1. ਸਬਤ ਦੇ ਦਿਨ ਯਿਸੂ ਕਣਕ ਦੇ ਖੇਤਾਂ ਵਿੱਚੋਂ ਦੀ ਜਾ ਰਿਹਾ ਸੀ। ਉਸਦੇ ਕੁਝ ਚੇਲੇ ਕਣਕ ਦੇ ਸਿੱਟੇ ਤੋਡ਼ਕੇ ਆਪਣੇ ਹੱਥਾਂ ਤੇ ਮਲਕੇ ਖਾ ਰਹੇ ਸਨ।
2. ਕੁਝ ਫ਼ਰੀਸੀਆਂ ਨੇ ਕਿਹਾ, “ਤੁਸੀਂ ਇਹ ਕਿਉਂ ਕਰ ਰਹੇ ਹੋ? ਸਬਤ ਦੇ ਦਿਨ ਨੇਮ ਦੇ ਮੁਤਾਬਿਕ ਇੰਝ ਕਰਨ ਦੀ ਇਜਾਜ਼ਤ ਨਹੀਂ ਹੈ।”
3. ਯਿਸੂ ਨੇ ਆਖਿਆ, “ਕੀ ਤੁਸੀਂ ਇਹ ਨਹੀਂ ਪਢ਼ਿਆ ਕਿ ਦਾਊਦ ਨੇ ਕੀ ਕੀਤਾ ਸੀ, ਜਦੋਂ ਉਹ ਅਤੇ ਉਸਦੇ ਸਾਥੀ ਭੁਖੇ ਸਨ।
4. ਕੀ ਤੁਸੀਂ ਨਹੀਂ ਪਢ਼ਿਆ ਕਿ ਉਹ ਪਰਮੇਸ਼ੁਰ ਦੇ ਘਰ ਵਡ਼ਿਆ, ਤੇ ਉਸਨੇ ਉਹ ਰੋਟੀ ਚੁੱਕੀ ਜੋ ਕਿ ਪਰਮੇਸ਼ੁਰ ਨੂੰ ਭੇਂਟ ਕੀਤੀ ਗਈ ਸੀ ਕੁਝ ਖੁਦ ਖਾਧੀ ਅਤੇ ਕੁਝ ਉਨ੍ਹਾਂ ਲੋਕਾਂ ਨੂੰ ਦਿੱਤੀ, ਜੋ ਉਸਦੇ ਨਾਲ ਸਨ। ਇਹ ਨੇਮ ਦੇ ਵਿਰੁੱਧ ਸੀ ਜਦ ਕਿ ਨੇਮ ਤਾਂ ਇਹੀ ਆਖਦਾ ਹੈ ਕਿ ਕੇਵਲ ਜਾਜਕ ਹੀ ਉਸ ਰੋਟੀ ਦਾ ਸੇਵਨ ਕਰ ਸਕਦਾ ਹੈ।”
5. ਤਦ ਯਿਸੂ ਨੇ ਫ਼ਰੀਸੀਆਂ ਨੂੰ ਕਿਹਾ, “ਮਨੁੱਖ ਦਾ ਪੁੱਤਰ ਸਬਤ ਦੇ ਦਿਨ ਦਾ ਪ੍ਰਭੂ ਹੈ।”
6. ਇੱਕ ਹੋਰ ਸਬਤ ਦੇ ਦਿਨ ਉਹ ਯਹੂਦੀ ਪ੍ਰਾਰਥਨਾ ਸਥਾਨ ਵਿੱਚ ਉਪਦੇਸ਼ ਦੇਣ ਲਈ ਗਿਆ। ਉਥੇ ਇੱਕ ਆਦਮੀ ਸੀ ਜਿਸਦੇ ਸੱਜੇ ਹੱਥ ਨੂੰ ਅਧਰੰਗ ਸੀ।
7. ਨੇਮ ਦੇ ਉਪਦੇਸ਼ਕ ਅਤੇ ਫ਼ਰੀਸੀ ਇਸ ਉਡੀਕ ਵਿੱਚ ਸਨ ਕਿ ਵੇਖੀਏ ਯਿਸੂ ਇਸਨੂੰ ਸਬਤ ਦੇ ਦਿਨ ਰਾਜੀ ਕਰ ਸਕਦਾ ਹੈ ਕਿ ਨਹੀਂ। ਉਹ ਚਾਹੁੰਦੇ ਸਨ ਕਿ ਯਿਸੂ ਕੋਈ ਗਲਤ ਕੰਮ ਕਰੇ ਤੇ ਉਹ ਉਸਨੂੰ ਦੋਸ਼ੀ ਠਹਿਰਾ ਸਕਣ।
8. ਯਿਸੂ ਉਨ੍ਹਾਂ ਦੀਆਂ ਸੋਚਾਂ ਨੂੰ ਜਾਣਦਾ ਸੋ। ਅਤੇ ਉਸਨੇ ਉਸ ਮਨੁੱਖ ਨੂੰ ਆਖਿਆ ਜਿਸਦੇ ਹੱਥ ਨੂੰ ਅਧਰੰਗ ਹੋਇਆ ਸੀ, “ਉਠ ਅਤੇ ਵਿਚਾਲੇ ਆਕੇ ਖਢ਼ਾ ਹੋ ਜਾ।”ਤਾਂ ਉਸਨੇ ਇੰਝ ਹੀ ਕੀਤਾ।
9. ਤਦ ਯਿਸੂ ਨੇ ਲੋਕਾਂ ਨੂੰ ਪੁੱਛਿਆ, “ਮੈਂ ਤੁਹਾਨੂੰ ਪੁਛਦਾ ਹਾਂ ਕਿ ਸਬਤ ਦੇ ਦਿਨ ਕੀ ਕਰਨ ਦੀ ਇਜਾਜ਼ਤ ਹੈ? ਚੰਗਿਆਈ ਕਰਨ ਦੀ ਜਾਂ ਬਦੀ? ਕਿਸੇ ਦੇ ਪ੍ਰਾਣ ਨਸ਼ਟ ਕਰਨ ਦੀ ਜਾਂ ਕਿਸੇ ਦੇ ਪ੍ਰਾਣਾਂ ਨੂੰ ਬਚਾਉਣ ਦੀ?”
10. ਯਿਸੂ ਦੇ ਆਲੇ-ਦੁਆਲੇ ਉਨ੍ਹਾਂ ਸਾਰਿਆਂ ਲੋਕਾਂ ਨੂੰ ਵੇਖਿਆ ਅਤੇ ਬਿਮਾਰ ਆਦਮੀ ਨੂੰ ਆਖਿਆ, “ਮੈਨੂੰ ਆਪਣਾ ਹੱਥ ਵਿਖਾ।” ਜਦ ਉਸ ਅਧਰੰਗੀ ਮਨੁੱਖ ਨੇ ਆਪਣਾ ਹੱਥ ਵਿਖਾਉਣ ਲਈ ਬਾਹਰ ਕਢਿਆ ਤਾਂ ਉਹ ਬਿਲਕੁਲ ਠੀਕ ਸੀ।
11. ਤਦ ਫ਼ਰੀਸੀ ਅਤੇ ਨੇਮ ਦੇ ਉਪਦੇਸ਼ਕ ਇਹ ਵੇਖਕੇ ਬਡ਼ੇ ਕਰੋਧ ਵਿੱਚ ਆਏ ਅਤੇ ਇੱਕ ਦੂਜੇ ਨੂੰ ਕਹਿਣ ਲੱਗੇ, “ਆਪਾਂ ਯਿਸੂ ਨਾਲ ਕੀ ਕਰੀਏ?”
12. ਉਨ੍ਹੀ ਦਿਨੀ ਯਿਸੂ ਇੱਕ ਪਹਾਡ਼ ਤੇ ਗਿਆ ਅਤੇ ਪਰਮੇਸ਼ੁਰ ਨੂੰ ਪ੍ਰਾਰਥਨਾ ਕਰਦਿਆਂ ਸਾਰੀ ਰਾਤ ਬਿਤਾ ਦਿੱਤੀ।
13. ਅਗਲੀ ਸਵੇਰ ਉਸਨੇ ਆਪਣੇ ਚੇਲਿਆਂ ਨੂੰ ਬੁਲਾਇਆ ਅਤੇ ਉਨ੍ਹਾਂ ਵਿੱਚੋਂ ਬਾਰ੍ਹਾਂ ਨੂੰ ਚੁਣਿਆ ਅਤੇ ਉਨ੍ਹਾਂ ਨੂੰ “ਰਸੂਲ” ਆਖਿਆ।
14. ਉਨ੍ਹਾਂ ਬਾਰ੍ਹਾਂ ਰਸੂਲਾਂ ਦੇ ਨਾਂ ਸਨ: ਸ਼ਮਊਨ, ਜਿਸਨੂੰ ਯਿਸੂ ਨੇ ਪਤਰਸ ਨਾਂ ਦਿੱਤਾ ਅਤੇ ਉਸਦਾ ਭਰਾ ਅੰਦ੍ਰਿਯਾਸ, ਯਾਕੂਬ ਅਤੇ ਯੂਹੰਨਾ, ਫ਼ਿਲਿਪੁੱਸ ਅਤੇ ਬਰਥੁਲਮਈ,
15. ਮੱਤੀ, ਥੋਮਾ ਅਤੇ ਹਲਫ਼ਈ ਦਾ ਪੁੱਤਰ ਯਾਕੂਬ ਅਤੇ ਸ਼ਮਊਨ ਜਿਹਡ਼ਾ ਕਨਾਨੀ ਕਹਾਉਂਦਾ ਸੀ।
16. ਯਾਕੂਬ ਦਾ ਪੁੱਤਰ ਯਹੂਦਾ ਅਤੇ ਯਹੂਦਾ ਇਸਕਰਿਯੋਤੀ। ਇਹ ਉਹੀ ਯਾਕੂਬ ਦਾ ਪੁੱਤਰ ਯਹੂਦਾ ਹੈ ਜੋ ਬਾਦ ਵਿੱਚ ਯਿਸੂ ਨੂੰ ਉਸਦੇ ਦੁਸ਼ਮਣਾਂ ਦੇ ਹੱਥ ਫ਼ਡ਼ਵਾਉਂਦਾ ਹੈ।
17. ਯਿਸੂ ਅਤੇ ਰਸੂਲ ਪਹਾਡ਼ ਤੋਂ ਉਤਰ ਕੇ ਇੱਕ ਪਧਰੀ ਜਗ੍ਹਾ ਤੇ ਆਕੇ ਖਲੋਤੇ। ਲੋਕਾਂ ਦਾ ਇੱਕ ਬਹੁਤ ਵੱਡਾ ਸਮੂਹ ਉਥੇ ਇਕੱਠਾ ਹੋਇਆ ਸੀ ਜੋ ਕਿ ਸਾਰੇ ਯਹੂਦਿਯਾ, ਯਰੂਸ਼ਲਮ, ਸੂਰ ਅਤੇ ਸੈਦਾ ਦੇ ਸਮੁੰਦਰ ਕੰਢੇ ਦੇ ਸ਼ਹਿਰਾਂ ਤੋਂ ਆਏ ਸਨ।
18. ਉਹ ਸਾਰੇ ਯਿਸੂ ਦੇ ਉਪਦੇਸ਼ ਸੁਨਣ ਅਤੇ ਆਪਣੇ ਰੋਗਾ ਤੋਂ ਚਗੇ ਹੋਣ ਲਈ ਉਸ ਕੋਲ ਆਏ ਸਨ। ਜਿਹਡ਼ੇ ਲੋਕ ਭਰਿਸ਼ਟ ਆਤਮਿਆਂ ਤੋਂ ਪੀਡ਼ਿਤ ਸਨ ਉਹ ਵੀ ਰਾਜੀ ਕੀਤੇ ਗਏ।
19. ਸਾਰੇ ਲੋਕ ਯਿਸੂ ਨੂੰ ਛੂਹਣਾ ਚਾਹੁੰਦੇ ਸਨ ਕਿਉਂਕਿ ਉਸ ਵਿੱਚੋਂ ਸ਼ਕਤੀ ਨਿਕਲ ਕੇ ਲੋਕਾਂ ਨੂੰ ਰਾਜੀ ਕਰਦੀ ਸੀ।
20. ਯਿਸੂ ਨੇ ਆਪਣੇ ਚੇਲਿਆਂ ਵੱਲ ਵੇਖਿਆ ਤੇ ਆਖਿਆ, “ਗਰੀਬ ਲੋਕੋ! ਤੁਸੀਂ ਧੰਨ ਹੋ, ਕਿਉਂਕਿ ਪਰਮੇਸ਼ੁਰ ਦਾ ਰਾਜ ਤੁਹਾਡਾ ਹੈ।
21. ਤੁਸੀਂ ਜੋ ਹੁਣ ਭੁਖੇ ਹੋ, ਧੰਨ ਹੋ ਕਿਉਂਕਿ ਤੁਹਾਨੂੰ ਸੰਤੁਸ਼ਟ ਕੀਤਾ ਜਾਵੇਗਾ। ਤੁਸੀਂ ਜੋ ਹੁਣ ਰੋ ਰਹੇ ਹੋ ਧੰਨ ਹੋ ਕਿਉਂਕਿ ਮਗਰੋਂ ਤੁਸੀਂ ਹੱਸੋਂਗੇ।
22. “ਤੁਸੀਂ ਧੰਨ ਹੋ ਜਦੋਂ ਲੋਕ ਮਨੁੱਖ ਦੇ ਪੁੱਤਰ ਕਾਰਣ ਤੁਹਾਨੂੰ ਨਫ਼ਰਤ ਕਰਨ, ਤਿਆਗਣ, ਬੇਇਜ੍ਜਤੀ ਕਰਨ ਅਤੇ ਤੁਹਾਨੂੰ ਦੁਸ਼ਟ ਕਹਿਕੇ ਬੁਲਾਉਣ।
23. ਜਦੋਂ ਇਹ ਵਾਪਰੇ ਤਾਂ ਆਨੰਦ ਨਾਲ ਉਛਲੋ ਕਿਉਂਕਿ ਸੁਰਗ ਵਿੱਚ ਤੁਹਾਡਾ ਫ਼ਲ ਮਹਾਨ ਹੋਵੇਗਾ। ਉਨ੍ਹਾਂ ਦੇ ਪਿਉ-ਦਾਦਿਆਂ ਨੇ ਵੀ ਨਬੀਆਂ ਨਾਲ ਇਵੇਂ ਹੀ ਕੀਤਾ ਸੀ ਜਿਵੇਂ ਉਹ ਤੁਹਾਡੇ ਨਾਲ ਕਰਨਗੇ।
24. “ਤੁਹਾਡੇ ਤੇ ਲਾਹਨਤ, ਅਮੀਰ ਲੋਕੋ, ਕਿਉਂਕਿ ਤੁਹਾਡੇ ਕੋਲ ਸਭ ਸੁਖ ਹਨ।
25. ਤੁਹਾਡੇ ਤੇ ਲਾਹਨਤ, ਜਿਹਡ਼ੇ ਹੁਣ ਰੱਜੇ ਹੋਏ ਹੋ ਮਗਰੋਂ ਤੁਸੀਂ ਭੁਖੇ ਰਹੋਂਗੇ। ਤੁਹਾਡਾ ਬੁਰਾ ਹੋਵੇਗਾ ਜੋ ਹੁਣ ਹੱਸ ਰਹੇ ਹੋ, ਮਗਰੋਂ ਤੁਸੀਂ ਕੁਰਲਾਉਂਗੇ ਅਤੇ ਅਫ਼ਸੋਸ ਕਰੋਂਗੇ।
26. “ਤੁਹਾਡੇ ਤੇ ਲਾਹਨਤ, ਜਦੋਂ ਸਾਰੇ ਲੋਕਾਂ ਦੁਆਰਾ ਤੁਹਾਡੀ ਉਸਤਤਿ ਹੁੰਦੀ ਹੈ। ਕਿਉਂਕਿ ਉਨ੍ਹਾਂ ਦੇ ਪੁਰਖਿਆਂ ਨੇ ਵੀ ਝੂਠੇ ਨਬੀਆਂ ਨਾਲ ਇਵੇਂ ਹੀ ਕੀਤਾ ਸੀ।
27. “ਪਰ ਤੁਸੀਂ, ਜੋ ਮੈਨੂੰ ਸੁਣ ਰਹੇ ਹੋ। ਮੈਂ ਤੁਹਾਨੂੰ ਦੱਸਦਾ ਹਾਂ ਕਿ ਆਪਣੇ ਵੈਰੀਆਂ ਨੂੰ ਵੀ ਪਿਆਰ ਕਰੋ। ਜਿਹਡ਼ੇ ਲੋਕ ਤੁਹਾਡੇ ਨਾਲ ਨਫ਼ਰਤ ਕਰਦੇ ਹਨ ਅਤੇ ਤੁਹਾਡਾ ਬੁਰਾ ਚਿਤਵਦੇ ਹਨ, ਉਨ੍ਹਾਂ ਦਾ ਵੀ ਭਲਾ ਕਰੋ।
28. ਜੋ ਤੁਹਾਨੂੰ ਸ਼ਰਾਪ ਦਿੰਦੇ ਹਨ ਉਨ੍ਹਾਂ ਨੂੰ ਅਸੀਸਾਂ ਦਿਉ, ਜੋ ਤੁਹਾਡੇ ਨਾਲ ਚੰਗਾ ਵਿਹਾਰ ਨਹੀਂ ਕਰਦੇ ਉਨ੍ਹਾਂ ਲਈ ਵੀ ਪ੍ਰਾਰਥਨਾ ਕਰੋ।
29. ਜੇਕਰ ਕੋਈ ਤੁਹਾਡੀ ਇੱਕ ਗਲ੍ਹ ਤੇ ਚਪੇਡ਼ ਮਾਰਦਾ ਹੈ ਤਾਂ ਤੁਸੀਂ ਦੂਜੀ ਗਲ੍ਹ ਵੀ ਭੁਆ ਦਿਓ। ਜੇਕਰ ਕੋਈ ਤੁਹਾਡਾ ਚੋਗ਼ਾ ਖੋਂਹਦਾ ਹੈ ਤਾਂ ਉਸਨੂੰ ਆਪਣੀ ਕਮੀਜ ਖੋਹਣ ਤੋਂ ਵੀ ਨਾ ਰੋਕੋ।
30. ਜੋ ਕੋਈ ਵੀ ਤੁਹਾਡੇ ਕੋਲੋ ਮੰਗੇ ਉਸਨੂੰ ਦੇ ਦੇਵੋ। ਜੇਕਰ ਕੋਈ ਤੁਹਾਡੀ ਕੋਈ ਵੀ ਵਸਤੂ ਲੈਂਦਾ ਹੈ ਤਾਂ ਉਸਨੂੰ ਵਾਪਸ ਨਾ ਮੰਗੋ।
31. ਅਤੇ ਜਿਹੋ ਜਿਹਾ ਤੁਸੀਂ ਚਾਹੁੰਦੇ ਹੋ ਕਿ ਕੋਈ ਤੁਹਾਡੇ ਨਾਲ ਕਰੇ ਤੁਸੀਂ ਆਪ ਵੀ ਦੂਜਿਆਂ ਨਾਲ ਉਹੋ ਜਿਹਾ ਵਰਤਾਵਾ ਕਰੋ।
32. ਜੇਕਰ ਤੁਸੀਂ ਕੇਵਲ ਉਨ੍ਹਾਂ ਨੂੰ ਹੀ ਪਿਆਰ ਕਰੋਂਗੇ, ਜੋ ਤੁਹਾਨੂੰ ਪਿਆਰ ਕਰਦੇ ਹਨ, ਤਾਂ ਤੁਸੀਂ ਪਰਮੇਸ਼ੁਰ ਵੱਲੋਂ ਕਿਹਡ਼ੀ ਉਸਤਤਿ ਦੀ ਆਸ ਰੱਖ ਸਕਦੇ ਹੋ? ਕਿਉਂਕਿ ਇੰਝ ਤਾਂ ਪਾਪੀ ਲੋਕ ਵੀ ਆਪਣੇ ਪਿਆਰ ਕਰਨ ਵਾਲਿਆਂ ਨਾਲ ਪਿਆਰ ਕਰਦੇ ਹਨ।
33. ਜੇਕਰ ਤੁਸੀਂ ਸਿਰਫ਼ ਉਨ੍ਹਾਂ ਦਾ ਹੀ ਚੰਗਾ ਕਰੋ ਜੋ ਤੁਹਾਡੇ ਲਈ ਚੰਗਾ ਕਰਦੇ ਹਨ, ਤਾਂ ਤੁਸੀਂ ਪਰਮੇਸ਼ੁਰ ਵੱਲੋਂ ਕਿਹਾਡ਼ੀ ਉਸਤਤਿ ਦੀ ਆਸ ਰੱਖਦੇ ਹੋ। ਪਾਪੀ ਵੀ ਤਾਂ ਇਹੀ ਕਰਦੇ ਹਨ।
34. ਜੇਕਰ ਤੁਸੀਂ ਸਿਰਫ਼ ਉਨ੍ਹਾਂ ਨੂੰ ਹੀ ਉਧਾਰ ਦਿਉ, ਜਿਨ੍ਹਾਂ ਕੋਲੋਂ ਵਾਪਸ ਆਉਣ ਦੀ ਆਸ ਹੋਵੇ ਤਾਂ ਤੁਸੀਂ ਪਰਮੇਸ਼ੁਰ ਵੱਲੋਂ ਕਿਹਡ਼ੀ ਉਸਤਤਿ ਦੀ ਆਸ ਰੱਖ ਸਕਦੇ ਹੋ? ਇੰਝ ਤਾਂ ਪਾਪੀ ਲੋਕ ਵੀ ਦੂਜੇ ਪਾਪੀ ਲੋਕਾਂ ਨੂੰ ਉਧਾਰ ਦਿੰਦੇ ਹਨ ਤਾਂ ਜੋ ਉਹ ਆਪਣਾ ਪੂਰਾ ਪੈਸਾ ਵਾਪਸ ਲੈ ਸਕਣ।
35. ਇਸ ਲਈ ਆਪਣੇ ਵੈਰੀਆਂ ਨਾਲ ਪਿਆਰ ਕਰੋ, ਮੁਡ਼ ਵਾਪਸ ਲੈਣ ਦੀ ਆਸ ਤੋਂ ਬਿਨਾ, ਉਹੀ ਕਰੋ ਜੋ ਚੰਗਾ ਹੈ। ਫ਼ਿਰ ਤੁਹਾਡਾ ਫ਼ਲ ਮਹਾਨ ਹੋਵੇਗਾ। ਅਤੇ ਤੁਸੀਂ ਸਰਬ ਉਚ੍ਚ ਪਰਮੇਸ਼ੁਰ ਦੇ ਬੱਚੇ ਹੋਵੋਂਗੇ ਕਿਉਂਕਿ ਪਰਮੇਸ਼ੁਰ ਪਾਪੀ ਲੋਕਾਂ ਅਤੇ ਨਾਸ਼ੁਕਰੇ ਲੋਕਾਂ ਤੇ ਵੀ ਦਯਾਵਾਨ ਹੈ।
36. ਦਿਆਲੂ ਹੋਵੋ ਜਿਵੇਂ ਕਿ ਤੁਹਾਡਾ ਪਿਤਾ ਵੀ ਦਿਆਲੂ ਹੈ।
37. “ਦੂਜਿਆਂ ਦਾ ਨਿਰਣਾ ਨਾ ਕਰੋ ਤਾਂ ਤੁਹਾਡਾ ਵੀ ਨਿਰਣਾ ਨਹੀਂ ਕੀਤਾ ਜਾਵੇਗਾ। ਦੂਜਿਆਂ ਦੀ ਨਿੰਦਿਆ ਨਾ ਕਰੋ ਤਾਂ ਤੁਸੀਂ ਵੀ ਨਹੀਂ ਨਿੰਦੇ ਜਾਵੋਂਗੇ, ਜੇਕਰ ਤੁਸੀਂ ਦੂਜਿਆਂ ਨੂੰ ਮਾਫ਼ ਕਰੋਂਗੇ ਤਾਂ ਤੁਸੀਂ ਵੀ ਮਾਫ਼ ਕੀਤੇ ਜਾਵੋਂਗੇ।
38. ਦੇਵੋ, ਤੁਹਾਨੂੰ ਵੀ ਦਿੱਤਾ ਜਾਵੇਗਾ। ਤੁਹਾਨੂੰ ਬਹੁਤ ਵਧੇਰੇ ਦਿੱਤਾ ਆਵੇਗਾ। ਇਹ ਤੁਹਾਡੇ ਹੱਥਾਂ ਵਿੱਚੋਂ ਵਗਾਇਆ ਜਾਵੇਗਾ ਅਤੇ ਤੁਸੀਂ ਇਸਨੂੰ ਫ਼ਡ਼ਨ ਯੋਗ ਨਹੀਂ ਹੋਵੋਂਗੇ। ਅਤੇ ਇਹ ਬਾਹਰ ਤੁਹਾਡੀ ਗੋਦੀ ਵਿੱਚ ਵਗੇਗਾ। ਕਿਉਂਕਿ ਜਿਸ ਮਾਪ ਨਾਲ ਤੁਸੀਂ ਦੂਸਰਿਆਂ ਨੂੰ ਆਪਦੇ ਹੋਂ ਉਸੇ ਮਾਪ ਨਾਲ ਤੁਹਾਨੂੰ ਵੀ ਮਾਪਿਆ ਜਾਵੇਗਾ।”
39. ਉਸਨੇ ਉਨ੍ਹਾਂ ਨੂੰ ਇਹ ਦ੍ਰਿਸ਼ਟਾਂਤ ਵੀ ਦਿੱਤੀ, “ਕੀ ਭਲਾ ਇੱਕ ਅੰਨ੍ਹਾਂ ਦੂਜੇ ਅੰਨ੍ਹੇ ਦਾ ਆਗੂ ਹੋ ਸਕਦਾ ਹੈ? ਨਹੀਂ! ਦੋਵੇਂ ਹੀ ਟੋਏ ਵਿੱਚ ਜਾ ਡਿੱਗਣਗੇ।
40. ਕੋਈ ਵੀ ਚੇਲਾ ਆਪਣੇ ਗੁਰੂ ਤੋਂ ਉਚੇਰਾ ਨਹੀਂ ਹੈ। ਪਰ ਜਦੋਂ ਚੇਲਾ ਪੂਰੀ ਤਰ੍ਹਾਂ ਸਿਖ੍ਖ ਗਿਆ ਹੋਵੇ ਉਹ ਆਪਣੇ ਗੁਰੂ ਵਰਗਾ ਹੋਵੇਗਾ।
41. “ਤੁਸੀਂ ਉਸ ਕਖ ਦੇ ਕਣ ਨੂੰ ਕਿਉਂ ਵੇਖਦੇ ਹੋ ਜਿਹਡ਼ਾ ਤੁਹਾਡੇ ਭਰਾ ਦੀ ਅਖ੍ਖ ਵਿੱਚ ਹੈ। ਜਦੋਂ ਕਿ ਤੁਸੀਂ ਉਸ ਸ਼ਤੀਰ ਨੂੰ ਨਹੀਂ ਵੇਖਦੇ ਜਿਹਡ਼ਾ ਤੁਹਾਡੀ ਆਪਣੀ ਅਖ੍ਖ ਵਿੱਚ ਹੈ?
42. ਤੁਸੀਂ ਆਪਣੇ ਭਰਾ ਨੂੰ ਕਿਵੇਂ ਆਖ ਸਕਦੇ ਹੋਂ, ‘ਵੀਰ, ਮੈਨੂੰ ਤੇਰੀ ਅਖ੍ਖ ਚੋਂ ਕਖ ਦਾ ਕਣ ਕਢ੍ਢ ਲੈਣਦੇ’ ਜਦੋਂ ਕਿ ਤੁਸੀਂ ਉਹ ਸ਼ਤੀਰ ਨਹੀਂ ਵੇਖਦੇ ਜੋ ਤੁਹਾਡੀ ਆਪਣੀ ਅਖ੍ਖ ਵਿੱਚ ਹੈ। ਹੇ ਕਪਟੀਓ, ਪਹਿਲਾਂ ਆਪਣੀ ਅਖ੍ਖ ਵਿੱਚੋਂ ਸ਼ਤੀਰ ਨੂੰ ਕਢ੍ਢੋ ਤਾਂ ਹੀ ਤੁਸੀਂ ਆਪਣੇ ਭਰਾ ਦੀ ਅਖ੍ਖ ਵਿੱਚ ਉਸ ਕਖ ਦੇ ਕਣ ਨੂੰ ਕੱਢਣ ਲਈ ਠੀਕ ਤਰ੍ਹਾਂ ਵੇਖ ਸਕਦੇ ਹੋ।
43. “ਇੱਕ ਚੰਗਾ ਰੁੱਖ ਮਾਡ਼ਾ ਫ਼ਲ ਨਹੀਂ ਦਿੰਦਾ ਅਤੇ ਨਾ ਹੀ ਮਾਡ਼ਾ ਰੁੱਖ ਵਧੀਆ ਫ਼ਲ ਦਿੰਦਾ ਹੈ।
44. ਹਰ ਰੁੱਖ ਆਪਣੇ ਫ਼ਲ ਤੋਂ ਜਾਣਿਆ ਜਾਂਦਾ ਹੈ। ਲੋਕ ਕੰਡਿਆਲੀਆਂ ਥੋਰਾਂ ਤੋਂ ਅੰਜੀਰ ਨਹੀਂ ਤੋਡ਼ਦੇ ਅਤੇ ਨਾ ਹੀ ਝਾਡ਼ੀਆਂ ਤੋਂ ਉਨ੍ਹਾਂ ਨੂੰ ਅੰਗੂਰ ਮਿਲ ਸਕਦੇ ਹਨ।
45. ਚੰਗਾ ਵਿਅਕਤੀ ਆਪਣੇ ਦਿਲ ਵਿੱਚ ਇਕਤ੍ਰਿਤ ਚੰਗਿਆਈਆਂ ਵਿੱਚੋਂ ਚੰਗੀਆਂ ਗੱਲਾਂ ਕਢ੍ਢਦਾ ਹੈ, ਅਤੇ ਇੱਕ ਦੁਸ਼ਟ ਵਿਅਕਤੀ ਆਪਣੇ ਦਿਲ ਵਿੱਚ ਇਕਤ੍ਰਿਤ ਬੁਰੀਆਂ ਗੱਲਾਂ ਵਿੱਚੋਂ ਬੁਰੀਆਂ ਗੱਲਾਂ ਬਾਹਰ ਲਿਆਉਂਦਾ ਹੈ। ਕਿਉਂਕਿ ਵਿਅਕਤੀ ਆਪਣੇ ਮੂੰਹ ਨਾਲ ਉਹੀ ਗੱਲਾਂ ਆਖਦਾ ਹੈ ਜੋ ਉਸਦੇ ਦਿਲ ਵਿੱਚ ਇਕਤ੍ਰਿਤ ਹਨ।
46. “ਤੁਸੀਂ ਮੈਨੂੰ ‘ਪ੍ਰਭੂ, ਪ੍ਰਭੂ’, ਕਿਉਂ ਬੁਲਾਉਂਦੇ ਹੋ ਜਦੋਂ ਕਿ ਜੋ ਮੈਂ ਆਖਦਾ ਹਾਂ ਤੁਸੀਂ ਉਹ ਨਹੀਂ ਕਰਦੇ?
47. ਮੈਂ ਤੁਹਾਨੂੰ ਦੱਸਦਾ ਹਾਂ ਕਿ ਉਹ ਕਿਸ ਤਰ੍ਹਾਂ ਦਾ ਵਿਅਕਤੀ ਹੈ: ਹਰ ਉਹ ਮਨੁੱਖ ਜੋ ਮੇਰੇ ਕੋਲ ਆਕੇ ਮੇਰੇ ਉਪਦੇਸ਼ਾਂ ਨੂੰ ਸੁਣਦਾ ਹੈ ਅਤੇ ਉਨ੍ਹਾਂ ਤੇ ਅਮਲ ਕਰਦਾ ਹੈ।
48. ਉਸ ਆਦਮੀ ਵਰਗਾ ਹੈ ਜੋ ਕਿ ਘਰ ਬਣਾ ਰਿਹਾ ਹੈ। ਉਹ ਡੂੰਘੀ ਖੁਦਾਈ ਕਰਕੇ ਚੱਟਾਨ ਉੱਤੇ ਨੀਹ ਧਰਦਾ ਹੈ। ਹਢ਼ ਆਉਂਦਾ ਹੈ ਅਤੇ ਹਢ਼ ਦਾ ਪਾਣੀ ਉਸਦੇ ਘਰ ਨੂੰ ਵਹਾਕੇ ਲੈ ਜਾਣ ਦੀ ਕੋਸ਼ਿਸ਼ ਕਰਦਾ ਹੈ, ਪਰ ਉਹ ਹਢ਼ ਉਸ ਘਰ ਨੂੰ ਹਿਲਾ ਨਹੀਂ ਸਕਦਾ, ਕਿਉਂਕਿ ਉਸ ਘਰ ਦੀ ਨੀਂਹ ਮਜਬੂਤ ਹੈ।
49. ਪਰ ਉਹ ਜਿਹਡ਼ਾ ਮੇਰੇ ਬਚਨਾਂ ਨੂੰ ਸੁਣਦਾ ਹੈ ਪਰ ਅਮਲ ਨਹੀਂ ਕਰਦਾ ਤਾਂ ਉਹ ਉਸ ਮਨੁੱਖ ਵਰਗਾ ਹੈ ਜਿਸਨੇ ਆਪਣੇ ਘਰ ਦੀ ਖੁਦਾਈ ਮਜਬੂਤੀ ਨਾਲ ਡੂੰਘੀ ਨਹੀਂ ਪੁੱਟੀ ਅਤੇ ਜਦੋਂ ਹਢ਼ ਆਇਆ ਤਾਂ ਬਡ਼ੇ ਅਰਾਮ ਨਾਲ ਹੀ ਉਸਦਾ ਘਰ ਬਹਾਕੇ ਨਾਲ ਲੈ ਗਿਆ ਅਤੇ ਉਹ ਘਰ ਪੂਰੀ ਤਰ੍ਹਾਂ ਬਰਬਾਦ ਹੋ ਗਿਆ।”