1. ਹਫਤੇ ਦੇ ਪਹਿਲੇ ਦਿਨ ਅਮ੍ਰਿਤ ਵੇਲੇ, ਜੋ ਅਤਰ ਉਨ੍ਹਾਂ ਨੇ ਤਿਆਰ ਕੀਤੇ ਸਨ ਉਹ ਲੈਕੇ ਔਰਤਾਂ ਕਬਰ ਤੇ ਆਈਆਂ।
2. ਉਨ੍ਹਾਂ ਨੇ ਵੇਖਿਆ ਕਿ ਜਿਹਡ਼ਾ ਪੱਥਰ ਕਬਰ ਦੇ ਪ੍ਰਵੇਸ਼ ਦੁਆਰ ਤੇ ਰੱਖਿਆ ਗਿਆ ਸੀ, ਪਾਸੇ ਰੋਢ਼ਿਆ ਹੋਇਆ ਸੀ।
3. ਉਹ ਅੰਦਰ ਗਈਆਂ, ਪਰ ਉਥੇ ਉਨ੍ਹਾਂ ਨੂੰ ਪ੍ਰਭੂ ਯਿਸੂ ਦੀ ਦੇਹ ਨਾ ਲਭੀ।
4. ਜਦੋਂ ਹਾਲੇ ਉਹ ਇਸ ਬਾਰੇ ਅਚੰਭਿਤ ਹੀ ਸਨ, ਦੋ ਦੂਤ ਚਮਕੀਲੇ ਕੱਪਡ਼ੇ ਪਾਏ ਹੋਏ ਆਏ ਅਤੇ ਉਨ੍ਹਾਂ ਦੇ ਕੋਲ ਖਢ਼ੇ ਹੋ ਗਏ।
5. ਡਰ ਦੇ ਕਾਰਣ ਉਨ੍ਹਾਂ ਨੇ ਆਪਣੇ ਸਿਰ ਝੁਕਾ ਲਏ। ਉਨ੍ਹਾਂ ਦੂਤਾਂ ਨੇ ਉਨ੍ਹਾਂ ਔਰਤਾਂ ਨੂੰ ਆਖਿਆ, “ਤੁਸੀਂ ਜਿਉਂਦਿਆਂ ਹੋਇਆਂ ਨੂੰ ਮੋਇਆਂ ਵਿੱਚ ਕਿਉਂ ਲਭ ਰਹੀਆਂ ਹੋ?
6. ਉਹ ਇਥੇ ਨਹੀਂ ਹੈ। ਉਹ ਮੁਰਦਿਆਂ ਵਿੱਚੋਂ ਉਭਾਰਿਆ ਗਿਆ ਹੈ। ਕੀ ਤੁਹਾਨੂੰ ਯਾਦ ਹੈ ਤੁਹਾਨੂੰ ਕੀ ਆਖਿਆ ਸੀ ਜਦੋਂ ਉਹ ਗਲੀਲ ਵਿੱਚ ਸੀ?
7. ਉਸਨੇ ਆਖਿਆ ਕਿ, ਮਨੁੱਖ ਦਾ ਪੁੱਤਰ ਭ੍ਰਿਸ਼ਟ ਲੋਕਾਂ ਦੇ ਹਵਾਲੇ ਕੀਤਾ ਜਾਣਾ ਚਾਹੀਦਾ ਹੈ ਅਤੇ, ਸੂਲੀ ਤੇ ਮਰਵਾਇਆ ਜਾਵੇਗਾ ਅਤੇ ਤੀਜੇ ਦਿਨ ਫ਼ਿਰ ਉਭਾਰਿਆ ਜਾਵੇ।”
8. ਤਦ ਉਨ੍ਹਾਂ ਔਰਤਾਂ ਨੂੰ ਯਿਸੂ ਦੇ ਕੀਤੇ ਬਚਨ ਯਾਦ ਆਏ।
9. ਤਦ ਔਰਤਾਂ ਕਬਰ ਤੋਂ ਵਿਦਾ ਹੋ ਗਈਆਂ ਅਤੇ ਗਿਆਰ੍ਹਾਂ ਰਸੂਲਾਂ ਅਤੇ ਬਾਕੀ ਦੇ ਸਾਰੇ ਚੇਲਿਆਂ ਕੋਲ ਆ ਗਈਆਂ। ਉਨ੍ਹਾਂ ਨੇ ਇਨ੍ਹਾਂ ਸਭ ਗੱਲਾਂ ਬਾਰੇ ਉਨ੍ਹਾਂ ਨੂੰ ਦਸਿਆ।
10. ਇਹ ਔਰਤਾਂ ਮਰਿਯਮ ਮਗਦਲੀਨੀ, ਯੋਆਨਾ ਅਤੇ ਯਾਕੂਬ ਦੀ ਮਾਂ ਅਤੇ ਕੁਝ ਹੋਰ ਔਰਤਾਂ ਸਨ। ਉਨ੍ਹਾਂ ਨੇ ਇਹ ਗੱਲਾਂ ਰਸੂਲਾਂ ਨੂੰ ਕਹੀਆਂ।
11. ਪਰ ਰਸੂਲਾਂ ਨੇ ਔਰਤਾਂ ਦਾ ਵਿਸ਼ਵਾਸ ਨਹੀਂ ਕੀਤਾ, ਕਿਉਂਕਿ ਉਨ੍ਹਾਂ ਦੇ ਸ਼ਬਦ ਉਨ੍ਹਾਂ ਲਈ ਮੂਰਖਤਾ ਵਾਲੀਆਂ ਗੱਲਾਂ ਵਾਂਗ ਸਨ।
12. ਪਰ ਪਤਰਸ ਉਠਿਆ ਅਤੇ ਕਬਰ ਵੱਲ ਨੂੰ ਦੌਡ਼ਿਆ, ਪਰ ਉਸਨੇ ਸਿਰਫ਼ ਲਿਨਨ ਦਾ ਕੱਪਡ਼ਾ ਵੇਖਿਆ ਜਿਸ ਵਿੱਚ ਯਿਸੂ ਦਾ ਸ਼ਰੀਰ ਲਪੇਟਿਆ ਹੋਇਆ ਸੀ। ਇਸ ਸਭ ਬਾਰੇ ਹੈਰਾਨੀ ਨਾਲ ਭਰਿਆ, ਉਹ ਉਥੋਂ ਚਲਾ ਗਿਆ।
13. ਉਸੇ ਦਿਨ, ਯਿਸੂ ਦੇ ਦੋ ਚੇਲੇ ਇੰਮਊਸ ਸ਼ਹਿਰ ਨੂੰ ਜਾ ਰਹੇ ਸਨ ਜੋ ਕਿ ਯਰੂਸ਼ਲਮ ਤੋਂ ਸੱਤ ਮੀਲ ਸੀ।
14. ਉਹ ਇੱਕ ਦੂਸਰੇ ਨਾਲ ਇਨ੍ਹਾਂ ਸਭ ਗੱਲਾਂ ਬਾਰੇ ਗੱਲਾਂ ਕਰ ਰਹੇ ਸਨ।
15. ਜਦੋਂ ਉਹ ਇਨ੍ਹਾਂ ਗੱਲਾਂ ਬਾਰੇ ਚਰਚਾ ਕਰ ਰਹੇ ਸਨ, ਯਿਸੂ ਖੁਦ ਉਨ੍ਹਾਂ ਨਾਲ ਰਲ ਗਿਆ ਅਤੇ ਉਨ੍ਹਾਂ ਨਾਲ ਚੱਲਣ ਲੱਗ ਪਿਆ।
16. ਪਰ ਉਨ੍ਹਾਂ ਦੀਆਂ ਅੱਖਾਂ ਨੇ ਉਸਨੂੰ ਪਛਾਨਣ ਨਹੀਂ ਦਿੱਤਾ।
17. ਤਦ ਯਿਸੂ ਨੇ ਕਿਹਾ, “ਜਦੋਂ ਤੁਸੀਂ ਤੁਰ ਰਹੇ ਸੀ ਉਹ ਕੀ ਸੀ ਜਿਸ ਬਾਰੇ ਤੁਸੀਂ ਚਰਚਾ ਕਰ ਰਹੇ ਸੀ?” ਉਹ ਦੋਨੋ ਮਨੁੱਖ ਖਲੋ ਗਏ, ਉਨ੍ਹਾਂ ਦੇ ਚਿਹਰੇ ਬਡ਼ੇ ਉਦਾਸ ਨਜ਼ਰ ਆ ਰਹੇ ਸਨ।
18. ਉਨ੍ਹਾਂ ਵਿੱਚੋਂ ਇੱਕ ਜਿਸਦਾ ਨਾਂ ਕਲਿਉਪਸ ਸੀ, ਨੇ ਕਿਹਾ, “ਯਰੂਸ਼ਲਮ ਸ਼ਹਿਰ ਵਿੱਚ ਤੂੰ ਹੀ ਇੱਕ ਅਜਿਹਾ ਮਨੁੱਖ ਹੋਵੇਂਗਾ ਜਿਸਨੂੰ ਇਹ ਨਹੀਂ ਪਤਾ ਕਿ ਉਥੇ ਪਿਛਲੇ ਕੁਝ ਦਿਨੀ ਕੀ ਵਾਪਰਿਆ ਸੀ।”
19. ਯਿਸੂ ਨੇ ਉਨ੍ਹਾਂ ਨੂੰ ਪੁੱਛਿਆ, “ਤੁਸੀਂ ਕਿਸ ਬਾਰੇ ਗੱਲ ਕਰ ਰਹੇ ਹੋ?” ਉਨ੍ਹਾਂ ਨੇ ਉਸਨੂੰ ਕਿਹਾ, “ਇਹ ਨਾਸਰਤ ਦੇ ਯਿਸੂ ਬਾਰੇ ਹੈ। ਉਹ ਪਰਮੇਸ਼ੁਰ ਅਤੇ ਲੋਕਾਂ ਲਈ ਇੱਕ ਮਹਾਨ ਨਬੀ ਸੀ। ਇਹ ਉਸਨੇ ਸ਼ਕਤੀਸ਼ਾਲੀ ਬਚਨਾਂ ਅਤੇ ਕਰਨੀਆ ਦੁਆਰਾ ਸਾਬਤ ਕਰ ਦਿੱਤਾ।
20. ਪਰ ਸਾਡੇ ਪ੍ਰਧਾਨ ਜਾਜਕਾਂ ਨੇ ਉਸਨੂੰ ਸਜ਼ਾ ਦੇਣ ਲਈ ਮੌਤ ਦੇ ਹਵਾਲੇ ਕਰ ਦਿੱਤਾ। ਅਤੇ ਉਨ੍ਹਾਂ ਨੇ ਉਸਨੂੰ ਸਲੀਬ ਉੱਪਰ ਠੋਕ ਦਿੱਤਾ।
21. ਪਰ ਸਾਨੂੰ ਆਸ ਸੀ ਕਿ ਉਹੀ ਸੀ ਜੋ ਇਸਰਾਏਲ ਨੂੰ ਛੁਟਕਾਰਾ ਦੇ ਦਿੰਦਾ। ਪਰ ਉਸੇ ਦੌਰਾਨ ਇਹ ਸਭ ਵਾਪਰ ਗਿਆ। ਯਿਸੂ ਨੂੰ ਮਰਿਆਂ ਤਿੰਨ ਦਿਨ ਹੋ ਗਏ ਹਨ।
22. ਪਰ ਸਾਡੀਆਂ ਕੁਝ ਔਰਤਾਂ ਨੇ ਸਾਨੂੰ ਕੁਝ ਹੈਰਾਨੀਜਨਕ ਖਬਰ ਦਿੱਤੀ।
23. ਅੱਜ ਸਵੇਰ ਵੇਲੇ ਇਹ ਔਰਤਾਂ ਯਿਸੂ ਦੀ ਕਬਰ ਵੱਲ ਗਈਆਂ। ਪਰ ਉਸਦਾ ਸ਼ਰੀਰ ਉਸ ਵਿੱਚ ਨਾ ਲਭਿਆ। ਉਹ ਆਈਆਂ ਅਤੇ ਸਾਨੂੰ ਕਿਹਾ ਕਿ ਉਨ੍ਹਾਂ ਨੇ ਇੱਕ ਦਰਸ਼ਨ ਵੇਖਿਆ ਹੈ ਅਤੇ ਦਰਸ਼ਨ ਵਿੱਚ ਦੂਤਾਂ ਨੇ ਉਨ੍ਹਾਂ ਨੂੰ ਕਿਹਾ ਕਿ ਯਿਸੂ ਜਿਉਂਦਾ ਹੈ।
24. ਸਾਡੇ ਸਮੂਹ ਦੇ ਕੁਝ ਲੋਕ ਵੀ ਕਬਰ ਵੇਖਣ ਲਈ ਗਏ, ਅਤੇ ਉਨ੍ਹਾਂ ਨੇ ਵੀ ਉਹੀ ਕੁਝ ਵੇਖਿਆ ਜੋ ਔਰਤਾਂ ਨੇ ਆਖਿਆ ਸੀ। ਉਨ੍ਹਾਂ ਨੇ ਕਬਰ ਵੇਖੀ ਪਰ ਉਥੇ ਯਿਸੂ ਨਾ ਲਭਿਆ।
25. ਤਦ ਯਿਸੂ ਨੇ ਉਨ੍ਹਾਂ ਮਨੁੱਖਾਂ ਨੂੰ ਕਿਹਾ, “ਤੁਸੀਂ ਮੂਰਖ ਹੋ ਅਤੇ ਸਮਝਣ ਵਿੱਚ ਢਿਲ੍ਲੇ ਹੋ। ਜੋ ਕੁਝ ਨਬੀਆਂ ਨੇ ਆਖਿਆ ਹੈ ਤੁਹਾਨੂੰ ਉਸ ਸਭ ਕਾਸੇ ਤੇ ਆਸਥਾ ਰੱਖਣੀ ਚਾਹੀਦੀ ਹੈ।
26. ਉਨ੍ਹਾਂ ਨੇ ਆਖਿਆ, ਕਿ ਮਸੀਹ ਨੂੰ ਆਪਣੀ ਮਹਿਮਾ ਵਿੱਚ ਪ੍ਰਵੇਸ਼ ਕਰਨ ਤੋਂ ਪਹਿਲਾਂ ਇਨ੍ਹਾਂ ਸਭ ਕਸ਼ਟਾਂ ਵਿੱਚੋਂ ਲੰਘਣਾ ਜ਼ਰੂਰੀ ਸੀ।”
27. ਫ਼ਿਰ ਯਿਸੂ ਨੇ ਮੁਢੋਂ ਮੂਸਾ ਅਤੇ ਹੋਰ ਸਭਨਾਂ ਨਬੀਆਂ ਤੋਂ, ਜੋ ਕੁਝ ਵੀ ਪੋਥੀਆਂ ਵਿੱਚ ਉਸ ਬਾਰੇ ਲਿਖਿਆ ਸੀ, ਵਰਨਣ ਕਰਨਾ ਸ਼ੁਰੂ ਕਰ ਦਿੱਤਾ।
28. ਜਦੋਂ ਉਹ ਇੰਮਊਸ ਸ਼ਹਿਰ ਦੇ ਨੇਡ਼ੇ ਪਹੁੰਚੇ ਤਾਂ ਉਸਨੇ ਉਥੇ ਨਾ ਰੁਕਦੇ ਹੋਏ ਅੱਗੇ ਨੂੰ ਜਾਣ ਦਾ ਇਸ਼ਾਰਾ ਕੀਤਾ।
29. ਪਰ ਉਨ੍ਹਾਂ ਨੇ ਜੋਰ ਪੂਰਵਕ ਉਸਨੂੰ ਬੇਨਤੀ ਕੀਤੀ, “ਸਾਡੇ ਨਾਲ ਠਹਿਰ ਜਾ, ਕਾਫ਼ੀ ਸਮਾਂ ਹੋ ਗਿਆ ਹੈ, ਲੱਗ ਭੱਗ ਰਾਤ ਹੋ ਗਈ ਹੈ।” ਤਾਂ ਉਹ ਉਨ੍ਹਾਂ ਨਾਲ ਠਹਿਰਨ ਲਈ ਅੰਦਰ ਚਲਿਆ ਗਿਆ।
30. ਤਦ ਯਿਸੂ ਉਨ੍ਹਾਂ ਨਾਲ ਰੋਟੀ ਖਾਣ ਲਈ ਬੈਠ ਗਿਆ ਅਤੇ ਉਸਨੇ ਰੋਟੀ ਹੱਥ ਵਿੱਚ ਫ਼ਡ਼ਕੇ ਸ਼ੁਕਰਾਨਾ ਕੀਤਾ। ਫ਼ੇਰ ਉਸਨੇ ਰੋਟੀ ਤੋਡ਼ੀ ਅਤੇ ਉਨ੍ਹਾਂ ਨੂੰ ਦੇ ਦਿੱਤੀ।
31. ਉਸ ਵਕਤ ਉਨ੍ਹਾਂ ਮਨੁੱਖਾਂ ਦੀਆਂ ਅੱਖਾਂ ਖੁਲ੍ਹੀਆਂ ਅਤੇ ਉਨ੍ਹਾਂ ਨੇ ਯਿਸੂ ਨੂੰ ਪਛਾਣ ਲਿਆ। ਪਰ ਜਦੋਂ ਉਹ ਉਸਨੂੰ ਵੇਖਣ ਲੱਗੇ ਤਾਂ ਉਹ ਅਲੋਪ ਹੋ ਗਿਆ।
32. ਜਦੋਂ ਰਾਹ ਵਿੱਚ ਯਿਸੂ ਸਾਡੇ ਨਾਲ ਗੱਲ ਕਰ ਰਿਹਾ ਸੀ ਅਤੇ ਸਾਨੂੰ ਪੋਥੀਆਂ ਦੇ ਸੱਚੇ ਅਰਥਾਂ ਦੀ ਵਿਆਖਿਆ ਕਰ ਰਿਹਾ ਸੀ ਤਾਂ ਇਹ ਸਾਡੇ ਦਿਲਾਂ ਅੰਦਰ ਅੱਗ ਮੱਚਣ ਵਾਂਗ ਸੀ।”
33. ਉਹ ਤੁਰੰਤ ਹੀ ਉਠੇ ਅਤੇ ਯਰੂਸ਼ਲਮ ਨੂੰ ਮੁਡ਼ੇ। ਉਥੇ ਉਨ੍ਹਾਂ ਨੇ ਗਿਆਰਾਂ ਰਸੂਲਾਂ ਅਤੇ ਬਾਕੀ ਚੇਲਿਆਂ ਨੂੰ ਇਕਠ੍ਠੇ ਹੋਏ ਦੇਖਿਆ।
34. ਉਹ ਕਹਿ ਰਹੇ ਸਨ, “ਪ੍ਰਭੂ ਯਿਸੂ ਸੱਚਮੁੱਚ ਮੁਰਦਿਆਂ ਵਿੱਚੋਂ ਜੀ ਉਠਿਆ ਹੈ। ਉਹ ਸ਼ਮਊਨ ਪਤਰਸ ਨੂੰ ਵਿਖਾਈ ਵੀ ਦਿੱਤਾ ਹੈ।”
35. ਤਦ ਉਨ੍ਹਾਂ ਦੋਹਾਂ ਮਨੁੱਖਾਂ ਨੇ, ਰਸਤੇ ਵਿੱਚ ਜੋ ਘਟਨਾ ਵਾਪਰੀ ਸੀ ਉਨ੍ਹਾਂ ਨੂੰ ਉਸਦਾ ਹਾਲ ਸੁਣਾਇਆ। ਉਹਨਾਂ ਨੇ ਇਹ ਵੀ ਜਾਕੇ ਦਸਿਆ ਕਿ ਉਨ੍ਹਾਂ ਨੂੰ ਯਿਸੂ ਦੀ ਪਛਾਣ ਤਦ ਆਈ ਜਦੋਂ ਉਹ ਰੋਟੀ ਤੋਡ਼ ਰਿਹਾ ਸੀ।
36. ਜਦੋਂ ਉਹ ਦੋ ਆਦਮੀ ਇਹ ਗੱਲਾਂ ਦੂਜਿਆਂ ਨੂੰ ਸੁਣਾ ਰਹੇ ਸਨ ਤਾਂ ਯਿਸੂ ਆਇਆ ਅਤੇ ਸਮੂਹ ਵਿੱਚ ਖਢ਼ਾ ਹੋ ਗਿਆ ਅਤੇ ਉਨ੍ਹਾਂ ਨੂੰ ਆਖਣ ਲੱਗਾ, “ਤੁਹਾਨੂੰ ਸ਼ਾਂਤੀ ਮਿਲੇ।”
37. ਪਰ ਸਭ ਚੇਲੇ ਵਿਆਕੁਲ ਹੋਕੇ ਡਰ ਗਏ। ਉਹ ਇਹ ਸਮਝੇ ਕਿ ਉਹ ਕਿਸੇ ਭੂਤ ਨੂੰ ਵੇਖ ਰਹੇ ਹਨ।
38. ਪਰ ਯਿਸੂ ਨੇ ਕਿਹਾ, “ਤੁਸੀਂ ਜੋ ਵੇਖ ਰਹੇ ਹੋ ਉਸਤੇ ਸ਼ੰਕਾ ਕਿਉਂ ਕਰ ਰਹੇ ਹੋ?
39. ਵੇਖੋ! ਮੇਰੇ ਹੱਥਾਂ ਅਤੇ ਮੇਰੇ ਪੈਰਾਂ ਵੱਲ ਵੇਖ। ਇਹ ਮੈਂ ਹੀ ਹਾਂ, ਮੈਨੂੰ ਛੁਹਕੇ ਵੇਖੋ। ਮੈਂ ਜਿਉਂਦਾ-ਜਾਗਦਾ ਹਾਂ। ਭੂਤ ਦਾ ਸ਼ਰੀਰ ਇਵੇਂ ਦ ਆਤਾਂ ਨਹੀਂ ਹੁੰਦਾ।”
40. ਜਦੋਂ ਯਿਸੂ ਨੇ ਉਨ੍ਹਾਂ ਨੂੰ ਇਹ ਕੁਝ ਆਖਿਆ, ਉਸਨੇ ਇਸਦੇ ਨਾਲ ਆਪਣੇ ਹੱਥ ਅਤੇ ਪੈਰ ਵਿਖਾਏ।
41. ਚੇਲੇ ਹੈਰਾਨ ਸਨ ਅਤੇ ਯਿਸੂ ਨੂੰ ਜਿਉਂਦਾ ਵੇਖਕੇ ਅਨੰਦ ਨਾਲ ਭਰ ਗਏ। ਪਰ ਅਜੇ ਵੀ ਉਹ ਵਿਸ਼ਵਾਸ ਨਾ ਕਰ ਸਕੇ। ਫ਼ਿਰ ਯਿਸੂ ਨੇ ਉਨ੍ਹਾਂ ਨੂੰ ਪੁੱਛਿਆ, “ਕੀ ਇਥੇ ਤੁਹਾਡੇ ਕੋਲ ਖਾਣ ਲਈ ਕੁਝ ਭੋਜਨ ਹੈ?”
42. ਉਨ੍ਹਾਂ ਨੇ ਉਸਨੂੰ ਭੁਜ੍ਜੀ ਮਛੀ ਦਾ ਟੁਕਡ਼ਾ ਦਿੱਤਾ।
43. ਯਿਸੂ ਨੇ ਉਨ੍ਹਾਂ ਕੋਲੋਂ ਲੈਕੇ ਉਨ੍ਹਾਂ ਦੇ ਸਾਮ੍ਹਣੇ ਉਹ ਖਾ ਲਿਆ।
44. ਯਿਸੂ ਨੇ ਉਨ੍ਹਾਂ ਨੂੰ ਕਿਹਾ, “ਯਾਦ ਕਰੋ ਜਦੋਂ ਪਹਿਲਾਂ ਮੈਂ ਤੁਹਾਡੇ ਨਾਲ ਸੀ, ਮੈਂ ਤੁਹਾਨੂੰ ਕੀ ਕਿਹਾ ਸੀ ਕਿ ਮੇਰੇ ਬਾਰੇ ਜੋ ਕੁਝ ਵੀ ਮੁਸਾ ਦੀ ਸ਼ਰ੍ਹਾ ਵਿੱਚ ਲਿਖਿਆ ਗਿਆ ਹੈ, ਸੰਪੂਰਣ ਹੋਣਾ ਚਾਹੀਦਾ ਹੈ।”
45. ਫਿਰ ਯਿਸੂ ਨੇ ਉਨ੍ਹਾਂ ਦੇ ਮਨ ਖੋਲ੍ਹ ਦਿੱਤੇ ਤਾਂ ਜੋ ਉਹ ਪੋਥੀਆਂ ਨੂੰ ਸਮਝ ਸਕਣ।
46. ਫਿਰ ਯਿਸੂ ਨੇ ਉਨ੍ਹਾਂ ਨੂੰ ਕਿਹਾ, “ਇਹੀ ਹੈ ਜੋ ਲਿਖਿਆ ਗਿਆ ਹੈ: ਮਸੀਹ ਜ਼ਰੂਰ ਮਰੇਗਾ ਅਤੇ ਫੇਰ ਮੌਤ ਤੋਂ ਤੀਜੇ ਦਿਨ ਮੌਤ ਤੋਂ ਉਭਰ ਆਵੇਗਾ।
47. [This verse may not be a part of this translation]
48. [This verse may not be a part of this translation]
49. ਸੁਣੋ! ਜੋ ਮੇਰੇ ਪਿਤਾ ਨੇ ਤੁਹਾਡੇ ਨਾਲ ਵਾਦਾ ਕੀਤਾ ਹੈ ਕਿ ਮੈਂ ਤੁਹਾਨੂੰ ਭੇਜਾਂਗਾ। ਪਰ ਜਦ ਤੱਕ ਤੁਸੀਂ ਸਵਰਗ ਤੋਂ ਸ਼ਕਤੀ ਪ੍ਰਾਪਤ ਨਾ ਕਰ ਲਵੋਂ ਓਨਾ ਚਿਰ ਤੁਹਾਨੂੰ ਯਰੂਸ਼ਲਮ ਵਿੱਚ ਰਹਿਣਾ ਪਵੇਗਾ।”
50. ਯਦ ਯਿਸੂ ਆਪਣੇ ਚੇਲਿਆਂ ਨੂੰ ਯਰੂਸ਼ਲਮ ਤੋਂ ਬਾਹਰ ਬੈਤਅਨੀਆ ਦੇ ਸਾਮ੍ਹਣੇ ਲੈ ਗਿਆ। ਉਸਨੇ ਆਪਣੇ ਹੱਥ ਉਤਾਂਹ ਨੂੰ ਚੁੱਕੇ ਅਤੇ ਆਪਣੇ ਚੇਲਿਆਂ ਨੂੰ ਅਸੀਸ ਦਿੱਤੀ।
51. ਜਦੋਂ ਯਿਸੂ ਉਨ੍ਹਾਂ ਨੂੰ ਅਸੀਸ ਦੇ ਰਿਹਾ ਸੀ ਤਾਂ ਉਸਨੂੰ ਉਨ੍ਹਾਂ ਤੋਂ ਅਲੱਗ ਕੀਤਾ ਗਿਆ ਅਤੇ ਸੁਰਗ ਵੱਲ ਲਿਜਾਇਆ ਗਿਆ।
52. ਉਸਦੇ ਚੇਲੇ ਉਥੇ ਉਸਦੀ ਉਪਾਸਨਾ ਕਰਦੇ ਰਹੇ ਅਤੇ ਉਸਤੋਂ ਬਾਦ ਉਹ ਸ਼ਹਿਰ ਵੱਲ ਨੂੰ ਮੁਡ਼ ਆਏ। ਉਹ ਬਹੁਤ ਖੁਸ਼ ਸਨ।
53. ਉਹ ਸਾਰੇ ਪਰਮੇਸ਼ੁਰ ਦੀ ਉਸਤਤਿ ਕਰਦੇ, ਮੰਦਰ ਵਿੱਚ ਰਹੇ।