1. ਇਉਂ ਹੋਇਆ ਕਿ ਜਦ ਉਹ ਸਬਤ ਦੇ ਦਿਨ ਫ਼ਰੀਸੀ ਸਰਦਾਰਾਂ ਵਿੱਚੋਂ ਕਿਸੇ ਦੇ ਘਰ ਰੋਟੀ ਖਾਣ ਗਿਆ ਤਦ ਓਹ ਉਸ ਦੀ ਤਾੜ ਵਿੱਚ ਲੱਗੇ ਹੋਏ ਸਨ
2. ਅਰ ਵੇਖੋ ਇੱਕ ਜਲੋਧਰੀ ਮਨੁੱਖ ਉਹ ਦੇ ਸਾਹਮਣੇ ਸੀ
3. ਯਿਸੂ ਅੱਗੋਂ ਸ਼ਰ੍ਹਾ ਦੇ ਸਿਖਲਾਉਣ ਵਾਲਿਆਂ ਅਤੇ ਫ਼ਰੀਸੀਆਂ ਨੂੰ ਇਹ ਆਖਿਆ, ਭਲਾ, ਸਬਤ ਦੇ ਦਿਨ ਚੰਗਾ ਕਰਨਾ ਜੋਗ ਹੈ ਕਿ ਨਹੀਂ?
4. ਪਰ ਓਹ ਚੁੱਪ ਵੱਟ ਗਏ। ਤਾਂ ਉਸ ਨੇ ਉਹ ਨੂੰ ਲੈ ਕੇ ਚੰਗਾ ਕੀਤਾ ਅਤੇ ਤੋਰ ਦਿੱਤਾ
5. ਅਤੇ ਉਨ੍ਹਾਂ ਨੂੰ ਆਖਿਆ ਭਈ ਤੁਹਾਡੇ ਵਿੱਚੇਂ ਕੌਣ ਹੈ ਜੇ ਉਹ ਦਾ ਗਧਾ ਯਾ ਬੈਲ ਖੂਹ ਵਿੱਚ ਡਿਗ ਪਵੇ ਤਾਂ ਉਹ ਝੱਟ ਸਬਤ ਦੇ ਦਿਨ ਉਹ ਨੂੰ ਨਾ ਕੱਢੇ?
6. ਅਤੇ ਓਹ ਇਨ੍ਹਾਂ ਗੱਲਾਂ ਦਾ ਉੱਤਰ ਨਾ ਦੇ ਸੱਕੇ।।
7. ਜਾਂ ਉਸ ਨੇ ਵੇਖਿਆ ਭਈ ਪਰਾਹੁਣੇ ਕਿਸ ਤਰਾਂ ਉੱਚੀਆਂ ਥਾਵਾਂ ਨੂੰ ਪਸਿੰਦ ਕਰਦੇ ਹਨ ਤਾਂ ਉਨ੍ਹਾਂ ਨੂੰ ਇਹ ਦ੍ਰਿਸ਼ਟਾਂਤ ਦੇ ਕੇ ਕਿਹਾ
8. ਕਿ ਜਾਂ ਕੋਈ ਤੈਨੂੰ ਵਿਆਹ ਵਿੱਚ ਨਿਉਤਾ ਦੇਵੇ ਤਾਂ ਉੱਚੀ ਥਾਂ ਨਾ ਬੈਠ। ਕੀ ਜਾਣੀਏ ਕਿ ਓਨ ਤੇਰੇ ਨਾਲੋਂ ਕਿਸੇ ਆਦਰ ਵਾਲੇ ਨੂੰ ਨਿਉਤਾ ਦਿੱਤਾ ਹੋਵੇ
9. ਅਰ ਜਿਸ ਨੇ ਤੈਨੂੰ ਅਤੇ ਉਸ ਨੂੰ ਨਿਉਤਾ ਦਿੱਤਾ ਹੈ ਜੋ ਆਣ ਕੇ ਤੈਨੂੰ ਆਖੇ ਕਿ ਇਹ ਨੂੰ ਜਗ੍ਹਾ ਦਿਹ ਅਰ ਤਦ ਤੈਨੂੰ ਸ਼ਰਮਿੰਦਗੀ ਨਾਲ ਸਭ ਤੋਂ ਨੀਵੀਂ ਥਾਂ ਬੈਠਣਾ ਪਵੇ
10. ਪਰ ਜਾਂ ਤੈਨੂੰ ਨਿਉਤਾ ਦਿੱਤਾ ਜਾਵੇ ਜਾਂ ਸਭ ਤੋਂ ਨੀਵੀਂ ਥਾਂ ਜਾ ਬੈਠ, ਫੇਰ ਜਿਹ ਨੇ ਤੈਨੂੰ ਨਿਉਤਾ ਦਿੱਤਾ ਹੈ ਜਦ ਉਹ ਆਵੇ ਤਦ ਤੈਨੂੰ ਆਖੇ,ਮਿੱਤ੍ਰਾ, ਅੱਗੇ ਆ ਜਾਹ ਤਾਂ ਉਨ੍ਹਾਂ ਸਭਨਾਂ ਦੇ ਸਾਹਮਣੇ ਜੋ ਤੇਰੇ ਨਾਲ ਖਾਣ ਬੈਠੇ ਹਨ ਤੇਰਾ ਆਦਰ ਹੋਵੇਗਾ
11. ਕਿਉਂਕਿ ਹਰੇਕ ਜੋ ਆਪਣੇ ਆਪ ਨੂੰ ਉੱਚਾ ਕਰਦਾ ਹੈ ਸੋ ਨੀਵਾਂ ਕੀਤਾ ਜਾਵੇਗਾ ਅਤੇ ਜੋ ਆਪਣੇ ਆਪ ਨੂੰ ਨੀਵਾਂ ਕਰਦਾ ਹੈ ਸੋ ਉੱਚਾ ਕੀਤਾ ਜਾਵੇਗਾ।।
12. ਜਿਨ ਉਸ ਨੂੰ ਨਿਉਤਾ ਦਿੱਤਾ ਸੀ ਉਸ ਨੇ ਉਹ ਨੂੰ ਵੀ ਕਿਹਾ ਕਿ ਜਾਂ ਤੂੰ ਦਿਨ ਯਾ ਰਾਤ ਦੀ ਜ਼ਿਆਫ਼ਤ ਕਰੇਂ ਤਾਂ ਆਪਣਿਆਂ ਮਿੱਤ੍ਰਾਂ ਅਤੇ ਆਪਣਿਆਂ ਭਾਈਆਂ ਅਤੇ ਆਪਣਿਆਂ ਸਾਕਾਂ ਅਤੇ ਧਨਵਾਨ ਗੁਆਂਢੀਆਂ ਨੂੰ ਨਾ ਬੁਲਾ, ਅਜਿਹਾ ਨਾ ਹੋਵੇ ਜੋ ਓਹ ਫੇਰ ਤੈਨੂੰ ਵੀ ਬੁਲਾਉਣ ਅਰ ਤੇਰਾ ਬਦਲਾ ਹੋ ਜਾਵੇ
13. ਪਰ ਜਾ ਤੂੰ ਦਾਉਤ ਕਰੇਂ ਤਾਂ ਕੰਗਾਲਾਂ, ਟੁੰਡਿਆਂ, ਲੰਙਿਆਂ, ਅੰਨ੍ਹਿਆ ਨੂੰ ਸੱਦ
14. ਅਤੇ ਤੂੰ ਧੰਨ ਹੋਵੇਂਗਾ ਕਿਉਂ ਜੋ ਤੇਰਾ ਬਦਲਾ ਦੇਣ ਨੂੰ ਉਨ੍ਹਾਂ ਕੋਲ ਕੁਝ ਨਹੀਂ ਹੈ ਸੋ ਤੈਨੂੰ ਧਰਮੀਆਂ ਦੀ ਕਿਆਮਤ ਵਿੱਚ ਬਦਲਾ ਦਿੱਤਾ ਜਾਵੇਗਾ।।
15. ਉਹ ਦੇ ਨਾਲ ਦੇ ਬੈਠਣ ਵਾਲਿਆਂ ਵਿੱਚੋਂ ਇੱਕ ਨੇ ਇਨ੍ਹਾਂ ਗੱਲਾਂ ਨੂੰ ਸੁਣ ਕਿ ਉਹ ਨੂੰ ਕਿਹਾ ਕਿ ਧੰਨ ਉਹ ਜਿਹੜਾ ਪਰਮੇਸ਼ੁਰ ਦੇ ਰਾਜ ਵਿੱਚ ਰੋਟੀ ਖਾਊਗਾ
16. ਪਰ ਉਸ ਨੇ ਉਹ ਨੂੰ ਆਖਿਆ, ਕਿਸੇ ਮਨੁੱਖ ਨੇ ਵੱਡੀ ਜ਼ਿਆਫ਼ਤ ਕੀਤੀ ਅਤੇ ਬਹੁਤਿਆਂ ਨੂੰ ਬੁਲਾਇਆ
17. ਅਤੇ ਉਸ ਨੇ ਖਾਣੇ ਦੇ ਵੇਲੇ ਆਪਣੇ ਨੌਕਰ ਨੂੰ ਘੱਲਿਆ ਜੋ ਉਹ ਸੱਦੇ ਹੋਇਆਂ ਨੂੰ ਕਹੇ ਭਈ ਆਓ ਕਿਉਂ ਜੋ ਹੁਣ ਸੱਭੋ ਕੁਝ ਤਿਆਰ ਹੈ
18. ਤਾਂ ਓਹ ਸੱਭੇ ਇੱਕ ਮੱਤ ਹੋ ਕੇ ਉਜ਼ਰ ਕਰਨ ਲੱਗੇ। ਪਹਿਲੇ ਨੇ ਉਹ ਨੂੰ ਕਿਹਾ, ਮੈਂ ਇੱਕ ਖੇਤ ਮੁੱਲ ਲਿਆ ਹੈ ਅਤੇ ਜ਼ਰੂਰ ਹੈ ਜੋ ਮੈਂ ਜਾ ਕੇ ਉਹ ਨੂੰ ਵੇਖਾਂ। ਮੈਂ ਤੇਰੇ ਅੱਗੇ ਬੇਨਤੀ ਕਰਦਾ ਹਾਂ ਭਈ ਮੇਰੀ ਵੱਲੋਂ ਉਜ਼ਰ ਕਰੀਂ
19. ਅਤੇ ਦੂਏ ਨੇ ਆਖਿਆ, ਮੈਂ ਬਲਦਾਂ ਦੀਆਂ ਪੰਜ ਜੋੜੀਆਂ ਮੁੱਲ ਲਈਆਂ ਹਨ ਅਤੇ ਉਨ੍ਹਾਂ ਦੇ ਪਰਖਣੇ ਲਈ ਜਾਂਦਾ ਹਾਂ। ਮੈਂ ਤੇਰੇ ਅੱਗੇ ਬੇਨਤੀ ਕਰਦਾ ਹਾਂ ਜੋ ਮੇਰੀ ਵੱਲੋਂ ਉਜ਼ਰ ਕਰੀਂ
20. ਅਤੇ ਹੋਰ ਨੇ ਆਖਿਆ, ਮੈਂ ਵਿਆਹ ਕੀਤਾ ਹੈ ਅਤੇ ਇਸ ਲਈ ਮੈਂ ਨਹੀਂ ਆ ਸੱਕਦਾ
21. ਤਾਂ ਉਸ ਨੌਕਰ ਨੇ ਆਣ ਕੇ ਆਪਣੇ ਮਾਲਕ ਨੂੰ ਇਨ੍ਹਾਂ ਗੱਲਾਂ ਦੀ ਖਬਰ ਦਿੱਤੀ ਤਾਂ ਉਸ ਘਰ ਦੇ ਮਾਲਕ ਨੇ ਗੁੱਸੇ ਹੋ ਕੇ ਆਪਣੇ ਨੌਕਰ ਨੂੰ ਆਖਿਆ, ਸ਼ਤਾਬੀ ਨਿੱਕਲ ਕੇ ਸ਼ਹਿਰ ਦੇ ਚੌਕਾਂ ਅਤੇ ਗਲੀਆਂ ਵਿੱਚ ਜਾਹ ਅਰ ਕੰਗਾਲਾਂ ਅਤੇ ਟੁੰਡਿਆਂ ਅਤੇ ਅੰਨ੍ਹਿਆਂ ਅਤੇ ਲੰਙਿਆਂ ਨੂੰ ਐੱਥੇ ਅੰਦਰ ਲਿਆ
22. ਉਸ ਨੌਕਰ ਨੇ ਆਖਿਆ, ਸੁਆਮੀ ਜੀ ਜਿਵੇਂ ਤੁਸਾਂ ਹੁਕਮ ਕੀਤਾ ਸੀ ਤਿਵੇਂ ਹੀ ਹੋਇਆ ਹੈ ਅਤੇ ਅਜੇ ਥਾਂ ਹੈ
23. ਮਾਲਕ ਨੇ ਨੌਕਰ ਨੂੰ ਕਿਹਾ ਭਈ ਨਿੱਕਲ ਕੇ ਸੜਕਾਂ ਅਤੇ ਪੈਲੀ ਬੰਨਿਆ ਵੱਲ ਜਾਹ ਅਤੇ ਵੱਡੀ ਤਗੀਦ ਕਰਕੇ ਲੋਕਾਂ ਨੂੰ ਅੰਦਰ ਲਿਆ ਤਾਂ ਜੋ ਮੇਰਾ ਘਰ ਭਰ ਜਾਵੇ
24. ਕਿਉਂ ਜੋ ਮੈਂ ਤੁਹਾਨੂੰ ਆਖਦਾ ਹਾਂ ਭਈ ਉਨ੍ਹਾਂ ਮਨੁੱਖਾਂ ਵਿੱਚੋਂ ਜਿਹੜੇ ਬੁਲਾਏ ਗਏ ਸਨ ਇੱਕ ਵੀ ਮੇਰਾ ਖਾਣਾ ਨਾ ਚੱਖੇਗਾ।।
25. ਵੱਡੀ ਭੀੜ ਯਿਸੂ ਦੇ ਨਾਲ ਚੱਲੀ ਜਾਂਦੀ ਸੀ ਅਤੇ ਉਸ ਨੇ ਮੁੜ ਕੇ ਉਨ੍ਹਾਂ ਨੂੰ ਆਖਿਆ
26. ਜੇ ਕੋਈ ਮੇਰੇ ਕੋਲ ਆਵੇ ਅਰ ਆਪਣੇ ਪਿਉ ਅਤੇ ਮਾਂ ਅਤੇ ਤੀਵੀਂ ਅਤੇ ਬਾਲ ਬੱਚਿਆਂ ਅਤੇ ਭਾਈਆਂ ਅਤੇ ਭੈਣਾਂ ਨਾਲ ਸਗੋਂ ਆਪਣੀ ਜਾਨ ਨਾਲ ਵੀ ਵੈਰ ਨਾ ਰੱਖੇ ਤਾਂ ਓਹ ਮੇਰਾ ਚੇਲਾ ਨਹੀਂ ਹੋ ਸੱਕਦਾ
27. ਜੋ ਕੋਈ ਆਪਣੀ ਸਲੀਬ ਚੁੱਕ ਕੇ ਮੇਰੇ ਮਗਰ ਨਾ ਆਵੇ ਮੇਰਾ ਚੇਲਾ ਨਹੀਂ ਹੋ ਸੱਕਦਾ
28. ਤੁਹਾਡੇ ਵਿੱਚੋਂ ਕੌਣ ਹੈ ਜਿਹ ਦੀ ਬੁਰਜ ਬਣਾਉਣ ਦੀ ਦਲੀਲ ਹੋਵੇ ਤਾਂ ਪਹਿਲਾਂ ਬੈਠ ਕੇ ਖ਼ਰਚ ਦਾ ਲੇਖਾ ਨਾ ਕਰੇ ਭਈ ਮੇਰੇ ਕੋਲ ਉਹ ਦੇ ਪੂਰਾ ਕਰਨ ਜੋਗਾ ਹੈ ਕਿ ਨਹੀਂ?
29. ਕਿਤੇ ਐਉਂ ਨਾ ਹੋਵੇ ਕਿ ਜਾਂ ਉਸ ਨੇ ਨੀਉਂ ਰੱਖੀ ਅਤੇ ਪੂਰਾ ਨਾ ਕਰ ਸਕਿਆ ਤਾਂ ਸਭ ਵੇਖਣ ਵਾਲੇ ਇਹ ਕਹਿ ਕੇ ਉਸ ਉੱਤੇ ਸਭ ਹੱਸਣ ਲੱਗ ਪੈਣ
30. ਕਿ ਇਹ ਮਨੁੱਖ ਮਕਾਨ ਬਣਾਉਣ ਲੱਗਾ ਪਰ ਪੂਰਾ ਨਾ ਕਰ ਸੱਕਿਆ!
31. ਯਾ ਕਿਹੜਾ ਰਾਜਾ ਹੈ ਕਿ ਜਾਂ ਦੂਏ ਰਾਜੇ ਨਾਲ ਲੜਨ ਲਈ ਨਿੱਕਲੇ ਤਾਂ ਪਹਿਲਾਂ ਬੈਠ ਕੇ ਸਲਾਹ ਨਾ ਕਰੇ ਭਈ ਕੀ ਮੈ ਦਸ ਹਜ਼ਾਰ ਨਾਲ ਉਹ ਦਾ ਸਾਹਮਣਾ ਕਰ ਸੱਕਦਾ ਹਾਂ ਜਿਹ ਨੇ ਵੀਹ ਹਜ਼ਾਰ ਨਾਲ ਮੇਰੇ ਉੱਤੇ ਚੜ੍ਹਾਈ ਕੀਤੀ ਹੈ?
32. ਜੇ ਨਹੀਂ ਤਾਂ ਦੂਏ ਦੇ ਅਜੇ ਦੂਰ ਹੁੰਦਿਆਂ ਉਹ ਵਕੀਲ ਘੱਲ ਕੇ ਮੇਲ ਮਿਲਾਪ ਦੀਆਂ ਸ਼ਰਤਾਂ ਪੁੱਛਦਾ ਹੈ
33. ਸੋ ਇਸੇ ਤਰਾਂ ਤੁਹਾਡੇ ਵਿੱਚੋਂ ਹਰੇਕ ਜੋ ਆਪਣਾ ਸਭ ਕੁਝ ਨਾ ਤਿਆਗੇ ਉਹ ਮੇਰਾ ਚੇਲਾ ਨਹੀਂ ਹੋ ਸੱਕਦਾ
34. ਲੂਣ ਤਾਂ ਚੰਗਾ ਹੈ ਪਰ ਜੇ ਲੂਣ ਬੇਸੁਆਦ ਹੋ ਜਾਵੇ ਤਾਂ ਕਾਹ ਦੇ ਨਾਲ ਸੁਆਦੀ ਕੀਤਾ ਜਾਵੇ?
35. ਉਹ ਨਾ ਖੇਤ ਨਾ ਰੂੜੀ ਦੇ ਕੰਮ ਦਾ ਹੈ। ਲੋਕ ਉਹ ਨੂੰ ਬਾਹਰ ਸੁੱਟ ਦਿੰਦੇ ਹਨ। ਜਿਹ ਦੇ ਸੁਣਨ ਦੇ ਕੰਨ ਹੋਣ ਸੋ ਸੁਣੇ।।