਤੂੰ ਆਪਣੇ ਦੇਸ ਅਰ ਆਪਣਿਆਂ ਸਾਕਾਂ ਕੋਲ ਮੁੜ ਜਾਹ ਅਰ ਮੈਂ ਤੇਰੇ ਸੰਗ ਭਲਿਆਈ ਕਰਾਂਗਾ
10. ਮੈਂ ਤਾਂ ਉਨ੍ਹਾਂ ਸਾਰੀਆਂ ਦਿਆਲਗੀਆਂ ਅਰ ਉਸ ਸਾਰੀ ਸਚਿਆਈ ਤੋਂ ਜਿਹੜੀ ਤੈਂ ਆਪਣੇ ਦਾਸ ਦੇ ਸੰਗ ਕੀਤੀ ਬਹੁਤ ਹੀ ਛੋਟਾ ਹਾਂ । ਮੈਂ ਤਾਂ ਆਪਣੀ ਲਾਠੀ ਦੇ ਨਾਲ ਹੀ ਯਰਦਨ ਦੇ ਪਾਰ ਲੰਘਿਆ ਸੀ ਪਰ ਹੁਣ ਮੈਂ ਦੋ ਟੋਲੀਆਂ ਹੋ ਗਿਆ ਹਾਂ
11. ਤੂੰ ਮੈਨੂੰ ਮੇਰੇ ਭਰਾ ਦੇ ਹੱਥੋਂ ਅਰਥਾਤ ਏਸਾਓ ਦੇ ਹੱਥੋਂ ਛੁਡਾ ਲਵੀਂ ਕਿਉਂਜੋ ਮੈਂ ਉਸ ਤੋਂ ਡਰਦਾ ਹਾਂ ਕਿਤੇ ਉਹ ਆਕੇ ਮੈਨੂੰ ਅਰ ਮਾਵਾਂ ਨੂੰ ਪੁੱਤ੍ਰਾਂ ਸਣੇ ਨਾ ਮਾਰ ਸੁੱਟੇ
12. ਤੈਂ ਆਖਿਆ ਕਿ ਮੈਂ ਤੇਰੇ ਸੰਗ ਭਲਿਆਈ ਹੀ ਭਲਿਆਈ ਕਰਾਂਗਾ ਅਰ ਤੇਰੀ ਅੰਸ ਨੂੰ ਸਮੁੰਦਰ ਦੀ ਰੇਤ ਵਾਂਗਰ ਜਿਹੜੀ ਬਹੁਤਾਇਤ ਦੇ ਕਾਰਨ ਗਿਣੀ ਨਹੀਂ ਜਾਂਦੀ ਬਣਾਵਾਂਗਾ ।।
13. ਉਹ ਉਸ ਰਾਤ ਉੱਥੇ ਹੀ ਰਿਹਾ ਅਰ ਉਸ ਨੇ ਉਸ ਥਾਂ ਜੋ ਕੁਝ ਉਸ ਦੇ ਹੱਥ ਆਇਆ ਆਪਣੇ ਭਰਾ ਏਸਾਓ ਦੇ ਨਜ਼ਰਾਨੇ ਲਈ ਲਿਆ
14. ਅਰਥਾਤ ਦੋ ਸੌ ਬੱਕਰੀਆਂ ਅਤੇ ਵੀਹ ਬੱਕਰੇ ਅਰ ਦੋ ਸੌ ਭੇਡਾਂ ਅਤੇ ਵੀਹ ਮੇਂਢੇ
15. ਅਤੇ ਤੀਹ ਸੂਈਆਂ ਹੋਈਆਂ ਊਠਣੀਆਂ ਬੋਤੀਆਂ ਸਣੇ ਅਰ ਚਾਲੀ ਗਾਊਆਂ ਅਰ ਦਸ ਸਾਹਨ ਅਤੇ ਵੀਹ ਖੋਤੀਆਂ ਦੱਸ ਬੱਚਿਆਂ ਸਣੇ
16. ਅਰ ਉਨ੍ਹਾਂ ਦੇ ਵੱਗ ਵੱਖਰੇ ਵੱਖਰੇ ਕਰ ਕੇ ਆਪਣੇ ਟਹਿਲੂਆਂ ਦੇ ਹੱਥ ਦਿੱਤੇ ਅਰ ਆਪਣੇ ਟਹਿਲੂਆਂ ਨੂੰ ਆਖਿਆ ਤੁਸੀਂ ਮੇਰੇ ਅੱਗੇ ਅੱਗੇ ਪਾਰ ਲੰਘ ਜਾਓ ਅਤੇ ਵੱਗਾ ਦੇ ਵਿਚਕਾਰ ਥੋੜ ਥੋੜਾ ਫਾਸਲਾ ਰੱਖੋ
17. ਸਭ ਤੋਂ ਅੱਗੇ ਜਾਣ ਵਾਲੇ ਨੂੰ ਓਸ ਏਹ ਹੁਕਮ ਦਿੱਤਾ ਕਿ ਜਦ ਮੈਨੂੰ ਮੇਰਾ ਭਰਾ ਏਸਾਓ ਮਿਲੇ ਅਰ ਪੁੱਛੇ ਕਿ ਤੂੰ ਕਿਹ ਦਾ ਹੈਂ ਅਰ ਕਿਧਰ ਚੱਲਦਾ ਹੈਂ ਅਰ ਏਹ ਤੇਰੇ ਅਗਲੇ ਕਿਹ ਦੇ ਹਨ?
18. ਤਾਂ ਤੂੰ ਆਖੀਂ ਏਹ ਤੁਹਾਡੇ ਦਾਸ ਯਾਕੂਬ ਦੇ ਹਨ । ਏਹ ਇੱਕ ਨਜ਼ਰਾਨਾ ਹੈ ਜਿਹੜਾ ਮੇਰੇ ਸਵਾਮੀ ਨੇ ਏਸਾਓ ਲਈ ਘੱਲਿਆ ਹੈ ਅਤੇ ਵੇਖੋ ਉਹ ਵੀ ਸਾਡੇ ਪਿੱਛੇ ਹੈ
19. ਅਰ ਉਸ ਨੇ ਦੂਜੇ ਅਰ ਤੀਜੇ ਅਰ ਸਾਰਿਆਂ ਨੂੰ ਜਿਹੜੇ ਵੱਗ ਦੇ ਪਿੱਛੇ ਆਉਂਦੇ ਸਨ ਹੁਕਮ ਦਿੱਤਾ ਕਿ ਜਦ ਤੁਸੀਂ ਏਸਾਓ ਨੂੰ ਮਿਲੋ ਤਾਂ ਏਵੇਂ ਹੀ ਬੋਲੋ
20. ਅਰ ਆਖਿਓ, ਵੇਖੋ ਤੁਹਾਡਾ ਦਾਸ ਯਾਕੂਬ ਸਾਡੇ ਪਿੱਛੇ ਹੈ ਕਿਉਂਜੋ ਓਸ ਆਖਿਆ ਕਿ ਏਸ ਨਜ਼ਰਾਨੇ ਨਾਲ ਜਿਹੜਾ ਮੇਰੇ ਅੱਗੇ ਜਾਂਦਾ ਹੈ ਓਸ ਦੀਆਂ ਅੱਖਾਂ ਠੰਡੀਆਂ ਕਰਾਂਗਾ ਅਰ ਏਸ ਦੇ ਮਗਰੋਂ ਉਹ ਦਾ ਮੂੰਹ ਵੇਖਾਂਗਾ ਸ਼ਾਇਤ ਉਹ ਮੈਨੂੰ ਕਬੂਲ ਕਰੇ
21. ਸੋ ਉਹ ਨਜ਼ਰਾਨਾ ਉਸ ਤੋਂ ਅੱਗੇ ਪਾਰ ਲੰਘ ਗਿਆ ਅਰ ਉਹ ਆਪ ਉਸ ਰਾਤ ਆਪਣੀ ਟੋਲੀ ਨਾਲ ਰਿਹਾ ।।
22. ਉਹ ਉਸੇ ਰਾਤ ਉੱਠਿਆ ਅਰ ਆਪਣੀਆਂ ਦੋਹਾਂ ਤੀਵੀਆਂ ਅਰ ਦੋਹਾਂ ਗੋੱਲੀਆਂ ਅਰ ਗਿਆਰਾਂ ਪੁੱਤ੍ਰਾਂ ਨੂੰ ਲੈਕੇ ਯੱਬੋਕ ਦੇ ਪੱਤਣ ਤੋਂ ਪਾਰ ਲੰਘਿਆ
23. ਤਾਂ ਉਸ ਨੇ ਉਨ੍ਹਾਂ ਨੂੰ ਲੈਕੇ ਨਾਲੇ ਤੋਂ ਪਾਰ ਲੰਘਾਇਆ ਅਰ ਜੋ ਉਸ ਦੇ ਕੋਲ ਸੀ ਪਾਰ ਲੰਘਾ ਦਿੱਤਾ
24. ਤਾਂ ਯਾਕੂਬ ਇੱਕਲਾ ਰਹਿ ਗਿਆ ਅਰ ਉਸ ਦੇ ਨਾਲ ਇੱਕ ਮਨੁੱਖ ਦਿਨ ਦੇ ਚੜ੍ਹਾਓ ਤੀਕ ਘੁਲਦਾ ਰਿਹਾ
25. ਤਾਂ ਜਦ ਓਸ ਵੇਖਿਆ ਕਿ ਮੈਂ ਏਸ ਨੂੰ ਜਿੱਤ ਨਹੀਂ ਸੱਕਦਾ ਤਾਂ ਉਸ ਦੇ ਪੱਟ ਦੇ ਜੋੜ ਨੂੰ ਹੱਥ ਲਾ ਦਿੱਤਾ ਅਰ ਯਾਕੂਬ ਦੇ ਪੱਟ ਦਾ ਜੋੜ ਉਸ ਦੇ ਨਾਲ ਘੁਲਣ ਦੇ ਕਾਰਨ ਨਿਕੱਲ ਗਿਆ
26. ਤਾਂ ਓਸ ਆਖਿਆ, ਮੈਨੂੰ ਜਾਣ ਦੇਹ ਕਿਉਂਜੋ ਦਿਨ ਚੜ੍ਹ ਗਿਆ ਹੈ । ਓਸ ਆਖਿਆ, ਮੈਂ ਤੈਨੂੰ ਨਹੀਂ ਜਾਣ ਦਿਆਂਗਾ ਜਦ ਤੀਕ ਤੂੰ ਮੈਨੂੰ ਬਰਕਤ ਨਾ ਦੇਵੇਂ
27. ਤਾਂ ਓਸ ਉਹ ਨੂੰ ਆਖਿਆ, ਤੇਰਾ ਨਾਉਂ ਕੀ ਹੈ? ਓਸ ਆਖਿਆ, ਯਾਕੂਬ
28. ਓਸ ਆਖਿਆ, ਤੇਰਾ ਨਾਉਂ ਹੁਣ ਤੋਂ ਯਾਕੂਬ ਨਹੀਂ ਆਖਿਆ ਜਾਵੇਗਾ ਸਗੋਂ ਇਸਰਾਏਲ ਕਿਉਂਜੋ ਤੂੰ ਪਰਮੇਸ਼ੁਰ ਅਤੇ ਮਨੁੱਖਾਂ ਨਾਲ ਜੁੱਧ ਕਰ ਕੇ ਜਿੱਤ ਗਿਆ ਹੈਂ
29. ਤਾਂ ਯਾਕੂਬ ਨੇ ਪੁੱਛ ਕੇ ਆਖਿਆ, ਮੈਨੂੰ ਆਪਣਾ ਨਾ ਦੱਸੀਂ ਤਾਂ ਓਸ ਆਖਿਆ, ਤੂੰ ਮੇਰਾ ਨਾਉਂ ਕਿਉਂ ਪੁੱਛਦਾ ਹੈਂ? ਤਾਂ ਉਸ ਨੇ ਉਹ ਨੂੰ ਉੱਥੇ ਬਰਕਤ ਦਿੱਤੀ
30. ਉਪਰੰਤ ਯਾਕੂਬ ਨੇ ਉਸ ਅਸਥਾਨ ਦਾ ਨਾਉਂ ਪਨੀਏਲ ਰੱਖਿਆ ਕਿਉਂਜੋ ਉਸ ਨੇ ਪਰਮੇਸ਼ੁਰ ਨੂੰ ਆਹਮੋ ਸਾਹਮਣੇ ਵੇਖਿਆ ਅਰ ਉਸ ਦੀ ਜਿੰਦ ਬਚ ਗਈ
31. ਅਰ ਜਦ ਉਹ ਪਨੂਏਲ ਤੋਂ ਪਾਰ ਲੰਘ ਗਿਆ ਤਾਂ ਸੂਰਜ ਚੜ੍ਹ ਗਿਆ ਸੀ ਅਰ ਉਹ ਆਪਣੇ ਪੱਟ ਤੋਂ ਲੰਙਾ ਸੀ
32. ਏਸ ਲਈ ਇਸਰਾਏਲੀ ਉਸ ਨਾੜੀ ਦੇ ਪੱਠੇ ਨੂੰ ਜਿਹੜਾ ਪੱਟ ਦੇ ਜੋੜ ਉੱਤੇ ਹੈ ਅੱਜ ਤੀਕਰ ਨਹੀਂ ਖਾਂਦੇ ਕਿਉਂਜੋ ਉਸ ਨੇ ਯਾਕੂਬ ਦੀ ਨਾੜੀ ਦੇ ਪੱਠੇ ਨੂੰ ਪੱਟ ਦੇ ਜੋੜ ਕੋਲ ਹੱਥ ਲਾ ਦਿੱਤਾ ਸੀ ।।