1. ਆਖਦੇ ਹਨ ਕਿ ਜੇ ਕੋਈ ਆਪਣੀ ਤੀਵੀਂ ਨੂੰ ਛੱਡ ਦੇਵੇ, ਅਤੇ ਉਹ ਉਸ ਦੇ ਕੋਲੋਂ ਚੱਲੀ ਜਾਵੇ, ਅਤੇ ਕਿਸੇ ਹੋਰ ਦੀ ਤੀਵੀਂ ਹੋ ਜਾਵੇ, ਕੀ ਉਹ ਆਦਮੀ ਉਸ ਕੋਲ ਫੇਰ ਮੁੜ ਜਾਵੇਗਾ? ਕੀ ਉਹ ਦੇਸ ਬਹੁਤਾ ਭਰਿਸ਼ਟ ਨਾ ਹੋ ਜਾਵੇਗਾ? ਤੈਂ ਤਾਂ ਬਹੁਤਿਆਂ ਯਾਰਾਂ ਨਾਲ ਜ਼ਨਾਹ ਕੀਤਾ, - ਤੂੰ ਤਾਂ ਮੇਰੀ ਵੱਲ ਮੁੜੇਂਗੀ? ਯਹੋਵਾਹ ਦਾ ਵਾਕ ਹੈ।
2. ਉਚਿਆਈਆਂ ਵੱਲ ਆਪਣੀਆਂ ਅੱਖਾਂ ਚੁੱਕ ਤੇ ਵੇਖ! ਉਹ ਕਿਹੜਾ ਥਾ ਹੈ ਜਿੱਥੇ ਤੂੰ ਭਿੱਟੀ ਨਹੀਂ ਗਈ? ਤੂੰ ਰਾਹਾਂ ਵਿੱਚ ਉਨ੍ਹਾਂ ਲਈ ਬੈਠੀ, ਜਿਵੇਂ ਕੋਈ ਅਰਬੀ ਉਜਾੜ ਵਿੱਚ। ਤੈਂ ਆਪਣੇ ਜ਼ਨਾਹ ਤੇ ਬੁਰਿਆਈ ਨਾਲ ਦੇਸ ਨੂੰ ਭਰਿਸ਼ਟ ਕੀਤਾ।
3. ਏਸੇ ਲਈ ਪੁਹਾਰ ਵਾਲਾ ਮੀਂਹ ਨਹੀਂ ਪੈਂਦਾ, ਅਤੇ ਆਖਰੀ ਬਰਸਾਤ ਨਹੀਂ ਹੋਈ। ਤੇਰਾ ਮੱਥਾ ਕੰਜਰੀ ਦਾ ਹੈ, ਤੂੰ ਸ਼ਰਮ ਖਾਣ ਤੋਂ ਮੁੱਕਰ ਗਈ।
4. ਕੀ ਤੂੰ ਹੁਣ ਤੋਂ ਮੈਨੂੰ ਨਾ ਪੁਕਾਰੇਂਗੀ, ਹੇ ਪਿਤਾ, ਤੂੰ ਮੇਰੀ ਜੁਆਨੀ ਦਾ ਸਾਥੀ ਹੈ?
5. ਕੀ ਉਹ ਦਾ ਗੁੱਸਾ ਸਦਾ ਤੀਕ ਰਹੇਗਾ? ਕੀ ਉਹ ਆਖੀਰ ਤੀਕ ਖਿੱਝਦਾ ਰਹੇਗਾ? ਵੇਖ, ਤੂੰ ਇਉਂ ਤਾਂ ਬੋਲੀ, ਪਰ ਜਿੰਨੀਆਂ ਕਰ ਸੱਕੀ ਤੈਂ ਬੁਰਿਆਈਆਂ ਕੀਤੀਆਂ।।
6. ਯੋਸ਼ੀਯਾਹ ਪਾਤਸ਼ਾਹ ਦੇ ਦਿਨਾਂ ਵਿੱਚ ਯਹੋਵਾਹ ਨੇ ਮੈਨੂੰ ਆਖਿਆ, ਕੀ ਤੈਂ ਵੇਖਿਆ ਜੋ ਆਕੀ ਇਸਰਾਏਲ ਨੇ ਕੀਤਾ? ਉਹ ਹਰੇਕ ਉੱਚੇ ਪਹਾੜ ਉੱਤੇ ਅਤੇ ਹਰ ਹਰੇ ਰੁੱਖ ਹੇਠ ਗਈ ਅਤੇ ਉੱਥੇ ਜ਼ਨਾਹ ਕੀਤਾ
7. ਤਾਂ ਮੈਂ ਆਖਿਆ, ਏਹ ਸਭ ਕੁਝ ਕਰਨ ਦੇ ਪਿੱਛੋਂ ਉਹ ਮੇਰੀ ਵੱਲ ਮੁੜੇਗੀ ਪਰ ਉਹ ਨਾ ਮੁੜੀ ਤਾਂ ਉਹ ਦੀ ਚਾਲ ਬਾਜ਼ ਭੈਣ ਯਹੂਦਾਹ ਨੇ ਏਹ ਵੇਖਿਆ
8. ਮੈਂ ਏਹ ਵੇਖਿਆ ਕਿ ਜਦ ਆਕੀ ਇਸਰਾਏਲ ਦੀ ਸਾਰੀ ਜ਼ਨਾਹ ਕਾਰੀ ਦੇ ਕਾਰਨ ਮੈਂ ਉਹ ਨੂੰ ਕੱਢ ਦਿੱਤਾ ਅਤੇ ਤਿਆਗ ਪੱਤ੍ਰੀ ਉਹ ਨੂੰ ਦੇ ਦਿੱਤੀ ਤਾਂ ਵੀ ਉਹ ਦੀ ਚਾਲ ਬਾਜ਼ ਭੈਣ ਯਹੂਦਾਹ ਨਾ ਡਰੀ ਸਗੋਂ ਉਸ ਵੀ ਜਾ ਕੇ ਜ਼ਨਾਹ ਕੀਤਾ
9. ਤਾਂ ਐਉਂ ਹੋਇਆ ਕਿ ਏਸ ਲਈ ਜੋ ਉਹ ਨੂੰ ਜ਼ਨਾਹ ਕਾਰੀ ਇੱਕ ਹਲਕੀ ਚੀਜ਼ ਲੱਗੀ ਤਾਂ ਦੇਸ ਭਰਿਸ਼ਟ ਕੀਤਾ ਗਿਆ ਜਦੋਂ ਉਹ ਨੇ ਪੱਥਰਾਂ ਅਤੇ ਰੁੱਖਾਂ ਨਾਲ ਜ਼ਨਾਹ ਕੀਤਾ!
10. ਏਸ ਸਾਰੇ ਦੇ ਹੁੰਦਿਆਂ ਤੇ ਵੀ ਉਹ ਦੀ ਚਾਲ ਬਾਜ਼ ਭੈਣ ਪੂਰੇ ਦਿਲ ਨਾਲ ਮੇਰੀ ਵੱਲ ਨਾ ਮੁੜੀ ਸਗੋਂ ਮਕਰ ਨਾਲ, ਯਹੋਵਾਹ ਦਾ ਵਾਕ ਹੈ।।
11. ਤਾਂ ਯਹੋਵਾਹ ਨੇ ਮੈਨੂੰ ਆਖਿਆ ਕਿ ਆਕੀ ਇਸਰਾਏਲ ਨੇ ਚਾਲ ਬਾਜ਼ ਯਹੂਦਾਹ ਨਾਲੋਂ ਆਪਣੇ ਆਪਨੂੰ ਵੱਧ ਧਰਮੀ ਵਿਖਾਇਆ ਹੈ
12. ਜਾਹ, ਉੱਤਰ ਵੱਲ ਇਨ੍ਹਾਂ ਗੱਲਾਂ ਦਾ ਪਰਚਾਰ ਕਰ ਅਤੇ ਆਖ, - ਮੁੜ, ਹੇ ਆਕੀ ਇਸਰਾਏਲ, ਯਹੋਵਾਹ ਦਾ ਵਾਕ ਹੈ, ਮੈਂ ਨਹਿਰੀਆਂ ਵੱਟ ਕੇ ਤੈਨੂੰ ਨਾ ਵੇਖਾਂਗਾਂ, ਮੈਂ ਦਿਆਲੂ ਜੋ ਹਾਂ, ਯਹੋਵਾਹ ਦਾ ਵਾਕ ਹੈ, ਮੈਂ ਸਦਾ ਤੀਕ ਗੁੱਸਾ ਨਾ ਰੱਖਾਂਗਾ।
13. ਨਿਰਾ ਆਪਣੀ ਬੁਰਿਆਈ ਨੂੰ ਮੰਨ ਲੈ, ਕਿ ਤੂੰ ਯਹੋਵਾਹ ਆਪਣੇ ਪਰਮੇਸ਼ੁਰ ਦੇ ਵਿਰੁੱਧ ਅਪਰਾਧੀ ਹੋਈ, ਅਤੇ ਤੈਂ ਆਪਣੀਆਂ ਮਿਹਰਬਾਨੀਆਂ ਨੂੰ ਓਪਰਿਆਂ ਲਈ, ਹਰ ਹਰੇ ਰੁੱਖ ਦੇ ਹੇਠ ਖਲਾਰਿਆ, ਅਤੇ ਮੇਰੀ ਅਵਾਜ਼ ਨਹੀਂ ਸੁਣੀ, ਯਹੋਵਾਹ ਦਾ ਵਾਕ ਹੈ।।
14. ਹੇ ਬੇਈਮਾਨ ਪੁੱਤ੍ਰੋ, ਮੁੜੋ, ਯਹੋਵਾਹ ਦਾ ਵਾਕ ਹੈ, ਮੈਂ ਤੁਹਾਡਾ ਮਾਲਕ ਜੋ ਹਾਂ, ਮੈਂ ਤੁਹਾਡੇ ਵਿੱਚੋਂ ਲਵਾਂਗਾ, ਹਰ ਸ਼ਹਿਰ ਵਿੱਚੋਂ ਇੱਕ ਅਤੇ ਹਰ ਟੱਬਰ ਵਿੱਚੋਂ ਦੋ, ਅਤੇ ਮੈਂ ਤੁਹਾਨੂੰ ਸੀਯੋਨ ਵਿੱਚ ਲਿਆਵਾਂਗਾ।।
15. ਮੈਂ ਤੁਹਾਨੂੰ ਆਪਣੇ ਦਿਲ ਦੇ ਅਨੁਸਾਰ ਆਜੜੀ ਦਿਆਂਗਾ ਜਿਹੜੇ ਤੁਹਾਨੂੰ ਗਿਆਨ ਅਤੇ ਸਮਝ ਨਾਲ ਚਾਰਨਗੇ
16. ਤਾਂ ਐਉਂ ਹੋਵੇਗਾ ਕਿ ਜਦ ਤੁਸੀਂ ਉਸ ਦੇਸ ਵਿੱਚ ਵਧ ਜਾਓਗੇ ਅਤੇ ਬਹੁਤ ਹੋ ਜਾਓਗੇ ਉਨ੍ਹਾਂ ਵਿੱਚ, ਯਹੋਵਾਹ ਦਾ ਵਾਕ ਹੈ, ਓਹ ਫੇਰ ਨਾ ਆਖਣਗੇ “ਯਹੋਵਾਹ ਦੇ ਨੇਮ ਦਾ ਸੰਦੂਕ” ਨਾ ਉਹ ਓਹਨਾਂ ਦੇ ਮਨ ਵਿੱਚ ਆਵੇਗਾ, ਨਾ ਉਹ ਨੂੰ ਚੇਤੇ ਕਰਨਗੇ, ਨਾ ਉਹ ਦੀ ਦੇਖ ਭਾਲ ਕਰਨਗੇ, ਨਾ ਉਹ ਫੇਰ ਬਣਾਇਆ ਜਾਵੇਗਾ
17. ਉਸ ਵੇਲੇ ਓਹ ਯਰੂਸ਼ਲਮ ਨੂੰ “ਯਹੋਵਾਹ ਦਾ ਸਿੰਘਾਸਣ” ਆਖਣਗੇ ਅਤੇ ਉਹ ਦੇ ਕੋਲ ਯਹੋਵਾਹ ਦੇ ਨਾਮ ਉੱਤੇ ਸਾਰੀਆਂ ਕੌਮਾਂ ਯਰੂਸ਼ਲਮ ਵਿੱਚ ਇਕੱਠੀਆਂ ਹੋਣਗੀਆਂ। ਓਹ ਫੇਰ ਆਪਣੇ ਬੁਰੇ ਦਿਲ ਦੀ ਅੜੀ ਪਿੱਛੇ ਨਾ ਚੱਲਣਗੀਆਂ
18. ਓਹਨਾਂ ਦਿਨਾਂ ਵਿੱਚ ਯਹੂਦਾਹ ਦਾ ਘਰਾਣਾ ਇਸਰਾਏਲ ਦੇ ਘਰਾਣੇ ਨਾਲ ਚੱਲੇਗਾ, ਓਹ ਮਿਲ ਕੇ ਉੱਤਰ ਦੇ ਦੇਸ ਤੋਂ ਉਸ ਦੇਸ ਵਿੱਚ ਆਉਣਗੇ ਜਿਹੜਾ ਮੈਂ ਓਹਨਾਂ ਦੇ ਪਿਉ ਦਾਦਿਆਂ ਨੂੰ ਮਿਲਖ ਵਿੱਚ ਦਿੱਤਾ।।
19. ਮੈਂ ਤਾਂ ਆਖਿਆ ਸੀ, - ਮੈਂ ਕਿਵੇਂ ਤੈਨੂੰ ਆਪਣੇ ਪੁੱਤ੍ਰਾਂ ਵਿੱਚ ਰਲਾਵਾਂ, ਅਤੇ ਤੈਨੂੰ ਇੱਕ ਚੰਗੀ ਧਰਤੀ ਦੇਵਾਂ, ਕੌਮਾਂ ਦੀਆਂ ਸੈਨਾਂ ਦੀ ਸ਼ਾਨਦਾਰ ਧਰਤੀ ਦੀ ਮਿਲਖ! ਮੈਂ ਆਖਿਆ ਕਿ ਤੁਸੀਂ ਮੈਨੂੰ ਆਪਣਾ ਪਿਤਾ ਸੱਦੋਗੇ, ਅਤੇ ਮੇਰੇ ਪਿੱਛੇ ਚੱਲਣ ਤੋਂ ਫਿਰ ਨਾ ਜਾਓਗੇ।
20. ਸੱਚ ਮੁੱਚ ਜਿਵੇਂ ਕੋਈ ਤੀਵੀਂ ਆਪਣੇ ਭਰਤੇ ਨਾਲ ਬੇਈਮਾਨੀ ਕਰਦੀ ਹੈ, ਹੇ ਇਸਰਾਏਲ ਦੇ ਘਰਾਣੇ, ਤਿਵੇਂ ਹੀ ਤੁਸਾਂ ਮੇਰੇ ਨਾਲ ਬੇਈਮਾਨੀ ਕੀਤੀ, ਯਹੋਵਾਹ ਦਾ ਵਾਕ ਹੈ,
21. ਉਚਿਆਈਆਂ ਤੋਂ ਇੱਕ ਅਵਾਜ਼ ਸੁਣਾਈ ਦਿੰਦੀ ਹੈ, ਇਸਰਾਏਲ ਦੇ ਪੁੱਤ੍ਰਾਂ ਦੇ ਰੋਣ ਅਤੇ ਤਰਲਿਆਂ ਦੀ, ਓਹਨਾਂ ਨੇ ਆਪਣਾ ਰਾਹ ਜੋ ਵਿਗਾੜ ਲਿਆ, ਅਤੇ ਯਹੋਵਾਹ ਆਪਣੇ ਪਰਮੇਸ਼ੁਰ ਨੂੰ ਭੁਲਾ ਦਿੱਤਾ।
22. ਹੇ ਫਿਰਤੂ ਪੁੱਤ੍ਰੋਂ, ਮੁੜੋ, ਮੈਂ ਤੁਹਾਡੇ ਫਿਰਨ ਦਾ ਦਵਾ ਦਾਰੂ ਕਰਾਂਗਾ। ਵੇਖ, ਅਸੀਂ ਤੇਰੇ ਕੋਲ ਆਏ ਹਾਂ, ਤੂੰ ਸਾਡਾ ਯਹੋਵਾਹ ਪਰਮੇਸ਼ੁਰ ਜੋ ਹੈਂ।
23. ਸੱਚ ਮੁੱਚ ਟਿੱਲਿਆਂ ਅਤੇ ਪਹਾੜਾਂ ਦਾ ਰੌਲਾ ਧੋਖਾ ਹੈ, ਪਰ ਸੱਚ ਮੁੱਚ ਇਸਰਾਏਲ ਦੀ ਮੁਕਤੀ ਯਹੋਵਾਹ ਸਾਡੇ ਪਰਮੇਸ਼ੁਰ ਵੱਲੋਂ ਹੈ।।
24. ਪਰ ਉਸ ਘਿਣਾਉਣੀ ਵਸਤੂ ਨੇ ਸਾਡੀ ਜੁਆਨੀ ਤੋਂ ਲੈ ਕੇ ਸਾਡੇ ਪਿਉ ਦਾਦਿਆਂ ਦੀ ਮਿਹਨਤ ਨੂੰ ਅਤੇ ਓਹਨਾਂ ਦੀਆਂ ਇੱਜੜਾਂ ਅਰ ਓਹਨਾਂ ਦਿਆਂ ਚੌਣਿਆਂ ਅਤੇ ਓਹਨਾਂ ਦਿਆਂ ਪੁੱਤ੍ਰਾਂ ਧੀਆਂ ਨੂੰ ਭੱਖ ਲਿਆ ਹੈ
25. ਅਸੀਂ ਆਪਣੇ ਸ਼ਰਮ ਵਿੱਚ ਲੰਮੇ ਪੈ ਜਾਈਏ ਅਤੇ ਘਬਰਾਹਟ ਸਾਨੂੰ ਕੱਜ ਲਵੇ, ਅਸਾਂ ਯਹੋਵਾਹ ਆਪਣੇ ਪਰਮੇਸ਼ੁਰ ਦਾ ਪਾਪ ਜੋ ਕੀਤਾ, ਅਸਾਂ ਤੇ ਸਾਡੇ ਪਿਉ ਦਾਦਿਆਂ ਨੇ ਜੁਆਨੀ ਤੋਂ ਅੱਜ ਦੇ ਦਿਨ ਤੀਕ, ਅਤੇ ਅਸਾਂ ਯਹੋਵਾਹ ਆਪਣੇ ਪਰਮੇਸ਼ੁਰ ਦੀ ਅਵਾਜ਼ ਨਹੀਂ ਸੁਣੀ।।