1. ਭਰਾਵੋ ਅਤੇ ਭੈਣੋ ਤੁਹਾਡੇ ਸਮੂਹ ਵਿੱਚੋਂ ਕੋਈ ਗਲਤੀ ਕਰ ਲਵੇ। ਤੁਸਾਂ ਆਤਮਕ ਲੋਕਾਂ ਨੂੰ ਉਸ ਪਾਪ ਕਰਨ ਵਾਲੇ ਵਿਅਕਤੀ ਕੋਲ ਜਾਣਾ ਚਾਹੀਦਾ ਹੈ, ਜਿਹਡ਼ਾ ਗਲਤ ਕਰ ਰਿਹਾ ਹੈ। ਤੁਹਾਨੂੰ ਉਸਦੀ ਫ਼ੇਰ ਠੀਕ ਹੋਣ ਵਿੱਚ ਸਹਾਇਤਾ ਕਰਨੀ ਚਾਹੀਦੀ ਹੈ। ਤੁਹਾਨੂੰ ਇਹ ਨਰਮਾਈ ਨਾਲ ਕਰਨਾ ਚਾਹੀਦਾ ਹੈ। ਪਰ ਹੋਸ਼ਿਆਰ ਰਹਿਣਾ। ਤੁਹਾਨੂੰ ਵੀ ਪਾਪ ਕਰਨ ਦੀ ਉਕਸਾਹਟ ਹੋ ਸਕਦੀ ਹੈ।
2. ਆਪਣੀਆਂ ਮੁਸ਼ਕਿਲਾਂ ਵਿੱਚ ਇੱਕ ਦੂਸਰੇ ਦੀ ਸਹਾਇਤਾ ਕਰੋ। ਜਦੋਂ ਤੁਸੀਂ ਅਜਿਹਾ ਕਰਦੇ ਹੋ, ਸੱਚਮੁਚ ਤੁਸੀਂ ਮਸੀਹ ਦੇ ਨੇਮ ਨੂੰ ਮੰਨਦੇ ਹੋ।
3. ਜਦੋਂ ਇੱਕ ਵਿਅਕਤੀ, ਇਹ ਸੋਚਦਾ ਹੈ ਕਿ ਉਹ ਬਹੁਤ ਖਾਸ ਹੈ, ਹਾਲਾਂ ਕਿ ਉਹ ਕੁਝ ਵੀ ਨਹੀਂ, ਤਾਂ ਉਹ ਆਪਣੇ ਆਪ ਨੂੰ ਗੁਮਰਾਹ ਕਰ ਰਿਹਾ ਹੈ।
4. ਕਿਸੇ ਵਿਅਕਤੀ ਨੂੰ ਹੋਰਨਾਂ ਲੋਕਾਂ ਨਾਲ ਆਪਣੀ ਤੁਲਨਾ ਨਹੀਂ ਕਰਨੀ ਚਾਹੀਦੀ। ਹਰ ਵਿਅਕਤੀ ਨੂੰ ਖੁਦ ਆਪਣੇ ਕਰਮਾਂ ਨੂੰ ਪਰੱਖਣਾ ਚਾਹੀਦਾ ਹੈ। ਉਦੋਂ ਉਹ ਖੁਦ ਆਪਣੇ ਕੀਤੇ ਹੋਏ ਉੱਪਰ ਮਾਣ ਕਰ ਸਕਦਾ ਹੈ।
5. ਹਰ ਵਿਅਕਤੀ ਨੂੰ ਆਪਣੀ ਜ਼ਿੰਮੇਵਾਰੀ ਜ਼ਰੂਰ ਸਵੀਕਾਰ ਕਰਨੀ ਚਾਹੀਦੀ ਹੈ।
6. ਜਿਹਡ਼ਾ ਵਿਅਕਤੀ ਪਰਮੇਸ਼ੁਰ ਦੇ ਉਪਦੇਸ਼ ਸਿਖ ਰਿਹਾ ਹੈ ਉਸਨੂੰ ਆਪਣੀਆਂ ਸਮੂਹ ਚੰਗੀਆਂ ਚੀਜ਼ਾਂ ਉਸ ਵਿਅਕਤੀ ਨਾਲ ਸਾਂਝੀਆਂ ਕਰਨੀਆਂ ਚਾਹੀਦੀਆਂ ਹਨ ਜਿਹਡ਼ਾ ਉਸ ਨੂੰ ਸਿਖਿਆ ਦੇ ਰਿਹਾ ਹੈ।
7. ਆਪਣੇ ਆਪ ਨੂੰ ਗੁਮਰਾਹ ਨਾ ਕਰੋ; ਤੁਸੀਂ ਪਰਮੇਸ਼ੁਰ ਨੂੰ ਧੋਖਾ ਨਹੀਂ ਦੇ ਸਕਦੇ। ਵਿਅਕਤੀ ਉਨ੍ਹਾਂ ਹੀ ਚੀਜ਼ਾਂ ਦੀ ਵਾਢੀ ਕਰਦਾ ਹੈ ਜਿਹਡ਼ੀਆਂ ਉਹ ਬੀਜਦਾ ਹੈ।
8. ਜੇ ਇੱਕ ਵਿਅਕਤੀ ਆਪਣੇ ਪਾਪੀ ਆਪੇ ਨੂੰ ਸੰਤੁਸ਼ਟ ਕਰਨ ਲਈ ਬੀਜ ਬੀਜਦਾ ਹੈ, ਉਸਦਾ ਪਾਪੀ ਆਪਾ ਉਸ ਲਈ ਤਬਾਹੀ ਲਿਆਏਗਾ। ਪਰ ਜੇ ਕੋਈ ਵਿਅਕਤੀ ਆਪਣੇ ਆਤਮੇ ਨੂੰ ਪ੍ਰਸੰਨ ਕਰਨ ਲਈ ਬੀਜਦਾ ਹੈ ਤਾਂ ਉਹ ਆਪਣੇ ਆਤਮੇ ਪਾਸੋਂ ਸਦੀਵੀ ਜੀਵਨ ਪ੍ਰਾਪਤ ਕਰੇਗਾ।
9. [This verse may not be a part of this translation]
10. ਇਸ ਲਈ ਜਦੋਂ ਵੀ ਸਾਡੇ ਕੋਲ ਕੋਈ ਅਵਸਰ ਹੋਵੇਂ ਅਸੀਂ ਸਾਰਿਆਂ ਲੋਕਾਂ ਲਈ ਚੰਗਾ ਕਰੀਏ। ਪਰ ਉਨ੍ਹਾਂ ਲੋਕਾਂ ਵੱਲ ਸਾਨੂੰ ਵਿਸ਼ੇਸ਼ ਪਿਆਰ ਦੇਣਾ ਚਾਹੀਦਾ ਹੈ, ਜਿਹਡ਼ੇ ਆਸਥਾਵਾਨਾਂ ਦੇ ਪਰਿਵਾਰ ਨਾਲ ਸੰਬੰਧ ਰਖਦੇ ਹਨ।
11. ਇਹ ਪੱਤਰ ਮੈਂ ਆਪਣੇ ਹੱਥੀ ਲਿਖ ਰਿਹਾ ਹਾਂ। ਦੇਖੋ ਮੈਂ ਕਿੰਨੇ ਵੱਡੇ ਅਖਰ ਵਰਤ ਰਿਹਾ ਹਾਂ।
12. ਕੁਝ ਲੋਕ ਤੁਹਾਨੂੰ ਸੁੰਨਤੀਏ ਹੋਣ ਲਈ ਮਜਬੂਰ ਕਰ ਰਹੇ ਹਨ। ਉਹ ਅਜਿਹਾ ਇਸ ਲਈ ਕਰ ਰਹੇ ਹਨ ਕਿਉਂ ਜੁ ਉਹ ਚਾਹੁੰਦੇ ਹਨ ਕਿ ਦੂਸਰੇ ਉਨ੍ਹਾਂ ਨੂੰ ਕਬੂਲਣ। ਅਤੇ ਉਹ ਤੁਹਾਨੂੰ ਸਿਰਫ਼ ਇਸ ਡਰ ਦੇ ਕਾਰਣ ਸੁੰਨਤ ਕਰਾਉਣ ਲਈ ਮਜਬੂਰ ਕਰਦੇ ਹਨ, ਕਿ ਜੇਕਰ ਉਹ ਸਿਰਫ਼ ਮਸੀਹ ਦੀ ਸਲੀਬ ਦਾ ਅਨੁਸਰਣ ਕਰਨਗੇ, ਉਨ੍ਹਾਂ ਨੂੰ ਤਸੀਹੇ ਦਿੱਤੇ ਜਾਣਗੇ।
13. ਜਿਹਡ਼ੇ ਆਦਮੀਆਂ ਦੀ ਸੁੰਨਤ ਹੋਈ ਹੁੰਦੀ ਹੈ ਉਹ ਖੁਦ ਵੀ ਨੇਮ ਨੂੰ ਨਹੀਂ ਮੰਨਦੇ। ਪਰ ਉਹ ਤੁਹਾਡੀ ਸੁੰਨਤ ਕਰਾਉਣੀ ਚਾਹੁੰਦੇ ਹਨ ਤਾਂ ਜੋ ਉਹ ਘਮੰਡ ਕਰ ਸਕਣ ਕਿ ਉਹ ਤੁਹਾਡੀ ਸੁੰਨਤ ਕਰਾਉਣ ਵਿੱਚ ਸਫ਼ਲ ਹੋ ਗਏ।
14. ਮੈਨੂੰ ਉਮੀਦ ਹੈ ਕਿ ਮੈਂ ਕਦੇ ਵੀ ਇਹੋ ਜਿਹੀਆਂ ਗੱਲਾਂ ਉੱਤੇ ਘਮੰਡ ਨਹੀਂ ਕਰਾਂਗਾ। ਸਿਰਫ਼ ਸਾਡੇ ਪ੍ਰਭੂ ਮਸੀਹ ਯਿਸੂ ਦੀ ਸਲੀਬ ਹੀ ਉਹ ਕਾਰਣ ਹੈ ਜਿਸਤੇ ਮੈਨੂੰ ਮਾਣ ਹੈ। ਯਿਸੂ ਦੀ ਸਲੀਬ ਉੱਤੇ ਹੋਈ ਮੌਤ ਰਾਹੀਂ ਦੁਨੀਆਂ ਮੇਰੇ ਲਈ ਮਰ ਚੁੱਕੀ ਹੈ ਅਤੇ ਮੈਂ ਦੁਨੀਆਂ ਲਈ ਮਰ ਚੁਕਿਆ ਹਾਂ।
15. ਇਹ ਗੱਲ ਕੋਈ ਮਹੱਤਵ ਨਹੀਂ ਰਖਦੀ ਕਿ ਕਿਸੇ ਵਿਅਕਤੀ ਦੀ ਸੁੰਨਤ ਹੋਈ ਹੈ ਜਾਂ ਨਹੀਂ। ਮਹੱਤਵਪੂਰਣ ਗੱਲ ਪਰਮੇਸ਼ੁਰ ਦੇ ਬਣਾਏ ਨਵੇਂ ਲੋਕ ਬਣਨਾ ਹੈ।
16. ਉਨ੍ਹਾਂ ਸਭ ਨੂੰ ਸ਼ਾਂਤੀ ਅਤੇ ਮਿਹਰ, ਜੋ ਇਸ ਰਿਵਾਜ਼ ਦਾ ਅਨੁਸਰਣ ਕਰਦੇ ਹਨ ਅਤੇ ਪਰਮੇਸ਼ੁਰ ਦੇ ਸਾਰੇ ਲੋਕਾਂ ਨੂੰ।
17. ਇਸ ਲਈ ਕਿਰਪਾ ਕਰਕੇ ਮੈਨੂੰ ਹੋਰ ਕਸ਼ਟ ਨਾ ਦਿਓ। ਮੇਰੇ ਸ਼ਰੀਰ ਉੱਤੇ ਜ਼ਖਮਾਂ ਦੇ ਦਾਗ ਹਨ, ਅਤੇ ਇਹ ਦਰਸ਼ਾਉਂਦੇ ਹਨ ਕਿ ਮੈਂ ਮਸੀਹ ਯਿਸੂ ਨਾਲ ਸੰਬੰਧਿਤ ਹਾਂ।
18. ਮੇਰੇ ਭਰਾਵੋ ਅਤੇ ਭੈਣੋ ਮੈਂ ਪ੍ਰਾਰਥਨਾ ਕਰਦਾ ਹਾਂ ਕਿ ਤੁਹਾਡੇ ਆਤਮਿਆਂ ਨਾਲ ਸਾਡੇ ਪ੍ਰਭੂ ਮਸੀਹ ਯਿਸੂ ਦੀ ਕਿਰਪਾ ਹੋਵੇ। ਆਮੀਨ।