1. ਇੱਕ ਦਿਨ ਯਿਸੂ ਮੰਦਰ ਵਿੱਚ ਉਪਦੇਸ਼ ਦੇ ਰਿਹਾ ਸੀ। ਉਹ ਲੋਕਾਂ ਸਾਮ੍ਹਣੇ ਪਰਮੇਸ਼ੁਰ ਦੇ ਰਾਜ ਦੀ ਖੁਸ਼-ਖਬਰੀ ਬਾਰੇ ਬੋਲਿਆ। ਪ੍ਰਧਾਨ ਜਾਜਕ, ਨੇਮ ਦੇ ਉਪਦੇਸ਼ਕ ਅਤੇ ਬਜ਼ੁਰਗ ਯਹੂਦੀ ਆਗੂ ਯਿਸੂ ਨਾਲ ਗੱਲ ਬਾਤ ਕਰਨ ਲਈ ਆਏ।
2. ਉਨ੍ਹਾਂ ਨੇ ਉਸਨੂੰ ਪੁੱਛਿਆ, “ਸਾਨੂੰ ਦੱਸ? ਤੂੰ ਇਹ ਸਭ ਗੱਲਾਂ ਕਿਸ ਅਧਿਕਾਰ ਨਾਲ ਕਰ ਰਿਹਾ ਹੈ? ਤੈਨੂੰ ਇਹ ਅਧਿਕਾਰ ਕਿਸਨੇ ਦਿੱਤਾ ਹੈ?”
3. ਯਿਸੂ ਨੇ ਆਖਿਆ, “ਮੈਂ ਵੀ ਤੁਹਾਨੂੰ ਇੱਕ ਸਵਾਲ ਕਰਦਾ ਹਾਂ।
4. ਤੁਸੀਂ ਮੈਨੂੰ ਦੱਸੋ; ਯੂਹੰਨਾ ਦੁਆਰਾ ਦਿੱਤਾ ਗਿਆ ਬਪਤਿਸਮਾ ਕੀ ਸੁਰਗ ਵੱਲੋਂ ਸੀ ਜਾਂ ਲੋਕਾਂ ਵੱਲੋਂ?”
5. ਜਾਜਕਾਂ, ਨੇਮ ਦੇ ਉਪਦੇਸ਼ਕਾਂ ਅਤੇ ਯਹੂਦੀ ਆਗੂਆਂ, ਸਭ ਨੇ ਇਸ ਬਾਰੇ ਚਰਚਾ ਕੀਤੀ ਅਤੇ ਇੱਕ ਦੂਜੇ ਨੂੰ ਕਿਹਾ, “ਜੇਕਰ ਤੁਸੀਂ ਕਿਹਾ ਕਿ ਯੂਹੰਨਾ ਦਾ ਬਪਤਿਸਮਾ, ਪਰਮੇਸ਼ੁਰ ਵੱਲੋਂ ਸੀ ਤਾਂ ਉਹ ਆਖੇਗਾ ਕਿ ਫਿਰ ਤੁਸੀਂ ਯੂਹੰਨਾ ਤੇ ਵਿਸ਼ਵਾਸ ਕਿਉਂ ਨਹੀਂ ਕੀਤਾ?’
6. ਪਰ ਜੇਕਰ ਅਸੀਂ ਆਖਦੇ ਹਾਂ ਕਿ, ‘ਯੂਹੰਨਾ ਦਾ ਬਪਤਿਸਮਾ ਲੋਕਾਂ ਵੱਲੋਂ ਸੀ।’ ਤਾਂ ਸਾਰੇ ਲੋਕ ਸਾਨੂੰ ਇਹ ਸੁਣਕੇ ਪੱਥਰਾਂ ਨਾਲ ਮਾਰ ਸੁੱਟਣਗੇ ਕਿਉਂਕਿ ਉਹ ਇਹੀ ਵਿਸ਼ਵਾਸ ਰੱਖਦੇ ਹਨ ਕਿ ਯੂਹੰਨਾ ਇੱਕ ਨਬੀ ਸੀ।’
7. ਇਸ ਲਈ ਉਨ੍ਹਾਂ ਨੇ ਆਖਿਆ, ‘ਅਸੀਂ ਇਸ ਗੱਲ ਦਾ ਉੱਤਰ ਨਹੀਂ ਜਾਣਦੇ।”
8. ਤਾਂ ਯਿਸੂ ਨੇ ਉਨ੍ਹਾਂ ਨੂੰ ਕਿਹਾ, “ਤਾਂ ਮੈਂ ਵੀ ਤੁਹਾਨੂੰ ਨਹੀਂ ਦੱਸਾਂਗਾ ਇਹ ਸਭ ਕਰਨ ਲਈ ਮੈਂ ਕਿਹਡ਼ਾ ਅਧਿਕਾਰ ਇਸਤੇਮਾਲ ਕਰਦਾ ਹਾਂ?”
9. ਫਿਰ ਯਿਸੂ ਨੇ ਲੋਕਾਂ ਨੂੰ ਇਹ ਉਦਾਹਰਣ ਦਿੱਤੀ: “ਇੱਕ ਆਦਮੀ ਨੇ ਅੰਗੂਰਾਂ ਦਾ ਬਾਗ ਲਾਇਆ ਅਤੇ ਕੁਝ ਕਿਸਾਨਾਂ ਨੂੰ ਠੇਕੇ ਤੇ ਦੇ ਦਿੱਤਾ, ਅਤੇ ਲੰਬੇ ਸਮੇਂ ਲਈ ਕਿਸੇ ਦੂਰ ਦੇਸ਼ ਨੂੰ ਚਲਿਆ ਗਿਆ।
10. ਸਮਾਂ ਆਉਣ ਤੇ ਰੁੱਤ ਸਿਰ ਉਸਨੇ ਇੱਕ ਨੌਕਰ ਨੂੰ ਕਿਸਾਨਾਂ ਕੋਲ ਭੇਜਿਆ ਕਿ ਉਹ ਉਸਨੂੰ ਅੰਗੂਰਾਂ ਵਿੱਚੋਂ ਉਸਦਾ ਬਣਦਾ ਹਿੱਸਾ ਦੇਣ। ਪਰ ਕਿਸਾਨਾਂ ਨੇ ਨੌਕਰ ਨੂੰ ਕੁਟਿਆ ਅਤੇ ਉਸਨੂੰ ਖਾਲੀ ਹੱਥੀਂ ਵਾਪਸ ਭੇਜ ਦਿੱਤਾ।
11. ਤਾਂ ਫ਼ਿਰ ਉਸ ਮਨੁੱਖ ਨੇ ਉਨ੍ਹਾਂ ਕੋਲ ਆਪਣਾ ਦੂਜਾ ਨੌਕਰ ਭੇਜਿਆ। ਉਨ੍ਹਾਂ ਨੇ ਇਸਨੂੰ ਵੀ ਕੁਟਿਆ ਅਤੇ ਬੇਇੱਜ਼ਤ ਕਰਕੇ ਉਸਨੂੰ ਖਾਲੀ ਹੱਥੀ ਭੇਜ ਦਿੱਤਾ।
12. ਫ਼ੇਰ ਉਸ ਆਦਮੀ ਨੇ ਕਿਸਾਨਾਂ ਕੋਲ ਇੱਕ ਤੀਜਾ ਨੌਕਰ ਭੇਜਿਆ। ਉਨ੍ਹਾਂ ਨੇ ਉਸਨੂੰ ਕੁਟਿਆ ਅਤੇ ਜ਼ਖਮੀ ਕਰਕੇ ਉਸਨੂੰ ਬਾਹਰ ਸੁੱਟ ਦਿੱਤਾ।
13. ਉਸ ਖੇਤ ਦੇ ਮਾਲਕ ਨੇ ਸੋਚਿਆ, ‘ਮੈਂ ਹੁਣ ਕੀ ਕਰਾਂ? ਮੈਂ ਹੁਣ ਆਪਣੇ ਪਿਆਰੇ ਪੁੱਤਰ ਨੂੰ ਭੇਜਾਂਗਾ। ਇਹ ਕਿਸਾਨ ਮੇਰੇ ਪੁੱਤਰ ਨੂੰ ਇੱਜ਼ਤ ਦੇਣਗੇ!’
14. ਜਦੋਂ ਕਿਸਾਨਾਂ ਨੇ ਉਸਦੇ ਪੁੱਤਰ ਨੂੰ ਆਉਂਦਾ ਵੇਖਿਆ ਤਾਂ ਉਹ ਇੱਕ-ਦੂਜੇ ਨੂੰ ਆਖਣ ਲੱਗੇ, ‘ਇਹ ਮਾਲਕ ਦਾ ਪੁੱਤਰ ਹੈ ਜੋ ਕਿ ਇਸ ਅੰਗੂਰਾਂ ਦੇ ਬਾਗ ਦਾ ਵਾਰਸ ਹੈ, ਆਓ ਇਸਨੂੰ ਮਾਰ ਦੇਈਏ ਤਾਂ ਜੋ ਇਹ ਅੰਗੂਰਾਂ ਦਾ ਬਾਗ ਸਾਡਾ ਹੋ ਜਾਵੇਗਾ।’
15. ਇਸ ਲਈ ਕਿਸਾਨਾਂ ਨੇ ਉਸਦੇ ਪੁੱਤਰ ਨੂੰ ਬਾਹਰ ਲਿਆਂਦਾ ਅਤੇ ਮਾਰ ਦਿੱਤਾ। “ਤਾਂ ਹੁਣ ਅੰਗੂਰਾਂ ਦੇ ਬਾਗ ਦਾ ਮਾਲਕ ਕੀ ਕਰੇਗਾ?
16. ਉਹ ਆਵੇਗਾ ਅਤੇ ਉਨ੍ਹਾਂ ਕਿਸਾਨਾਂ ਨੂੰ ਮਾਰ ਦੇਵੇਗਾ। ਅਤੇ ਅੰਗੂਰਾਂ ਦੇ ਬਾਗ ਨੂੰ ਦੂਸਰੇ ਕਿਸਾਨਾਂ ਨੂੰ ਠੇਕੇ ਤੇ ਦੇ ਦੇਵੇਗਾ।”ਜਦੋਂ ਲੋਕਾਂ ਨੇ ਇਹ ਦ੍ਰਿਸ਼ਟਾਂਤ ਸੁਣਿਆ ਤਾਂ ਉਹ ਆਖਣ ਲੱਗੇ, “ਨਹੀਂ! ਪ੍ਰਭੂ ਨਾ ਕਰੇ ਕਿ ਅਜਿਹਾ ਹੋਵੇ।”
17. ਪਰ ਯਿਸੂ ਨੇ ਉਨ੍ਹਾਂ ਦੀਆਂ ਅੱਖਾਂ ਵਿੱਚ ਝਾਕਿਆ ਅਤੇ ਆਖਿਆ, “ਤਾਂ ਫ਼ੇਰ ਇਸ ਲਿਖਤ ਦਾ ਕੀ ਅਰਥ: ‘ਜਿਸ ਪੱਥਰ ਨੂੰ ਉਸਾਰੀਆਂ ਨੇ ਰੱਦ ਕੀਤਾ ਉਹ ਖੂਂਜੇ ਦਾ ਪੱਥਰ ਬਣ ਗਿਆ।’ਜ਼ਬੂਰ 118:22
18. ਹਰ ਕੋਈ ਜੋ ਉਸ ਪੱਥਰ ਤੇ ਡਿੱਗੇਗਾ ਟੁਕਡ਼ੇ-ਟੁਕਡ਼ੇ ਹੋ ਜਾਵੇਗਾ। ਅਤੇ ਜਿਸ ਉੱਤੇ ਉਹ ਪੱਥਰ ਡਿੱਗੇਗਾ ਕੁਚਲਿਆ ਜਾਵੇਗਾ।”
19. ਯਹੂਦੀ ਆਗੂਆਂ ਨੇ ਇਹ ਦ੍ਰਿਸ਼ਟਾਂਤ ਸੁਣਿਆ ਅਤੇ ਮਹਿਸੂਸ ਕੀਤਾ ਕਿ ਇਹ ਦ੍ਰਿਸ਼ਟਾਂਤ ਉਨ੍ਹਾਂ ਬਾਰੇ ਕਿਹਾ ਗਿਆ ਸੀ। ਇਸ ਲਈ ਉਹ ਉਸਨੂੰ ਉਸ ਵੇਲੇ ਫਡ਼ਨਾ ਚਾਹੁੰਦੇ ਸਨ ਪਰ ਉਹ ਲੋਕਾਂ ਕੋਲੋਂ ਡਰਦੇ ਸਨ ਉਹ ਖਬਰੇ ਕੀ ਕਰਨਗੇ?
20. ਇਸ ਲਈ ਨੇਮ ਦੇ ਉਪਦੇਸ਼ਕ ਅਤੇ ਜਾਜਕ ਯਿਸੂ ਨੂੰ ਫ਼ਡ਼ਨ ਦੀ ਸਹੀ ਤਾਕ ਵਿੱਚ ਰਹੇ ਅਤੇ ਉਨ੍ਹਾਂ ਨੇ ਉਸ ਕੋਲ ਕੁਝ ਜਸੂਸ ਭੇਜੇ ਜਿਨ੍ਹਾਂ ਨੇ ਚੰਗੇ ਮਨੁੱਖ ਹੋਣ ਦਾ ਨਾਟਕ ਕੀਤਾ। ਉਹ ਯਿਸੂ ਦੀਆਂ ਆਖਣੀਆਂ ਵਿੱਚੋਂ ਕੋਈ ਗਲਤੀ ਲਭਣਾ ਚਾਹੁੰਦੇ ਸਨ ਤਾਂ ਜੋ ਉਹ ਯਿਸੂ ਨੂੰ ਰਾਜਪਾਲ ਦੇ ਹੱਥੀ ਸੌਂਪ ਸਕਣ, ਜਿਸ ਕੋਲ ਯਿਸੂ ਉੱਤੇ ਸ਼ਕਤੀ ਅਤੇ ਅਧਿਕਾਰ ਸੀ।
21. ਤਾਂ ਇਨ੍ਹਾਂ ਆਦਮੀਆਂ ਨੇ ਯਿਸੂ ਨੂੰ ਪੁੱਛਿਆ, “ਗੁਰੂ ਜੀ, ਅਸੀਂ ਜਾਣਦੇ ਹਾਂ ਕਿ ਜੋ ਤੁਸੀਂ ਆਖਦੇ ਹੋ ਅਤੇ ਉਪਦੇਸ਼ ਦਿੰਦੇ ਹੋ ਉਹ ਸਹੀ ਹੈ ਤੁਸੀਂ ਕਿਸੇ ਦੀ ਵੀ ਤਰਫ਼ਦਾਰੀ ਨਹੀਂ ਕਰਦੇ ਸਗੋਂ ਪਰਮੇਸ਼ੁਰ ਦੇ ਮਾਰਗ ਬਾਰੇ ਸੱਚਾਈ ਦਾ ਉਪਦੇਸ਼ ਦਿੰਦੇ ਹੋ।
22. ਤੁਸੀਂ ਸਾਨੂੰ ਇਹ ਦੱਸੋ ਕਿ ਕੀ ਕੈਸਰ ਨੂੰ ਮਸੂਲ ਦੇਣਾ ਠੀਕ ਹੈ ਕਿ ਗਲਤ?”
23. ਪਰ ਯਿਸੂ ਜਾਣਦਾ ਸੀ ਕਿ ਇਹ ਆਦਮੀ ਉਸਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਤਾਂ ਉਸਨੇ ਉਨ੍ਹਾਂ ਨੂੰ ਕਿਹਾ,
24. “ਮੈਨੂੰ ਇੱਕ ਸਿੱਕਾ ਦਿਖਾਵੋ? ਅਤੇ ਇਹ ਦੱਸੋ ਕਿ ਇਸ ਉੱਪਰ ਕਿਸਦਾ ਨਾਮ ਅਤੇ ਤਸਵੀਰ ਹੈ?” ਉਨ੍ਹਾਂ ਕਿਹਾ, “ਇਹ ਕੈਸਰ ਦੀ ਹੈ।”
25. ਯਿਸੂ ਨੇ ਉਨ੍ਹਾਂ ਨੂੰ ਕਿਹਾ, “ਤਾਂ ਫ਼ੇਰ ਜੋ ਕੈਸਰ ਦਾ ਹੈ ਉਹ ਕੈਸਰ ਨੂੰ ਦੇਵੋ ਅਤੇ ਜੋ ਪਰਮੇਸ਼ੁਰ ਦਾ ਹੈ ਉਹ ਪਰਮੇਸ਼ੁਰ ਨੂੰ ਦੇਵੋ।”
26. ਲੋਕ ਉਸਦੇ ਇੰਨੇ ਬੁਧੀਮਾਨ ਜਵਾਬ ਤੇ ਹੈਰਾਨ ਰਹਿ ਗਏ ਅਤੇ ਕੁਝ ਨਾ ਆਖ ਸਕੇ। ਉਹ ਭੀਡ਼ ਅੱਗੇ ਯਿਸੂ ਦੀਆਂ ਆਖਣੀਆਂ ਵਿੱਚੋਂ ਕੋਈ ਗਲਤੀ ਲਭਣ ਵਿੱਚ ਅਸਮਰਥ ਸਨ।
27. ਕੁਝ ਸਦੂਕੀ ਯਿਸੂ ਕੋਲ ਆਏ। ਉਹ ਇਹ ਵਿਸ਼ਵਾਸ ਨਹੀਂ ਕਰਦੇ ਕਿ ਪੁਨਰ ਉਥਾਨ ਹੈ।
28. ਉਨ੍ਹਾਂ ਉਸਨੂੰ ਪੁੱਛਿਆ, “ਮੂਸਾ ਨੇ ਲਿਖਿਆ ਹੈ ਕਿ ਜੇਕਰ ਕੋਈ ਵਿਆਹਿਆ ਮਰਦ ਬਿਨ ਔਲਾਦ ਮਰ ਜਾਵੇ, ਤਾਂ ਉਸਦੇ ਭਰਾ ਨੂੰ ਉਸਦੀ ਔਰਤ ਨਾਲ ਵਿਆਹ ਕਰਾ ਲੈਣਾ ਚਾਹੀਦਾ ਹੈ। ਤਾਂ ਜੋ ਉਹ ਮਰੇ ਹੋਏ ਭਰਾ ਵਾਸਤੇ ਸੰਤਾਨ ਪੈਦਾ ਕਰ ਸਕੇ।
29. ਇੱਕ ਵਾਰ ਸੱਤ ਭਰਾ ਸਨ। ਪਹਿਲੇ ਭਰਾ ਨੇ ਜੋ ਸਭ ਤੋਂ ਵੱਡਾ ਸੀ, ਇੱਕ ਔਰਤ ਨਾਲ ਵਿਆਹ ਕਰਵਾਇਆ ਪਰ ਉਹ ਮਰ ਗਿਆ, ਉਸਦੇ ਕੋਈ ਉਲਾਦ ਨਾ ਹੋਈ।
30. ਫਿਰ ਦੂਜੇ ਭਰਾ ਨੇ ਉਸ ਔਰਤ ਨਾਲ ਵਿਆਹ ਕੀਤਾ ਪਰ ਉਹ ਵੀ ਮਰ ਗਿਆ।
31. “ਉਸਦੇ ਤੀਜੇ ਭਰਾ ਨੇ ਉਸ ਔਰਤ ਨਾਲ ਵਿਆਹ ਕਰਵਾ ਲਿਆ ਪਰ ਉਹ ਵੀ ਮਰ ਗਿਆ। ਇੰਝ ਹੀ ਸੱਤਾਂ ਭਰਾਵਾਂ ਨਾਲ ਵਾਪਰਿਆ। ਵਾਰੀ-ਵਾਰੀ ਉਨ੍ਹਾਂ ਸਭਨਾਂ ਨੇ ਉਸ ਨਾਲ ਵਿਆਹ ਕਰਵਾਇਆ ਅਤੇ ਉਹ ਸਾਰੇ ਦੇ ਸਾਰੇ ਹੀ ਬਿਨ ਔਲਾਦ ਹੀ ਮਰ ਗਏ।
32. ਅੰਤ ਵਿੱਚ, ਔਰਤ ਵੀ ਮਰ ਗਈ। ਪਰ ਉਨ੍ਹਾਂ ਸੱਤਾਂ ਭਰਾਵਾਂ ਨੇ ਉਸ ਨਾਲ ਵਿਆਹ ਕੀਤਾ,
33. ਹੁਣ, ਪੁਨਰ ਉਥਾਨ ਦੇ ਦਿਨ, ਉਹ ਕਿਸ ਦੀ ਵਹੁਟੀ ਹੋਵੇਗੀ, ਕਿਉਂਕਿ ਸੱਤਾਂ ਹੀ ਭਰਾਵਾਂ ਨੇ ਉਸ ਨਾਲ ਵਿਆਹ ਕੀਤਾ?”
34. ਯਿਸੂ ਨੇ ਸਦੂਕੀਆਂ ਨੂੰ ਕਿਹਾ, “ਧਰਤੀ ਤੇ ਲੋਕਾਂ ਦਾ ਵਿਆਹ ਇੱਕ ਦੂਜੇ ਨਾਲ ਹੁੰਦਾ ਹੈ।
35. ਪਰ ਉਹ ਲੋਕ ਜਿਹਡ਼ੇ ਮੌਤ ਤੋਂ ਉਭਾਰੇ ਜਾਣ ਦੇ ਯੋਗ ਹਨ ਅਤੇ ਪਰਮੇਸ਼ੁਰ ਦੀ ਨਵੀਂ ਦੁਨੀਆਂ ਵਿੱਚ ਜਿਉਣਗੇ, ਉਹ ਵਿਆਹ ਨਹੀਂ ਕਰਨਗੇ।
36. ਅਤੇ ਉਹ ਹੋਰ ਨਹੀਂ ਮਰ ਸਕਦੇ, ਕਿਉਂਕਿ ਮੌਤ ਤੋਂ ਉਨ੍ਹਾਂ ਦਾ ਪੁਨਰ ਉਥਾਨ ਕੀਤਾ ਗਿਆ ਹੈ ਉਹ ਦੂਤਾਂ ਵਰਗੇ ਹਨ ਅਤੇ ਪਰਮੇਸ਼ੁਰ ਦੇ ਬੱਚੇ ਹਨ।
37. ਮੂਸਾ ਨੇ ਵੀ ਇਹ ਦਰਸਾਇਆ ਹੈ ਕਿ ਮੁਰਦਾ ਲੋਕ ਉਭਾਰੇ ਜਾਣਗੇ। ਉਸਨੇ ਅਜਿਹਾ ਮਚਦੀ ਹੋਈ ਝਾਡ਼ੀ ਵਾਲੀ ਘਟਨਾ ਵੇਲੇ ਦਰਸਾਇਆ ਜਦੋਂ ਉਸਨੇ ਪ੍ਰਭੂ ਨੂੰ ‘ਅਬਰਾਹਾਮ ਦਾ ਪਰਮੇਸ਼ੁਰ, ਇਸਹਾਕ ਦਾ ਪਰਮੇਸ਼ੁਰ ਅਤੇ ਯਾਕੂਬ ਦਾ ਪਰਮੇਸ਼ੁਰ’ ਬੁਲਾਇਆ ਸੀ।
38. ਉਹ ਮਰੇ ਹੋਏ ਲੋਕਾਂ ਦਾ ਨਹੀਂ ਸਗੋਂ ਜਿਉਂਦਿਆਂ ਦਾ ਪਰਮੇਸ਼ੁਰ ਹੈ। ਉਸ ਲਈ ਸਭ ਲੋਕ ਜੀਵਿਤ ਹਨ।”
39. ਕੁਝ ਨੇਮ ਦੇ ਉਪਦੇਸ਼ਕਾਂ ਨੇ ਕਿਹਾ, “ਗੁਰੂ ਜੀ, ਤੁਸੀਂ ਸਹੀ ਆਖਿਆ ਹੈ।”
40. ਉਸ ਵੇਲੇ ਤੋਂ, ਕੋਈ ਵੀ ਇੰਨਾ ਨਿਡਰ ਨਹੀਂ ਸੀ ਕਿ ਉਸਨੂੰ ਕੋਈ ਹੋਰ ਸਵਾਲ ਕਰ ਸਕੇ।
41. ਤਦ ਯਿਸੂ ਨੇ ਆਖਿਆ, “ਲੋਕ ਇਹ ਕਿਉਂ ਆਖਦੇ ਹਨ ਕਿ ਮਸੀਹ ਦਾਊਦ ਦਾ ਪੁੱਤਰ ਹੈ?
42. ਜ਼ਬੂਰਾਂ ਦੀ ਪੁਸਤਕ ਵਿੱਚ ਦਾਊਦ ਖੁਦ ਕਹਿੰਦਾ ਹੈ: ‘ਪ੍ਰਭੂ ਨੇ ਮੇਰੇ ਪ੍ਰਭੂ ਨੂੰ ਕਿਹਾ, ਤੂੰ ਮੇਰੇ ਸੱਜੇ ਪਾਸੇ ਬੈਠ’
43. ਜਦੋਂ ਤੱਕ ਕਿ ਮੈਂ ਤੇਰੇ ਵੈਰੀਆਂ ਨੂੰ ਤੇਰੇ ਪੈਰ ਰੱਖਣ ਦੀ ਚੌਂਕੀ ਨਾ ਬਣਾ ਦੇਵਾਂ।’ ਜ਼ਬੂਰ 110:1
44. 4ਇਸ ਲਈ ਜਦੋਂ ਦਾਊਦ ਮਸੀਹ ਨੂੰ ‘ਪ੍ਰਭੂ’ ਬੁਲਾਉਦਾ ਹੈ। ਫ਼ੇਰ ਯਿਸੂ ਦਾਊਦ ਦਾ ਪੁੱਤਰ ਕਿਵੇਂ ਹੋ ਸਕਦਾ ਹੈ?”
45. ਸਾਰੇ ਲੋਕ ਯਿਸੂ ਨੂੰ ਸੁਣ ਰਹੇ ਸਨ। ਉਸਨੇ ਆਪਣੇ ਚੇਲਿਆਂ ਨੂੰ ਕਿਹਾ,
46. “ਨੇਮ ਦੇ ਉਪਦੇਸ਼ਕਾਂ ਕੋਲੋਂ ਖਬਰਦਾਰ ਰਹੋ ਜਿਹਡ਼ੇ ਲੰਬੇ ਚੋਗੇ ਪਾਕੇ ਫਿਰਨਾ ਪਸੰਦ ਕਰਦੇ ਹਨ ਅਤੇ ਬਜ਼ਾਰਾਂ ਵਿੱਚ ਸਲਾਮ ਲੈਣਾ ਅਤੇ ਪ੍ਰਾਰਥਨਾ ਸਥਾਨਾਂ ਵਿੱਚ ਅਗਲੀਆਂ ਕੁਰਸੀਆਂ ਅਤੇ ਦਾਵਤਾਂ ਵਿੱਚ ਬਹੁਤ ਮਹੱਤਵਪੂਰਨ ਥਾਵਾਂ ਚਾਹੁੰਦੇ ਹਨ।
47. ਉਹ ਵਿਧਵਾਵਾਂ ਦੇ ਘਰ ਲੁੱਟ ਲੈਂਦੇ ਹਨ ਅਤੇ ਬਾਦ ਵਿੱਚ ਲੰਬੀਆਂ-ਲੰਬੀਆਂ ਪ੍ਰਾਰਥਨਾਵਾਂ ਕਰਕੇ ਚੰਗੇ ਬਨਣ ਦਾ ਢੋਂਗ ਕਰਦੇ ਹਨ। ਉਨ੍ਹਾਂ ਲੋਕਾਂ ਦਾ ਨਿਰਣਾ ਵਧੇਰੇ ਗੰਭੀਰਤਾ ਨਾਲ ਕੀਤਾ ਜਾਵੇਗਾ।”